ਐਡਮਿੰਟਨ ( ਬਲਵਿੰਦਰ ਬਾਲਮ)- ਐਡਮਿੰਟਨ ਕਨੇਡਾ ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ ਮੈਡੋਜ਼ 17 ਸਟਰੇਟ ਵਿਖੇ ਸਭ ਰੰਗ ਸਾਹਿਤ ਸਭਾ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਾਂਝੇ ਉਦਮ ਨਾਲ ਪ੍ਰਸਿੱਧ ਕਵਿਤਰੀ ਮੈਡਮ ਬਖ਼ਸ਼ ਸੰਘਾ ਦੀ ਪੁਸਤਕ ‘ਤੁਰ ਚਾਨਣ ਦੀ ਤੋਰ’ ਦਾ ਵਿਮੋਚਨ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਕਵੀ ਅਤੇ ਕਥਾਵਾਚਕ ਦਲਬੀਰ ਸਿੰਘ ਰਿਆੜ, ਅੰਮ੍ਰਿਤਪਾਲ ਸਿੰਘ ਅੰਮ੍ਰਿਤ ਅਤੇ ਸਤਨਾਮ ਸਿੰਘ ਗਾਹਲੇ ਨੇ ਕੀਤੀ। ਸਭ ਰੰਗ ਸਾਹਿਤ ਸਭਾ ਦੇ ਸਰਪ੍ਰਸਤ ਬਲਵਿੰਦਰ ਬਾਲਮ ਨੇ ਪੁਸਤਕ ‘ਤੁਰ ਚਾਨਣ ਦੀ ਤੋਰ’ ਉੱਪਰ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਬੋਲੀਆਂ ਅਤੇ ਟੱਪਿਆਂ ਉੱਪਰ ਲਿਖੀ ਗਈ ਪੁਸਤਕ ਹੈ। ਇਸ ਵਿੱਚ 668 ਬੋਲੀਆਂ ਅਤੇ 245 ਟੱਪੇ ਹਨ। ਇਹ ਬੋਲੀਆਂ ਪਰੰਪਰਾਵਾਂ ਤੋਂ ਹਟ ਕੇ ਆਧੁਨਿਕ ਤਰਜ ਸ਼ੈਲੀ ਸ਼ਿਲਪ ਉੱਪਰ ਸਮਾਜਿਕ ਤਬਦੀਲੀਆਂ ਨਾਲ ਜੂਝ ਰਹੇ ਲੋਕਾਂ ਦੇ ਦੁੱਖ ਸੁੱਖ ਤੇ ਦਰਪੇਸ਼ ਮੁਸ਼ਕਲਾਂ ਉੱਪਰ ਸਚਾਈ ਅਤੇ ਰਿਸ਼ਤਿਆਂ ਦੀ ਟੁੱਟ ਭੱਜ ਉਪਰ ਤਿੱਖਾ ਕਟਾਖ਼ਸ਼ ਕਰਦੀਆਂ ਹਨ। ਇਹ ਬੋਲੀਆਂ ਇੱਕ ਨਵਾਂ ਪ੍ਰਯੋਗ ਹੈ। ਮੈਡਮ ਬਖ਼ਸ਼ ਨੇ ਵਰਤਮਾਨ ਦੇ ਵੱਖ-ਵੱਖ ਵਿਸ਼ਿਆਂ ਉੱਪਰ ਜਿਵੇਂ ਕਿ ਲਹੂ ਮਾਸ ਤੇ, ਪੇਕਿਆਂ ਵਾਲੇ ਦੇ ਰਿਸ਼ਤਿਆਂ ਬਾਰੇ, ਔਰਤ ਮਰਦ ਦੇ ਸੰਬੰਧਾਂ ਨੂੰ, ਸੱਸ ਅਤੇ ਸਹੁਰਿਆਂ ਵੱਲ ਰਿਸ਼ਤਿਆਂ ਬਾਰੇ, ਸਾਧਾਂ ਦੇ ਡੇਰਿਆਂ ਬਾਰੇ, ਕਿਸਾਨਾਂ ਨਾਲ ਸੰਬੰਧਿਤ, ਦਾਜ ਸਬੰਧੀ, ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ਬਾਰੇ, ਪ੍ਰਵਾਸ ਸਬੰਧੀ ਅਤੇ ਬਾਬਲ ਨੇ ਵਰ ਟੋਲਿਆ ਉੱਪਰ ਮਰਮ ਸਪਰਸ਼ੀ ਬੋਲੀਆਂ ਤੇ ਟੱਪੇ ਲਿਖ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਬੋਲੀਆਂ ਅਤੇ ਟੱਪਿਆਂ ਵਿਚਲੀ ਲੈਅ, ਤਕਨੀਕ, ਬਿੰਬ, ਪ੍ਰਤੀਕ, ਅਲੰਕਾਰ ਆਦਿ ਮਿਲ ਕੇ ਆਪਣੇ ਆਪ ਵਿੱਚ ਕਹਾਵਤਾਂ, ਸੂਕਤੀਆਂ ਅਤੇ ਲੋਕੋਕਤੀਆਂ ਦਾ ਰੂਪ ਵੀ ਲੈ ਲੈਂਦੇ ਹਨ। ਇਹਨਾਂ ਵਿੱਚ ਪਰੰਪ੍ਰਿਕ ਅਤੇ ਵਿਹਾਰਕ ਕਥਨ ਪ੍ਰਤੀਤ ਹੁੰਦੇ ਹਨ। ਅਨੁਭਵ, ਸੱਭਿਆਚਾਰ ਅਤੇ ਸਿੱਖਿਆ ਤੇ ਅਧਾਰਤ ਪ੍ਰਭਾਵਸ਼ਾਲੀ ਸਿਰਜਣਾ ਹੈ। ਆਮ ਬੋਲ ਚਾਲ ਦੀ ਭਾਸ਼ਾ ਵਿੱਚ ਵਾਕ ਬੁਣਤ ਪ੍ਰਭਾਵਸ਼ਾਲੀ ਤੇ ਸਟੀਕਤਾ ਦੇ ਪਰਾਏਵਾਚੀ ਹਨ। ਬੋਲੀਆਂ ਗੀਤਾਂ ਦਾ ਹੀ ਦੂਸਰਾ ਨਾਮ ਹੈ। ਖਾਸ ਤੌਰ ਤੇ ਕਨੇਡਾ ਵਿੱਚ ਰਹਿੰਦੇ ਪੰਜਾਬੀਆਂ ਦੇ ਵਰਤਮਾਨ ਹਾਲਾਤਾਂ ਉੱਪਰ, ਰਿਸ਼ਤਿਆਂ ਦੀ ਟੁੱਟ ਭੱਜ ਅਤੇ ਕਾਰਜਾਂ ਦੇ ਤੌਰ ਤਰੀਕਿਆਂ ਨਾਲ ਪ੍ਰਵੇਸ਼ ਗਲਤ ਢੰਗਾਂ ਨਾਲ ਕਾਨੂੰਨ ਦੀ ਦੁਰਵਰਤੋਂ ਕਰਦੇ ਹੋਏ ਪੈਸੇ ਦੀ ਦੌੜ ਦਾ ਜ਼ਿਕਰ ਵੀ ਕੀਤਾ ਹੈ। ਮੈਡਮ ਬਕਖ਼ਸ਼ ਦਾ ਇਹ ਇੱਕ ਖੋਜ ਕਾਰਜ ਹੈ ਜੋ ਸਲਾਹਣ ਯੋਗ ਹੈ। ਉਹ ਮੁਬਾਰਕ ਦੇ ਹੱਕਦਾਰ ਹਨ। ਕਵੀ ਦਰਬਾਰ ਵਿੱਚ ਦਲਬੀਰ ਸਿੰਘ ਰਿਆੜ, ਅੰਮ੍ਰਿਤ ਪਾਲ ਅੰਮ੍ਰਿਤ, ਬਲਵਿੰਦਰ ਬਾਲਮ, ਸਤਨਾਮ ਸਿੰਘ ਗਾਹਲੇ, ਕਰਨੈਲ ਸਿੰਘ ਜਰਮਨੀ, ਜਸਵੀਰ ਸਿੰਘ ਸੰਘਾ, ਦਰਸ਼ਨ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ ਮੈਨੇਜਰ, ਹਰਜਿੰਦਰ ਸਿੰਘ, ਡੀ ਐਸ ਪਾਰਸ, ਸਵਰਨ ਸਿੰਘ ਬਰਾੜ, ਜੋਗਿੰਦਰ ਸਿੰਘ ਬਰਾੜ, ਸੁਖਵਿੰਦਰ ਸਿੰਘ ਢਿੱਲੋ, ਦਰਸ਼ਨ ਸਿੰਘ ਸਰਾਂ, ਭੁਪਿੰਦਰ ਸਿੰਘ ਸੰਧੂ, ਉਰਦੂਮਣ ਸਿੰਘ ਗਿੱਲ, ਅਮਰਜੀਤ ਸਿੰਘ ਬਰਾੜ, ਸਰਬਜੀਤ ਸਿੰਘ ਸਿੱਧੂ ਅਤੇ ਅਜਮੇਰ ਸਿੰਘ ਰਾਏ ਨੇ ਭਾਗ ਲਿਆ। ਮੰਚ ਸੰਚਾਲਨ ਦੀ ਭੂਮਿਕਾ ਕਰਨੈਲ ਸਿੰਘ ਨੇ ਬਾਖੂਬੀ ਨਿਭਾਈ।
-ਐਡਮਿੰਟਨ ਕਨੇਡਾ
98156-25409
