Jul 22, 2026
ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ ਵਿਖੇ 26 ਜੁਲਾਈ ਨੂੰ ਸ਼ਰਧਾਂਜਲੀ ਸਮਾਗਮ–
ਵੈਨਕੂਵਰ (ਡਾ ਗੁਰਵਿੰਦਰ ਸਿੰਘ ਧਾਲੀਵਾਲ)–
“ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਹਿ ਜਾਇ।। ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ।।”
ਭਗਤ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਪਾਵਨ ਸਲੋਕ ਮਾਰਗ ਦਰਸ਼ਨ ਕਰਦਾ ਹੈ ਕਿ ਜਿਹੜੇ ਪਰਮ ਮਨੁੱਖ ਰੱਬੀ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਦੇ ਸੰਸਾਰ ਤੋਂ ਜਾਣ ‘ਤੇ ਰੋਣਾ ਸਹੀ ਨਹੀਂ। ਮਨੁੱਖੀ ਹੱਕਾਂ ਦੇ ਅਲੰਬਰਦਾਰ, ‘ਸਿੱਖ ਨੇਸ਼ਨ’ ਦੇ ਸੇਵਾਦਾਰ, ਖੂਨਦਾਨ ਮੁਹਿੰਮ ਦੀ ਜਿੰਦ ਜਾਨ, ਸੈਮੀਨਾਰਾਂ, ਇਕੱਠਾਂ, ਵਿਚਾਰ-ਚਰਚਾਵਾਂ ਅਤੇ ਪੰਥਕ ਮਸਲਿਆਂ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਭਾਈ ਸੁਨੀਲ ਕੁਮਾਰ ਸ਼ਰਮਾ ,ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਐਸਾ ਮਹਾਨ ਮਨੁੱਖ ਕੋਈ ਵਿਰਲਾ ਹੀ ਹੁੰਦਾ ਹੈ, ਜਿਸ ਨੇ ਮੁਕੰਮਲ ਜੀਵਨ ਮਨੁੱਖੀ ਦਰਦ ਨੂੰ ਸਮਰਪਿਤ ਕੀਤਾ ਹੋਵੇ। ਭਾਈ ਸੁਨੀਲ ਇਸ ਦੀ ਪ੍ਰਤੱਖ ਮਿਸਾਲ ਸਨ, ਜਿਹਨਾਂ ਨੇ ਆਪਣੇ ਜੀਵਨ ਦਾ ਦਿਨ-ਰਾਤ ਮਨੁੱਖੀ ਹੱਕਾਂ ਅਤੇ ‘ਸਿੱਖ ਨੇਸ਼ਨ’ ਵਾਸਤੇ ਸਮਰਪਿਤ ਕੀਤਾ ਹੋਇਆ ਸੀ।
     62 ਸਾਲ ਦੇ ਭਾਈ ਸੁਨੀਲ ਕੁਮਾਰ ਸ਼ਰਮਾ ਨੇ ਆਪਣੇ ਜ਼ਿੰਦਗੀ ਪੰਜਾਬ ਤੋਂ ਸ਼ੁਰੂ ਕਰਕੇ, ਕੈਨੇਡਾ ਤੱਕ, ਚੜ੍ਹਦੀ ਕਲਾ ਵਿੱਚ ਜੀਵੀ। ਉਹਨਾਂ ਦਾ ਜਨਮ 3 ਫਰਵਰੀ 1964 ਨੂੰ ਲੁਧਿਆਣਾ ਵਿਖੇ ਹੋਇਆ। ਛੋਟੀ ਉਮਰ ਚ ਪਿਤਾ ਦਾ ਦੇਹਾਂਤ ਹੋ ਗਿਆ। ਮਾਤਾ ਦੀ ਘਾਲਣਾ ਨਾਲ ਉਹਨਾਂ ਦਾ ਪਾਲਣ-ਪੋਸਣ, ਇੱਕ ਸਿੱਖ ਪਰਿਵਾਰ ਵਿੱਚ ਹੋਇਆ, ਜਿਸ ਕਾਰਨ ਸਿੱਖੀ ਦੀ ਗੁੜ੍ਹਤੀ ਉਹਨਾਂ ਨੂੰ ਬਚਪਨ ਤੋਂ ਹੀ ਮਿਲੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਉਹਨਾਂ ਦੀ ਮਿੱਤਰਤਾ ਦਾ ਘੇਰਾ ਵਿਸ਼ਾਲ ਹੋਇਆ ਅਤੇ ਮਨੁੱਖੀ ਚੇਤਨਾ ਵੱਧਦੀ ਗਈ।
       ਕੈਨੇਡਾ ਆਉਣ ਮਗਰੋਂ, ਸਭ ਤੋਂ ਅਹਿਮ ਗੱਲ, ਨਵੰਬਰ 1984 ਵੇਲੇ ਭਾਰਤ ਵਿੱਚ ਸਰਕਾਰੀ ਸ਼ਹਿ ‘ਤੇ ਹੋਈ ਸਿੱਖ ਨਸਲਕੁਸ਼ੀ ਦੇ ਮੁੱਦੇ ‘ਤੇ, ਭਾਈ ਸੁਨੀਲ ਕੁਮਾਰ ਨੇ ਜੀਵਨ ਸਮਰਪਣ ਕਰ ਦਿੱਤਾ। 1999 ਤੋਂ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਚੇਤੇ ਕਰਦਿਆਂ, ਕੈਨੇਡਾ ਦੀ ਧਰਤੀ ਤੋਂ ‘ਖੂਨਦਾਨ ਮੁਹਿੰਮ’ ਦੀ ਸ਼ੁਰੂਆਤ ‘ਸਿੱਖ ਨੇਸ਼ਨ’ ਵੱਲੋਂ ਕੀਤੀ ਗਈ, ਜਿਸ ਦੇ ਮੁੱਢ ਤੋਂ ਹੀ ਭਾਈ ਸੁਨੀਲ ਕਦਮ ਮਿਲਾ ਕੇ ਚੱਲੇ ਅਤੇ ਇਹ ਸਫਰ ਸ਼ੁਰੂ ਕਰਕੇ ਆਖਰੀ ਸਾਹਾਂ ਤੱਕ ਜਾਰੀ ਰੱਖਿਆ। ਕੈਨੇਡਾ, ਅਮਰੀਕਾ, ਆਸਟਰੇਲੀਆ ਤੋਂ ਲੈ ਕੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ‘ਚ ਸਿੱਖ ਨੇਸ਼ਨ ਦੇ ਖੂਨਦਾਨ ਮੁਹਿੰਮ ਵਿੱਚ, ਉਹ ਅਣਥਕ ਸੇਵਾਦਾਰ ਵਜੋਂ ਵਿਚਰਦੇ ਰਹੇ ਅਤੇ ਸਾਰਿਆਂ ਨੂੰ ਪ੍ਰੇਰਨਾ ਦਿੰਦੇ ਰਹੇ। ਉਹਨਾਂ ਦੇ ਸੁਭਾਅ ਦਾ ਹਿੱਸਾ ਸੀ ਕਿ ਉਹ ‘ਸਭ ਨੂੰ ਜੋੜਨ’ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਅਜਿਹਾ ਕਰਦਿਆਂ ਉਹ ‘ਸਿਧਾਂਤ’ ਨੂੰ ਪਿੱਠ ਨਹੀਂ ਸੀ ਦਿਖਾਉਂਦੇ। ਸੰਘਰਸ਼ਸ਼ੀਲ ਆਗੂ ਵਜੋਂ ਉਹਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 30ਵੀਂ ਸ਼ਹੀਦੀ ਸਮਾਗਮ ਆਪਣੀ ਨਿਗਰਾਨੀ ਹੇਠ ਕੀਤਾ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ‘ਇਕ-ਮੁਠ’ ਹੋਣ ਦਾ ਸੱਦਾ ਦਿੱਤਾ। ਸਮਾਗਮ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਦੀ ਮੌਜੂਦਗੀ ‘ਚ ਵੀਰ ਸੁਨੀਲ ਨੇ ਸਭ ਨੂੰ, ਪੰਥ ਕੌਮ ਦੀ ਚੜਦੀ ਕਲਾ ਲਈ ਇਕੱਠੇ ਹੋ ਕੇ, ਕਦਮ ਮਿਲਾ ਕੇ ਤੁਰਨ ਦਾ ਸੁਨੇਹਾ ਦਿੱਤਾ। ਇਹੀ ਉਹਨਾਂ ਦਾ ‘ਆਖਰੀ ਪੰਥਕ ਪੈਗ਼ਾਮ’ ਕਿਹਾ ਜਾ ਸਕਦਾ ਹੈ।
     ਭਾਈ ਸੁਨੀਲ ਕੁਮਾਰ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਇਸ ਦੌਰਾਨ ਇਲਾਜ ਲਈ ਹੈਲੀਫੈਕਸ ਜਾਣ ਲੱਗਿਆਂ, ਉਹਨਾਂ ਮਿਲਣ ਦਾ ਸੁਨੇਹਾ ਭੇਜਿਆ। ਡੈਲਟਾ ਵਾਲੇ ਘਰ ਲੰਮੀ ਮੁਲਾਕਾਤ ਹੋਈ ਅਤੇ ਉਹਨਾਂ ਬੜੇ ਰਮਜ਼-ਭਰਪੂਰ ਵਲਵਲੇ ਸਾਂਝੇ ਕੀਤੇ। ਵੀਰ ਸੁਨੀਲ ਕੁਮਾਰ ਸ਼ਰਮਾ ਦੀ ਦਿਲੀ-ਪਸੰਦ ਕਿਤਾਬ ‘Reduced to Ashes’ ਦਾ ਪੰਜਾਬੀ ਅਨੁਵਾਦ “ਜੋ ਰਾਖ ਹੋ ਗਏ..” ਦਾ ਪਹਿਲਾ ਸੈਟ, ਉਹਨਾਂ ਨੂੰ ਦਿੱਤਾ, ਇਹ ਵਾਅਦਾ ਕਰਦਿਆਂ ਕਿ ਜਲਦੀ ਉਹ ਠੀਕ ਹੋ ਕੇ ਮੁੜਨਗੇ ਅਤੇ ‘ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗਵਾਹੀ ਵਾਲੀ’ ਇਹ ਕਿਤਾਬ ਲੋਕ-ਅਰਪਣ ਕਰਾਂਗੇ।
    ਫਤਿਹ ਬੁਲਾਉਣ ਤੋਂ ਪਹਿਲਾਂ, ਭਾਈ ਸੁਨੀਲ ਨੇ ਪਰਿਵਾਰ ਵਿੱਚ ਬੈਠ ਕੇ ਜੋ ਇੱਕ ਗੱਲ ਹੋਰ ਕਹੀ, ਉਹ ਸਦਾ ਹੀ ਉਹਨਾਂ ਦੀ ਰੂਹਾਨੀ ਪੱਧਰ ‘ਤੇ ਪਾਵਨ ਸੋਚ ਚੇਤੇ ਕਰਾਉਂਦੀ ਰਹੇਗੀ। ਉਹਨਾਂ ਦੇ ਇਹ ਸ਼ਬਦ ; “ਮੇਰੀ ਇੱਛਾ ਹੈ ਕਿ ਮੈਂ “ਖੰਡੇ ਦਾ ਪਾਹੁਲ ਛਕਾਂ ਅਤੇ ਸਿੰਘ ਸਜਾਂ!” ਉਹਨਾਂ ਵਾਪਸ ਆਉਣ ਦੀ 10 ਜੁਲਾਈ ਦੀ ਟਿਕਟ ਵੀ ਲਈ ਹੋਈ ਸੀ, ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਦੀ ਰਜ਼ਾ ਤੇ ਭਾਣੇ ਵਿੱਚ ਸਦਾ ਰਹਿਣਾ ਬਣਦਾ ਹੈ। ਭਾਈ ਸੁਨੀਲ ਕੁਮਾਰ ਜੀ ਨੇ 16 ਜੁਲਾਈ 2026 ਨੂੰ ਆਖਰੀ ਸਵਾਸ ਲਏ। ਉਹ ਆਪਣੇ ਪਿੱਛੇ ਸਤਿਕਾਰਯੋਗ ਮਾਤਾ ਜੀ, ਪੁੱਤਰ, ਸੁਪਤਨੀ, ਭੈਣ ਦੇ ਪਰਿਵਾਰ ਸਮੇਤ ਸੱਜਣਾਂ, ਪਿਆਰਿਆਂ, ਮਿੱਤਰਾਂ, ਸਨੇਹੀਆਂ ਅਤੇ ਪੰਥ ਕੌਮ ਦੇ ਦਰਦੀਆਂ ਦਾ ਵਿਸ਼ਾਲ ਪਰਿਵਾਰ ਛੱਡ ਗਏ ਹਨ। ਸਤਿਗੁਰੂ ‘ਸਿੱਖ ਨੇਸ਼ਨ’ ਦੇ ਸੇਵਾਦਾਰ ਨੂੰ ਆਪਣੇ ਵਿੱਚ ਸਦੀਵੀ ਵਲੀਨਤਾ ਬਖਸ਼ਣ ਅਤੇ ਅਤੇ ਪਿੱਛੇ ਪਰਿਵਾਰ, ਪੰਥ-ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
      ਭਾਈ ਸੁਨੀਲ ਜੀ ਦਾ ਸਸਕਾਰ ਹੈਲੀਫੈਕਸ ਵਿਖੇ ਪਰਿਵਾਰ ਦੀ ਇੱਛਾ ਅਨੁਸਾਰ ਕਰ ਦਿੱਤਾ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਆਪ ਜੀ ਦੇ ਨਮਿੱਤ ਗੁਰਦੁਆਰਾ ਸੁੱਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ ਵਿਖੇ 24 ਜੁਲਾਈ, ਸ਼ੁਕਰਵਾਰ ਨੂੰ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਖੰਡ ਪਾਠ ਆਰੰਭ ਹੋਣਗੇ, ਜਿਹਨਾਂ ਦੇ ਭੋਗ 26 ਜੁਲਾਈ ਨੂੰ ਪਾਏ ਜਾਣਗੇ। ਸਭ ਸੰਗਤਾਂ ਨੂੰ ਇਸ ਮੌਕੇ ‘ਤੇ ਵੱਧ ਚੜ ਕੇ ਸ਼ਾਮਿਲ ਹੋਣ ਦਾ ਸੱਦਾ ਹੈ, ਤਾਂ ਕਿ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕੀਏ। ਭਾਈ ਸੁਨੀਲ ਸ਼ਰਮਾ ਦੇ ਜਿਸਮਾਨੀ ਵਿਛੋੜੇ ‘ਤੇ ਅਫਸੋਸ ਕਰਨ ਜਾਂ ਰੋਣ ਦੀ ਥਾਂ, ਸਾਨੂੰ ਚੜਦੀ ਕਲਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਉਹਨਾਂ ਦੀ ਸੇਵਾ ਆਪਣੇ ਦਰ ਪ੍ਰਵਾਨ ਕਰਨ। ਉਹਨਾਂ ਦੇ ਆਖ਼ਰੀ ਸਨੇਹੇ ਮੁਤਾਬਿਕ, ਸਮੂਹ ਪੰਥ “ਇੱਕ ਮੰਚ ‘ਤੇ ਇਕੱਠਾ ਹੋ ਕੇ” ਇਨਸਾਫ ਦਾ ਸੰਘਰਸ਼ ਜਾਰੀ ਰੱਖੇ। ਭਾਈ ਸੁਨੀਲ ਜੀ ਵਿਚਾਰਾਂ ਅਤੇ ਪ੍ਰੇਰਨਾਵਾਂ ਦੇ ਰੂਪ ਵਿੱਚ, ਸਦਾ ਹੀ ਸਾਡੇ ਨਾਲ ਹਨ ਅਤੇ ਪਾਤਰ ਜੀ ਦੇ ਇਹਨਾਂ ਕਥਨਾਂ ਵਾਂਗ ਨਾਲ ਹੀ ਰਹਿਣਗੇ ;
“ਜਦੋਂ ਤੱਕ ਸ਼ਬਦ ਜਿਉਂਦੇ ਨੇ, ਸੁਖਨਵਰ ਜੀਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿੱਚ ਸੁਆਹ ਬਣਦੇ।
 ਮੈ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।”

Leave a Reply

Your email address will not be published. Required fields are marked *