ਭਾਰਤੀ ਸਭਿਆਚਾਰ, ਵਿਭਿੰਨਤਾ ਅਤੇ ਭਾਈਚਾਰਕ ਏਕਤਾ ਦਾ ਬਣਿਆ ਪ੍ਰਤੀਕ-
ਸਰੀ ( ਮਹੇਸ਼ਇੰਦਰ ਸਿੰਘ ਮਾਂਗਟ) – ਸਰੀ ਸ਼ਹਿਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ ‘ਟੇਸਟ ਆਫ ਇੰਡੀਆ’ ਫੈਸਟੀਵਲ ਭਾਰਤੀ ਸਭਿਆਚਾਰ, ਵਿਭਿੰਨਤਾ ਅਤੇ ਭਾਈਚਾਰਕ ਏਕਤਾ ਦਾ ਸ਼ਾਨਦਾਰ ਪ੍ਰਤੀਕ ਬਣ ਕੇ ਉਭਰਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕਾਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਭਾਰਤੀ ਖਾਣਿਆਂ, ਸੰਗੀਤ, ਕਲਾ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਿਆ।
ਸਮਾਗਮ ਵਿੱਚ ਸਰੀ ਦੀ ਮੇਅਰ ਬਰੈਂਡਾਂ ਲੌਕ, ਕੌਂਸਲਰ ਲਿੰਡਾ ਅਨਿਸ,ਨੋਏਮੀ ਵਿਕਟੋਰੀਆ, ਸੀਨੇ ਵਰਮਾਨੀ ਅਤੇ ਸ਼ਹਿਰ ਦੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੇ ਹਾਜ਼ਰੀ ਲਗਾ ਕੇ ਇਸ ਨਵੇਂ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਆਪਣੇ ਸੰਬੋਧਨ ਦੌਰਾਨ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਇਹ ਫੈਸਟੀਵਲ ਸਿਰਫ਼ ਭਾਰਤੀ ਭਾਈਚਾਰੇ ਦਾ ਹੀ ਨਹੀਂ, ਸਗੋਂ ਪੂਰੇ ਸਰੀ ਸ਼ਹਿਰ ਦੀ ਬਹੁ-ਸੱਭਿਆਚਾਰਕ ਪਛਾਣ ਅਤੇ ਸਾਂਝੀ ਵਿਰਾਸਤ ਦਾ ਜਸ਼ਨ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਸਭਿਆਚਾਰਾਂ ਅਤੇ ਭਾਈਚਾਰਿਆਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ, ਆਪਸੀ ਸਮਝ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਸਾਂਝ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰੀ ਦੀ ਤਾਕਤ ਇਸ ਦੀ ਵਿਭਿੰਨਤਾ ਵਿੱਚ ਵਸਦੀ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਹਿਰ ਦੀ ਸਮਾਵੇਸ਼ੀ ਸੋਚ ਨੂੰ ਹੋਰ ਮਜ਼ਬੂਤ ਕਰਦੇ ਹਨ।
ਮੇਅਰ ਨੇ ਇਸ ਮੌਕੇ ਫੈਸਟੀਵਲ ਦੇ ਮੁੱਖ ਆਯੋਜਕ ਅਮ੍ਰਿਤ ਢੋਟ, ਸਮੂਹ ਵਲੰਟੀਅਰਾਂ ਅਤੇ ਕਮਿਊਨਿਟੀ ਭਾਈਵਾਲਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸਹਿਯੋਗ ਸਦਕਾ ਇਹ ਨਵਾਂ ਉਪਰਾਲਾ ਬਹੁਤ ਸਫਲ ਰਿਹਾ ਹੈ।
ਫੈਸਟੀਵਲ ਦੌਰਾਨ ਸੈਂਕੜੇ ਪਰਿਵਾਰਾਂ ਨੇ ਵੱਖ-ਵੱਖ ਭਾਰਤੀ ਪਕਵਾਨਾਂ ਦਾ ਸਵਾਦ ਚੱਖਿਆ, ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣਿਆ ਅਤੇ ਭਾਈਚਾਰਕ ਜਸ਼ਨ ਵਿੱਚ ਸ਼ਾਮਲ ਹੋ ਕੇ ਏਕਤਾ ਅਤੇ ਸਾਂਝ ਦਾ ਸੰਦੇਸ਼ ਦਿੱਤਾ। ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੇ ਆਸ ਪ੍ਰਗਟਾਈ ਕਿ ‘ਟੇਸਟ ਆਫ ਇੰਡੀਆ’ ਆਉਣ ਵਾਲੇ ਸਾਲਾਂ ਵਿੱਚ ਸਰੀ ਦੇ ਪ੍ਰਮੁੱਖ ਸੱਭਿਆਚਾਰਕ ਸਮਾਗਮਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਏਗਾ ਅਤੇ ਭਾਰਤੀ ਵਿਰਾਸਤ ਨੂੰ ਉਜਾਗਰ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਸਥਾਪਿਤ ਹੋਵੇਗਾ।
ਇਸ ਪਹਿਲੇ ਆਯੋਜਨ ਦੀ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰੀ ਵਿੱਚ ਬਹੁ-ਸੱਭਿਆਚਾਰਕ ਸਮਾਗਮਾਂ ਲਈ ਲੋਕਾਂ ਦਾ ਉਤਸ਼ਾਹ ਅਤੇ ਸਮਰਥਨ ਲਗਾਤਾਰ ਵਧ ਰਿਹਾ ਹੈ, ਜੋ ਸ਼ਹਿਰ ਦੀ ਸਮਾਜਿਕ ਅਤੇ ਸੱਭਿਆਚਾਰਕ ਮਜ਼ਬੂਤੀ ਨੂੰ ਹੋਰ ਪ੍ਰਫੁੱਲਤ ਕਰਦਾ ਹੈ।




