ਈਰਾਨ ਦੀ ਸੁਪਰੀਮ ਕੌਂਸਲ ਵਲੋਂ ਵੀ ਸਹਿਮਤੀ -ਪਾਕਿਸਤਾਨ ਵਿਚ ਹੋਵੇਗੀ ਅਮਰੀਕਾ ਨਾਲ ਗੱਲਬਾਤ-
ਵਾਸ਼ਿੰਗਟਨ ( ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਜਨਤਕ ਪ੍ਰਾਜੈਕਟਾਂ ਤੇ ਹਮਲਿਆਂ ਦੀ ਚੇਤਾਵਨੀ, ਹੋਰਮੁਜ਼ ਜਲਮਾਰਗ ਖੋਹਲਣ ਦੇ ਦਿੱਤੇ ਗਏ ਅਲਟੀਮੇਟਮ ਉਪਰੰਤ ਦੋ ਹਫਤਿਆਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਟਰੰਪ ਨੇ ਮੰਗਲਵਾਰ ਦੇਰ ਰਾਤ ਇਰਾਨ ‘ਤੇ ਵਿਨਾਸ਼ਕਾਰੀ ਹਮਲੇ ਕਰਨ ਦੀਆਂ ਆਪਣੀਆਂ ਧਮਕੀਆਂ ਵਾਪਸ ਲੈ ਲਈਆਂ ਹਨ। ਅਮਰੀਕਾ ਅਤੇ ਈਰਾਨ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ, ਜਿਸ ਵਿੱਚ ਹੋਰਮੁਜ਼ ਦੀ ਜਲਮਾਰਗ ਨੂੰ ਮੁੜ ਖੋਲ੍ਹਣਾ ਵੀ ਸ਼ਾਮਲ ਹੈ। ਟਰੰਪ ਨੇ ਤਹਿਰਾਨ ਨੂੰ ਦਿੱਤੀ ਗਈ ਸਮਾਂ ਸੀਮਾ ਖਤਮ ਹੋਣ ਤੋਂ ਦੋ ਘੰਟੇ ਪਹਿਲਾਂ ਜੰਗ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਜੰਗਬੰਦੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਪਾਕਿਸਤਾਨ ਵਿੱਚ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰੇਗੀ। ਈਰਾਨ ਨੇ ਜੰਗ ਖਤਮ ਕਰਨ ਲਈ ਖੇਤਰ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ, ਪਾਬੰਦੀਆਂ ਹਟਾਉਣ ਅਤੇ ਫ੍ਰੀਜ਼ ਕੀਤੇ ਗਏ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਜੰਗਬੰਦੀ ਦਾ ਸਮਰਥਨ ਕਰਦਾ ਹੈ, ਪਰ ਇਹ ਸਮਝੌਤਾ ਲਿਬਨਾਨ ਵਿੱਚ ਹਿਜ਼ਬੁੱਲ੍ਹਾ ਵਿਰੁੱਧ ਲੜਾਈ ‘ਤੇ ਲਾਗੂ ਨਹੀਂ ਹੁੰਦਾ। ਰਾਸ਼ਟਰਪਤੀ ਟਰੰਪ ਨੇ ਇਸਦੀ ਹਾਮੀ ਭਰਦਿਆਂ ਸਪੱਸ਼ਟ ਕੀਤਾ ਹੈ ਕਿ ਇਰਾਨ ਨਾਲ ਹੋਏ ਦੋ ਹਫ਼ਤਿਆਂ ਦੇ ਜੰਗਬੰਦੀ ਸਮਝੌਤੇ ਵਿੱਚ ਲਿਬਨਾਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਹਿਜ਼ਬੁੱਲ੍ਹਾ ਦੀਆਂ ਗਤੀਵਿਧੀਆਂ ਕਾਰਨ ਲਿਬਨਾਨ ਇਸ ਡੀਲ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਵੀ ਬਾਅਦ ਵਿੱਚ ਹੱਲ ਕਰ ਲਿਆ ਜਾਵੇਗਾ ਪਰ ਫਿਲਹਾਲ ਜੰਗਬੰਦੀ ਦੀਆਂ ਸ਼ਰਤਾਂ ਉੱਥੇ ਲਾਗੂ ਨਹੀਂ ਹੁੰਦੀਆਂ। ਜੰਗਬੰਦੀ ਦੇ ਐਲਾਨ ਸਬੰਧੀ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫੈਸਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨਾਲ ਗੱਲਬਾਤ ਤੋਂ ਬਾਅਦ ਲਿਆ ਹੈ।
ਇਸ ਜੰਗਬੰਦੀ ਦੇ ਐਲਾਨ ਦੇ ਬਾਦ ਤਹਿਰਾਨ ਦੀਆਂ ਸੜਕਾਂ ‘ਤੇ ਸਰਕਾਰ ਪੱਖੀ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ। ਜੰਗ ਸ਼ੁਰੂ ਹੋਣ ਤੋਂ ਹੁਣ ਤੱਕ ਈਰਾਨ ਵਿੱਚ 1,900 ਤੋਂ ਵੱਧ ਅਤੇ ਲਿਬਨਾਨ ਵਿੱਚ 1,500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਦਕਿ ਲੱਖਾਂ ਲੋਕ ਬੇਘਰ ਹੋਏ ਹਨ।
