Nov 28, 2026

ਚਿਲਾਵੈਕ ( ਹਰਕੀਰਤ ਕੌਰ ਚਹਿਲ)-  26 ਨਵੰਬਰ ਨੂੰ ਪੰਜਾਬੀ ਕਲਮਾਂ ਅਤੇ ਕਲਾ ਮੰਚ ਦੀ ਮਹਿਫ਼ਲ ਇੱਕ ਵਾਰ ਫਿਰ ਸਾਹਿਤ, ਕਲਾ ਅਤੇ ਖ਼ੁਸ਼ੀਆਂ ਦੀ ਸਾਂਝ ਦਾ ਸੋਹਣਾ ਪ੍ਰਤੀਕ ਬਣੀ। ਇਸ ਵਾਰ ਦੀ ਢਾਹਾਂ ਇਨਾਮ ਜੇਤੂ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੀ ਸਾਹਿਤਕ ਪ੍ਰਾਪਤੀ ਅਤੇ ਸਰੀ ਤੋਂ ਕੌਂਸਲਰ ਚੁਣੀ ਗਈ ਮੀਰਾ ਗਿੱਲ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ।
ਵਰ੍ਹਦੇ ਮੀਂਹ ਅਤੇ ਕਿਣਮਿਣ ਕਰਦੇ ਮੌਸਮ ਦੇ ਬਾਵਜੂਦ ਸਾਹਿਤਕ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਨੇ ਮਾਹੌਲ ਨੂੰ ਨਿੱਘ, ਉਤਸ਼ਾਹ ਅਤੇ ਰੌਣਕ ਨਾਲ ਭਰ ਦਿੱਤਾ। ਪ੍ਰੀਤਪਾਲ ਪੂਨੀ ਅਤੇ ਡਾ. ਜਸ ਮਲਕੀਤ ਨੇ ਜੇਤੂ ਪੁਸਤਕ ‘ਕਬਰਾਂ ਵਿੱਚ ਉੱਗੇ ਫੁੱਲ’ ਬਾਰੇ ਬੇਹੱਦ ਸੂਝਵਾਨ ਅਤੇ ਦਿਲਚਸਪ ਗੱਲਬਾਤ ਕੀਤੀ, ਜਿਸ ਨੇ ਸਰੋਤਿਆਂ ਨੂੰ ਪੁਸਤਕ ਦੇ ਅੰਦਰਲੇ ਸੰਸਾਰ ਨਾਲ ਜੋੜਿਆ।
ਸਤਵੰਤ ਪੰਧੇਰ ਨੇ ਗੀਤ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾਈ। ਡਾ. ਮਨਰੀਤ, ਨਗਿੰਦਰ ਢਿੱਲੋਂ, ਇਕਬਾਲ ਸਹੋਤਾ, ਸੁੱਖੀ ਢਿੱਲੋਂ ਅਤੇ ਨਿਰਮਲ ਗਿੱਲ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੋਵੇਂ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੱਤੀ।
ਮੀਰਾ ਗਿੱਲ ਅਤੇ ਡਾ. ਰਾਜਪ੍ਰੀਤ ਬੈਨੀਪਾਲ ਨੇ ਆਪੋ-ਆਪਣੇ ਮਾਣਮੱਤੇ ਸਫ਼ਰ ਦੀਆਂ ਯਾਦਾਂ, ਸੰਘਰਸ਼ ਅਤੇ ਪ੍ਰਾਪਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸਵਾਲਾਂ ਦੇ ਜਵਾਬ ਵੀ ਬੜੀ ਸਹਿਜਤਾ ਅਤੇ ਖੁੱਲ੍ਹੇ ਦਿਲ ਨਾਲ ਦਿੱਤੇ। ਪੰਜਾਬੀ ਕਲਮਾਂ ਅਤੇ ਕਲਾ ਮੰਚ ਵੱਲੋਂ ਦੋਵਾਂ ਸ਼ਖ਼ਸੀਅਤਾਂ ਨੂੰ ਗੁਲਦਸਤੇ ਅਤੇ ਫੁਲਕਾਰੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਪਰਮ, ਸੋਨੀ ਢਿੱਲੋਂ, ਡਾ. ਕਰਨਵੀਰ ਬਾਠ, ਸ. ਜਸਵੰਤ ਸਿੰਘ ਮਾਂਗਟ, ਡਾ. ਕੁਲਦੀਪ ਚਹਿਲ, ਜਸਵੀਰ ਕਲੇਰ, ਹੇਜ਼ਲ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਹਰਕੀਰਤ ਚਹਿਲ ਨੇ ਕੀਤਾ।
ਦੁਪਹਿਰ ਦੇ ਖਾਣੇ ਦੀ ਸਾਂਝ ਤੋਂ ਬਾਅਦ ਕਾਫ਼ਲਾ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋਇਆ। ਤਕਰੀਬਨ ਤਿੰਨ ਘੰਟੇ ਚੱਲੀ ਇਹ ਸਾਹਿਤਕ ਮਹਿਫ਼ਲ ਇੰਨੀ ਰਸਭਰੀ ਅਤੇ ਜੀਵੰਤ ਸੀ ਕਿ ਸਮਾਂ ਜਿਵੇਂ ਖੰਭ ਲਾ ਕੇ ਉੱਡ ਗਿਆ। ਬਾਹਰ ਮੀਂਹ ਵਰ੍ਹਦਾ ਰਿਹਾ, ਪਰ ਅੰਦਰ ਸ਼ਬਦਾਂ, ਸੁਰਾਂ, ਸਾਂਝ ਅਤੇ ਖ਼ੁਸ਼ੀਆਂ ਦਾ ਨਿੱਘ ਲਗਾਤਾਰ ਵਰ੍ਹਦਾ ਰਿਹਾ।
ਕੁਝ ਮਿਲਣੀਆਂ ਸਿਰਫ਼ ਸਮਾਗਮ ਨਹੀਂ ਹੁੰਦੀਆਂ, ਉਹ ਯਾਦਾਂ ਬਣ ਕੇ ਦਿਲ ਵਿੱਚ ਵੱਸ ਜਾਂਦੀਆਂ ਹਨ। ਅੱਜ ਦੀ ਇਹ ਮਹਿਫ਼ਲ ਵੀ ਅਜਿਹੀ ਹੀ ਇੱਕ ਯਾਦਗਾਰੀ ਸਾਂਝ ਸੀ।

Leave a Reply

Your email address will not be published. Required fields are marked *