ਬਰਸੀ ‘ਤੇ ਵਿਸ਼ੇਸ਼ :
ਡਾ ਗੁਰਵਿੰਦਰ ਸਿੰਘ—
ਮਹਾਨ ਸਾਹਿਤਕਾਰ ਗੁਰਦੇਵ ਸਿੰਘ ਮਾਨ ਪੰਜਾਬੀ ਦੇ ਸ਼੍ਰੋਮਣੀ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ। ਉਹਨਾਂ ਦਾ ਜਨਮ ਸੰਨ 1918 ਨੂੰ ਮਾਤਾ ਬਸੰਤ ਕੌਰ ਅਤੇ ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ, ‘ਸਾਂਝੇ ਪੰਜਾਬ’ ਵਿਚ ਹੋਇਆ। ਭਾਰਤ ਦੀ ਵੰਡ ਵੇਲ਼ੇ ਗੁਰਦੇਵ ਸਿੰਘ ਮਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਪੰਜਾਬ ਆਇਆ। ਕੈਨੇਡਾ ਆਉਣ ਮਗਰੋਂ ਵੀ ਲਿਖਾਰੀ ਗੁਰਦੇਵ ਸਿੰਘ ਮਾਨ ਨੇ ਆਖ਼ਰੀ ਸਮੇਂ ਤੱਕ ਸਾਹਿਤ ਰਚਨਾ ਕੀਤੀ ਅਤੇ ਪੰਜਾਬੀ ਜਗਤ ਵਿੱਚ ਅਨੇਕਾਂ ਪਾਠਕ ਪੈਦਾ ਕੀਤੇ। ਗੁਰਦੇਵ ਸਿੰਘ ਮਾਨ 14 ਜੂਨ 2004 ਨੂੰ ਕੇਨੈਡਾ ਦੀ ਧਰਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਪੰਜਾਬੀ ਦੇ ਬਹੁ-ਪੱਖੀ ਸਾਹਿਤਕਾਰ, ਸ਼੍ਰੋਮਣੀ ਲਿਖਾਰੀ ਗੁਰਦੇਵ ਸਿੰਘ ਮਾਨ ਦੀ ਉੰਝ ਤਾਂ ਹਰ ਰਚਨਾ ਹੀ ਕਾਬਿਲੇ ਤਾਰੀਫ਼ ਹੈ, ਜਿਵੇਂ ਕਿ ‘ਵਾਰ ਅਕਾਲੀ ਫੂਲਾ ਸਿੰਘ, ਤੇਗ਼ ਬਹਾਦਰ ਬੋਲਿਆ, ਚੜ੍ਹਿਆ ਸੋਧਣ ਧਰਤ ਲੋਕਾਈ, ਦਾਤਾ ਤੇਰੇ ਰੰਗ, ਸੋ ਪ੍ਰਭ ਨੈਣੀਂ ਡਿੱਠਾ, ਮਾਨ ਸਰੋਵਰ, ਸੂਲ ਸੁਰਾਹੀ, ਕੱਠ ਲੋਹੇ ਦੀ ਲੱਠ, ਰਾਹ ਤੇ ਰੋੜੇ, ਕੁੰਡਾ ਖੋਲ੍ਹ ਬਸੰਤਰੀਏ, ਰੇਡੀਓ ਰਗੜਸਤਾਨ’ ਅਤੇ ਕਈ ਹੋਰ ਲਿਖਤਾਂ, ਐਪਰ ਜੋ ਕੁਝ ਉਨ੍ਹਾਂ ‘ਅਕਾਲ ਤਖਤ ਦੀ ਵਾਰ’ ਰਾਹੀਂ ਪੇਸ਼ ਕੀਤਾ ਹੈ, ਉਹ ‘ਬਾਬਰ ਨੂੰ ਜਾਬਰ’ ਕਹਿਣ ਦੇ ਨਕਸ਼ੇ-ਕਦਮਾਂ ‘ਤੇ, ਕਵੀ ਦੀ ਸਾਹਿਤਕ ਦਲੇਰੀ ਦਾ ਪ੍ਰਗਟਾਵਾ ਹੈ।
ਦੁੱਖ ਇਸ ਗੱਲ ਦਾ ਹੈ ਕਿ ਸਾਹਿਤਕ ਹਲਕਿਆਂ ਵਿੱਚ, ਵਡਮੁੱਲੀ ਰਚਨਾ ‘ਅਕਾਲ ਤਖਤ ਦੀ ਵਾਰ’ ਦਾ ਨੋਟਿਸ ਨਹੀਂ ਲਿਆ ਜਾਂਦਾ। ਇਸ ਦਾ ਕਾਰਨ ਇਹ ਹੈ ਕਿ ‘ਅਕਾਲ ਤਖਤ ਦੀ ਵਾਰ’ ਰਾਹੀਂ ਸ਼ਾਇਰ ਗੁਰਦੇਵ ਸਿੰਘ ਮਾਨ ਨੇ ਸਿੱਖ ਜਜ਼ਬਿਆਂ ਦੀ ਤਰਜਮਾਨੀ ਕੀਤੀ ਹੈ ਤੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੀ ਧੱਕੇਸ਼ਾਹੀ ਨੂੰ ਨੰਗਾ ਕੀਤਾ ਹੈ, ਜੋ ਕਿ ‘ਸਰਕਾਰ ਪੱਖੀ ਲਿਖਾਰੀਆਂ’ ਨੂੰ ਹਜ਼ਮ ਨਹੀਂ ਹੁੰਦਾ। ਸ਼ਾਇਰ ਗੁਰਦੇਵ ਸਿੰਘ ਮਾਨ ਨਾਲ ਐਬਸਫੋਰਡ ਵਿਖੇ ਸਮੇਂ-ਸਮੇਂ ਬੈਠਕਾਂ ਹੁੰਦੀਆਂ ਰਹੀਆਂ ਅਤੇ ਸਾਹਿਤਕ ਵਿਚਾਰਾਂ ਦੀ ਸਾਂਝ ਬਣੀ ਰਹੀ। ਉਹਨਾਂ ਨੇ 1999 ਵਿੱਚ ਆਪਣੇ ਹੱਥੀਂ ਇਹ ਕਿਤਾਬ ਮੈਨੂੰ ਦਿੱਤੀ। ਮਾਨ ਸਾਹਿਬ ਦੀ ਇਜਾਜ਼ਤ ਨਾਲ ‘ਅਕਾਲ ਤਖ਼ਤ ਦੀ ਵਾਰ’ ਲਗਾਤਾਰ ਪੰਜਾਬੀ ਟ੍ਰਿਬਿਊਨ ਸਰੀ ਵਿੱਚ ਛਾਪੀ। ਅਕਾਲ ਤਖ਼ਤ ਦੀ ਵਾਰ ‘ਚੋਂ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ ਅਤੇ ਆਉਂਦੇ ਸਮੇਂ ਉਹਨਾਂ ਦੀਆਂ ਸਾਰੀਆਂ ਵਾਰਾਂ ਦੇ ਸਾਹਿਤਕ ਮੁਲਾਂਕਣ ਬਾਰੇ ਲਿਖਣ ਦੀ ਮਨ ਵਿੱਚ ਪ੍ਰਬਲ ਤਾਂਘ ਹੈ।
ਅਕਾਲ ਤਖਤ ਦੇ ਯੁੱਧ ਦੀ ਵਾਰ
“ਹੁਕਮ ਭੇਜਿਆ ਇੰਦਰਾ, “ਕਰ ਲਓ ਤਿਆਰੀ”,
“ਗੱਲ ਜ਼ੈਲ ਸਿੰਘ ਹੋਰਾਂ ਸੰਗ, ਰਲ ਨੇਪਰੇ ਚਾੜ੍ਹੀ”,
“ਸੁਪਰੀਮ ਕਮਾਂਡਰ ਦੇਸ਼ ਦਾ, ਫੁਲਕਦੀਆ¹ ਭਾਰੀ”,
ਤਖਤ ਢਾਣ ਦੇ ਹੁਕਮ ਤੇ, ਉਹਨੇ ਘੁੱਗੀ¹ ਮਾਰੀ ।
ਸਾਡੇ ਉਹਨੇ ਇਹਸਾਨ ਦੀ, ਕੁੱਲ ਕੀਮਤ ਤਾਰੀ”,
ਜ਼ੈਲ ਸਿੰਘ ਦੀ ਏਹੋ ਜਹੀ, ਜੀਵੇ ਸਰਦਾਰੀ” ।
ਦਸਖਤ ਕਰ ਕੇ ਓਸ ਨੇ, ਕਿਹਾ ਇਕੋ ਵਾਰੀ,
ਢਾਹ ਦਿਓ ਤਖਤ ਅਕਾਲ ਨੂੰ, ਸੱਟ ਮਾਰ ਕਰਾਰੀ ।
“ਹੋਊ ਉਹਦੀ ਵੀ ਨਾਲ, ਹੋਊ ਜੇ ਮੇਰੀ ਖੁਆਰੀ” ।
ਏਧਰ ਵੀ ਜਰਨੈਲ ਸਿੰਘ, ਜਰਨੈਲ ਕਰਾਰਾ,
ਉਹਨੂੰ ਓਟ ਲੈ ਤਖਤ ਅਕਾਲ ਦੀ, ਕਿਹਾ ਬਚਨ ਕਰਾਰਾ,
“ਤੁਸੀਂ ਦੀਨ ਵੇਚ ਲਿਆ ਪਾਂਧਰੋ, ਦੁਨੀਆਂ ਲਈ ਸਾਰਾ” ।
“ਥੋਡਾ ਏਥੇ ਓਥੇ ਕੋਈ ਵੀ, ਨਹੀਂ ਰਿਹਾ ਸਹਾਰਾ” ।
“ਦੋ ਟਕਿਆਂ ਤੋਂ ਵੇਚ ਗਏ, ਤੁਸੀਂ ਧਰਮ ਪਿਆਰਾ” ।
“ਤਖਤ ਜੇ ਢਾਅ ਕੇ ਤੁਸਾਂ ਨੇ, ਕੋਈ ਕੀਤਾ ਕਾਰਾ” ।
“ਯਾਦ ਰੱਖਿਓ ਗਰਕ ਜਾਊ, ਭਾਰਤ ਵੀ ਸਾਰਾ” ।
“ਅਸਾਂ ਅੱਜ ਅਰਦਾਸਾ ਸੋਧ ਕੇ, ਛੱਡਿਆ ਜੈਕਾਰਾ” ।
“ਉੱਤਰ ਦਿਆਂਗੇ ਤੁਸਾਂ ਨੂੰ, ਅੱਜ ਜਿਹਾ ਕਰਾਰਾ” ।
“ਗਿੱਦੜਾਂ ਵਾਂਗੂੰ ਭੱਜ ਜਾਊ, ਥੋਡਾ ਫੌਜੀ ਲਾਰਾ” ।
ਸਿੰਘ ਰਣਜੀਤ ਦਿਆਲ ਇਕ, ਜਰਨੈਲ ਸੀ ਭਾਰਾ,
ਸਾਥੀ ਨਾਲ ਬਰਾੜ ਵੀ, ਕਰਨੈਲ ਕਰਾਰਾ ।
ਸੁੰਦਰ ਜੀ ਦੇ ਹੁਕਮ ਹੇਠ, ਸੀ ਲਸ਼ਕਰ ਸਾਰਾ,
ਵਿਚ ਸਪੀਕਰ ਮਾਰ ਕੇ, ਉਹਨਾਂ ਲਲਕਾਰਾ ।
ਆਖਿਆ ਪੂਰੇ ਰੁਅਬ ਨਾਲ, ਇੰਜ ਮਾਰ ਫੁੰਕਾਰਾ,
“ਅੱਤਵਾਦੀਓ ਛੱਡ ਦਿਓ, ਅੱਤਵਾਦ ਦਾ ਨਾਅਰਾ” ।
“ਹਥਿਆਰਾਂ ਦਾ ਭਰ ਲਿਆ, ਜੋ ਤੁਸੀਂ ਭੰਡਾਰਾ”,
“ਬਾਹਰ ਆ ਕੇ ਦੇ ਦਿਓ, ਇਹ ਸਾਨੂੰ ਸਾਰਾ”
“ਕਰ ਮਾਫ਼ ਦਿਆਂਗੇ ਤੁਸਾਂ ਨੂੰ, ਸਾਡਾ ਜਿਗਰਾ ਭਾਰਾ”
“ਸੁੱਟੇ ਜੇ ਹਥਿਆਰ ਨਾ, ਜਿਹਾ ਵਰਤੂ ਕਾਰਾ”,
“ਖੰਡਰ ਹੋ ਜਾਊ ਪਲਾਂ ਵਿਚ, ਹਰਿਮੰਦਰ ਸਾਰਾ”।…
‘ਵਾਰ ਅਕਾਲੀ ਫੂਲਾ ਸਿੰਘ’
ਸ਼੍ਰੋਮਣੀ ਲਿਖਾਰੀ ਗੁਰਦੇਵ ਸਿੰਘ ਮਾਨ ਦੀ ਇਹ ਬੀਰ-ਰਸ ਦੀ ਵਾਰ ਹੈ। ਅਕਾਲੀ ਫੂਲਾ ਸਿੰਘ ਦੇ ਪ੍ਰਣ ਪਾਲਣ ਲਈ ਟੁਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਰੋਕਣ ‘ਤੇ ਜਥੇਦਾਰ ਨੇ ਅੱਗਿਓਂ ਕਿਹਾ ਕਿ ਗੁਰੂ ਦਾ ਸਿੰਘ ਜਦੋਂ ਕਿਸੇ ਕੰਮ ਲਈ ਅਰਦਾਸਾ ਸੋਧ ਲਵੇ, ਫਿਰ ਉਸ ਨੂੰ ਕੋਈ ਵੀ ਅਟਕਾ ਨਹੀਂ ਸਕਦਾ। ਵਾਰ ਵਿੱਚੋਂ ਕੁਝ ਅੰਸ਼ ਇਸ ਤਰ੍ਹਾਂ ਹਨ ;
“ਇਕ ਵਾਰੀ ਫਿਰ ਮਹਾਰਾਜੇ ਨੇ, ਕਰ ਜੀ ਕਰਾਰਾ ।
ਕਿਹਾ, ‘ਮੇਰੇ ਅਕਾਲੀ ਯੋਧਿਆ, ਸੁਣ ਸ਼ਾਹ-ਸਵਾਰਾ ।’
ਮੇਰਾ ਵੱਧ ਘੱਟ ਆਖਿਆ ਬਖ਼ਸ਼ ਲਈਂ, ਸੁਣ ਜੱਥੇਦਾਰਾ ।
ਪਰ ਕੱਲਾ ਕੋਈ ਨ ਜੰਮਿਆ; ਜੱਗ ਜਿੱਤਣ ਹਾਰਾ ।
ਏਥੇ ਭਾਈ ਭਾਈਆਂ ਦੀ ਬਾਂਹ ਨੇ, ਭਾਈ ਸ਼ਸਤਰ ਭਾਰਾ ।
ਦਰਿਆਈਂ ਰੁੜ੍ਹਦੇ ਜਾਂਦਿਆਂ, ਹਰ ਕੱਖ ਸਹਾਰਾ।
ਏਥੇ ਕੱਲੇ ਟੁਰਨਾ, ਡਿਗਣ ਨੂੰ; ਪੁੱਟਣ ਖੂਹ ਖਾਰਾ ।
ਅੱਗੇ ਉਠ੍ਹਾਂ ਦਾ ਦਲ ਮਸਤਿਆ, ਉਹ ਬੇ-ਮੁਹਾਰਾ ।
ਘੜੀ ਬਹਿ ਕੇ ਥੱਲੇ ਰੁੱਖ ਦੇ, ਲਾ ਲੈ ਠਮਕਾਰਾ।
ਮੇਰੇ ਲਸ਼ਕਰ ਪਹੁੰਚੇ ਜਾਣ ਤੂੰ, ਵਿਚ ਅੱਖ ਪਲਕਾਰਾ ।
ਬੁਲ੍ਹ ਟੁਕੇ ਫੁਲਾ ਸਿੰਘ ਨੇ, ਉਦ੍ਹਾ ਚੜ੍ਹ ਗਿਆ ਪਾਰਾ ।
ਉਨ੍ਹੇ ਮਾਰ ਕੇ ਏਦਾਂ ਆਖਿਆ, ਸਿੰਘ ਨੂੰ ਲਲਕਾਰਾ ।
ਏਥੇ ਤੇ ਕੱਚਿਆ ਪਿਲਿਆ, ਕੁਝ ਵੱਟਕ ਨ ਵੱਟੇ ।
ਕਿਹਾ ਗਿਲਾ ਪੀਹਣ ਖਿਲਾਰ ਕੇ, ਪਾਏ ਨੀ ਰੱਟੇ ?
ਜੇ ਸਾਗਰ ਸਾਰਾ ਸੁੱਕ ਜਾਏ, ‘ਨੈਅ’ ਵੈਹਿਣ ਪਲੱਟੇ।
ਜੇ ਤਾਰੇ ਡਿਗਣ ਜ਼ਮੀਨ ਤੇ, ਬਣ ਬਣ ਕੇ ਵੱਟੇ ।
ਆਕਾਸ਼ ਜੇ ਥੱਲੇ ਆ ਰਵ੍ਹੇ, ਤੇ ਭੋਂ ਉਲੱਟੇ ।
ਬਣ ਜਾਵਣ ਬਰਫ਼ਾਂ ਬਿਜਲੀਆਂ, ਚੰਦ ਅਗਨੀ ਸੱਟੇ।
ਜੇ ਪਰਬਤ ਉਡਣ ਹਵਾ ਵਿਚ, ਬਣ ਜਾਣ ਭੰਬੱਟੇ ।
‘ਕਦੇ ਕਰ ਅਰਦਾਸਾ ਖਾਲਸੇ, ਕਦੀ ਪਿਛਾਂਹ ਨਹੀਂ ਹੱਟੇ ।”

