Jun 17, 2026

ਐੱਨ. ਡੀ. ਸ਼ਰਮਾ ‘ਦੇਵਸ਼ਾਲੀ-(9815123698)

ਪੰਜਾਬੀ ਸਾਹਿਤ, ਸੰਗੀਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ਆਪਣੀ ਕਲਮ ਰਾਹੀਂ ਨਾ ਸਿਰਫ਼ ਸਮੇਂ ਦਾ ਦਸਤਾਵੇਜ਼ ਤਿਆਰ ਕਰਦੀਆਂ ਹਨ, ਸਗੋਂ ਆਪਣੀ ਮਿੱਟੀ, ਮਾਂ-ਬੋਲੀ ਅਤੇ ਲੋਕ ਵਿਰਸੇ ਦੀ ਮਹਿਕ ਨੂੰ ਵੀ ਪੀੜ੍ਹੀ ਦਰ ਪੀੜ੍ਹੀ ਸੰਭਾਲਣ ਦਾ ਕਾਰਜ ਕਰਦੀਆਂ ਹਨ। ਮਲਕੀਤ ਮਾਹੀ ਵੀ ਅਜਿਹੀ ਹੀ ਇੱਕ ਬਹੁਪੱਖੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਇੱਕ ਪਾਸੇ ਸੰਗੀਤਕ ਅਤੇ ਸੱਭਿਆਚਾਰਕ ਪੱਤਰਕਾਰੀ ਰਾਹੀਂ ਪੰਜਾਬੀ ਕਲਾ ਅਤੇ ਕਲਾਕਾਰਾਂ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਇਆ ਹੈ, ਜਦਕਿ ਦੂਜੇ ਪਾਸੇ ਗੀਤਕਾਰੀ ਰਾਹੀਂ ਪੰਜਾਬੀ ਲੋਕ ਜੀਵਨ ਦੇ ਰੰਗਾਂ ਨੂੰ ਆਪਣੇ ਸ਼ਬਦਾਂ ਵਿੱਚ ਸਜਾ ਕੇ ਪੰਜਾਬੀ ਸੰਗੀਤ ਨੂੰ ਅਮੁੱਲਾ ਯੋਗਦਾਨ ਦਿੱਤਾ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਅਧੀਨ ਪੈਂਦੇ ਪਿੰਡ ਬੰਗਾਲੀਪੁਰ ਦੀ ਉਪਜਾਊ ਧਰਤੀ ’ਤੇ ਪਿਤਾ ਅਮਰ ਸਿੰਘ ਅਤੇ ਮਾਤਾ ਬੀਬੀ ਜੀਤ ਕੌਰ ਦੇ ਘਰ ਜਨਮੇ ਮਲਕੀਤ ਮਾਹੀ ਨੇ ਬਚਪਨ ਤੋਂ ਹੀ ਮਿਹਨਤ, ਇਮਾਨਦਾਰੀ ਅਤੇ ਅਨੁਸ਼ਾਸਨ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ। ਪਰਿਵਾਰ ਵਿੱਚ ਸਭ ਤੋਂ ਵੱਡੇ ਹੋਣ ਕਰਕੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸਿੱਖ ਲਿਆ ਸੀ। ਪੇਸ਼ੇ ਵਜੋਂ ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਲੰਬੇ ਸਮੇਂ ਤੱਕ ਸੇਵਾ ਨਿਭਾਈ ਅਤੇ ਆਪਣੀ ਇਮਾਨਦਾਰੀ, ਮਨੁੱਖਤਾ ਅਤੇ ਫ਼ਰਜ਼ ਪ੍ਰਤੀ ਨਿਸ਼ਠਾ ਕਾਰਨ ਵਿਲੱਖਣ ਪਹਿਚਾਣ ਬਣਾਈ।
ਪੁਲਿਸ ਵਰਗੇ ਤਣਾਅ ਭਰੇ ਅਤੇ ਅਤਿ ਜ਼ਿੰਮੇਵਾਰ ਵਿਭਾਗ ਵਿੱਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਅੰਦਰਲੇ ਕਲਾਕਾਰ ਅਤੇ ਲੇਖਕ ਨੂੰ ਕਦੇ ਮਰਨ ਨਹੀਂ ਦਿੱਤਾ। ਗੀਤ ਲਿਖਣ ਦਾ ਸ਼ੌਕ ਉਨ੍ਹਾਂ ਨੂੰ ਸਕੂਲੀ ਦਿਨਾਂ ਤੋਂ ਹੀ ਸੀ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿੱਚ ਪੜ੍ਹਦਿਆਂ ਉਨ੍ਹਾਂ ਨੂੰ ਪੰਜਾਬੀ ਦੇ ਅਧਿਆਪਕ ਅਤੇ ਪ੍ਰਸਿੱਧ ਸ਼੍ਰੋਮਣੀ ਗੀਤਕਾਰ ਚਰਨ ਸਿੰਘ ਸਫ਼ਰੀ ਦੇ ਗੀਤਾਂ ਨੇ ਡੂੰਘੇ ਤੌਰ ’ਤੇ ਪ੍ਰਭਾਵਿਤ ਕੀਤਾ। ਸਫ਼ਰੀ ਦੇ ਲੋਕਧਾਰਾ ਨਾਲ ਜੁੜੇ ਭਾਵਪੂਰਤ ਗੀਤਾਂ ਨੇ ਮਲਕੀਤ ਮਾਹੀ ਦੇ ਮਨ ਵਿੱਚ ਸ਼ਬਦਾਂ ਨਾਲ ਇੱਕ ਅਟੁੱਟ ਸਾਂਝ ਪੈਦਾ ਕੀਤੀ, ਜੋ ਹੌਲੀ-ਹੌਲੀ ਇੱਕ ਗੰਭੀਰ ਸਾਹਿਤਕ ਅਤੇ ਸੰਗੀਤਕ ਸਫ਼ਰ ਵਿੱਚ ਬਦਲ ਗਈ।
ਮਲਕੀਤ ਮਾਹੀ ਦੀ ਗੀਤਕਾਰੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਉਨ੍ਹਾਂ ਦੇ ਗੀਤ ਪੰਜਾਬੀ ਲੋਕ ਜੀਵਨ ਦੀ ਅਸਲ ਰੂਹ ਨੂੰ ਪ੍ਰਗਟ ਕਰਦੇ ਹਨ। ਪ੍ਰੇਮ, ਵਿਛੋੜਾ, ਪਰਿਵਾਰਕ ਰਿਸ਼ਤੇ, ਲੋਕ ਨਾਚ, ਪੰਜਾਬੀ ਰੀਤੀ-ਰਿਵਾਜ, ਮਾਂ-ਬੋਲੀ ਪ੍ਰਤੀ ਪਿਆਰ, ਪੇਂਡੂ ਸੱਭਿਆਚਾਰ ਅਤੇ ਕੁਦਰਤ ਦੀ ਸੁੰਦਰਤਾ ਉਨ੍ਹਾਂ ਦੀ ਰਚਨਾ ਦੇ ਕੇਂਦਰੀ ਵਿਸ਼ੇ ਰਹੇ ਹਨ। ਹੁਣ ਤੱਕ ਉਹ ਕਰੀਬ ਛੇ ਦਰਜਨ ਗੀਤਾਂ ਦੀ ਰਚਨਾ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਈ ਗੀਤ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋ ਕੇ ਸਰੋਤਿਆਂ ਤੱਕ ਪਹੁੰਚੇ ਹਨ।

ਦਿਲਸ਼ਾਦ ਅਖ਼ਤਰ ਵੱਲੋਂ ਗਾਇਆ ਗਿਆ ‘‘ਭਾਬੀ ਬੋਲੀ ਪਾਉਂਦੀ ਤੇ ਨਨਾਣ ਨੱਚਦੀ’’, ਸੁਰਜੀਤ ਬਿੰਦਰਖੀਆ ਦੀ ਆਵਾਜ਼ ਵਿੱਚ ‘‘ਦਿੱਤਾ ਗਿੱਧੇ ਵਿੱਚ ਭੜਥੂ ਪਾ’’, ਬਾਈ ਹਰਦੀਪ ਦਾ ‘‘ਬੰਨ੍ਹ ਬੰਨ੍ਹ ਮੇਲੇ ਵਿੱਚ ਆਉਣ ਟੋਲੀਆਂ’’, ਪ੍ਰਤਾਪ ਰਾਣਾ ਵੱਲੋਂ ਗਾਇਆ ‘‘ਕੁੜੀ ਅਸਾਂ ਕਰ ਲਈ ਪਸੰਦ ਭਾਬੀਏ’’, ਅਮਰ ਵਿਰਦੀ ਦੀ ਆਵਾਜ਼ ਵਿੱਚ ‘‘ਚੜ੍ਹਦੀ ਜਵਾਨੀ ਵਿੱਚ ਅਲੜਾਂ ਦੀ’’ ਅਤੇ ਸੁਨੀਤਾ ਭੱਟੀ ਵੱਲੋਂ ਗਾਇਆ ‘‘ਇੱਕ ਮੇਰੀ ਇੱਕ ਸੋਹਣੇ ਯਾਰ ਦੀ’’ ਵਰਗੇ ਗੀਤ ਉਨ੍ਹਾਂ ਦੀ ਕਲਮ ਦੀ ਰਚਨਾਤਮਕ ਸਮਰੱਥਾ ਦਾ ਪ੍ਰਮਾਣ ਹਨ। ਹਾਲ ਹੀ ਵਿੱਚ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਹਰਲੀਨ ਅਖ਼ਤਰ ਦੀਆਂ ਆਵਾਜ਼ਾਂ ਵਿੱਚ ਰਿਲੀਜ਼ ਹੋਇਆ ਡਿਊਟ ਗੀਤ ‘‘ਅਕੜ ਬਕੜ ਭੰਬਾ ਪੋਹ ਅੱਸੀਂ ਨੱਬੇ ਪੂਰਾ ਸੌ’’ ਵੀ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤਾ ਜਾ ਰਿਹਾ ਹੈ।

ਗੀਤਕਾਰੀ ਦੇ ਨਾਲ-ਨਾਲ ਮਲਕੀਤ ਮਾਹੀ ਨੇ ਸੰਗੀਤਕ ਪੱਤਰਕਾਰੀ ਅਤੇ ਸੱਭਿਆਚਾਰਕ ਲੇਖਣੀ ਵਿੱਚ ਵੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਉਹ ਪੰਜਾਬੀ ਸੱਭਿਆਚਾਰਕ ਗਤੀਵਿਧੀਆਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਅਨੇਕਾਂ ਗਾਇਕਾਂ, ਗੀਤਕਾਰਾਂ, ਸੰਗੀਤਕਾਰਾਂ ਅਤੇ ਹੋਰ ਕਲਾਕਾਰਾਂ ਦੇ ਜੀਵਨ-ਸਫ਼ਰ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਆਪਣੀ ਲੇਖਣੀ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ।
ਪੰਜਾਬ ਦੀਆਂ ਪ੍ਰਮੁੱਖ ਅਖ਼ਬਾਰਾਂ ਜਗ ਬਾਣੀ, ਅਜੀਤ, ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਸਮੇਤ ਕਈ ਸੰਗੀਤਕ ਅਤੇ ਸਾਹਿਤਕ ਮੈਗਜ਼ੀਨਾਂ ਵਿੱਚ ਉਨ੍ਹਾਂ ਦੀਆਂ ਬੇਸ਼ੁਮਾਰ ਲਿਖਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਮਿਊਜ਼ਿਕ ਟਾਈਮਜ਼, ਫ਼ਿਲਮ ਐਂਡ ਮਿਊਜ਼ਿਕ ਅਤੇ ਤਸਵੀਰ ਵਰਗੀਆਂ ਮੈਗਜ਼ੀਨਾਂ ਵਿੱਚ ਵੀ ਉਹ ਲਗਾਤਾਰ ਲਿਖਦੇ ਰਹੇ ਹਨ।
ਅੱਜਕੱਲ੍ਹ ਉਹ ਜਨਤਕ ਪੋਸਟ ਸਮੇਤ ਵਿਦੇਸ਼ਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰਾਂ ਜਿਵੇਂ ਦੇਸ ਪ੍ਰਦੇਸ ਟਾਈਮਜ਼ (ਵੈਨਕੂਵਰ, ਕੈਨੇਡਾ), ਪੰਜਾਬੀ ਨਿਊਜ਼ (ਲੰਡਨ) ਅਤੇ ਕੋਹਿਨੂਰ ਟਾਈਮਜ਼ (ਜਰਮਨੀ) ਵਿੱਚ ਵੀ ਆਪਣੀਆਂ ਲਿਖਤਾਂ ਰਾਹੀਂ ਪੰਜਾਬੀਅਤ ਦੀ ਮਹਿਕ ਫੈਲਾ ਰਹੇ ਹਨ।

ਮਲਕੀਤ ਮਾਹੀ ਦੀ ਸ਼ਖ਼ਸੀਅਤ ਦਾ ਸਭ ਤੋਂ ਸੁੰਦਰ ਪੱਖ ਇਹ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਮਿੱਟੀ, ਮਾਂ-ਬੋਲੀ ਅਤੇ ਲੋਕ ਵਿਰਸੇ ਨਾਲੋਂ ਨਾਤਾ ਨਹੀਂ ਤੋੜਿਆ। ਉਨ੍ਹਾਂ ਦੀ ਕਲਮ ਅੱਜ ਵੀ ਪੰਜਾਬੀਅਤ ਦੀ ਮਹਿਕ ਨਾਲ ਸਰਾਬੋਰ ਹੈ। ਉਹ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਅਸਲ ਪਹਿਚਾਣ ਮੰਨਦੇ ਹਨ। ਗੀਤਕਾਰੀ ਅਤੇ ਸੱਭਿਆਚਾਰਕ ਪੱਤਰਕਾਰੀ ਨਾਲ ਉਨ੍ਹਾਂ ਦੀ ਡੂੰਘੀ ਅਤੇ ਸੱਚੀ ਸਾਂਝ ਅੱਜ ਵੀ ਉਸੇ ਜਜ਼ਬੇ ਨਾਲ ਜਾਰੀ ਹੈ। ਅਸਲ ਕਲਾਕਾਰ ਉਹੀ ਹੁੰਦਾ ਹੈ ਜੋ ਸਮੇਂ ਦੇ ਨਾਲ ਨਹੀਂ ਤੁਰਦਾ, ਸਗੋਂ ਸਮੇਂ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਮਲਕੀਤ ਮਾਹੀ ਦੀ ਲੇਖਣੀ ਨੇ ਪੰਜਾਬੀ ਵਿਰਸੇ ਦੇ ਮੋਹ ਨੂੰ ਸੰਭਾਲਿਆ ਹੈ ਅਤੇ ਉਨ੍ਹਾਂ ਦੀ ਗੀਤਕਾਰੀ ਨੇ ਪੰਜਾਬੀ ਲੋਕ-ਰੰਗਾਂ ਨੂੰ ਹੋਰ ਗੂੜ੍ਹਾ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬੀ ਸੱਭਿਆਚਾਰ ਅਤੇ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੀ ਇਹ ਨਿਰੰਤਰ ਸੇਵਾ ਨਿਸ਼ਚਤ ਤੌਰ ’ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।

ਐਨ. ਡੀ. ਸ਼ਰਮਾ, ਦੇਵਸ਼ਾਲੀ
ਸੀਨੀਅਰ ਪੱਤਰਕਾਰ ਚੰਡੀਗੜ੍ਹ

Leave a Reply

Your email address will not be published. Required fields are marked *