ਡਾ. ਗੁਰਵਿੰਦਰ ਸਿੰਘ (604-825-1550-
ਏਅਰ ਇੰਡੀਆ ਬੰਬ ਧਮਾਕੇ ਦਾ ਦੁਖਾਂਤ ਵਾਪਰਿਆਂ 41 ਵਰ੍ਹੇ ਹੋ ਗਏ ਹਨ, ਪਰ ਅਜੇ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਅਜੇ ਵੀ ਇਹ ਸਵਾਲ ਹਵਾ ਵਿੱਚ ਲਟਕ ਰਿਹਾ ਹੈ ਕਿ ਇਸ ਦੁਖਾਂਤ ਦਾ ਮੁੱਖ ਸਾਜਿਸ਼-ਘਾੜਾ ਕੌਣ ਹੈ। 23 ਜੂਨ, 1985 ਦੇ ਦਿਨ, ਮੌਂਟਰੀਅਲ-ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਕਨਿਸ਼ਕ ਉਡਾਣ 182 ਵਿੱਚ ਬਰਤਾਨੀਆ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ, ਆਇਰਲੈਂਡ ‘ਚ ਬੰਬ ਧਮਾਕਾ ਹੋਇਆ ਸੀ, ਜਿਸ ’ਚ ਜਹਾਜ਼ ਵਿੱਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ’ਚ ਘੱਟੋ-ਘੱਟ 268 ਕੈਨੇਡੀਅਨ ਨਾਗਰਿਕ ਸਨ, ਜਿਨ੍ਹਾਂ ’ਚੋਂ ਵਧੇਰੇ ਭਾਰਤੀ ਮੂਲ ਦੇ ਸਨ। ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਦਹਿਸ਼ਤਗਰਦੀ ਹਮਲਾ ਅਤੇ ਅਣਮਨੁੱਖੀ ਕਾਰਾ ਸੀ। ਦੁਖਦਾਇਕ ਗੱਲ ਇਹ ਹੈ ਕਿ 41 ਸਾਲ ਬੀਤਣ ਦੇ ਬਾਵਜੂਦ ਨਾ ਤਾਂ ਭਾਰਤ ਨੇ ਕਦੇ ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਦੀ ਮੁਕੰਮਲ ਜਾਂਚ ਦਾ ਜ਼ੋਰ ਪਾਇਆ ਅਤੇ ਨਾ ਹੀ ਕੈਨੇਡਾ ਨੇ ਸੁਹਿਰਦਤਾ ਨਾਲ ਇਹ ਜਾਂਚ ਕੀਤੀ। ਰੋਇਲ ਕੈਨੇਡੀਅਨ ਮੋਂਟੇਡ ਪੁਲਿਸ ਵੱਲੋਂ ਸੰਨ 2000 ਵਿੱਚ ਏਅਰ ਇੰਡੀਆ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਰਿਪਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਕੈਨੇਡਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਦ ਕਿ ਇੱਕੋ ਇੱਕ ਵਿਅਕਤੀ ਇੰਦਰਜੀਤ ਸਿੰਘ ਰਿਆਤ ਨੂੰ ਸਜ਼ਾ ਸੁਣਾਈ ਸੀ। ਬੰਬ ਧਮਾਕੇ ਦੇ ਮਾਮਲੇ ਦੇ ਸ਼ੁਰੂਆਤੀ ਦੌਰ ਵਿੱਚ ਬੱਬਰ ਖਾਲਸਾ ਆਗੂ ਤਲਵਿੰਦਰ ਸਿੰਘ ਬਬਰ ਨੂੰ ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਬਾਅਦ ਵਿਚ ਜਦੋਂ ਤਲਵਿੰਦਰ ਸਿੰਘ ਬਬਰ ਕੈਨੇਡਾ ਤੋਂ ਪਾਕਿਸਤਾਨ ਅਤੇ ਕਾਠਮੰਡੂ ਹੁੰਦਾ ਹੋਇਆ, ਭਾਰਤ ਪਹੁੰਚਿਆ, ਤਾਂ 7 ਅਕਤੂਬਰ 1992 ’ਚ ਭਾਰਤੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਉਸ ਉੱਪਰ ਸੱਤ ਦਿਨ ਤਸ਼ਦਦ ਕਰਨ ਮਗਰੋਂ 14 ਅਕਤੂਬਰ 1992 ਨੂੰ ਉਸ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਖ਼ਤਮ ਕਰ ਦਿੱਤਾ। ਸਵਾਲ ਇਹ ਹੈ ਕਿ ਤਲਵਿੰਦਰ ਸਿੰਘ ਬਬਰ ਕੈਨੇਡਾ ਦਾ ਨਾਗਰਿਕ ਸੀ, ਪਰ ਭਾਰਤ ਨੇ ਉਸ ਨੂੰ ਕੈਨੇਡਾ ਦੇ ਹਵਾਲੇ ਕਿਉਂ ਨਹੀਂ ਕੀਤਾ ਅਤੇ ਕੈਨੇਡਾ ਨੇ ਵੀ ਆਪਣੇ ਨਾਗਰਿਕ ਦੇ ਭਾਰਤੀ ਪੁਲਿਸ ਵੱਲੋਂ ਝੂਠੇ ਮੁਕਾਬਲੇ ਦੇ ਮਸਲੇ ਨੂੰ ਕਿਉਂ ਨਹੀਂ ਉਠਾਇਆ?
ਜੇਕਰ ਤਲਵਿੰਦਰ ਸਿੰਘ ਬਬਰ ਏਅਰ ਇੰਡੀਆ ਦੁਖਾਂਤ ਦਾ ਮੁਖ ਸਾਜਿਸ਼ ਘਾੜਾ ਸੀ, ਤਾਂ ਫਿਰ ਉਸਨੂੰ ਖਤਮ ਕਿਉਂ ਕੀਤਾ ਗਿਆ, ਪੜਤਾਲ ਕਿਉਂ ਨਹੀਂ ਕਰਵਾਈ ਗਈ? ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਅਤੇ ਪੁਲਿਸ ਇਸ ਘਿਣਾਉਣੇ ਕਾਰੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਸੀ, ਕਿਉਂਕਿ ਏਅਰ ਇੰਡੀਆ ਬੰਬ ਧਮਾਕੇ ਦਾ ‘ਅਸਲ ਸਾਜਿਸ਼ ਘਾੜਾ ਕੋਈ ਹੋਰ’ ਸੀ, ਜੋ ਭਾਰਤੀ ਖੁਫੀਆ ਤੰਤਰ ਨੂੰ ਦਿਸ਼ਾ- ਨਿਰਦੇਸ਼ ਦੇ ਰਿਹਾ ਸੀ। ਹਕੀਕਤ ਇਹ ਹੈ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਭਾਰਤ ਸਰਕਾਰ ਵੱਲੋਂ ਆਪਣੀਆਂ ਫੌਜਾਂ ਰਾਹੀਂ ਕੀਤੇ ਹਮਲੇ ਮਗਰੋਂ, ਦੁਨੀਆਂ ਭਰ ਵਿੱਚ ਸਿੱਖ ਕੌਮ ਨੂੰ ‘ਪੀੜਤ’ ਮੰਨਿਆ ਜਾ ਰਿਹਾ ਸੀ, ਪਰ ਇੱਕ ਸਾਲ ਦੇ ਵਿਚ-ਵਿਚ ਹੀ ਸਿੱਖਾਂ ਦਾ ਬਿਰਤਾਂਤ ਬਦਲਣਾ ਅਤੇ ਸਾਜਿਸ਼ੀ ਢੰਗ ਨਾਲ ਏਜੰਸੀਆਂ ਵੱਲੋਂ ਏਅਰ ਇੰਡੀਆ ਬੰਬ ਧਮਾਕਾ ਕੀਤਾ ਜਾਣਾ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝ੍ਹੀ ਸਾਜਿਸ਼ ਸੀ। ਸਿਤਮਜ਼ਰੀਫੀ ਇਹ ਹੈ ਕਿ ਇਸ ਧਮਾਕੇ ਵਿਚ ਮਾਰੇ ਜਾਣ ਵਾਲੇ ਬਹੁਤਾਤ ਕੈਨੇਡੀਅਨ ਹੋਣ ਦੇ ਬਾਵਜੂਦ, ਕੈਨੇਡਾ ਨੇ ਵੀ ਇਸ ਨੂੰ ‘ਕੈਨੇਡੀਅਨ ਦੁਖਾਂਤ’ ਨਹੀਂ ਸਮਝਿਆ ਤੇ ਮੁਕੰਮਲ ਸੱਚਾਈ ਸਾਹਮਣੇ ਨਹੀਂ ਲਿਆਂਦੀ। ਬੇਸ਼ੱਕ ਇਸ ਮਾਮਲੇ ਵਿੱਚ ਕੈਨੇਡਾ ਦੇ ਰਿਟਾਇਰਡ ਜੱਜ ਜੌਹਨ ਮੇਜਰ ਦੀ ਅਗਵਾਈ ਵਿੱਚ ਲੰਮਾ ਮੁਕਦਮਾ ਚੱਲਿਆ, ਪਰ ਬਹੁਤ ਸਾਰੇ ਪੱਖਾਂ ਤੋਂ ਘੋਖ ਪੜਤਾਲ ਮਗਰੋਂ ਪਤਾ ਲੱਗਦਾ ਹੈ ਕਿ ਜਸਟਿਸ ਮੇਜਰ ਦੀ ਜਾਂਚ ਮੁਕੰਮਲ ਨਹੀਂ ਕਹੀ ਜਾ ਸਕਦੀ। ਇਸ ਲੇਖ ਰਾਹੀਂ ਵੱਖ-ਵੱਖ ਲੇਖਕਾਂ ਦੀਆਂ ਏਅਰ ਇੰਡੀਆ ਦੁਖਾਂਤ ਬਾਰੇ ਚਰਚਿਤ ਕਿਤਾਬਾਂ ਅਤੇ ਅਖਬਾਰੀ ਲਿਖਤਾਂ ਨੂੰ ਧਿਆਨ ਵਿੱਚ ਰੱਖਦਿਆਂ, ਉਹਨਾਂ ਵਿਚਲੇ ਸਨਸਨੀਖ਼ੇਜ਼ ਖ਼ੁਲਾਸੇ ਸਾਂਝੇ ਕਰਨ ਦਾ ਯਤਨ ਕੀਤਾ ਗਿਆ ਹੈ।
ਲੇਖਕ ਜ਼ੁਹੈਰ ਕਸ਼ਮੀਰੀ ਤੇ ਬਰਾਇਨ ਮੈਕ ਐਂਡਰਿਊ ਦੀ ਕਿਤਾਬ ‘ਸੋਫਟ ਟਾਰਗਟ: ਹਓ ਦਾ ਇੰਡੀਅਨ ਇੰਟੈਲੀਜੈਂਸ ਸਰਵਸਿਸ ਪੈਨੀਟਰੇਟਿਡ ਕੈਨੇਡਾ’ ‘Soft Target: How the Indian Intelligence Service Penetrated Canada’ Zuhair Kashmeri (The Globe and Mail) & Brian McAndrew The Toronto Star, Authors ) ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਬਾਰੇ ਲੇਖਕ ਤੇ ਪੱਤਰਕਾਰ ਜ਼ੁਹੈਰ ਕਸ਼ਮੀਰੀ ਦੀ ਕਿਤਾਬ ‘ਸਾਫਟ ਟਾਰਗੇਟ’ ਖੋਜ ਭਰਪੂਰ ਹੈ, ਇਸ ਰਾਹੀਂ ਪੱਤਰਕਾਰ ਨੇ ਗੁੱਝੇ ਭੇਦ ਅਤੇ ਲੁਕਵੇਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜ਼ੁਹੈਰ ਕਸ਼ਮੀਰੀ ਨੇ ਆਪਣੀਆਂ ਖਬਰਾਂ ਤੇ ਲੇਖਾਂ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਕਿ ਭਾਰਤ ਸਰਕਾਰ ਕੈਨੇਡਾ ਵਿਚ ਇਕ ਖੁਫ਼ੀਆ ਮੁਹਿੰਮ ਚਲਾ ਕੇ, ਸਿੱਖਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚਲ ਰਹੀ ਸੀ। 23 ਜੂਨ 1985 ਨੂੰ ਹੋਏ ਇੰਡੀਆ ਬੰਬ ਧਮਾਕੇ ਤੋਂ ਚਾਰ ਸਾਲ ਬਾਅਦ ਉਸ ਨੇ ਆਪਣੇ ਸਾਥੀ ਪੱਤਰਕਾਰ ਨਾਲ ਮਿਲ ਕੇ ‘ਸੁਖਾਲਾ ਨਿਸ਼ਾਨਾ: ਭਾਰਤੀ ਖੂਫੀਆ ਏਜੰਸੀਆਂ ਦੀ ਕੈਨੇਡਾ ਵਿਚ ਦਖਲ ਅੰਦਾਜ਼ੀ’ ਨਾਂ ਦੀ ਕਿਤਾਬ ਲਿਖੀ, ਜਿਸ ਵਿਚ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਕੈਨੇਡਾ ਵਿਚ, ਭਾਰਤੀ ਜਾਸੂਸ ਸਾਲਾਂ ਤੋਂ ਸ਼ੱਕੀ ਤੇ ਖਤਰਨਾਕ ਕਾਰਵਾਈਆਂ ਕਰਕੇ, ਕੈਨੇਡਾ ਦੇ ਸਿੱਖਾਂ ਵਿਚ ਦਖਲ-ਅੰਦਾਜ਼ੀ ਕਰ ਰਹੇ ਸਨ ਤੇ ਉਹਨ੍ਹਾਂ ਨੂੰ ਪੈਰੋਂ ਉਖੇੜਨ ਦੀਆਂ ਕਾਰਵਾਈਆਂ ਕਰ ਰਹੇ ਸਨ। ਇਹ ਕਿਤਾਬ ਦੂਜੀ ਵਾਰ 2005 ਵਿਚ ਛਪੀ ਤੇ ਇਸ ਕਿਤਾਬ ਦਾ ਉੱਪ-ਸਿਰਲੇਖ “ਦਾ ਰੀਅਲ ਸਟੋਰੀ ਬਿਹਾਈਂਡ ਦਾ ਏਅਰ ਇੰਡੀਆ ਡਿਜ਼ਾਸਟਰ” (ਏਅਰ ਇੰਡੀਆ ਧਮਾਕੇ ਦੀ ਅਸਲ ਕਹਾਣੀ) ਰੱਖਿਆ ਗਿਆ। ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਤੋਂ ਕੁਝ ਘੰਟਿਆਂ ਬਾਅਦ, ‘ਦ ਗਲੋਬ ਐਂਡ ਮੇਲ’ ਨੂੰ ਟੋਰਾਂਟੋ ਦੇ ਭਾਰਤੀ ਕੌਂਸਲ ਜਨਰਲ ਸੁਰਿੰਦਰ ਮਲਿਕ ਦਾ ਇੱਕ ਫੋਨ ਆਉਂਦਾ ਹੈ, ਜਿਸ ਵਿੱਚ ਬੰਬ ਧਮਾਕੇ ਦੇ ਵਿਸਤ੍ਰਿਤ ਵੇਰਵਾ ਅਤੇ ਉਨ੍ਹਾਂ ਲੋਕਾਂ ਦੇ ਨਾਂ ਸਨ, ਜਿਨ੍ਹਾਂ ਬਾਰੇ ਉਸ ਨੇ ਕਿਹਾ ਸੀ ਕਿ ਉਹ ਬੰਬ ਧਮਾਕੇ ਵਿੱਚ ਸ਼ਾਮਲ ਸਨ। ਮਲਿਕ ਨੇ ਦਾਅਵਾ ਕੀਤਾ ਕਿ ਉਸ ਦਾ ਸਰੋਤ ਭਾਰਤੀ ਖ਼ੁਫ਼ੀਆ ਨੈੱਟਵਰਕ ਸੀ, ਜਿਸ ਨੇ ਬੰਬ ਫਿੱਟ ਦੇ ਤਰੀਕਿਆਂ ਅਤੇ ਦੋਸ਼ੀਆਂ ਦੀ ਪਛਾਣ ਦਾ ਪਤਾ ਲਗਾਇਆ ਸੀ।ਭਾਰਤ ਸਰਕਾਰ ਨੇ ਇਸ ਕਿਤਾਬ ਨੂੰ ਬੈਨ ਕਰ ਦਿੱਤਾ ਸੀ ਅਤੇ ਕੈਨੇਡਾ ਨੂੰ ਇਸ ਕਿਤਾਬ ਤੇ ਬੈਨ ਲਾਉਣ ਲਈ ਕਿਹਾ ਸੀ, ਪਰ ਕੈਨੇਡਾ ਸਰਕਾਰ ਨੇ ਕਿਤਾਬ ਤੇ ਬੈਨ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਕੈਨੇਡਾ ਦੇ ਭਾਰਤੀ ਸਿਆਸਤਦਾਨ ਉੱਜਲ ਦੁਸਾਂਝ :
ਬਰੀਕੀ ਨਾਲ ਵਿਸ਼ਲੇਸ਼ਣ ਕਰਨ ‘ਤੇ ਪਤਾ ਲੱਗਦਾ ਹੈ ਕਿ ਕੈਨੇਡਾ ਦੀ ਭਾਰਤੀ ਰਾਜਨੀਤੀ ਦੇ ਵਿਵਾਦਗ੍ਰਸਤ ਸਿਆਸਤਦਾਨ ਉਜਲ ਦੁਸਾਂਝ ਦਾ ਨਾਂ ਵੀ ਇੰਡੀਆ ਦੁਖਾਂਤ ਦੇ ਮਾਮਲੇ ਵਿੱਚ ਸਦਾ ਚਰਚਾ ਵਿੱਚ ਰਿਹਾ ਹੈ। ਗ਼ੌਰਤਲਬ ਹੈ ਕਿ ਜਿੱਥੇ ਭਾਰਤੀ ਰਾਜਦੂਤ ਸੁਰਿੰਦਰ ਮਲਿਕ ਨੇ ਆਪਣੀ ਪਤਨੀ ਅਤੇ ਧੀ ਨੂੰ ਏਅਰ ਇੰਡੀਆ ਦੀ ਫਲਾਈਟ 182 ਵਿੱਚੋਂ ਆਖ਼ਰੀ ਵਕਤ ‘ਤੇ ਬਾਹਰ ਕੱਢ ਲਿਆ ਸੀ, ਉੱਥੇ ਭਾਰਤੀ ਅਫਸਰ ਸਿਥਾਰਥਾ ਸਿੰਘ ਨੇ ਵੀ ਟਿਕਟ ਕੈਂਸਲ ਕਰਵਾ ਦਿੱਤੀ ਸੀ। ਇੰਡੀਅਨ ਸਟੇਟ ਦੇ ਚਹੇਤੇ ਸਿਆਸਤਦਾਨ ਉੱਜਲ ਦੁਸਾਂਝ ਨੇ ਆਖ਼ਰੀ ਪਲਾਂ ਵਿਚ ਫਲਾਈਟ 182 ਦੀ ਟਿਕਟ ਰੱਦ ਕਰਵਾ ਦਿੱਤੀ ਸੀ। ਇਸ ਬਾਰੇ ਇਹ ਵੀ ਚਰਚਾ ਹੈ ਕਿ ਭਾਰਤੀ ਕੌਂਸਲਖਾਨੇ ਦੇ ਗੁਰਿੰਦਰ ਸਿੰਘ ਨਾਂ ਦੇ ਅਧਿਕਾਰੀ ਨਾਲ ਪਰਿਵਾਰਕ ਨੇੜਤਾ ਹੋਣ ਕਾਰਨ ਅਜਿਹਾ ਕਦਮ ਚੁੱਕਿਆ ਗਿਆ ਸੀ, ਕਿਉਂਕਿ ਉਸ ਅਧਿਕਾਰੀ ਨੂੰ ਪਤਾ ਸੀ ਕਿ ਸਬੰਧਤ ਏਅਰ ਇੰਡੀਆ ਉਡਾਣ ਵਿੱਚ ਸਵਾਰ ਹੋਣਾ ਖਤਰੇ ਤੋਂ ਖਾਲੀ ਨਹੀਂ। ਜੇਕਰ ਇਹ ਸੱਚ ਹੈ ਤਾਂ ਇਸ ਮਾਮਲੇ ਦੀ ਗੰਭੀਰ ਜਾਂਚ ਜ਼ਰੂਰੀ ਹੈ ਅਤੇ ਮੌਕਾਪ੍ਰਸਤ ਸਿਆਸਤਦਾਨ ਦਾ ਦੋਗਲਾ ਕਿਰਦਾਰ ਜੱਗ ਜ਼ਾਹਿਰ ਹੋਣਾ ਚਾਹੀਦਾ ਹੈ।
ਲੇਖਕ ਸਲੀਮ ਜੀਵਾ ਦੀਆਂ ਏਅਰ ਇੰਡੀਆ ਦੁਖਾਂਤ ਬਾਰੇ ਕਿਤਾਬਾਂ :
‘ਦਾ ਡੈਥ ਆਫ ਏਅਰ ਇੰਡੀਆ ਫਲਾਈਟ 182’, ‘ਮਾਰਜਨ ਆਫ਼ ਟੈਰਰ’ ‘Death of Air India Flight 182′ (Salim Jiva, Author),’Margin of Terror’ (Donald J. Hauka and Salim Jiva, Authors) ਵੈਨਕੂਵਰ ਤੋਂ ਛਪਦੇ ਪ੍ਰੋਵਿੰਸ ਦੇ ਪੱਤਰਕਾਰ ਸਲੀਮ ਜੀਵਾ ਵੱਲੋਂ ਏਅਰ ਇੰਡੀਆ ਦੁਖਾਂਤ ਬਾਰੇ ‘ਦਾ ਡੈਥ ਆਫ ਏਅਰ ਇੰਡੀਆ ਫਲਾਈਟ 182’ ਕਿਤਾਬ ਡੋਨਲਡ ਜੇ ਹੌਕਾ ਨਾਲ ਮਿਲ ਕੇ ਲਿਖੀ ਗਈ, ਜਿਸ ਵਿੱਚ ਉਹਨਾਂ ਪ੍ਰਗਟਾਇਆ ਕਿ ਏਅਰ ਇੰਡੀਆ ਦੁਖਾਂਤ ਦਾ ਦੋਸ਼ ਸਿੱਖਾਂ ਦੇ ਸਿਰ ਮੜ੍ਹਨ ਦੀ ਘਿਨੌਣੀ ਸਾਜਿਸ਼ ਤਿਆਰ ਕੀਤੀ ਗਈ ਸੀ। ਉਹਨਾਂ ਕਿਤਾਬ ਵਿੱਚ ਜ਼ਿਕਰ ਕੀਤਾ ਕਿ ਇਸ ਜ਼ਹਾਜ਼ ਦੇ ਸਿੱਖ ਕਪਤਾਨ ਸਤਵਿੰਦਰ ਸਿੰਘ ਭਿੰਡਰ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਗਿਆ ਸੀ, ਜੋ ਸਿੱਖਾਂ ਪ੍ਰਤੀ ਮਿੱਥ ਕੇ ਦੇਸ਼-ਧ੍ਰੋਹ ਅਤੇ ਨਫ਼ਰਤੀ ਮਾਹੌਲ ਸਿਰਜਣ ਦੀ ਸਾਜਿਸ਼ ਸੀ। ਸਲੀਮ ਜੀਵਾ ਨੇ ਦੂਜੀ ਕਿਤਾਬ ‘ਮਾਰਜਨ ਆਫ਼ ਟੈਰਰ’ ਵਿੱਚ ਪੱਤਰਕਾਰ ਤਾਰਾ ਸਿੰਘ ਹੇਅਰ ਨੂੰ ਲੰਮੇ ਹੱਥੀ ਲੈਂਦਿਆਂ ਨਕਾਰਿਆ ਕਿ ਉਹ ਪਹਿਲਾਂ ਏਅਰ ਇੰਡੀਆ ਦੁਖਾਂਤ ਲਈ ਭਾਰਤ ਸਰਕਾਰ ਨੂੰ ਜ਼ਿੰਮੇਂਵਾਰ ਠਹਿਰਾਉਂਦਾ ਰਿਹਾ, ਬਾਅਦ ਵਿੱਚ ਉਸ ਨੇ ਪਾਸਾ ਪਲਟਿਆ ਅਤੇ ਇਸ ਲਈ ਖਾਲਿਸਤਾਨੀ ਸਿੱਖਾਂ ਨੂੰ ਦੋਸ਼ੀ ਗਰਦਾਨਣਾ ਸ਼ੁਰੂ ਕਰ ਦਿੱਤਾ। ਅਜਿਹੀ ਕਈ ਹੋਰ ਪ੍ਰਗਟਾਵੇ ਵੀ ਸਲੀਮ ਜੀਵਾ ਨੇ ਆਪਣੀ ਕਿਤਾਬ ਰਾਹੀਂ ਕੀਤੇ, ਜੋ ਕਿ ਕਾਫੀ ਚਰਚਿਤ ਰਹੇ।
ਭਾਰਤੀ ਖੁਫ਼ੀਆ ਏਜੰਟ ਐਮ ਕੇ ਧਰ ਦੀ ਕਿਤਾਬ ‘ਓਪਨ ਸੀਕਰੇਟ’ ‘ਖੁੱਲੇ ਭੇਦ’ ‘Open Secrets’ : MK Dhar (Former Joint Chief of IB, Author) ’84 ਦੇ ਦੌਰ ਵਿੱਚ ਮਲੋਏ ਕ੍ਰਿਸ਼ਨ ਧਰ, ਰਾਅ ਦਾ ਕੈਨੇਡਾ ਵਿੱਚ ਏਜੰਟ ਸੀ, ਜਿਸ ਨੇ ‘ਖੁੱਲੇ ਭੇਦ’ ਕਿਤਾਬ ਵਿੱਚ ਲਿਖਿਆ ਹੈ ਕਿ ਏਅਰ ਇੰਡੀਆ ਬੰਬ ਧਮਾਕੇ ਵਰਗੇ ਖਤਰੇ ਤੋਂ ਉਹਨਾਂ ਪਹਿਲਾਂ ਹੀ ਭਾਰਤ ਨੂੰ ਜਾਣੂ ਕਰਵਾ ਦਿੱਤਾ ਸੀ। ਇਸ ਪੱਤਰਕਾਰ ਨਾਲ ਇੱਕ ਵਾਰ ਇੰਟਰਵਿਊ ਦੌਰਾਨ ਐਮ. ਕੇ. ਧਰ ਨੇ ਇਥੋਂ ਤੱਕ ਦੱਸਿਆ ਕਿ ਸਿੱਖਾਂ ਵਿੱਚ ਘੁਸਪੈਠ ਕਰਨ ਲਈ ਉਹਨਾਂ (ਭਾਰਤੀ ਏਜੰਟ) ਨੇ ਪੰਜਾਬੀ ਸਿੱਖੀ, ਗੁਰਬਾਣੀ ਕੀਰਤਨ ਸਿੱਖਿਆ ਅਤੇ ਸਿੱਖ ਜਥੇਬੰਦੀਆਂ ਨਾਲ ਤਾਲ-ਮੇਲ ਸਥਾਪਿਤ ਕੀਤਾ। ਕਿਤਾਬ ਵਿੱਚ ਉਸ ਨੇ ਇਹ ਇੰਕਸ਼ਾਫ ਕੀਤਾ ਹੈ ਕਿ ਇਹ ਇੰਡੀਆ ਬੰਬ ਧਮਾਕੇ ਦੇ ਖਤਰੇ ਤੋਂ ਭਾਰਤੀ ਕੌਂਸਲੇਟ ਨੂੰ ਜਾਣੂ ਕਰਵਾਉਣ ਮਗਰੋਂ ਵੀ, ਭਾਰਤ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਕਿ ਅਜਿਹਾ ਰੋਕਿਆ ਜਾਏ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਦੁਖਾਂਤ ਮਗਰੋਂ, ਸਿੱਖਾਂ ਦੇ ਜਜ਼ਬਾਤ ਦਾ ਲਾਹਾ ਲੈਣ ਲਈ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ, ਭਾਰਤੀ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਸਾਜਿਸ਼ ਘੜੀ ਗਈ ਸੀ।ਇੰਡੀਆ ਬੰਬ ਧਮਾਕੇ ਤੋਂ ਮਗਰੋਂ ਕੈਨੇਡਾ ਵੱਲੋਂ ਟਰਾਂਟੋ ਸਥਿਤ ਭਾਰਤੀ ਰਾਜਦੂਤ ਸੁਰਿੰਦਰ ਮਲਿਕ, ਬ੍ਰਿਜ ਮੋਹਨ ਅਤੇ ਦਵਿੰਦਰ ਆਹਲੂਵਾਲੀਆ ਨੂੰ ਕੈਨੇਡਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਦਾ ਕਾਰਨ ਉਹਨਾਂ ਦੀ ਕੈਨੇਡਾ ਵਿੱਚ ਖੁਫੀਆ ਦਖਲ ਅੰਦਾਜ਼ੀ ਅਤੇ ਸਾਜਿਸ਼ਾਂ ਘੜਨ ਦੀ ਭੂਮਿਕਾ ਸੀ। ਓਪਨ ਸੀਕਰੇਟ ਵਿੱਚ ਮਲੋਇਆ ਕ੍ਰਿਸ਼ਨਾ ਧਰ ਨੇ ਲਿਖਿਆ ਹੈ ਕਿ ਏਅਰ ਇੰਡੀਆ ਬੰਬ ਧਮਾਕੇ ਦੀ ਇਕ ਸਾਲ ਦੀ ਜਾਂਚ ਮਗਰੋਂ ਕੈਨੇਡਾ ਸਰਕਾਰ ਨੇ ਰਾਅ ਦੇ ਅਧਿਕਾਰੀਆਂ ਨੂੰ, ਜੋ ਭਾਰਤੀ ਸਫਾਰਤਖਾਨਿਆਂ ਵਿੱਚ ਕੰਮ ਕਰਦੇ ਸਨ, ਆਪਣੇ ਸਹਾਇਕਾਂ ਸਮੇਤ ਕੈਨੇਡਾ ਵਿੱਚੋਂ ਕੱਢ ਦਿੱਤੇ ਸਨ। ਧਰ ਅਨੁਸਾਰ ਜਦੋਂ ਉਹ ਕੈਨੇਡਾ ਤੋਂ ਦਿੱਲੀ ਪੁੱਜੇ ਤਾਂ ਰਾਅ ਅਤੇ ਆਈ.ਬੀ ਦੇ ਵੱਡੇ ਅਫਸਰਾਂ ਨੇ ਉਸ ਨੂੰ ਜ਼ਲੀਲ ਕੀਤਾ ਅਤੇ ਕੈਨੇਡਾ ਵਿੱਚ ਸਾਰੀ ਜਾਣਕਾਰੀ ਨਸ਼ਰ ਕੀਤੇ ਜਾਣ ਦਾ ਇਲਜ਼ਾਮ ਲਾ ਦਿੱਤੇ। ਇੱਥੇ ਸਵਾਲ ਇਹ ਉੱਠਦਾ ਹੈ ਕਿ ਕੈਨੇਡਾ ਸਰਕਾਰ ਨੇ ਏਅਰ ਇੰਡੀਆ ਬੰਬ ਧਮਾਕੇ ਦੀ ਇੱਕ ਸਾਲ ਦੀ ਜਾਂਚ ਪਿੱਛੋਂ ਰਾਅ ਅਤੇ ਆਈ.ਬੀ ਦੇ ਏਜੰਟਾਂ ਨੂੰ ਕੈਨੇਡਾ ਵਿੱਚੋਂ ਕਿਉਂ ਕੱਢ ਦਿੱਤਾ ਸੀ? ਇਸ ਬਾਰੇ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ, ਦੋਵਾਂ ਨੇ ਹੀ ਮੌਨ ਧਾਰਿਆ ਹੈ।
ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ :’ਨਫਰਤ ਸੰਗ ਪਿਆਰ ਦੀ ਜੰਗ’ (Fighting Hatred With Love)
ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਪੱਤਰਕਾਰ ਗੁਰਪ੍ਰੀਤ ਸਿੰਘ ਦੀਆਂ ਦੋਹਾਂ ਕਿਤਾਬਾਂ ਵਿੱਚ ਪੀੜਤ ਪਰਿਵਾਰਾਂ ਨਾਲ ਇੰਟਰਵਿਊ ਸ਼ਾਮਿਲ ਕੀਤੀਆਂ ਗਈਆਂ ਹਨ। ਗੁਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਏਅਰ ਇੰਡੀਆ ਧਮਾਕੇ ਪਿੱਛੇ ਭਾਰਤੀ ਏਜੰਸੀਆਂ ਦੀ ਕੈਨੇਡਾ ਦੀ ਸਰਕਾਰ ਵੱਲੋਂ ਖੁੱਲ੍ਹੇ ਪੱਧਰ ‘ਤੇ ਜਾਂਚ ਨਾ ਕਰਨਾ ਬੁਝਾਰਤ ਬਣਿਆ ਹੋਇਆ ਹੈ, ਜਿਸ ਨੇ ਪੀੜਤ ਪਰਿਵਾਰਾਂ ਨੂੰ ਘੋਰ ਨਿਰਾਸ਼ ਕੀਤਾ ਹੈ। ਅਜਿਹੀ ਮੁੜ ਜਾਂਚ ਦੀ ਇੱਕ ਪਟੀਸ਼ਨ ‘ਰੈਡੀਕਲ ਦੇਸੀ’ ਰਾਹੀਂ ਗੁਰਪ੍ਰੀਤ ਸਿੰਘ ਵੱਲੋਂ ਸ਼ੁਰੂ ਵੀ ਕੀਤੀ ਗਈ ਹੈ। ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਦੀ ਇਸ ਪਟੀਸ਼ਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਸਤਖਤ ਕੀਤੇ ਹਨ। ਇਸ ਵਿੱਚ ‘ਇੰਡੀਅਨ ਸਟੇਟ ਦੀ ਸ਼ੱਕੀ ਭੂਮਿਕਾ’ ਨੂੰ ਲੈ ਕੇ ਏਅਰ ਇੰਡੀਆ ਦੀ ਮੁੜ ਜਾਂਚ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ ਹੈ। ਉਹਨਾਂ ਅਨੁਸਾਰ ਭਾਰਤ ਦੀ ਬੇਕਿਰਕ ਸਰਕਾਰ ਤਾਂ 1984 ’ਚ ਸਿੱਖ ਨਸਲਕੁਸ਼ੀ ਦੌਰਾਨ ਆਪਣੇ ਹੀ ਲੋਕਾਂ ਦੇ ਕਤਲ ਕਰਾਉਣ ’ਚ ਪਿੱਛੇ ਨਹੀਂ ਹਟੀ ਸੀ, ਤਾਂ ਉਹ 331 ਮਨੁੱਖੀ ਜਾਨਾਂ ਲੈਣ ਵਾਲੇ ਜ਼ਾਲਮ ਕਰਿੰਦਿਆਂ ਦੀਆਂ ਸੇਵਾਵਾਂ ਲੈਣ ਸਮੇਂ ਬਹੁਤਾ ਨਹੀਂ ਸੋਚੇਗੀ, ਜੇ ਇਹ ਉਸ ਨੂੰ ਰਾਸ ਆਉਦਾ ਹੈ। ਆਖ਼ਿਰਕਾਰ, ਸੱਚ ਤਾਂ ਇਹ ਹੈ ਕਿ ਏਅਰ ਇੰਡੀਆ ਬੰਬ ਕਾਂਡ ਨੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦਾ ਨਿਆਂ ਹਾਸਲ ਕਰਨ ਦਾ ਕਾਰਜ ਹੀ ਬੇਅਸਰ ਬਣਾ ਦਿੱਤਾ ਸੀ। ਜੇਕਰ ਕੈਨੇਡਾ ਇਸ ਦੁਖਾਂਤ ਨੂੰ ਸੱਚਮੁੱਚ ਕੈਨੇਡੀਅਨ ਤ੍ਰਾਸਦੀ ਮੰਨਦਾ ਹੈ, ਤਾਂ ਫਿਰ ਕੈਨੇਡਾ ਸਰਕਾਰ ਏਅਰ ਇੰਡੀਆ ਬੰਬ ਧਮਾਕੇ ਵਿੱਚ ਭਾਰਤ ਦੀ ਭੂਮਿਕਾ ਦੀ ਨਵੇਂ ਸਿਰਿਉਂ ਮੁਕੰਮਲ ਜਾਂਚ ਕਰੇ। ਬੰਬ ਧਮਾਕੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮੁਕੰਮਲ ਜਾਂਚ ਹੀ ਇੱਕੋ ਇੱਕ ਹੱਲ ਹੈ।
‘ਟਰਿਪਲ ਏ : ਅੰਮ੍ਰਿਤਸਰ, ਅਹਿਮਦਾਬਾਦ ਤੇ ਅਯੋਧਿਆ’ (ਡਾਕਟਰ ਹਰੀ ਸ਼ਰਮਾ)
AAA – Amritsar Ahmedabad and Ayurveda (Dr Hari Sharma) ਕੈਨੇਡਾ ਦੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਅਤੇ ਉੱਘੇ ਵਿਦਵਾਨ ਮਰਹੂਮ ਡਾਕਟਰ ਹਰੀ ਸ਼ਰਮਾ ਨੇ ਥੀਸਸ ‘ਟਰਿਪਲ ਏ : ਅੰਮ੍ਰਿਤਸਰ, ਅਹਿਮਦਾਬਾਦ ਤੇ ਅਯੋਧਿਆ’ ਵਿੱਚ ਬਹੁਤ ਚਿਰ ਪਹਿਲਾਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਵੋਟ ਰਾਜਨੀਤੀ ਅਤੇ ਸਿਆਸੀ ਧਰੁਵੀਕਰਨ ਕਾਰਨ ਭਾਰਤ ਦੀ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਕੇ ਕਿਸ ਤਰੀਕੇ ਨਾਲ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ, ਉਸੇ ਹੀ ਫਾਰਮੂਲੇ ਨੂੰ ਲੈ ਕੇ ਮਗਰੋਂ ਬੀਜੇਪੀ ਨੇ ਅਹਿਮਦਾਬਾਦ ਅਤੇ ਫਿਰ ਅਯੋਧਿਆ ‘ਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਤੇ ਇਹ ਲਾਗੂ ਕੀਤਾ, ਜਿਸ ਦੇ ਨਤੀਜੇ ਅੱਜ ਸਪਸ਼ਟ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੀ ਸਾਜਿਸ਼ ਤੱਤਕਾਲੀ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ‘ਚ ਤਿਆਰ ਹੋਈ ਸੀ, ਜਿਸ ਨੇ ਦਿੱਲੀ ਵਿੱਚ ਇਹ ਬਿਆਨ ਦੇ ਕੇ ਕਿ “ਜਦੋਂ ਵੱਡਾ ਦਰੱਖਤ ਡਿੱਗਦਾ ਹੈ, ਤਾਂ ਧਰਤੀ ਕੰਬਦੀ ਹੈ” ਰਾਹੀਂ ਇਸ ਦੁਖਾਂਤ ਨੂੰ ਜਾਇਜ਼ ਕਰਾਰ ਦਿੱਤਾ ਸੀ। ਕਾਨੂੰਨੀ ਮਾਹਿਰਾਂ, ਬਹੁਤੇ ਲਿਖਾਰੀਆਂ ਅਤੇ ਏਅਰ ਇੰਡੀਆ ਮਾਮਲੇ ਵਿੱਚ ਹੁਣ ਤੱਕ ਦੇ ਸਾਹਮਣੇ ਆਏ ਪੱਖਾਂ ਤੋਂ ਏਅਰ ਇੰਡੀਆ ਦੁਖਾਂਤ ਦੀ ਸਾਜਿਸ਼ ਘੜਨ ਲਈ ਮੁੱਖ ਦੋਸ਼ੀ, ਉਸ ਵੇਲੇ ਦੀ ਇੰਡੀਅਨ ਸਰਕਾਰ ਦਾ ਮੁਖੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੈ। ਸਾਰੀਆਂ ਖੁਫੀਆ ਏਜੰਸੀਆਂ ਉਸ ਦੇ ਅਧੀਨ ਹੀ ਚਲਦੀਆਂ ਸਨ, ਜਿਨਾਂ ਸਿੱਖ਼ਾਂ ਨੂੰ ਕੌਮਾਂਤਰੀ ਮੰਚ ‘ਤੇ ਬਦਨਾਮ ਕਰਨ ਦਾ ਤਹੱਈਆ ਕੀਤਾ ਹੋਇਆ ਸੀ।ਰਾਜੀਵ ਗਾਂਧੀ ਨੂੰ ਏਅਰ ਇੰਡੀਆ ਦੁਖਾਂਤ ਲਈ ਮੁੱਖ ਸਾਜਿਸ਼-ਘਾੜੇ ਵਜੋਂ ਮੱਦੇ ਨਜ਼ਰ ਕਰਕੇ ਡੂੰਘੀ ਜਾਂਚ ਦੀ ਜ਼ਰੂਰਤ ਹੈ, ਤਾਂ ਕਿ ਏਅਰ ਇੰਡੀਆ ਦੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ, ਸਿੱਖਾਂ ਦੇ ਮੱਥੇ ਤੋਂ ਕਲੰਕ ਮਿਟ ਸਕੇ ਅਤੇ ਦੁਨੀਆ ਸੱਚ ਤੋਂ ਜਾਣੂ ਹੋ ਸਕੇ।
ਡੇਵਿਡ ਕਿਲਗਰ ਦੀ ਕਿਤਾਬ ‘ਦਾ ਬਿਟਰੇਅਲ’, ਦ ਸਪਾਈ ਕੈਨੇਡਾ ਅਬੈਂਡਨਡ :
‘Betrayal: The Spy Canada Abandoned’ : David Kilgour (Author)
ਲਿਖਾਰੀ ਡੇਵਿਡ ਕਿਲਗਰ ਦੀ ਇਹ ਕਿਤਾਬ ਰਿਸਜ਼ਾਰਡ ਪਾਸਜ਼ਕੋਵਸਕੀ ਦੀ ਸੱਚੀ ਕਹਾਣੀ ਦੱਸਦੀ ਹੈ, ਜੋ ਕਿ ਸੋਵੀਅਤ-ਸਿਖਿਅਤ ਪੋਲਿਸ਼ ਗੁਪਤ ਏਜੰਟ ਸੀ ਤੇ ਕੈਨੇਡਾ ਚਲਾ ਗਿਆ ਸੀ, ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (CSIS) ਲਈ ਕੰਮ ਕਰਦਾ ਸੀ ਤੇ ਬਾਅਦ ਵਿੱਚ ਕੈਨੇਡੀਅਨ ਸਰਕਾਰ ਦੁਆਰਾ ਕੱਢ ਦਿੱਤਾ ਗਿਆ ਸੀ। ਕੈਨੇਡਾ ਦੇ ਨਾਮਵਰ ਸਿਆਸਤਦਾਨ ਅਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਡੇਵਿਡ ਕਿਲਗਰ ਨੇ ਭਾਰਤ ਦਾ ਦੌਰਾ ਵੀ ਕੀਤਾ ਹੈ ਅਤੇ ਕੈਨੇਡਾ ਦੇ ਸਿੱਖਾਂ ‘ਚ ਭਾਰਤੀ ਏਜੰਸੀਆਂ ਦੀ ਦਖਲ-ਅੰਦਾਜ਼ੀ ਨੂੰ ਲੈ ਕੇ ਡੂੰਘਾ ਵਿਸ਼ਲੇਸ਼ਣ ਵੀ ਕੀਤਾ ਹੈ। ਉਹਨਾਂ ਭਾਰਤੀ ਏਜੰਸੀਆਂ ਦੀ ਭੂਮਿਕਾ ਤੇ ਗੰਭੀਰ ਸਵਾਲ ਉਠਾਏ ਹਨ ਅਤੇ ਤੱਥਾਂ ਸਹਿਤ ਇਹ ਗੱਲ ਸਪਸ਼ਟ ਕੀਤੀ ਹੈ ਕਿ ਕੈਨੇਡਾ ਵਾਸਤੇ ਸਿੱਖਾਂ ਨੂੰ ਭਾਰਤੀ ਹੁਕਮਰਾਨ ਸਾਜਿਸ਼ੀ ਢੰਗ ਨਾਲ ਨਿਸ਼ਾਨਾ ਬਣਾ ਰਹੇ ਹਨ। ਡੇਵਿਡ ਕਿਲਗਰ ਦੇ ਵੱਲੋਂ ਇਕੱਤਰ ਜਾਣਕਾਰੀ ਇਤਿਹਾਸਿਕ ਅਤੇ ਸਿਧਾਂਤਕ ਸਰੋਤ ਹੈ, ਜਿਹੜਾ ਏਅਰ ਇੰਡੀਆ ਮਾਮਲੇ ਸਮੇਤ ਵਿਦੇਸ਼ੀ ਦਖਲ-ਅੰਦਾਜ਼ੀ ਦੇ ਲੰਮੇ ਸਾਜਸ਼ੀ ਬਿਰਤਾਂਤ ਨੂੰ ਜ਼ਾਹਿਰ ਕਰਦਾ ਹੈ।
ਤਾਰਾ ਸਿੰਘ ਹੇਅਰ ਦੀ ਏਅਰ ਇੰਡੀਆ ਦੁਖਾਂਤ ਸਮੇਂ ਦੀ ਲਿਖਤ :
ਏਅਰ ਇੰਡੀਆ ਬੰਬ ਧਮਾਕੇ ਤੋਂ ਤੁਰੰਤ ਬਾਅਦ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਜੋ ਰਿਪੋਰਟਾਂ ਛਪੀਆਂ, ਉਨ੍ਹਾਂ ਵਿੱਚੋਂ 28 ਜੂਨ 1985 ਦੇ ‘ਇੰਡੋ-ਕਨੇਡੀਅਨ ਟਾਇਮਜ਼’ ਸਮਾਚਾਰ ਪੱਤਰ ਦੇ ਮੁੱਖ ਸੰਪਾਦਕ ਪੱਤਰਕਾਰ ਤਾਰਾ ਸਿੰਘ ਹੇਅਰ ਦੀ ਲਿਖ਼ਤ ਗੌਰ ਕਰਨਯੋਗ ਹੈ, ਜਿਸ ਵਿੱਚ ਇਹ ਲਿਖਿਆ ਮਿਲਦਾ ਹੈ, “ਉੱਤਰੀ ਅਮਰੀਕਾ ਵਿਚ ਰਹਿਣ ਵਾਲੇ ਭਾਰਤ ਸਰਕਾਰ ਦੇ ਚਮਚਿਆਂ ਨੇ, ਇਹ ਜ਼ਿੰਮੇਵਾਰੀ ਬਦੋ-ਬਦੀ ਸਿੱਖ ਕੌਮ ਦੇ ਸਿਰ ਮੜ੍ਹਨੀ ਚਾਹੀ ਹੈ, ਹਾਲਾਂ ਕਿ ਸਿੱਖ ਕੌਮ ਦੇ ਸਾਡੇ ਲੀਡਰਾਂ ਨੇ ਇਸ ਦੀ ਨਿਖੇਧੀ ਕੀਤੀ ਹੈ।” ਇੰਡੋ-ਕਨੇਡੀਅਨ ਟਾਇਮਜ਼ ਸਮਾਚਾਰ ਦੀ ਇਸ ਖਬਰ ਤੋਂ ਸਪੱਸ਼ਟ ਹੈ ਕਿ ਏਅਰ ਇੰਡੀਆ ਹਮਲਾ ਸਿੱਖਾਂ ਨਾਲ ਜੋੜਨਾ, ਸਰਕਾਰ ਦੀ ਡੂੰਘੀ ਚਾਲ ਸੀ। ਸਮਾਚਾਰ ਪੱਤਰ ਵਿਚ ਸਥਿਤੀ ਹੋਰ ਸਪੱਸ਼ਟ ਕਰਦਿਆਂ ਇਉਂ ਅੰਕਿਤ ਕੀਤਾ ਗਿਆ ਹੈ, ‘‘ਕੁਝ ਸਿੱਖ ਵਿਰੋਧੀ ਅਨਸਰਾਂ ਨੇ ਕਿਹਾ ਹੈ ਕਿ ਇੱਥੇ (ਕੈਨੇਡਾ ਵਿੱਚ) ਦਸ਼ਮੇਸ਼ ਰੈਜਮੈਂਟ ਹੈ, ਪਰ ਇੰਡੋੋ-ਕਨੇਡੀਅਨ ਟਾਇਮਜ਼ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਸੰਸਥਾ ਨੌਜਵਾਨਾਂ ਦੇ ਮਨਾਂ ਵਿਚ ਹੀ ਹੈ, ਜਿਸ ਦੀ ਹੋਂਦ ਉਨ੍ਹਾਂ ਪੰਜਾਬ ਵਿਚ ਇਸ ਰੈਜਮੈਂਟ ਵੱਲੋਂ ਸੋਧੇ ਸਿੱਖ ਵਿਰੋਧੀ ਅਨਸਰਾਂ ਤੋਂ ਲਾਈ ਹੈ। ਜੇ ਇੱਥੇ ਦਸ਼ਮੇਸ਼ ਰੈਜਮੈਂਟ ਹੁੰਦੀ, ਤਾਂ ਵੈਨਕੂਵਰ ਵਿਚ ਸਿੱਖ ਵਿਰੋਧੀ ਅਨਸਰ ਸਰਗਰਮ ਰਹਿੰਦਾ? ਹਾਂ, ਇਸ ਤਰ੍ਹਾਂ ਦੀਆਂ ਤੁਖਣੀਆਂ ਦੇ ਕੇ ਸਿੱਖ ਵਿਰੋਧੀ ਅਨਸਰ ਦਸ਼ਮੇਸ਼ ਰੈਜਮੈਂਟ ਪੈਦਾ ਭਾਵੇਂ ਕਰ ਦੇਣ।”ਏਅਰ ਇੰਡੀਆ ਦੁਖਾਂਤ ਦੇ ਹਫਤੇ ਦੇ ਅੰਦਰ ਪ੍ਰਕਾਸ਼ਤ ਹੋਣ ਵਾਲੇ ਇੰਡੋ-ਕਨੇਡੀਅਨ ਟਾਇਮਜ਼ ਅਖ਼ਬਾਰ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਲਈ ਘੜ ਜਾ ਰਹੇ ਬਿਰਤਾਂਤ ਨੂੰ ਬਹੁਤ ਸਪਸ਼ਟ ਰੂਪ ਵਿੱਚ ਬਿਆਨ ਕੀਤਾ ਗਿਆ ਹੈ, ”ਜਿਹੜਾ ਦੋਸ਼ ਸਿੱਖਾਂ ਉਪਰ ਥੋਪਿਆ ਜਾ ਰਿਹਾ ਹੈ, ਸਿੱਖ ਵਿਰੋਧੀ ਅਨਸਰਾਂ ਨੂੰ ਸਿੱਖਾਂ ਵਿਰੁੱਧ ਕਾਰਵਾਈ ਕਰਵਾਈ ਜਾਣ ਵਿਚ ਫਾਇਦਾ ਹੈ, ਕਿਉਂਕਿ ਤਾਂ ਹੀ ਉਨ੍ਹਾਂ ਲਈ ਸਰਕਾਰੀ ਤਿਜੌੌਰੀਆਂ ਦੇ ਮੂੰਹ ਖੁੱਲ੍ਹਦੇ ਹਨ ਅਤੇ ਅਖ਼ਬਾਰ, ਟੀਵੀ ਵਾਲੇ ਵੀ ਉਨ੍ਹਾਂ ਪਿੱਛੇ ਫਿਰਨਗੇ। ਇਹੀ ਕਾਰਨ ਹੈ ਕਿ ਇਹ ਲੋਕ ‘ਕਿਸੇ ਘਟਨਾ ਦੇ ਵਾਪਰਨ ਤੋਂ ਮਿੰਟਾਂ ਪਿੱਛੋਂ ਹੀ’ ਸਿੱਖਾਂ ‘ਤੇ ਦੋਸ਼ ਥੱਪਣ ਦੀ ਕਾਰਵਾਈ ਸ਼ੁਰੂ ਕਰ ਦਿੰਦੇ ਹਨ।”
23 ਜੂਨ 1985 ਨੂੰ ਏਅਰ ਇੰਡੀਆ ਬੰਬ ਧਮਾਕਾ ਹੁੰਦਾ ਹੈ ਅਤੇ 28 ਜੂਨ 1985 ਨੂੰ ਇੰਡੋ-ਕਨੇਡੀਅਨ ਟਾਇਮਜ਼ ਦਾ ਮੁੱਖ ਸੰਪਾਦਕ ਤਾਰਾ ਸਿੰਘ ਹੇਅਰ ਲਿਖਦਾ ਹੈ; ”ਕੁਝ ਸਿੱਖ ਲੀਡਰਾਂ ਨੇ ਇਸ ਗੱਲ ਦਾ ਤੌਖਲਾ ਵੀ ਜ਼ਾਹਰ ਕੀਤਾ ਹੈ ਕਿ ਇਹ ਕੰਮ ਹਿੰਦ ਸਰਕਾਰ ਦੇ ਇਸ਼ਾਰੇ ‘ਤੋੇ ਵੀ ਹੋ ਸਕਦਾ ਹੈ, ਕਿਉਂਕਿ ਉਹ ਦੁਨੀਆਂ ਵਿਚ ਸਿੱਖਾਂ ਨੂੰ ਅੱਤਵਾਦੀ ਬਣਾਉਣ ਤੇ ਤੁਲੀ ਹਈ ਹੈ। ਏਅਰ ਇੰਡੀਆ ਬੰਬ ਧਮਾਕੇ ਦੇ ਦੁਖਾਂਤ ਨੂੰ ਅੰਜਾਮ ਦੇਣ ਲਈ ਇੰਡੀਅਨ ਏਜੰਸੀਆਂ ਕਿਥੋਂ ਤੱਕ ਜਾ ਸਕਦੀਆਂ ਹਨ, ਇਸ ਬਾਰੇ ਇੰਡੋ-ਕਨੇਡੀਅਨ ਟਾਇਮਜ਼ ਅਖਬਾਰ ਵਿੱਚ ਇਹ ਲਿਖਿਆ ਮਿਲਦਾ ਹੈ,“ਸਰਕਾਰ ਆਪਣੀਆਂ ਨੀਹਾਂ ਮਜ਼ਬੂਤ ਕਰਨ ਲਈ ਸਿੱਖ ਕੌਮ ਨੂੰ ਖਤਮ ਕਰਨਾ ਚਾਹੰਦੀ ਹੈ ਅਤੇ ਅਜਿਹਾ ਕਰਨ ਲਈ ਘੜੀਆਂ ਸਾਜ਼ਿਸ਼ਾਂ ਦੇ ਅੰਤਰਗਤ ਤਿੰਨ-ਸਾਢੇ ਤਿੰਨ ਸੌ ਮੁਸਾਫ਼ਰਾਂ ਦੀ ਹੱਤਿਆ ਕਰ ਦੇਣਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਰਾਜ ਸੱਤਾ ਲਈ ਪਹਿਲਾਂ ਵੀ ਲੱਖਾਂ ਬੋਧੀਆਂ ਨੂੰ ਮੁਕਾਏ ਜਾਣ ਅਤੇ ਕਈ ਹੋਰ ਕਤਲੇਆਮ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਵਾਪਰ ਚੁੱਕੀਆਂ ਹਨ।” ਲੱਖਾਂ ਬੋਧੀਆਂ ਨੂੰ ਖਤਮ ਕਰਨ ਦਾ ਬਿਰਤਾਂਤ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਨਸਲਕੁਸ਼ੀ ਨੂੰ ਸਮਝਣ ਲਈ ਬੇਹੱਦ ਗੌਰਕਰਨ ਯੋਗ ਹੈ। ਅਖਬਾਰ ਦੇ ਸੰਪਾਦਕ ਤਾਰਾ ਸਿੰਘ ਹੇਅਰ ਵੱਲੋਂ ਏਅਰ ਇੰਡੀਆ ਦੁਖਾਂਤ ਤੋਂ ਬਾਅਦ ਪ੍ਰਕਾਸ਼ਤ ਇੰਡੋ-ਕਨੇਡੀਅਨ ਟਾਇਮਜ਼ ਅਖ਼ਬਾਰ ਦੇ ਅੰਕਾਂ ਵਿੱਚ ਅਜਿਹੇ ਤੱਤ ਬਿਆਨ ਕੀਤੇ ਗਏ ਹਨ, ਜੋ ਦਰਸਾਉਂਦੇ ਹਨ ਕਿ ਅਜਿਹਾ ਬੰਬ ਧਮਾਕਾ ਭਾਰਤੀ ਏਜੰਸੀਆਂ ਵੱਲੋਂ ਕੀਤੇ ਜਾਣ ਦੇ ਗੰਭੀਰ ਖ਼ਦਸ਼ੇ ਨਜ਼ਰ ਆਉਂਦੇ ਸਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦਹਾਕੇ ਮਗਰੋਂ 90ਵਿਆਂ ਵਿੱਚ ਇੰਡੋ-ਕੈਨੇਡੀਅਨ ਟਾਈਮਜ਼ ਦੇ ਮੁੱਖ ਸੰਪਾਦਕ ਤਾਰਾ ਸਿੰਘ ਹੇਅਰ ਦੀ ਯੂ-ਟਰਨ ਵਾਲੀ ਗੱਲ ਹੈਰਾਨੀਜਨਕ ਵੀ ਹੈ ਅਤੇ ਸ਼ੱਕੀ ਵੀ, ਜਿੱਥੇ ਉਹ ਲਿਖਦਾ ਹੈ ਕਿ ਇਹ ਬੰਬ ਧਮਾਕਾ ਗਰਮ ਖਿਆਲੀ ਸਿੱਖ ਖਾੜਕੂਆਂ ਵੱਲੋਂ ਕਰਵਾਇਆ ਗਿਆ। ਸਵਾਲ ਇਹ ਉੱਠਦਾ ਹੈ ਕਿ ਜੇਕਰ ਏਅਰ ਇੰਡੀਆ ਬੰਬ ਧਮਾਕੇ ਤੋਂ ਮਗਰੋਂ ਇੰਡੋ-ਕਨੇਡੀਅਨ ਟਾਇਮਜ਼ ਅਖ਼ਬਾਰ ਇਹ ਨਿਰਣਾ ਦਿੰਦਾ ਹੈ ਕਿ ਹਮਲਾ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਹੈ, ਤਦ ਕਈ ਵਰ੍ਹੇ ਮਗਰੋਂ ਇਹ ਨਤੀਜਾ ਕੱਢੇ ਜਾਣ ਪਿੱਛੇ ਕੀ ਕਾਰਨ ਹੈ ਕਿ ਇਹ ਹਮਲਾ ਖਾਲਿਸਤਾਨੀ ਸਿੱਖਾਂ ਵੱਲੋਂ ਕਰਵਾਇਆ ਗਿਆ ਸੀ। 2 ਨਵੰਬਰ 1998 ਨੂੰ ਪੱਤਰਕਾਰ ਤਾਰਾ ਸਿੰਘ ਹੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਬਾਰੇ ਅਜੇ ਤਕ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰ ‘ਇਹ ਧਾਰਨਾ’ ਬਣਾ ਲਈ ਹੈ ਕਿ ਇਹ ਕਤਲ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਹੋ ਸਕਦਾ ਹੈ, ਕਿਉਂਕਿ ਤਾਰਾ ਸਿੰਘ ਹੇਅਰ ਉਨ੍ਹਾਂ ਵਿਰੁੱਧ ਏਅਰ ਇੰਡੀਆ ਬੰਬ ਧਮਾਕੇ ਦਾ ਗਵਾਹ ਬਣ ਗਿਆ ਸੀ।
ਐਡਵੋਕੇਟ ਬੈਂਸ ਅਤੇ ਵੇਰਕਾ ਦੇ ਸਨਸਨੀਖ਼ੇਜ਼ ਖ਼ੁਲਾਸੇ :
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨਾਲ ਜੁੜੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸਰਬਜੀਤ ਸਿੰਘ ਵੇਰਕਾ ਨੇ ਇੰਕਸ਼ਾਫ ਕੀਤਾ ਹੈ ਕਿ ਉਹਨਾਂ ਜਸਟਿਸ ਜੌਹਨ ਮੇਜਰ ਸਾਹਮਣੇ ਅਜਿਹਾ ਗਵਾਹ ਪੇਸ਼ ਕਰਨ ਦਾ ਉਪਰਾਲਾ ਕੀਤਾ ਸੀ, ਜਿਸ ਨੇ ਏਅਰ ਇੰਡੀਆ ਮਾਮਲੇ ਬਾਰੇ ਡੂੰਘਾ ਸੱਚ ਸਾਹਮਣੇ ਲਿਆਂਦਾ ਸੀ। ਉਹ ਸਾਬਕਾ ਡੀਐਸਪੀ ਹਰਮੇਲ ਸਿੰਘ ਚੰਦੀ ਸੀ, ਜਿਸ ਦੀ ਮੌਜੂਦਗੀ ਵਿੱਚ ਬਬਰ ਖਾਲਸਾ ਜਥੇਬੰਦੀ ਮੁਖੀ ਤਲਵਿੰਦਰ ਸਿੰਘ ਬਬਰ ‘ਤੇ ਪੰਜਾਬ ਪੁਲਿਸ ਮੁਖੀ ਕੇਪੀਐਸ ਗਿੱਲ ਸਮੇਤ ਵੱਡੇ ਅਫਸਰਾਂ ਨੇ ਤਸ਼ਦਦ ਕੀਤਾ ਅਤੇ ਮਗਰੋਂ ਭਾਰਤੀ ਪੁਲਿਸ ਵੱਲੋਂ ‘ਝੂਠੇ ਪੁਲਿਸ ਮੁਕਾਬਲੇ’ ਵਿੱਚ ਮਾਰ ਦਿੱਤਾ ਗਿਆ ਸੀ। ਉੰਝ ਭਾਰਤ ਵੱਲੋਂ ਤਲਵਿੰਦਰ ਸਿੰਘ ਨੂੰ ਏਅਰ ਇੰਡੀਆ ਬੰਬ ਧਮਾਕੇ ਦੀ ਸਾਜਿਸ਼ ਦਾ ਮੁੱਖ ਘਾੜਾ ਕਿਹਾ ਜਾ ਰਿਹਾ ਸੀ, ਪਰ ਖੁਦ ਹੀ ਉਸ ਦਾ ਮੁਕਾਬਲਾ ਬਣਾ ਕੇ ਸਬੂਤ ਮਿਟਾ ਦਿੱਤੇ ਗਏ, ਤਾਂ ਕਿ ਸੱਚ ਸਾਹਮਣੇ ਨਾ ਸਕੇ। ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸੀਨੀਅਰ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਸਾਬਕਾ ਡੀਐਸਪੀ ਹਰਮੇਲ ਸਿੰਘ ਚੰਦੀ ਨੂੰ ‘ਗਵਾਹ’ ਵਜੋਂ ਜੌਹਨ ਮੇਜਰ ਸਾਹਮਣੇ ਪੇਸ਼ ਕਰਨ ਲਈ ਕੈਨੇਡਾ ਲਿਆਂਦਾ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਇਹ ਗਵਾਹ ਕੈਨੇਡੀਅਨ ਏਜੰਸੀਆਂ ਨੇ ਆਪਣੇ ਹੱਥ ਵਿਚ ਕਰ ਲਿਆ ਅਤੇ ਅਤੇ ਤਲਵਿੰਦਰ ਸਿੰਘ ਬਬਰ ਦੇ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ ਹੀ ਰਫਾ-ਦਫਾ ਕਰ ਦਿੱਤਾ। ਸਚਾਈ ਇਹ ਹੈ ਕਿ ਸੁਣਵਾਈ ਦੌਰਾਨ ਇਸ ਗਵਾਹ ਨੇ ਓਹ ਟੇਪਾਂ ਵੀ ਪੇਸ਼ ਕੀਤੀਆਂ, ਜਿਸ ਵਿੱਚ ਤਲਵਿੰਦਰ ਸਿੰਘ ਬਬਰ ਨੂੰ ਜਿਉਂਦਿਆਂ ਫੜੇ ਹੋਣ ਦੀ ਆਡੀਓ ਰਿਕਾਰਡਿੰਗ ਵੀ ਮੌਜੂਦ ਸੀ। ਰਾਜਵਿੰਦਰ ਸਿੰਘ ਬੈਂਸ ਹੋਰਾਂ ਨੇ ਹੈਰਾਨੀ ਪ੍ਰਗਟਾਈ ਕਿ ਏਅਰ ਇੰਡੀਆ ਮਾਮਲੇ ਸਬੰਧੀ ਡੂੰਘੇ ਇੰਕਸ਼ਾਫ਼ ਦੇ ਬਾਵਜੂਦ ਕੈਨੇਡਾ ਦੀ, ਜਾਂਚ ਕਰ ਰਹੀ ਧਿਰ ਨੇ ਉਹਨਾਂ ਦੀ ਗੱਲ ਤੱਕ ਨਹੀਂ ਗੌਲੀ।
ਕੈਨੇਡਾ ਦੀਆਂ ਜਾਂਚ ਏਜੰਸੀਆਂ ਦੀ ਕਾਰਜ-ਕੁਸ਼ਲਤਾ ‘ਤੇ ਡੂੰਘੇ ਸਵਾਲ :
ਕਾਨੂੰਨੀ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਲੱਗਦਾ ਹੈ ਕਿ ਇਹ ਬੰਬ ਧਮਾਕੇ ਦੇ ਮਾਮਲੇ ਵਿੱਚ ਕੈਨੇਡਾ ਦੀਆਂ ਏਜੰਸੀਆਂ ਦੀ ਸੁਹਿਰਦਤਾ ਨਾਲ ਜਾਂਚ ਨਾ ਕਰਨ ਦੀ, ਭਾਰਤੀ ਏਜੰਸੀਆਂ ਨਾਲ ਸਹਿਮਤੀ ਸੀ। ਕੌਮਾਂਤਰੀ ਮੰਚ ‘ਤੇ ‘ਜੀਓ ਪੋਲਿਟਿਕਸ’ ਦੇ ਮੱਦੇ ਨਜ਼ਰ ਅਜਿਹੀਆਂ ਨਾਪਾਕ ਸਹਿਮਤੀਆਂ ਹੈਰਾਨੀਜਨਕ ਨਹੀਂ। ਸ਼ਾਇਦ ਇਸੇ ਕਾਰਨ ਹੀ ਸੀਸਸ ਵੱਲੋਂ ਏਅਰ ਇੰਡੀਆ ਬੰਬ ਧਮਾਕੇ ਸਬੰਧੀ ਟੇਪਾਂ ਨਸ਼ਟ ਕੀਤੀਆਂ ਜਾਣੀਆਂ, ਗਵਾਹਾਂ ਨੂੰ ਖੁਰਦ-ਬੁਰਦ ਕੀਤਾ ਜਾਣਾ ਅਤੇ ਮਾਮਲੇ ਪ੍ਰਤੀ ਸੰਜੀਦਗੀ ਨਾ ਹੋਣੀ ਕਿਹਾ ਜਾ ਸਕਦਾ ਹੈ। ਇਹ ਸੱਚ ਹੈ ਕਿ ਏਅਰ ਇੰਡੀਆ ਬੰਬ ਧਮਾਕੇ ਦਾ ਦੁਖਾਂਤ, ਕੈਨੇਡੀਅਨ ਦੁਖਾਂਤ ਸੀ,, ਪਰ ਇਸ ਨੂੰ ਕਦੇ ਵੀ ਇਨਸਾਫ ਲਈ ਕੈਨੇਡੀਅਨ ਦੁਖਾਂਤ ਨਹੀਂ ਸਮਝਿਆ ਗਿਆ। ਕੈਨੇਡੀਅਨ ਏਜੰਸੀਆਂ ਦੀ ਭੂਮਿਕਾ ਸਾਰਥਕ ਨਹੀਂ ਰਹੀ ਅਤੇ ਖਾਸ ਤੌਰ ‘ਤੇ ਭਾਰਤੀ ਏਜੰਸੀਆਂ ਦੀ ਸ਼ੱਕੀ ਭੂਮਿਕਾ ਬਾਰੇ ਬਣਦੀ ਜਾਂਚ ਨਹੀਂ ਕੀਤੀ ਗਈ।
ਏਅਰ ਇੰਡੀਆ ਮੁਕਦਮੇ ਦੀ ਸੁਣਵਾਈ ‘ਚ ਗ਼ਲਤ ਉਲੱਥੇ :
- ਕੈਨੇਡਾ ਦੇ ਰਿਟਾਇਰਡ ਜੱਜ ਜੌਹਨ ਮੇਜਰ ਦੁਆਰਾ ਚਲਾਏ ਗਏ ਇੰਡੀਆ ਮੁਕਦਮੇ ਦੀ ਸੁਣਵਾਈ ਦੌਰਾਨ, ਸਰਕਾਰੀ ਪੱਖ ਦੀ ਉਲਥਾਕਾਰ ਸੁਰਜੀਤ ਕਲਸੀ ਵੱਲੋਂ ਗੁਰਬਾਣੀ ਅਤੇ ਸਿੱਖ ਰਵਾਇਤਾਂ ਦੇ ਅਰਥਾਂ ਦੇ ਅਨਰਥਾਂ ਦਾ ਮਾਮਲਾ ਵੀ ਗੰਭੀਰ ਹੈ। “ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥” ਗੁਰਬਾਣੀ ਦੀ ਪੰਕਤੀ ਨੂੰ ‘ਜਨ’ ਦੀ ਥਾਂ ‘ਤੇ ‘ਜੰਗ’ ਦੀ ਅਰਦਾਸ ਕਰਾਰ ਦੇ ਕੇ, ਉਸ ਦਾ ਅਰਥ ਵਿਗਾੜਿਆ ਗਿਆ, ਜੋ ਕਿ ਬਾਅਦ ਵਿੱਚ ਝੂਠਾ ਸਾਬਤ ਹੋਇਆ। ਇਸ ਤਰੀਕੇ ਨਾਲ ਹੀ ‘ਇੰਦਰਾ ਗਾਂਧੀ ਮੁਰਦਾਬਾਦ’ ਨੂੰ ਇੰਦਰਾ ਗਾਂਧੀ ਨੂੰ ਮਾਰਨਾ ਦੱਸਿਆ ਗਿਆ, ਜਦਕਿ ਮਾਰਨਾ, ਮੁਰਦਾਬਾਦ ਦਾ ਸਮਅਰਥੀ ਸ਼ਬਦ ਨਹੀਂ। ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨੂੰ ਜੰਗੀ ਨਾਅਰੇ ਵਜੋਂ ਪੇਸ਼ ਕਰਕੇ ਵੀ ਅਨਰਥ ਕੀਤੇ ਗਏ ਅਤੇ ਅਜਿਹੇ ਅਨੇਕਾਂ ਹੋਰ ਸਿੱਖ ਵਿਰਾਸਤੀ ਸ਼ਬਦਾਂ ਪ੍ਰਤੀ ਅਦਾਲਤ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਗਿਆ, ਜਿਸ ਨੂੰ ਬਚਾਓ ਪੱਖ ਦੇ ਉਲਥਾਕਾਰ ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਨੇ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਅਰਥ ਕੋਸ਼ਾਂ ਅਤੇ ਇਤਿਹਾਸਿਕ ਹਵਾਲਿਆਂ ਨਾਲ ਪੂਰੀ ਤਰ੍ਹਾਂ ਝੁਠਲਾਇਆ। ਉਹਨਾਂ ਪਾਸ ਹੁਣ ਵੀ ਵਿਸਥਾਰ ਪੂਰਵਕ ਦਸਤਾਵੇਜ਼ ਦੀ ਰੂਪ ਚ ਮੌਜੂਦ ਹਨ, ਜਿਹਨਾਂ ਨੂੰ ਕਿਤਾਬੀ ਰੂਪ ਦੇਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ, ਤਾਂ ਕਿ ਪੰਜਾਬੀ ਸਾਹਿਤ ਅਤੇ ਵਿਆਕਰਨ ਦੇ ਮਾਹਿਰ ਹੋਣ ਦਾ ਦਾਅਵਾ ਕਰਨ ਵਾਲੇ ਅਜਿਹੇ ਅਨੁਵਾਦਕਾਂ ਦੀ ਅਸਲੀਅਤ ਤੋਂ ਲੋਕ ਜਾਣੂ ਹੋ ਸਕਣ।
-

Version 1.0.0




