ਸਾਹਨੇਵਾਲ ਹਲਕਾ ਵਾਸੀਆਂ ਤੇ ਮੋਟਰਸਾਈਕਲ ਕਲੱਬ ਮੈਂਬਰਾਂ ਵੱਲੋਂ ਵਿਸ਼ੇਸ਼ ਸਮਾਗਮ-
ਐਨ ਆਰ ਆਈ ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ: ਸ਼ਰਨਜੀਤ ਸਿੰਘ ਢਿੱਲੋਂ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ):- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜੋ ਇਨ੍ਹੀਂ ਦਿਨੀਂ ਆਪਣੇ ਨਿੱਜੀ ਦੌਰੇ ਤਹਿਤ ਕੈਨੇਡਾ ਪਹੁੰਚੇ ਹੋਏ ਹਨ, ਦਾ ਸਰੀ ਵਿਖੇ ਹਲਕਾ ਸਾਹਨੇਵਾਲ ਦੇ ਵਸਨੀਕਾਂ ਅਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਵਿਸ਼ੇਸ਼ ਮਿਲਣੀ ਸਮਾਗਮ ਦੌਰਾਨ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਹ ਸਮਾਗਮ ਰਵਿੰਦਰ ਸਿੰਘ ਗਿੱਲ (ਪ੍ਰਿਥੀਪੁਰ) ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਸਰੀ ਨਾਰਥ ਤੋਂ ਐਮਐਲਏ ਮਨਦੀਪ ਸਿੰਘ ਧਾਲੀਵਾਲ, ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਹਰਜੀਤ ਸਿੰਘ ਗਿੱਲ, ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਅਤੇ ਲੁਧਿਆਣਾ, ਸਾਹਨੇਵਾਲ ਅਤੇ ਆਸ-ਪਾਸ ਦੇ ਇਲਾਕਿਆਂ ਨਾਲ ਸਬੰਧਤ ਭਾਈਚਾਰੇ ਦੇ ਲੋਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਨਾਲ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਐਨਆਰਆਈ ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਸੂਬੇ ਵਿੱਚ ਸੜਕਾਂ ਦਾ ਵਿਸਥਾਰ, ਬਿਜਲੀ ਉਤਪਾਦਨ, ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਸਿਰਜਣ ਲਈ ਕਈ ਮਹੱਤਵਪੂਰਨ ਉਪਰਾਲੇ ਕੀਤੇ ਗਏ ਸਨ। ਉਨ੍ਹਾਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਉਂਦਿਆਂ ਨਸ਼ਿਆਂ ਦੇ ਮੁੱਦੇ ਸਬੰਧੀ ਆਪਣੀ ਰਾਏ ਪ੍ਰਗਟ ਕੀਤੀ।
ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਹਰਜੀਤ ਸਿੰਘ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਆਪਣੇ ਸੂਬੇ ਤੋਂ ਹਮੇਸ਼ਾ ਵੱਡੀਆਂ ਉਮੀਦਾਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਸਰੀ ਨਾਰਥ ਤੋਂ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਸ਼ਰਨਜੀਤ ਸਿੰਘ ਢਿੱਲੋਂ ਦਾ ਕੈਨੇਡਾ ਆਉਣ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਸ਼ਰਨਜੀਤ ਸਿੰਘ ਢਿੱਲੋਂ ਦੇ ਜਨਤਕ ਜੀਵਨ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੇ ਸਮਾਗਮ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ, ਵਿਰਸੇ ਅਤੇ ਮੂਲ ਧਰਤੀ ਨਾਲ ਜੋੜਨ ਦੇ ਨਾਲ-ਨਾਲ ਆਪਸੀ ਸਾਂਝ ਅਤੇ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਸਮਾਗਮ ਦਾ ਸਟੇਜ ਸੰਚਾਲਨ ਰਾਜ ਖੇਲਾ ਵੱਲੋਂ ਕੀਤਾ ਗਿਆ| ਅੰਤ ਵਿੱਚ ਰਵਿੰਦਰ ਸਿੰਘ ਗਿੱਲ (ਪ੍ਰਿਥੀਪੁਰ) ਨੇ ਸਮੂਹ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਿਲਣੀ ਦਾ ਮੁੱਖ ਉਦੇਸ਼ ਭਾਈਚਾਰੇ ਵਿੱਚ ਆਪਸੀ ਪਿਆਰ, ਸਾਂਝ ਅਤੇ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਸੀ।



