ਨਵੀਆਂ ਚਾਈਲਡ ਕੇਅਰ ਥਾਵਾਂ ਵਧ ਰਹੇ ਭਾਈਚਾਰੇ ਦੇ ਪਰਿਵਾਰਾਂ ਲਈ ਵੱਡੀ ਸਹਾਇਤਾ ਸਾਬਤ ਹੋਣਗੀਆਂ” — ਮੇਅਰ ਬਰੈਂਡਾ ਲੌਕ
ਸਰੀ, (ਮਹੇਸ਼ ਇੰਦਰ ਸਿੰਘ ਮਾਂਗਟ)- ਸਰੀ ਦੇ ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ “ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ” ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ ਉਪਲਬਧ ਹੋਣਗੀਆਂ। ਇਨ੍ਹਾਂ ਵਿੱਚ 24 ਥਾਵਾਂ ਛੋਟੇ ਬੱਚਿਆਂ ਲਈ ਅਤੇ 24 ਥਾਵਾਂ 30 ਮਹੀਨਿਆਂ ਤੋਂ ਸਕੂਲ ਉਮਰ ਤੱਕ ਦੇ ਬੱਚਿਆਂ ਲਈ ਹੋਣਗੀਆਂ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਹ ਨਵੀਆਂ ਥਾਵਾਂ ਵਧ ਰਹੇ ਭਾਈਚਾਰੇ ਦੇ ਪਰਿਵਾਰਾਂ ਲਈ ਵੱਡੀ ਸਹਾਇਤਾ ਸਾਬਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਸਰੀ ਵਿੱਚ ਕਰੀਬ 150 ਨਵੀਆਂ ਚਾਈਲਡ ਕੇਅਰ ਥਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਪ੍ਰੋਜੈਕਟ ਲਈ ChildCareBC New Spaces Fund ਰਾਹੀਂ ਸੂਬਾਈ ਅਤੇ ਫੈਡਰਲ ਸਰਕਾਰ ਵੱਲੋਂ 900,000 ਦੀ ਸਹਾਇਤਾ ਪ੍ਰਾਪਤ ਹੋਈ ਹੈ।
ਸਰੀ ਸੈਂਟਰ ਤੋਂ ਸੰਸਦ ਮੈਂਬਰ ਰਣਦੀਪ ਸਰਾਏ ਅਤੇ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਲੀਜ਼ਾ ਬੇਅਰ ਨੇ ਕਿਹਾ ਕਿ ਕਿਫ਼ਾਇਤੀ ਅਤੇ ਉੱਚ-ਮਿਆਰੀ ਚਾਈਲਡ ਕੇਅਰ ਸੇਵਾਵਾਂ ਬੱਚਿਆਂ ਦੇ ਵਿਕਾਸ ਅਤੇ ਮਾਪਿਆਂ ਦੀ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ।
ਇਸ ਕੇਂਦਰ ਦਾ ਸੰਚਾਲਨ ਮੈਟਿਸ ਫੈਮਲੀ ਸਰਵਿਸਿਜ਼ ਵੱਲੋਂ ਕੀਤਾ ਜਾਵੇਗਾ, ਜੋ ਗੈਦਰਿੰਗ ਦ ਸਰਕਲ ਸੋਸਾਇਟੀ ਦੇ ਸਹਿਯੋਗ ਨਾਲ ਇਸ ਗਰਮੀ ਦੌਰਾਨ ਸ਼ੁਰੂ ਹੋਣ ਦੀ ਉਮੀਦ ਹੈ। ਸੰਸਥਾ ਅਨੁਸਾਰ ਕੇਂਦਰ ਵਿੱਚ ਸਭ ਨੂੰ ਸ਼ਾਮਲ ਕਰਨ ਵਾਲਾ ਅਤੇ ਸਭਿਆਚਾਰਕ ਮੁੱਲਾਂ ਨਾਲ ਜੁੜਿਆ ਸੁਰੱਖਿਅਤ ਸਿੱਖਣ ਮਾਹੌਲ ਪ੍ਰਦਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ChildCareBC New Spaces Fund ਅਤੇ UBCM ਪ੍ਰੋਗਰਾਮਾਂ ਰਾਹੀਂ ਸਰੀ ਦੀਆਂ ਵੱਖ-ਵੱਖ ਸਹੂਲਤਾਂ ਵਿੱਚ ਕੁੱਲ 369 ਨਵੀਆਂ ਲਾਇਸੈਂਸਸ਼ੁਦਾ ਚਾਈਲਡ ਕੇਅਰ ਥਾਵਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ਲਈ $20.4 ਮਿਲੀਅਨ ਤੋਂ ਵੱਧ ਦੀ ਸਾਂਝੀ ਫੰਡਿੰਗ ਮਨਜ਼ੂਰ ਕੀਤੀ ਗਈ ਹੈ।
