Jul 18, 2026

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਹਿ ਜਾਇ।।
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ।।

ਅਣਥੱਕ ਸੇਵਾਦਾਰ ਭਾਈ ਸੁਨੀਲ ਕੁਮਾਰ ਸ਼ਰਮਾ ਨੂੰ ਆਖ਼ਰੀ ਫਤਿਹ।।

ਭਗਤ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਪਾਵਨ ਸਲੋਕ ਮਾਰਗ ਦਰਸ਼ਨ ਕਰਦਾ ਹੈ ਕਿ ਜਿਹੜੇ ਪਰਮ ਮਨੁੱਖ ਸਦਾ ਰੱਬੀ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਦੇ ਸੰਸਾਰ ਤੋਂ ਜਾਣ ‘ਤੇ ਰੋਣਾ ਸਹੀ ਨਹੀਂ। ਸਾਡੇ ਪਿਆਰੇ ਵੀਰ, ਮਨੁੱਖੀ ਹੱਕਾਂ ਦੇ ਅਲੰਬਰਦਾਰ, ‘ਸਿੱਖ ਨੇਸ਼ਨ’ ਦੇ ਸੇਵਾਦਾਰ, ਖੂਨਦਾਨ ਮੁਹਿੰਮ ਦੀ ਜਿੰਦ ਜਾਨ, ਸੈਮੀਨਾਰਾਂ, ਇਕੱਠਾਂ, ਵਿਚਾਰ-ਚਰਚਾਵਾਂ ਅਤੇ ਪੰਥਕ ਮਸਲਿਆਂ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਸ਼ਰਮਾ, ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।
ਐਸਾ ਮਹਾਨ ਮਨੁੱਖ ਕੋਈ ਵਿਰਲਾ ਹੀ ਹੁੰਦਾ ਹੈ, ਜਿਸ ਨੇ ਮੁਕੰਮਲ ਜੀਵਨ ਮਨੁੱਖੀ ਦਰਦ ਨੂੰ ਸਮਰਪਿਤ ਕੀਤਾ ਹੋਵੇ। ਸੁਨੀਲ ਕੁਮਾਰ ਸ਼ਰਮਾ ਇਸ ਦੀ ਪ੍ਰਤੱਖ ਮਿਸਾਲ ਸਨ, ਜਿਹਨਾਂ ਨੇ ਆਪਣੇ ਜੀਵਨ ਦਾ ਦਿਨ-ਰਾਤ ਮਨੁੱਖੀ ਹੱਕਾਂ ਅਤੇ ‘ਸਿੱਖ ਨੇਸ਼ਨ’ ਵਾਸਤੇ ਸਮਰਪਿਤ ਕੀਤਾ ਹੋਇਆ ਸੀ। ਸੁਨੀਲ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।  ਇਸ ਦੌਰਾਨ ਇਲਾਜ ਲਈ ਹੈਲੀਫੈਕਸ ਜਾਣ ਲੱਗਿਆਂ, ਸਨੀਲ ਨੇ ਮਿਲਣ ਦਾ ਸੁਨੇਹਾ ਭੇਜਿਆ। ਡੈਲਟਾ ਵਾਲੇ ਘਰ ਲੰਮੀ ਮੁਲਾਕਾਤ ਹੋਈ ਅਤੇ ਉਹਨਾਂ ਬੜੇ ਰਮਜ਼ ਭਰਪੂਰ ਵਲਵਲੇ ਸਾਂਝੇ ਕੀਤੇ।
ਵੀਰ ਸੁਨੀਲ ਕੁਮਾਰ ਸ਼ਰਮਾ ਦੀ ਦਿਲੀ-ਪਸੰਦ ਕਿਤਾਬ ‘Reduced to Ashes’ ਦਾ ਪੰਜਾਬੀ ਅਨੁਵਾਦ “ਜੋ ਰਾਖ ਹੋ ਗਏ..” ਛਪ ਕੇ ਮੇਰੇ ਕੋਲ ਪਹੁੰਚਿਆ ਸੀ, ਜਿਸ ਦਾ ਪਹਿਲਾ ਸੈਟ, ਵੀਰ ਸੁਨੀਲ ਨੂੰ ਦਿੱਤਾ, ਇਹ ਵਾਅਦਾ ਕਰਦਿਆਂ ਕਿ ਜਲਦੀ ਉਹ ਠੀਕ ਹੋ ਕੇ ਮੁੜਨਗੇ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗਵਾਹੀ ਵਾਲੀ ਇਹ ਕਿਤਾਬ ਲੋਕ ਅਰਪਣ ਕਰਾਂਗੇ। ਇਹ ਇਤਫਾਕ ਦੀ ਗੱਲ ਸੀ ਕਿ ਦੋ ਰਾਤਾਂ ਪਹਿਲਾਂ, ਕਿਤਾਬ ਅਤੇ ਸੁਨੀਲ ਬਾਰੇ ਲੇਖ ਲਿਖ ਕੇ ਅਖਬਾਰਾਂ ਨੂੰ ਦਿੱਤਾ, ਜੋ ਅੱਜ ਸਵੇਰੇ ਪ੍ਰਕਾਸ਼ਤ ਹੋਇਆ ਅਤੇ ਸ਼ਾਮ ਨੂੰ ਸੁਨੀਲ ਦੇ ਅਕਾਲ ਚਲਾਣੇ ਦੀ ਖਬਰ ਆ ਗਈ।
62 ਸਾਲ ਦੇ ਵੀਰ ਸੁਨੀਲ ਕੁਮਾਰ ਸ਼ਰਮਾ ਨੇ ਆਪਣੇ ਜ਼ਿੰਦਗੀ ਪੰਜਾਬ ਤੋਂ ਸ਼ੁਰੂ ਕਰਕੇ, ਕੈਨੇਡਾ ਤੱਕ ਬਹੁਤ ਚੜ੍ਹਦੀ ਕਲਾ ਵਿੱਚ ਜੀਵੀ। ਉਹ ਆਪਣੇ ਪਿੱਛੇ ਨੌਜਵਾਨ ਪੁੱਤਰ, ਸੁਪਤਨੀ ਸਮੇਤ ਸੱਜਣਾਂ, ਪਿਆਰਿਆਂ, ਮਿੱਤਰਾਂ, ਸਨੇਹੀਆਂ ਅਤੇ ਪੰਥ ਕੌਮ ਦੇ ਦਰਦੀਆਂ ਦਾ ਵਿਸ਼ਾਲ ਪਰਿਵਾਰ ਛੱਡ ਗਏਹਨ। ਸੰਘਰਸ਼ਸ਼ੀਲ ਆਗੂ ਵਜੋਂ ਉਹਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਸ਼ਹੀਦੀ ਸਮਾਗਮ ਆਪਣੀ ਨਿਗਰਾਨੀ ਹੇਠ ਕੀਤਾ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ‘ਇਕ-ਮੁਠ’ ਹੋਣ ਦਾ ਸੱਦਾ ਦਿੱਤਾ। ਸਮਾਗਮ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਦੀ ਮੌਜੂਦਗੀ ‘ਚ ਵੀਰ ਸੁਨੀਲ ਨੇ ਸਭ ਨੂੰ, ਪੰਥ ਕੌਮ ਦੀ ਚੜਦੀ ਕਲਾ ਲਈ ਇਕੱਠੇ ਹੋ ਕੇ, ਕਦਮ ਮਿਲਾ ਕੇ ਤੁਰਨ ਦਾ ਸੁਨੇਹਾ ਦਿੱਤਾ। ਇਹੀ ਉਹਨਾਂ ਦਾ ‘ਆਖਰੀ ਪੰਥਕ ਪੈਗ਼ਾਮ’ ਕਿਹਾ ਜਾ ਸਕਦਾ ਹੈ।
ਅੱਜ ਸੁਨੀਲ ਸ਼ਰਮਾ ਦੇ ਜਿਸਮਾਨੀ ਵਿਛੋੜੇ ‘ਤੇ ਅਫਸੋਸ ਕਰਨ ਜਾਂ ਰੋਣ ਦੀ ਥਾਂ, ਸਾਨੂੰ ਚੜਦੀ ਕਲਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਉਹਨਾਂ ਦੀ ਸੇਵਾ ਆਪਣੇ ਦਰ ਪ੍ਰਵਾਨ ਕਰਨ। ਵੀਰ ਸੁਨੀਲ ਜੀ ਦੇ ਆਖ਼ਰੀ ਸਨੇਹੇ ਮੁਤਾਬਿਕ, ਸਮੂਹ ਪੰਥ “ਇੱਕ ਮੰਚ ‘ਤੇ ਇਕੱਠਾ ਹੋ ਕੇ” ਇਨਸਾਫ ਦਾ ਸੰਘਰਸ਼ ਜਾਰੀ ਰੱਖੇ। ਸੁਨੀਲ ਕੁਮਾਰ ਸ਼ਰਮਾ ਵਿਚਾਰਾਂ ਅਤੇ ਪ੍ਰੇਰਨਾਵਾਂ ਦੇ ਰੂਪ ਵਿੱਚ, ਸਦਾ ਹੀ ਸਾਡੇ ਨਾਲ ਹਨ ਅਤੇ ਪਾਤਰ ਜੀ ਦੇ ਇਹਨਾਂ ਕਥਨਾਂ ਵਾਂਗ ਨਾਲ ਹੀ ਰਹਿਣਗੇ ;
“ਜਦੋਂ ਤੱਕ ਸ਼ਬਦ ਜਿਉਂਦੇ ਨੇ, ਸੁਖਨਵਰ ਜੀਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿੱਚ ਸੁਆਹ ਬਣਦੇ।
ਮੈ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।”

ਆਖ਼ਰੀ ਫਤਿਹ ਬੁਲਾਉਣ ਤੋਂ ਪਹਿਲਾਂ, ਵੀਰ ਸੁਨੀਲ ਨੇ ਪਰਿਵਾਰ ਵਿੱਚ ਬੈਠ ਕੇ ਜੋ ਇੱਕ ਗੱਲ ਹੋਰ ਕਹੀ, ਉਹ ਸਦਾ ਹੀ ਮੇਰੇ ਮਨ ਵਿੱਚ, ਸੁਨੀਲ ਜੀ ਦੀ ਰੂਹਾਨੀ ਪੱਧਰ ‘ਤੇ ਪਾਵਨ ਸੋਚ ਚੇਤੇ ਕਰਾਉਂਦੀ ਰਹੇਗੀ। ਉਹਨਾਂ ਦੇ ਇਹ ਸ਼ਬਦ ਕਿ “ਮੇਰੀ ਇੱਛਾ ਹੈ ਕਿ ਮੈਂ “ਖੰਡੇ ਦੀ ਪਾਹੁਲ ਛਕਾਂ ਅਤੇ ਸਿੰਘ ਸਜਾਂ”। ਸਤਿਗੁਰੂ ਸਾਡੇ ਪਿਆਰੇ ਵੀਰ ਨੂੰ ਆਪਣੇ ਵਿੱਚ ਸਦੀਵੀ ਵਲੀਨਤਾ ਬਖਸ਼ਣ ਅਤੇ ਅਤੇ ਪਿੱਛੇ ਪਰਿਵਾਰ, ਪੰਥ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
-ਗੁਰਵਿੰਦਰ ਸਿੰਘ ਧਾਲੀਵਾਲ-

Leave a Reply

Your email address will not be published. Required fields are marked *