ਡਾ. ਗੁਰਵਿੰਦਰ ਸਿੰਘ (604 825 1550)-
ਸ਼ਹੀਦ ਊਧਮ ਸਿੰਘ ਇਤਿਹਾਸ ਦਾ ਅਜਿਹਾ ਮਹਾਨ ਯੋਧਾ ਹੋਇਆ ਹੈ, ਜਿਸ ਨੇ ਗ਼ੁਲਾਮੀ ਦੇ ਸੰਗਲ ਤੋੜਨ ਅਤੇ ਬੇਗੁਨਾਹ ਲੋਕਾਂ ਦੇ ਸਮੂਹਿਕ ਕਤਲੇਆਮ ਖਿਲਾਫ਼, ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਇਆ। ਸ਼ਹੀਦ ਊਧਮ ਸਿੰਘ ਦੇ ਜੀਵਨ ‘ਤੇ ਪੰਛੀ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਉਸ ਬਾਰੇ ਪ੍ਰਚਲਤ ਝੂਠੀਆਂ ਧਾਰਨਾਵਾਂ ਤੋਂ ਕੋਹਾਂ ਦੂਰ, ਅਸਲੀਅਤ ਵਿੱਚ ਪ੍ਰਮਾਣਿਕ ਦਸਤਾਵੇਜ਼ ਕੁਝ ਹੋਰ ਬਿਆਨ ਕਰਦੇ ਹਨ। ਇਸ ਲਿਖਤ ਦਾ ਮਨੋਰਥ ਅਜਿਹੇ ਕੱਚ ਅਤੇ ਸੱਚ ਦਾ ਨਿਖੇੜਾ ਕਰਨਾ ਹੈ। ਇਥੋਂ ਤੱਕ ਕਿ ਲੰਡਨ ਵਿੱਚ ਊਧਮ ਸਿੰਘ ਨੇ ਅਦਾਲਤ ਵਿੱਚ ਜੋ ਬਿਆਨ ਦਿੱਤੇ, ਉਹਨਾਂ ਵਿੱਚ ਵੀ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਹੁੰਦੇ ਹਨ। ਹੋ ਸਕਦਾ ਹੈ ਕਿ ਕੇਸ ਮੁਤਾਬਕ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਊਧਮ ਸਿੰਘ ਨੇ ਅਦਾਲਤੀ ਬਿਆਨ ਬਦਲੇ ਹੋਣ। ਇਸ ਲੇਖ ਵਿੱਚ ਪ੍ਰਮਾਣਿਕ ਸੱਚ ਨੂੰ ਅੱਗੇ ਰੱਖਿਆ ਗਿਆ ਹੈ, ਫਿਰ ਵੀ ਕੋਈ ਦਾਅਵਾ ਨਹੀਂ ਕਿ ਇਹ ਅੰਤਿਮ ਸੱਚਾਈ ਹੈ, ਭਵਿੱਖ ਵਿੱਚ ਨਵੀਂ ਖੋਜ ਅਤੇ ਦਸਤਾਵੇਜ਼ਾਂ ਅਨਸਾਰ ਇਸ ਨੂੰ ਵੀ ਸੋਧਿਆ ਜਾ ਸਕਦਾ ਹੈ।
ਜਨਮ, ਮਾਤਾ-ਪਿਤਾ ਤੇ ਬਚਪਨ ਬਾਰੇ ਪ੍ਰਮਾਣਿਕ ਸੱਚ :
26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਨਗਰ ਦੇ ਮਿਹਨਤਕਸ਼ ਪਰਿਵਾਰ ‘ਚ, ਮਾਤਾ ਹਰਨਾਮ ਕੌਰ ਅਤੇ ਪਿਤਾ ਟਹਿਲ ਸਿੰਘ ਦੇ ਘਰ ਜਨਮੇ ਊਧਮ ਸਿੰਘ ਦਾ ਪਹਿਲਾਂ ਨਾਂ ‘ਸ਼ੇਰ ਸਿੰਘ’ ਅਤੇ ਪੰਜ ਸਾਲ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ‘ਇਨਕਲਾਬੀ ਸ਼ਹੀਦ ਊਧਮ ਸਿੰਘ’ ਦੇ ਲਿਖਾਰੀ ਡਾ ਗੁਰਚਰਨ ਸਿੰਘ ਜ਼ੀਰਾ, ਕਿਤਾਬ ਦੇ ਪੰਨਾ 15 ‘ਤੇ ਲਿਖਦੇ ਹਨ ਕਿ ਊਧਮ ਸਿੰਘ ਦੇ ਮਾਤਾ-ਪਿਤਾ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਂ ਚੂਹੜ ਰਾਮ ਅਤੇ ਮਾਤਾ ਦਾ ਨਾਂ ਨਰਾਇਣੀ ਸੀ। ਮਗਰੋਂ ਦੋਹਾਂ ਨੇ ਕਪਤਾਨ ਰਾਮ ਸਿੰਘ ਦੇ ਪ੍ਰਚਾਰ ਦੇ ਪ੍ਰਭਾਵ ਅਧੀਨ ‘ਅੰਮ੍ਰਿਤਪਾਨ’ ਕੀਤਾ। ਅੰਮ੍ਰਿਤ ਛੱਕ ਕੇ ਚੂਹੜ ਰਾਮ ਦਾ ਨਾਂ ਟਹਿਲ ਸਿੰਘ ਰੱਖਿਆ ਗਿਆ ਅਤੇ ਨਰਾਇਣੀ ਦਾ ਨਵਾਂ ਨਾਂ ਹਰਨਾਮ ਕੌਰ ਰੱਖ ਦਿੱਤਾ ਗਿਆ। ਇਸ ਗਰੀਬ ਪਰਿਵਾਰ ਦੇ ਚਿਰਾਗ ਊਧਮ ਸਿੰਘ ਨੂੰ ਬਚਪਨ ਤੋਂ ਸਿੱਖੀ ਰਵਾਇਤਾਂ ਦੀ ਗੁੜਤੀ ਪ੍ਰਾਪਤ ਹੋਈ, ਜਿਸ ਕਰਕੇ ਉਸ ਨੇ ਅਣਖ ਦਾ ਪ੍ਰਮਾਣ ਦੇ ਕੇ ਇਤਿਹਾਸ ‘ਤੇ ਅਮਿੱਟ ਛਾਪ ਛੱਡੀ। ਕਈ ਲੇਖਕਾਂ ਨੇ ਮਾਈਕਲ ਓਡਵਾਇਰ ਕਤਲ ਮੁਕਦਮੇ ਦੌਰਾਨ ਊਧਮ ਸਿੰਘ ਵੱਲੋਂ ਲਿਖਵਾਈ ਜਨਮ ਤਾਰੀਖ਼ ਮਾਰਚ 1903 ਜਾਂ ਫਿਰ ‘ਨੈਸ਼ਨਲ ਰਜਿਸਟਰੇਸ਼ਨ ਕਾਰਡ’ ਲੈਣ ਸਮੇਂ ਲੰਡਨ ਵਿੱਚ ਲਿਖਵਾਈ ਤਾਰੀਖ਼ 23 ਅਕਤੂਬਰ 1905 ਨੂੰ ਬਿਆਨ ਕੀਤਾ ਹੈ, ਜੋ ਕਿ ਸਹੀ ਨਹੀਂ। ਇਸੇ ਤਰ੍ਹਾਂ ਊਧਮ ਸਿੰਘ ਨੇ ਕੁਝ ਦਸਤਾਵੇਜ਼ਾਂ ‘ਚ ਖ਼ੁਦ ਨੂੰ ਰਾਮਗੜੀਆ ਲਿਖਿਆ, ਇਸ ਗੱਲ ਨੂੰ ਕਈ ਲੇਖਕਾਂ ਨੇ ਵੀ ਆਧਾਰ ਬਣਾ ਲਿਆ, ਜਦ ਕਿ ਅਸਲੀਅਤ ਵਿੱਚ ਉਹ ਕੰਬੋਜ ਬਰਾਦਰੀ ਨਾਲ ਸੰਬੰਧਤ ਸਨ।
ਸੈਂਟਰਲ ਸਿੱਖ ਯਤੀਮਖਾਨੇ ਵਿੱਚ ਸ਼ੇਰ ਸਿੰਘ ਤੋਂ ਉਦੇ ਸਿੰਘ ਦਾ ਸਫ਼ਰ :
ਊਧਮ ਸਿੰਘ ਦਾ ਜੀਵਨ ਆਰੰਭ ਤੋਂ ਹੀ ਸੰਘਰਸ਼ਮਈ ਰਿਹਾ। ਬਚਪਨ ਵਿੱਚ ਪਿਤਾ ਦੇ ਦੇਹਾਂਤ ਮਗਰੋਂ 24 ਅਕਤੂਬਰ 1907 ਵਿੱਚ ਊਧਮ ਸਿੰਘ ਤੇ ਉਹਨਾਂ ਦਾ ਭਰਾ ਸਾਧੂ ਸਿੰਘ ਸੈਂਟਰਲ ਸਿੱਖ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਤੇ ਇਥੋਂ ਹੀ ਸਿੱਖੀ ਜੀਵਨ ਤੇ ਸੇਵਾ ਦੀ ਪ੍ਰੇਰਨਾ ਲੈ ਕੇ ਵੱਡੇ ਹੋਏ। ਲੇਖਕ ਪ੍ਰੋਫੈਸਰ ਸੂਬਾ ਸਿੰਘ ਕੰਬੋਜ ‘ਇਨਕਲਾਬੀ ਯੋਧਾ ਊਧਮ ਸਿੰਘ’ ਕਿਤਾਬ ਵਿੱਚ ਪੰਨਾ 12 ਉੱਪਰ ਲਿਖਦੇ ਹਨ ਕਿ ਸੈਂਟਰਲ ਸਿੱਖ ਯਤੀਮਖਾਨੇ ਵਿੱਚ ਰਹਿੰਦਿਆਂ ਉਹ ਬਿਨਾ-ਨਾਗਾ ਦਰਬਾਰ ਸਾਹਿਬ ਜਾਂਦੇ, ਨਿਤਨੇਮ ਦੀ ਬਾਣੀ ਪੜ੍ਹਦੇ। ਇਸੇ ਲਗਨ ਸਦਕਾ ਦੋਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚਲਦਿਆਂ ਅੰਮ੍ਰਿਤ ਛਕਿਆ। ਸ਼ੇਰ ਸਿੰਘ ਦਾ ਨਾਂ ਅੰਮ੍ਰਿਤ ਛਕਣ ਮਗਰੋਂ ਉਦੈ ਸਿੰਘ ਰੱਖਿਆ ਗਿਆ ਅਤੇ ਸਾਧੂ ਸਿੰਘ ਦਾ ਸਿੰਘ ਸਜਣ ਉਪਰੰਤ, ਨਵਾਂ ਨਾਂ ਮੁਕਤਾ ਸਿੰਘ ਰੱਖਿਆ ਗਿਆ। ਇਸ ਦੀ ਪ੍ਰੋੜਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ਡਾ. ਨਵਤੇਜ ਸਿੰਘ ਦੀ ਕਿਤਾਬ ਵਿੱਚ ਵੀ ਕੀਤੀ ਗਈ ਹੈ। ਸੈਂਟਰਲ ਸਿੱਖ ਯਤੀਮਖਾਨੇ ਦੇ ਪ੍ਰਬੰਧਕਾਂ ਨੇ ਦੋਹਾਂ ਭਰਾਵਾਂ ਨੂੰ ਖਾਲਸਾ ਸਕੂਲ ਵਿੱਚ ਦਾਖ਼ਲ ਕਰਾਇਆ। ਇਸ ਦੌਰਾਨ ਉਦੈ ਸਿੰਘ ਦੇ ਭਰਾ ਮੁਕਤਾ ਸਿੰਘ ਸਾਧੂ ਸਿੰਘ ਦਾ ਨਮੂਨੀਏ ਨਾਲ ਬਿਮਾਰ ਹੋ ਕੇ, ਦੇਹਾਂਤ ਹੋ ਗਿਆ। ਦਸਵੀਂ ਪਾਸ ਕਰਨ ਉਪਰੰਤ, ਊਧਮ ਸਿੰਘ ਨੇ 1917 ਵਿੱਚ ਸੈਂਟਰਲ ਸਿੱਖ ਯਤੀਮਖਾਨਾ ਛੱਡ ਦਿੱਤਾ।
ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਸਮੇਂ ਊਧਮ ਸਿੰਘ ਦੀ ਮੌਜੂਦਗੀ ਦਾ ਸੱਚ :
ਜਦੋਂ 13 ਅਪ੍ਰੈਲ 1919 ਨੂੰ ਵਿਸਾਖੀ ਮੌਕੇ ਜਲ੍ਹਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ ਵਾਪਰਿਆ, ਸ਼ਹੀਦ ਊਧਮ ਸਿੰਘ ਉਥੇ ਨਹੀਂ ਸੀ। ਜ਼ਿਆਦਾਤਰ ਇਤਿਹਾਸਕਾਰ ਨਾਟਕੀ ਢੰਗ ਨਾਲ ਊਧਮ ਸਿੰਘ ਨੂੰ ਉਥੇ ਦਿਖਾ ਕੇ, ਓਡਵਾਇਰ ਤੋਂ ‘ਬਦਲਾ ਲੈਣ ਦੇ ਪ੍ਰਣ ਲੈਣ’ ਦੀ ਗੱਲ ਲਿਖ ਕੇ, ਆਪਣੇ ਮੁਤਾਬਕ ਅਰਥ ਕਰਦੇ ਹਨ, ਜਦ ਕਿ 1918 ਵਿੱਚ ਊਧਮ ਸਿੰਘ ਪੂਰਬੀ ਅਫ਼ਰੀਕਾ ਦੇ ਸ਼ਹਿਰ ਮੁਮਬਾਸਾ ਜਾ ਚੁੱਕੇ ਸਨ ਅਤੇ 1919 ਦੇ ਜੂਨ ਮਹੀਨੇ ਵਾਪਸ ਪਰਤੇ। ਮਗਰੋਂ ਫੇਰ ਉਹ ਅਫ਼ਰੀਕਾ ਚਲੇ ਗਏ, ਜਿੱਥੇ 2 ਸਾਲ ਯੁਗਾਂਡਾ ਰੇਲਵੇ ਵਰਕਸ਼ਾਪ ’ਚ ਮਕੈਨਿਕ ਵਜੋਂ ਨੌਕਰੀ ਕੀਤੀ। ਓਡਵਾਇਰ ਕਤਲ ਮੁਕਦਮੇ ਦੌਰਾਨ ਊਧਮ ਸਿੰਘ ਦੇ ਇਹ ਬਿਆਨ ਕਿ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਸਮੇਂ ‘ਉਸ ਦਾ ਭਰਾ ਅਤੇ ਭੈਣ ਮਾਰੇ ਗਏ’, ਨੂੰ ਸਹੀ ਮੰਨ ਕੇ ਕਈ ਲੇਖਕਾਂ ਨੇ ਅਜਿਹਾ ਹੀ ਪ੍ਰਚਾਰ ਕਿਤਾਬਾਂ ਵਿੱਚ ਕੀਤਾ, ਜਦ ਕਿ ਇਹ ਸੱਚ ਨਹੀਂ। ‘ਸ਼ਹੀਦ ਊਧਮ ਸਿੰਘ ਦੀ ਜੀਵਨੀ’ ਦੇ ਲਿਖਾਰੀ ਅਤੇ ਖੋਜੀ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਦਾ ਇਹ ਕਥਨ ਵਾਜਬ ਹੈ ਕਿ ਲੰਡਨ ਪੁਲਿਸ ਵੱਲੋਂ ਕੀਤੀ ਪੁੱਛ-ਪੜਤਾਲ ਦੇ ਉੱਤਰ ਵਿੱਚ ਕੀਤੇ ਪ੍ਰਗਟਾਵਿਆਂ ਨੂੰ ਸ਼ਬਦ-ਦਰ-ਸ਼ਬਦ ਮੰਨ ਲੈਣ ਨੇ ਵੀ ਬਹੁਤ ਸਾਰੀਆਂ ਭ੍ਰਾਂਤੀਆਂ ਨੂੰ ਜਨਮ ਦਿੱਤਾ ਅਤੇ ਕਈ ਜੀਵਨੀ ਲੇਖਕ ਭੁੱਲ ਗਏ ਕਿ ਮੁਕਦਮੇ ਦਾ ਸਾਹਮਣਾ ਕਰ ਰਿਹਾ ਵਿਅਕਤੀ, ਮੁਕਦਮੇ ਦੀ ਸਥਿਤੀ ਨੂੰ ਆਪਣੇ ਪੱਖ ਵਿੱਚ ਮੋੜਾ ਦੇਣ ਵਾਸਤੇ, ਬਿਆਨਾਂ ਵਿੱਚ ਕਈ ਗੱਲਾਂ ਲੁਕੋ ਜਾਂਦਾ ਹੈ ਅਤੇ ਬਹੁਤ ਕੁਝ ਹੋਰ ਮਨਘੜਤ ਬਿਆਨ ਕਰ ਦਿੰਦਾ ਹੈ।
ਊਧਮ ਸਿੰਘ ਦੇ ਵੱਖ-ਵੱਖ ਪਾਸਪੋਰਟਾਂ ‘ਤੇ ਵੱਖ-ਵੱਖ ਨਾਵਾਂ ਦੀ ਸੱਚਾਈ :
ਊਧਮ ਸਿੰਘ ਘੁਮੱਕੜ ਸੁਭਾਅ ਦੇ ਮਾਲਕ ਸਨ। ਉਹਨਾਂ ਦੇ ਵੱਖ-ਵੱਖ ਨਾਂ ਚਰਚਾ ਵਿੱਚ ਆਉਂਦੇ ਹਨ, ਜਿਵੇਂ ਕਿ ਊਧਮ ਸਿੰਘ, ਸ਼ੇਰ ਸਿੰਘ, ਉਦੈ ਸਿੰਘ, ਫਰੈਂਕ ਬ੍ਰਾਜ਼ੀਲ, ਬਾਵਾ, ਉਡਾਨ ਸਿੰਘ, ਯੂਐਸ ਸਿੱਧੂ, ਮੋਹਣ ਸਿੰਘ, ਯੂਐਸ ਆਜ਼ਾਦ, ਮੁਹੰਮਦ ਸਿੰਘ ਆਜ਼ਾਦ, ਐਮ ਸਿੰਘ ਆਦਿ। ਇਸੇ ਤਰੀਕੇ ਨਾਲ ਵੱਖ-ਵੱਖ ਨਾਵਾਂ ਦੇ ਪਾਸਪੋਰਟ ਬਣਾ ਕੇ ਉਹ ਅਮਰੀਕਾ, ਇੰਗਲੈਂਡ, ਹੋਲੈਂਡ, ਯੂਕਰੇਨ, ਸੋਵੀਅਤ ਯੂਨੀਅਨ, ਆਸਟਰੀਆ, ਬ੍ਰਿਟਿਸ਼ ਅਫਰੀਕਾ, ਮੈਕਸੀਕੋ, ਸਵਿਟਜ਼ਰਲੈਂਡ, ਪੋਲੈਂਡ, ਹੰਗਰੀ, ਜਰਮਨੀ, ਬੈਲਜੀਅਮ, ਫ਼ਰਾਂਸ, ਇਟਲੀ, ਇਸਟੋਨੀਆ, ਮੈਸੋਪਟਾਮੀਆ, ਲੈਟਵੀਆ ਮਿਡਲ ਈਸਟ ਆਦਿ ਦੇਸ਼ਾਂ ਵਿੱਚ ਗਏ। ਪ੍ਰਮਾਣਿਕ ਦਸਤਾਵੇਜ਼ਾਂ ਅਨੁਸਾਰ ਪੂਰਬੀ ਅਫਰੀਕਾ ਤੋਂ ਭਾਰਤ ਆ ਕੇ, ਊਧਮ ਸਿੰਘ ਨਵਾਂ ਪਾਸਪੋਰਟ ਬਣਾ ਕੇ 1922 ’ਚ ਲੰਡਨ, ਫਿਰ ਮੈਕਸਿਕੋ ਗਏ। ਮੌਜੀ ਬਿਰਤੀ ਦੇ ਮਾਲਕ ਊਧਮ ਸਿੰਘ ਨੇ ਅਦਾਕਾਰੀ ਦੇ ਸ਼ੌਕ ਅਧੀਨ ਉਸ ਨੇ ਇੰਗਲੈਂਡ ਵਿੱਚ ਫ਼ਿਲਮਾਂ ‘; ਸਾਬੂ ਦਾ ਐਲੀਫੈਂਟ ਬੁਆਏ, ਦਾ ਡਰੱਮ, ਦਾ ਫੋਰ ਫਾਦਰਜ਼, ਦਾ ਥੀਫ ਆਫ ਬਗਦਾਦ ਆਦਿ ਵਿੱਚ ਵੀ ਕੰਮ ਕੀਤਾ।
ਊਧਮ ਸਿੰਘ ਦੇ ਗ਼ਦਰ ਲਹਿਰ ਨਾਲ ਜੁੜੇ ਹੋਣ ਦਾ ਸੱਚ :
ਊਧਮ ਸਿੰਘ 1923-24 ਦੌਰਾਨ ਅਮਰੀਕਾ ਰਹੇ। 2 ਸਾਲ ਕੈਲੀਫੋਰਨੀਆ ਰਹਿੰਦਿਆਂ ਮਿਹਨਤਕਸ਼ ਵਜੋਂ ਕੰਮ-ਕਾਰ ਕੀਤਾ ਅਤੇ ਗ਼ਦਰੀਆਂ ਦੇ ਸੰਪਰਕ ਵਿੱਚ ਰਹੇ। ਅੱਗੇ ਜਾ ਕੇ ਊਧਮ ਸਿੰਘ ਦੀ ਗ੍ਰਿਫਤਾਰੀ ਸਮੇਂ ਉਹਨਾਂ ਕੋਲੋਂ ਫੜਿਆ ਗਿਆ ‘ਗ਼ਦਰ ਲਿਟਰੇਚਰ’ ਵੀ ਉਹਨਾਂ ਦੀ ਪੰਜ ਸਾਲ ਕੈਦ ਦਾ ਕਾਰਨ ਬਣਿਆ ਸੀ। ਕੈਲੀਫੋਰਨੀਆ ’ਚ ਉਹ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਅਤੇ ਸਰਗਰਮੀਆਂ ’ਚ ਹਿੱਸਾ ਲੈਣ ਲੱਗੇ। ਇੱਥੇ ਹੀ ਗੁਰਦੁਆਰਾ ਖਾਲਸਾ ਦੀਵਾਨ ਸਟਾਕਟਨ, ਕੈਲੀਫੋਰਨੀਆ ਵਿਖੇ ਊਧਮ ਸਿੰਘ ਦਾ ਆਉਣ-ਜਾਣ ਰਿਹਾ। ਜ਼ਿਕਰਯੋਗ ਹੈ ਕਿ ਮਗਰੋਂ ਊਧਮ ਸਿੰਘ ਦੇ ਮੁਕਦਮੇ ਦੌਰਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਵੱਲੋਂ ਕਾਨੂੰਨੀ ਮਦਦ ਲਈ ਮਾਇਆ ਭੇਜੀ ਸੀ।
ਊਧਮ ਸਿੰਘ ਦੇ ਬਬਰ ਅਕਾਲੀ ਲਹਿਰ ਨਾਲ ਜੁੜੇ ਹੋਣ ਦਾ ਸੱਚ :
ਕਈ ਇਤਿਹਾਸਕਾਰ ਲਿਖਦੇ ਹਨ ਕਿ ਵਿਦੇਸ਼ ਤੋਂ ਪੰਜਾਬ ਵਾਪਸੀ ਮਗਰੋਂ ਉਹਨਾਂ ਦੀ ਮਿਲਣੀ ਬਬਰ ਅਕਾਲੀ ਆਗੂਆਂ ਨਾਲ ਹੋਈ। ਪੰਜਾਬ ਆ ਕੇ ਊਧਮ ਸਿੰਘ ਫਿਰ ਸਰਗਰਮ ਹੋਏ ਅਤੇ ਇਸ ਦੌਰਾਨ ਅੰਮ੍ਰਿਤਸਰ ਇੱਕ ਦੁਕਾਨ ਵੀ ਚਲਾਈ, ਜੋ ਸਮੇਂ-ਸਮੇਂ ਇਨਕਲਾਬੀਆਂ ਦਾ ਤਾਲ-ਮੇਲ ਕੇਂਦਰ ਬਣੀ ਰਹੀ। ਇਤਿਹਾਸਕਾਰ ਗਿਆਨੀ ਨਾਹਰ ਸਿੰਘ ਦੀ ਰਚਿਤ ‘ਆਜ਼ਾਦੀ ਦੀਆਂ ਲਹਿਰਾਂ’ ਕਿਤਾਬ ਵਿੱਚ ਲਿਖਿਆ ਹੈ ਕਿ ਬਬਰ ਅਕਾਲੀ ਲਹਿਰ ਦੀ ਇੱਕ ਸਾਖ ਮਾਲਵੇ ਵਿੱਚ ਬਣ ਚੁੱਕੀ ਸੀ, ਜਿਨਾਂ ਵਿੱਚ 15-16 ਮੈਂਬਰਾਂ ਵਿੱਚੋਂ, ਚੌਧਰੀ ਸ਼ੇਰ ਜੰਗ ਅਤੇ ਊਧਮ ਸਿੰਘ ਵੀ ਸਨ। ਸੰਨ 1932 ਦੀਆਂ ਘਟਨਾਵਾਂ ਬਾਰੇ ਗਿਆਨੀ ਨਾਹਰ ਸਿੰਘ ਅੱਗੇ ਲਿਖਦੇ ਹਨ, “ਜਥੇ ਵਿੱਚੋਂ ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ, ਬਚਨ ਸਿੰਘ ਲੋਹਾ ਖੇੜਾ, ਕੁੰਡਾ ਸਿੰਘ ਗਾਜੀਆਣਾ, ਫਜ਼ਲ ਘੁੰਮਣ ਵਾਲਾ, ਸੰਤ ਸਿੰਘ ਬੜੀ ਟਿੱਬਾ, ਘੁੰਮਣ ਸਿੰਘ ਮਿਸਤਰੀ ਅਤੇ ਸਉਣ ਸਿੰਘ ਟਿੱਬਾ ਨੇ ਰਲ ਕੇ ਸਲਾਹ ਕੀਤੀ ਕਿ ‘ਗੁਰੂ ਕੇ ਬਾਗ’ ਵਿੱਚ ਅਕਾਲੀ ਸਿੰਘਾਂ ਉੱਪਰ ਬੇਦਰਦ ਲਾਠੀ ਚਾਰਜ ਕਰਵਾਉਣ ਅਤੇ ਗੁਰੂ ਸਾਹਿਬਾਨਾਂ ਦੀ ਸ਼ਾਨ ਵਿਰੁੱਧ ਕੁ-ਬਚਨ ਬੋਲਣ ਵਾਲੇ ਨੀਚ ਬੀਟੀ ਸੁਪਰਡੈਂਟ ਪੁਲਿਸ ਨੂੰ ਪਾਰ ਬੁਲਾਉਣਾ ਚਾਹੀਦਾ ਹੈ। ਇਸ ਕਾਰਜ ਨੂੰ ਸਿਰੇ ਚੜਾਉਣ ਲਈ ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ ਅਤੇ ਫਜ਼ਲ ਘੁੰਮਣ ਵਾਲੇ ਦੀ ਡਿਊਟੀ ਲਾਈ ਗਈ। ਮਗਰੋਂ ਜਥੇ ਦਾ ਮੈਂਬਰ ਊਧਮ ਸਿੰਘ ਸੁਨਾਮ ਆਪ ਵਲੈਤ ਨੂੰ ਕਿਸੇ ਗੁਝੇ ਮਕਸਦ ਲਈ ਰਵਾਨਾ ਹੋ ਗਿਆ।
ਇਤਿਹਾਸਕਾਰ ਪ੍ਰਿੰਸੀਪਲ ਨਿਹਾਲ ਸਿੰਘ ਰਸ ‘ਬੱਬਰ ਅਕਾਲੀ’ ਕਿਤਾਬ ਦੇ ਪੰਨਾ 146-48 ਵਿੱਚ ‘ਗੁਰੂ ਕੇ ਬਾਗ ਦੇ ਮੋਰਚੇ’ ਅਤੇ ‘ਜਲ੍ਹਿਆਂਵਾਲੇ ਬਾਗ’ ਦੇ ਇਤਿਹਾਸ ਬਾਰੇ ਘਟਨਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਲਿਖਦੇ ਹਨ ਕਿ ਮਾਲਵੇ ਦੇ ਬਬਰ ਅਕਾਲੀਆਂ’ ਵਿੱਚ ਭਾਈ ਊਧਮ ਸਿੰਘ ਸ਼ਾਮਿਲ ਸਨ। ਬਬਰ ਅਕਾਲੀ ਸੁੰਦਰ ਸਿੰਘ ਬਬਰ ਆਪਣੀ ਕਿਤਾਬ ‘ਬੱਬਰ ਅਕਾਲੀ ਲਹਿਰ’ ਦੇ ਪੰਨਾ 310-11 ‘ਤੇ ਲਿਖਦੇ ਹਨ ਕਿ ਗੁਰੂ ਕੇ ਬਾਗ ਮੋਰਚੇ ਦੌਰਾਨ ਜ਼ੁਲਮ ਕਰਨ ਵਾਲੇ ਪੁਲਿਸ ਸੁਪਰਡੈਂਟ ਬੀਟੀ ਦੇ ਕਤਲ ਵਿੱਚ ਜਿੱਥੇ ਬਬਰਾਂ ਨੇ ਅਹਿਮ ਭੂਮਿਕਾ ਨਿਭਾਈ, ਉਥੇ ਮਾਲਵੇ ਦੇ ਬਬਰਾਂ ‘ਚੋਂ ਊਧਮ ਸਿੰਘ ਸੁਨਾਮ ਨੇ ਇੰਗਲੈਂਡ ਜਾ ਕੇ ਓਡਵਾਇਰ ਨੂੰ ਸੋਧਿਆ।
ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਮੁਲਾਕਾਤਾਂ ਬਾਰੇ ਅਸਲੀਅਤ :
30 ਅਗਸਤ 1927 ਨੂੰ ਊਧਮ ਸਿੰਘ ਅੰਗਰੇਜ਼ੀ ਭੇਸ ਵਿੱਚ ਅਸਲੇ ਸਮੇਤ ਕਟੜਾ ਸ਼ੇਰ ਸਿੰਘ, ਅੰਮ੍ਰਿਤਸਰ ਤੋਂ ਫੜਿਆ ਗਿਆ ਅਤੇ 1928 ’ਚ ਊਧਮ ਸਿੰਘ ਨੂੰ 5 ਸਾਲ ਕੈਦ ਹੋਈ। 23 ਅਕਤੂਬਰ 1931 ਨੂੰ ਊਧਮ ਸਿੰਘ ਜੇਲ੍ਹ ‘ਚੋਂ ਰਿਹਾਅ ਹੋਇਆ। ਕਈ ਲਿਖਾਰੀਆਂ ਨੇ ਊਧਮ ਸਿੰਘ ਤੇ ਭਗਤ ਸਿੰਘ ਦੀਆਂ ਮੁਲਾਕਾਤਾਂ ਦੇ ਵੇਰਵੇ ਦਿੱਤੇ ਹਨ। ਕਈਆਂ ਨੇ ਤਾਂ ਭਗਤ ਸਿੰਘ ਨੂੰ ਊਧਮ ਸਿੰਘ ਦਾ ‘ਗੁਰੂ’ ਕਹਿ ਕੇ ਵੀ ਸੰਬੋਧਨ ਕੀਤਾ ਤੇ ਮਾਨਾਂਵਾਲਾ ਥਾਂ ‘ਤੇ ਭਗਤ ਸਿੰਘ ਅਤੇ ਊਧਮ ਸਿੰਘ ਵੱਲੋਂ ਰੇਲਵੇ ਲਾਈਨ ‘ਤੇ ‘ਕਰੰਸੀ ਅਤੇ ਪਿਸਤੌਲ ਬਰਾਮਦ ਕਰਨ ਦੀ ਕਹਾਣੀ’ ਵੀ ਘੜ ਦਿੱਤੀ, ਜਦ ਕਿ ਅਸਲੀਅਤ ਵਿੱਚ ਇਹ ਮੁਲਾਕਾਤਾਂ ਕੋਰੀਆਂ ਕਲਪਨਾਵਾਂ ਹਨ। ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀ ਹੋ ਗਈ ਸੀ, ਜਦ ਕਿ ਊਧਮ ਸਿੰਘ 1927 ਤੋਂ ਅਕਤੂਬਰ 1931 ਤੱਕ ਜੇਲ੍ਹ ਵਿੱਚ ਸੀ। ਇਉ ਇਹਨਾਂ ਦੋਹਾਂ ਦੀ ਮੁਲਾਕਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 20 ਮਾਰਚ 1933 ਨੂੰ ਉਸ ਨੇ ਲਾਹੌਰ ਤੋਂ ਊਧਮ ਸਿੰਘ ਦੇ ਨਾਮ ’ਤੇ ਨਵਾਂ ਪਾਸਪੋਰਟ ਹਾਸਲ ਕਰ ਲਿਆ ਅਤੇ ਸੰਨ 1934 ’ਚ ਇੰਗਲੈਂਡ ਪਹੁੰਚ ਗਿਆ ਸੀ। ਇਸ ਦਾ ਅਰਥ ਇਹ ਨਹੀਂ ਕਿ ਊਧਮ ਸਿੰਘ ਉੱਪਰ ਭਗਤ ਸਿੰਘ ਦੀ ਸ਼ਹਾਦਤ ਦਾ ਅਸਰ ਨਹੀਂ ਸੀ। ਸ਼ਹੀਦ ਊਧਮ ਸਿੰਘ ਜਿੱਥੇ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਸੀ, ਉਥੇ ਉਸ ਨੇ ਗ਼ਦਰ ਲਹਿਰ ਅਤੇ ਬਬਰ ਅਕਾਲੀ ਲਹਿਰ ਤੋਂ ਵੀ ਪ੍ਰਭਾਵ ਕਬੂਲਿਆ। ਉਸ ਦੀ ਸ਼ਖ਼ਸੀਅਤ ਉਪਰ ਗਦਰੀ ਯੋਧੇ ਭਾਈ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦਾ ਗਹਿਰਾ ਅਸਰ ਸੀ। ਸ਼ਹੀਦ ਸਰਾਭਾ ਅਤੇ ਗਦਰ ਲਹਿਰ ਨਾਲ ਜੁੜੀ ਇਹ ਕਵਿਤਾ ਸ਼ਹੀਦ ਊਧਮ ਸਿੰਘ ਅਕਸਰ ਗੁਣਗੁਣਾਉਂਦੇ ਰਹਿੰਦੇ ;
“ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨਾਂ ਦੇਸ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।”
ਸ਼ਹੀਦ ਊਧਮ ਸਿੰਘ ਨੇ ਓਡਵਾਇਰ ਮਾਰਿਆ ਸੀ, ਨਾ ਕਿ ਡਾਇਰ :
ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦੀ ਸਾਕੇ ਮੌਕੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਸੀ ਅਤੇ ਪੁਲਿਸ ਨੂੰ ਗੋਲ਼ੀਆਂ ਚਲਾਉਣ ਦਾ ਹੁਕਮ ਦੇਣ ਵਾਲਾ ਜਨਰਲ ਡਾਇਰ। ਇਹ ਤੱਥ ਜਗ ਜ਼ਾਹਰ ਹੈ ਕਿ ਸ਼ਹੀਦ ਊਧਮ ਸਿੰਘ ਨੇ ਡਾਇਰ ਨਹੀਂ, ਓਡਵਾਇਰ ਨੂੰ ਮਾਰਿਆ ਸੀ। ਮਾਇਕਲ ਓਡਵਾਇਰ ਜਦ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਤਾਂ ਉਸ ਨੇ 42 ਇਨਕਲਾਬੀਆਂ ਨੂੰ ਮੌਤ ਦੀ ਸਜ਼ਾ,114 ਨੂੰ ਉਮਰ ਕੈਦ, ਅਨੇਕਾਂ ਹੋਰਾਂ ਨੂੰ ਵੱਖੋ-ਵੱਖ ਜੇਲ੍ਹ ਸਜ਼ਾਵਾਂ ਦਿੱਤੀਆਂ ਸਨ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਅਗਵਾਈ ਵੀ, ਸਰਕਾਰ ਦੇ ਆਗੂ ਵਜੋਂ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਵੱਲੋਂ ਕੀਤੀ ਗਈ ਸੀ। ਇਸ ਖੂਨੀ ਸਾਕੇ ਦੌਰਾਨ ਮਨੁੱਖਤਾ ਦੇ ਡੁੱਲ੍ਹੇ ਲਹੂ ਦਾ ਹਿਸਾਬ ਊਧਮ ਸਿੰਘ ਨੇ 21 ਸਾਲ ਮਗਰੋਂ ਚੁਕਾਇਆ, ਪਰ ਕਈ ਲਿਖਾਰੀਆਂ ਨੇ ਟਪਲਾ ਖਾ ਕੇ ‘ਡਾਇਰ’ ਦਾ ਨਾਂ ਹੀ ਲਿਖ ਦਿੱਤਾ। ਇਥੋਂ ਤੱਕ ਕਿ ਅਮਰ ਸਿੰਘ ਤੇਗ ਨੇ ਪੱਤਰਕਾਰ ਹਰਭਜਨ ਹਲਵਾਰਵੀ ਨਾਲ 3 ਨਵੰਬਰ 1979 ਨੂੰ ਹੋਈ ਗੱਲਬਾਤ ਵਿੱਚ ਵੀ ਊਧਮ ਸਿੰਘ ਵੱਲੋਂ ਜਨਰਲ ਡਾਇਰ ਨੂੰ ਮਾਰਨ ਦਾ ਟਪਲਾ ਖਾਧਾ। ਅਸਲੀਅਤ ਇਹ ਹੈ ਕਿ ਜਰਨਲ ਡਾਇਰ ਦੀ ਮੌਤ, ਹੰਟਰ ਕਮਿਸ਼ਨ ਵੱਲੋਂ ਖੂਨੀ ਸਾਕੇ ਦਾ ਦੋਸ਼ੀ ਠਹਿਰਾਉਣ ਮਗਰੋਂ, ਜਬਰੀ ਸੇਵਾ ਮੁਕਤੀ ਦੌਰਾਨ 23 ਜੁਲਾਈ 1927 ਵਿੱਚ ਹੋ ਚੁੱਕੀ ਸੀ। ਇੱਥੋਂ ਤੱਕ ਕਿ ਅਗਾਂਹਵਧੂ ਕਵੀ ਹਰਭਜਨ ਸਿੰਘ ‘ਹੁੰਦਲ’ ਵੀ ਅਜਿਹਾ ਭੁਲੇਖਾ ਖਾਂਦੇ ਹੋਏ ਲਿਖਦੇ ਹਨ ;
“ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ,
ਜਾ ਕੇ ਪੁੱਛ ਲਓ ਮੁਗ਼ਲ ਦਰਬਾਰ ਕੋਲੋਂ।
ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ,
ਜਾ ਕੇ ਪੁੱਛ ਲਓ ‘ਡਾਇਰ’ ਪਰਿਵਾਰ ਕੋਲੋਂ।”
ਊਧਮ ਸਿੰਘ ਵੱਲੋਂ ‘ਕਿਤਾਬ ਵਿੱਚ ਪਿਸਤੌਲ ਲੁਕਾ ਕੇ ਲਿਜਾਣ’ ਦਾ ਸੱਚ :
ਸ਼ਹੀਦ ਊਧਮ ਸਿੰਘ 13 ਮਾਰਚ 1940 ਨੂੰ ਕਾਰਤੂਸਾਂ ਨਾਲ ਭਰਿਆ ਪਿਸਤੌਲ ਲੈ ਕੇ ਕੈਕਸਟਨ ਹਾਲ ਲੰਡਨ ਜਾ ਪੁੱਜਿਆ। ਕਈ ਲਿਖਾਰੀ ਆਖਦੇ ਹਨ ਕਿ ਉਸ ਨੇ ਪਿਸਤੌਲ ਕਿਤਾਬ ਵਿੱਚ ਲੁਕੋਇਆ ਹੋਇਆ ਸੀ, ਜਦ ਕਿ ਇਹ ਪਿਸਤੌਲ ਕਿਤਾਬ ਵਿੱਚ ਨਹੀਂ ਲੁਕੋਇਆ ਸੀ, ਬਲਕਿ ਊਧਮ ਸਿੰਘ ਦੇ ਕੋਟ ਦੀ ਜੇਬ ਵਿੱਚ ਸੀ। ਊਧਮ ਸਿੰਘ ਦੇ ਕੈਕਸਟਨ ਹਾਲ ਵਿੱਚ ਦਾਖਲ ਹੋਣ ਬਾਰੇ ਵੀ ਗਲਤ ਧਾਰਨਾ ਹੈ ਕਿ ਊਧਮ ਸਿੰਘ ਦੀ ‘ਪ੍ਰੇਮਿਕਾ’ ਉਸ ਨੂੰ ਨਾਲ ਲੈ ਕੇ ਗਈ। ਦਰਅਸਲ 13 ਮਾਰਚ 1940 ਦੀ ਮੀਟਿੰਗ ‘ਈਸਟ ਇੰਡੀਆ ਐਸੋਸੀਏਸ਼ਨ’ ਅਤੇ ‘ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ’ ਵੱਲੋਂ ਸੱਦੀ ਗਈ ਸੀ। ਮੀਟਿੰਗ ਵਿੱਚ ਦਾਖਲਾ ਕੇਵਲ ਪਾਸ ਰਾਹੀਂ ਹੋ ਸਕਦਾ ਸੀ ਤੇ ਇੱਕ ਪਾਸ ‘ਤੇ ਦੋ ਵਿਅਕਤੀ ਜਾ ਸਕਦੇ ਸਨ। ਊਧਮ ਸਿੰਘ ਕੈਕਸਟਨ ਹਾਲ ਦੇ ਬਾਹਰ ਮੌਜੂਦ ਸੀ ਅਤੇ ਦਾਖਲ ਹੋਣ ਲਈ ਉਸ ਨੇ ਇੱਕ ਮਹਿਮਾਨ ਔਰਤ ਨੂੰ ਗੁਜ਼ਾਰਿਸ਼ ਕੀਤੀ, ਜਿਸ ਕੋਲ ਇੱਕ ਵਿਅਕਤੀ ਨਾਲ ਲਿਜਾਣ ਦੀ ਗੁੰਜਾਇਸ਼ ਸੀ। ਇਸ ਤਰ੍ਹਾਂ ਫ਼ੁਰਤੀ ਨਾਲ ਉਹ ਹਾਲ ਵਿੱਚ ਦਾਖਲ ਹੋਇਆ।
ਊਧਮ ਸਿੰਘ ਦਾ ਮਕਸਦ ‘ਬ੍ਰਿਟਿਸ਼ ਬਸਤੀਵਾਦ’ ਚੁਣੌਤੀ ਦੇਣਾ ਸੀ, ਨਾਕਿ ਇਕੱਲੇ ਓਡਵਾਇਰ ਨੂੰ ਮਾਰਨਾ :
ਜ਼ਿਆਦਾਤਰ ਲੇਖਕ ਊਧਮ ਸਿੰਘ ਦਾ ਮਕਸਦ ਲੰਡਨ ਵਿੱਚ ਓਡਵਾਇਰ ਨੂੰ ਮਾਰਨ ਤੱਕ ਸੀਮਤ ਕਰਦੇ ਹਨ, ਜਦ ਕਿ ਊਧਮ ਸਿੰਘ ਦਾ ਮਕਸਦ ਇਸ ਤੋਂ ਵੱਡਾ ਸੀ। ਮਾਈਕਲ ਓਡਵਾਇਰ ਨੂੰ ਊਧਮ ਸਿੰਘ ਲੰਡਨ ਵਿੱਚ ਕਈ ਮੌਕਿਆਂ ‘ਤੇ ਮਿਲਦਾ ਰਿਹਾ, ਪਰ ਉਸ ਨੂੰ ਮਾਰ ਕੇ ਮਹਿਜ਼ ਬਦਲਾ ਲੈਣ ਤੱਕ ਊਧਮ ਸਿੰਘ ਦੀ ਸੋਚ ਸੀਮਤ ਨਹੀਂ ਸੀ। ਉਹ ਬ੍ਰਿਟਿਸ਼ ਬਸਤੀਵਾਦ ਨੂੰ ਚੁਣੌਤੀ ਦੇਣਾ ਚਾਹੁੰਦਾ ਸੀ। ਬੀਤੇ ਵਰ੍ਹਿਆਂ ਦੌਰਾਨ ਮੇਰੇ ਲਈ ਉਹ ਪਲ ਇਤਿਹਾਸਕ ਸਨ, ਜਦੋਂ ਲੰਡਨ ਦੇ ਕੈਕਸਟਨ ਹਾਲ ਦੀ ਜਗ੍ਹਾ ‘ਤੇ ਜਾਣ ਦਾ ਸੁਭਾਗ ਮਿਲਿਆ, ਜਿੱਥੇ ਸ਼ਹੀਦ ਊਧਮ ਸਿੰਘ ਨੇ ਓਡਵਾਇਰ ਨੂੰ ਸੋਧਿਆ ਸੀ। ਚਾਹੇ ਉਸ ਜਗ੍ਹਾ ‘ਤੇ ਸ਼ਹੀਦ ਊਧਮ ਸਿੰਘ ਦੀ ਕੋਈ ਯਾਦਗਾਰ ਸਥਾਪਤ ਨਹੀਂ, ਪਰ ਉੱਥੇ ਖੜਦਿਆਂ ਹੀ ‘ਰੂਹ ਤੱਕ ਝਰਨਾਹਟ’ ਛਿੜ ਜਾਂਦੀ ਹੈ।
13 ਮਾਰਚ 1940 ਕੈਕਸਟਨ ਹਾਲ ਵਿਖੇ ਭਾਸ਼ਣ ਦੇਣ ਵਾਲਿਆਂ ਵਿੱਚ ਸਾਬਕਾ ਵਜ਼ੀਰੇ-ਹਿੰਦ ਲਾਰਡ ਜੈਟਲੈਂਡ, ਲਾਰਡ ਲਮਿੰਗਟਨ ਅਤੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਸਰ ਲੁਈ ਡੇਨ ਤੇ ਮਾਈਕਲ ਓਡਵਾਇਰ ਸ਼ਾਮਿਲ ਸਨ। ਬ੍ਰਿਟਿਸ਼ ਇੰਡੀਅਨ ਸਟੇਟ ਦੇ ਇਹਨਾਂ ਮੁਖੀਆਂ ਉੱਪਰ ਊਧਮ ਸਿੰਘ ਨੇ 6 ਗੋਲ਼ੀਆਂ ਚਲਾਈਆਂ। ਓਡਵਾਇਰ ਦੀ ਪਿੱਠ ‘ਤੇ ਦੋ ਗੋਲ਼ੀਆਂ ਲੱਗੀਆਂ ਤੇ ਉਹ ਮੌਕੇ ’ਤੇ ਹੀ ਮਾਰਿਆ ਗਿਆ। ਲਾਰਡ ਲਿਮਿੰਗਟਨ ਦੇ ਸੱਜੇ ਹੱਥ ‘ਤੇ ਗੋਲ਼ੀ ਲੱਗੀ, ਸਰ ਲੂਈ ਡੇਨ ਦੇ ਬਾਂਹ ‘ਤੇ ਗੋਲ਼ੀ ਲੱਗੀ ਅਤੇ ਲਾਰਡ ਜੈਟਲੈਂਡ ਫਰਸ਼ ‘ਤੇ ਡਿੱਗ ਕੇ ਬਚਿਆ। ਉਧਮ ਸਿੰਘ ਦਾ ਰਿਵਾਲਵਰ ਪਹਿਲੇ ਵਿਸ਼ਵ ਯੁੱਧ ਵੇਲੇ ਦਾ ਸੀ, ਜੋ ਕਾਫੀ ਪੁਰਾਣਾ ਸੀ। ਰਿਵਾਲਵਰ ਤੇ ਗੋਲ਼ੀਆਂ ‘ਚ ਕੁਝ ਨੁਕਸ ਹੋਣ ਕਾਰਨ ਕਈਆਂ ਦਾ ਬਚਾਅ ਹੋ ਗਿਆ। ਪਿਸਤੌਲ ਬਾਰੇ ਮਾਹਿਰ ਰੋਬਰਟ ਚਰਚਲ ਦੇ ਦੱਸਣ ਅਨੁਸਾਰ ਗੋਲ਼ੀਆਂ ਪਿਸਤੌਲ ਦੀ ਚੈਂਬਰ ‘ਚ ਪੂਰੀਆਂ ਫਿਟ ਨਹੀਂ ਸਨ, ਜਿਸ ਕਾਰਨ ਨਿਸ਼ਾਨਾ ਠੀਕ ਨਹੀਂ ਬੈਠਿਆ। ਇਥੋਂ ਤੱਕ ਕਿ ਜਿਹੜੀਆਂ ਗੋਲ਼ੀਆਂ ਨਾਲ ਓਡਵਾਇਰ ਮਰਿਆ, ਉਹ ਵੀ 6 ਤੋਂ 8 ਇੰਚ ਦੇ ਫਾਸਲੇ ਤੋਂ ਲੱਗਣ ਕਾਰਨ ਹੀ ਸਹੀ ਨਿਸ਼ਾਨੇ ‘ਤੇ ਲੱਗੀਆਂ ਸਨ।
ਡਾਕਟਰ ਜੇ.ਐਸ. ਗਰੇਵਾਲ ‘ਲੈਟਰਜ਼ ਆਫ ਊਧਮ ਸਿੰਘ’ ਵਿੱਚ ਪੰਨਾ 20 ‘ਤੇ ਲਿਖਦੇ ਹਨ ਕਿ ਊਧਮ ਸਿੰਘ ਨੇ ਸਾਰਜੈਂਟ ਸਿਡਨੀ ਜੋਨਜ਼ ਨੂੰ ਪੁੱਛਿਆ,”ਕੀ ਜੈਟਲੈਂਡ ਮਰ ਗਿਆ ਹੈ। ਉਸ ਨੂੰ ਮਰਨਾ ਚਾਹੀਦਾ ਸੀ। ਮੈਂ ਉਸ ਨੂੰ ਵੀ ਦੋ ਗੋਲ਼ੀਆਂ ਖੱਬੇ ਪਾਸੇ ਮਿਅਦੇ ਵਿੱਚ ਮਾਰੀਆਂ ਸਨ।” ਇਸ ਤੋਂ ਸਪਸ਼ਟ ਹੈ ਕਿ ਊਧਮ ਸਿੰਘ ‘ਬ੍ਰਿਟਿਸ਼ ਬਸਤੀਵਾਦ’ ਦੇ ਜ਼ੁਲਮ ਖਿਲਾਫ ਹਥਿਆਰਬੰਦ ਕਾਰਵਾਈ ਕਰ ਰਿਹਾ ਸੀ, ਨਾ ਕਿ ‘ਇੱਕ ਵਿਅਕਤੀ ਵਿਸ਼ੇਸ਼’ ਖਿਲਾਫ਼ ਬਦਲਾ-ਲਊ ਕਾਰਵਾਈ। 5 ਜੂਨ 1940 ਨੂੰ ਜੱਜ ਵੱਲੋਂ ਫਾਂਸੀ ਸੁਣਾਈ ਜਾਣ ਵੇਲੇ ਊਧਮ ਸਿੰਘ ਨੇ ਅੰਗਰੇਜ਼ੀ, ਗੁਰਮੁਖੀ ਅਤੇ ਉਰਦੂ ਵਿੱਚ 8 ਪੰਨਿਆਂ ਦੇ ਬਿਆਨ ਰਾਹੀਂ ਇਹ ਸੱਚਾਈ ਬਿਆਨ ਕੀਤੀ ਕਿ ਉਹ ਬ੍ਰਿਟਿਸ਼ ਸਾਮਰਾਜ ਖਿਲਾਫ਼ ਲੜਾਈ ਲੜ ਰਿਹਾ ਹੈ ਅਤੇ ਦੁਨੀਆ ਅੱਗੇ ਉਸ ਦੇ ਜ਼ੁਲਮ ਨੂੰ ਨੰਗਾ ਕਰਨਾ ਚਾਹੁੰਦਾ ਹੈ। ਸੱਚ ਤਾਂ ਇਹ ਹੈ ਕਿ ;
ਲੰਡਨ ਬਸਤੀਵਾਦ ਦਾ, ਜਦ ਹੁੰਦਾ ਸੀ ਗੜ੍ਹ।
ਊਧਮ ਸਿੰਘ ਸਰਦਾਰ ਨੇ, ਤਦ ਭੰਨੀ ਸੀ ਤੜ।
ਊਧਮ ਸਿੰਘ ਵੱਲੋਂ ਅਦਾਲਤ ‘ਚ ਹੀਰ ‘ਤੇ ਹੱਥ ਧਰ ਕੇ ਸਹੁੰ ਖਾਣ ਦਾ ਸੱਚ :
4 ਜੂਨ 1940 ਨੂੰ ਊਧਮ ਸਿੰਘ ਦੇ ਲੰਡਨ ਦੀ ਅਦਾਲਤ ਵਿੱਚ ਬਿਆਨ ਹੋਣ ਮੌਕੇ ‘ਸੱਚ ਬੋਲਣ ਦੀ ਸਹੁੰ ਖਾਣ’ ਲਈ ‘ਹੀਰ ਦੀ ਕਿਤਾਬ ‘ਤੇ ਹੱਥ ਰੱਖਣ’ ਦੀ ਕਹਾਣੀ ਮਨਘੜਤ ਅਤੇ ਸੰਕੀਰਨ ਸੋਚ ਤੋਂ ਪ੍ਰੇਰਿਤ ਹੈ। ਅਸਲੀਅਤ ਇਹ ਹੈ ਕਿ ਜੱਜ ਨੇ ਕੈਦੀ ਊਧਮ ਸਿੰਘ ਨੂੰ ਜਦੋਂ ਬਾਈਬਲ ਉੱਪਰ ਹੱਥ ਰੱਖ ਕੇ ਸਹੁੰ ਖਾਣ ਦੀ ਗੱਲ ਕੀਤੀ, ਤਾਂ ਊਧਮ ਸਿੰਘ ਨੇ ਸਹੁੰ ਖਾਣ ਤੋਂ ਇਨਕਾਰ ਕਰ ਦਿੱਤਾ। ਅਜਿਹੀ ਹਾਲਤ ਵਿੱਚ ‘ਹੱਥ ਉਤਾਹਾਂ ਚੁੱਕ ਕੇ ਸੱਚ ਬੋਲਣ ਦਾ ਪ੍ਰਣ ਲੈਣ ਦੀ ਵਿਧੀ’ ਊਧਮ ਸਿੰਘ ਵੱਲੋਂ ਅਪਣਾਈ ਗਈ, ਜੋ ਕਿ ਅਦਾਲਤ ਵੱਲੋਂ ਪ੍ਰਵਾਨ ਕੀਤੀ ਗਈ। ਇਸ ਪ੍ਰਚਲਤ ਗ਼ਲਤ ਧਾਰਨਾ ਬਾਰੇ ਖੋਜਾਰਥੀ ਸੁਖਦੀਪ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਡਾਕੂਮੈਂਟਰੀ ਰਾਹੀਂ ਸ਼ਹੀਦ ਊਧਮ ਸਿੰਘ ਬਾਰੇ ਪ੍ਰਮਾਣਿਕ ਦਸਤਾਵੇਜ਼ ਇਕੱਤਰ ਕਰਕੇ, ਹੀਰ ਦੀ ਸਹੁੰ ਖਾਣ ਬਾਰੇ ਸੱਚਾਈ ਉਜਾਗਰ ਕੀਤੀ ਗਈ ਹੈ। ਬੇਸ਼ੱਕ ਊਧਮ ਸਿੰਘ ‘ਹੀਰ’ ਦਾ ਪਾਠਕ ਸੀ ਅਤੇ ਇਸ ਕਿਤਾਬ ਉਸ ਨੇ ਆਪਣੇ ਮਿੱਤਰ ਨੂੰ ਸੌਂਪੀ ਸੀ, ਪਰ ਇਸ ‘ਤੇ ਹੱਥ ਰੱਖ ਕੇ ਸਹੁੰ ਖਾਣ ਦਾ ਬਿਰਤਾਂਤ ਗੁਮਰਾਹਕੁਨ ਹੈ।
ਸ਼ਹੀਦ ਊਧਮ ਸਿੰਘ ਦੇ ਨਾਂ ‘ਮੁਹੰਮਦ ਸਿੰਘ ਆਜ਼ਾਦ’ ਬਾਰੇ ਅਸਲੀਅਤ :
ਸ਼ਹੀਦ ਊਧਮ ਸਿੰਘ ਦੇ ਅਨੇਕਾਂ ਨਾਵਾਂ ‘ਚੋਂ ਇੱਕ ਖ਼ਾਸ ਨਾਮ ‘ਮੁਹੰਮਦ ਸਿੰਘ ਆਜ਼ਾਦ’ ਸੀ। ਲੇਖਕ ਰਾਕੇਸ਼ ਕੁਮਾਰ ਨੇ ਨਵੀਆਂ ਲਿਖਤਾਂ ਵਿੱਚ ਇਸ ਬਾਰੇ ਵਿਸਤਾਰਪੂਰਵਕ ਹਵਾਲੇ ਦਰਜ ਕੀਤੇ ਹਨ, ਪਰ ਕਈ ਫਿਲਮਕਾਰਾਂ, ਨਾਵਲਕਾਰਾਂ ਅਤੇ ਸਿਆਸਤਦਾਨਾਂ ਵਲੋਂ ਨਾਂ ਪ੍ਰਚੱਲਤ ਕਰ ਦਿੱਤਾ ਗਿਆ ਹੈ, ‘ਰਾਮ ਮੁਹੰਮਦ ਸਿੰਘ ਆਜ਼ਾਦ’। ਦਰਅਸਲ ਸ਼ਹੀਦ ਊਧਮ ਸਿੰਘ ਦਾ ਮਿਥ ਕੇ ਸੰਘੀਕਰਣ ਕੀਤਾ ਜਾ ਰਿਹਾ ਹੈ। ਫਾਸ਼ੀਵਾਦੀ ਅਤੇ ਸੰਘੀ ਏਜੰਡੇ ਅਨੁਸਾਰ ਸ਼ਹੀਦ ਊਧਮ ਸਿੰਘ ਦਾ ਨਾਂ “ਰਾਮ ਮੁਹੰਮਦ ਸਿੰਘ ਆਜ਼ਾਦ” ਪ੍ਰਚਾਰਿਆ ਜਾ ਰਿਹਾ ਹੈ, ਜੋ ਕਿ ਮਨਘੜਤ ਹੈ। ਭਾਰਤੀ ਮੀਡੀਆ ਨੇ ਵੀ ਸੰਘੀ ਪ੍ਰਣਾਲੀ ਥੱਲੇ ਜਾਣ-ਬੁਝ ਕੇ ਊਧਮ ਸਿੰਘ ਦਾ ਨਾਂ ਵਿਗਾੜਿਆ ਹੈ। ਸ਼ਹੀਦ ਊਧਮ ਸਿੰਘ ਨੇ ਜਦ ਖ਼ੁਦ ਆਪਣਾ ਨਾਂ ‘ਮੁਹੰਮਦ ਸਿੰਘ ਆਜ਼ਾਦ’ ਲਿਖਿਆ ਹੈ, ਤਾਂ ਕਿਸੇ ਨੂੰ ਉਸ ਦਾ ਨਾਂ ਵਿਗਾੜਨ ਦਾ ਕੋਈ ਹੱਕ ਨਹੀਂ।
ਸ਼ਹੀਦ ਊਧਮ ਸਿੰਘ ਦੇ ਵਿਰੋਧ ਵਿੱਚ ਕੌਣ ਅਤੇ ਹੱਕ ਵਿੱਚ ਕੌਣ ਨਿਤਰੇ ?
ਸ਼ਹੀਦ ਊਧਮ ਸਿੰਘ ਵੱਲੋਂ ਓਡਵਾਇਰ ਨੂੰ ਸੋਧਣ ਦੀ ਕਾਰਵਾਈ ਮਗਰੋਂ 79, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਕਲੇਅਰ ਰੋਡ ਸੈਫਰਡਜ਼ ਬੁਸ਼ ਲੰਡਨ ਦੇ ਪ੍ਰਬੰਧਕ ਸਾਹਿਬਾਨਾਂ ਅਤੇ ਖਾਲਸਾ ਜਥੇ ਨੇ ਸ਼ਹੀਦ ਊਧਮ ਸਿੰਘ ਦੀ ਫਾਂਸੀ ਵੇਲੇ, ਕਨੂੰਨੀ ਪੱਧਰ ‘ਤੇ ਮਾਇਕ ਮਦਦ ਕੀਤੀ। ਗੁਰਦੁਆਰੇ ਦੇ ਸਕੱਤਰ ਭਾਈ ਸ਼ਿਵ ਸਿੰਘ ਜੌਹਲ, ਭਾਈ ਸੌਦਾਗਰ ਸਿੰਘ ਤੇ ਭਾਈ ਰਤਨ ਸਿੰਘ ਸਮੇਤ ਕਈ ਹਮਦਰਦ ਮੁਕਦਮੇ ਦੌਰਾਨ ਲਗਾਤਾਰ ਸਰਗਰਮ ਰਹੇ। ਦੂਜੇ ਪਾਸੇ ਲੰਡਨ ਰਹਿੰਦੇ ਅੰਗਰੇਜ਼ ਪੱਖੀ ਭਾਰਤੀਆਂ ਦੀਆਂ ਸੰਸਥਾਵਾਂ, ਭਾਰਤ ਵਿੱਚ ਅੰਗਰੇਜ਼-ਪ੍ਰਸਤ ਕਾਂਗਰਸੀਆਂ, ਮੋਹਨ ਦਾਸ ਕਰਮ ਚੰਦ ਗਾਂਧੀ ਦੇ ਅਖਬਾਰ ‘ਹਰੀਜਨ’ ਅਤੇ ਲਾਲਾ ਲਾਜਪਤ ਰਾਏ ਆਦ ਦੀਆਂ ਧਿਰਾਂ ਵੱਲੋਂ ਵੱਲੋਂ ਊਧਮ ਸਿੰਘ ਖਿਲਾਫ਼ ਬਿਆਨਬਾਜ਼ੀ ਕੀਤੀ। ਗਾਂਧੀ ਨੇ ਤਾਂ ਓਡਵਾਇਰ ਦੇ ਕਤਲ ਕਾਰਨ ਊਧਮ ਸਿੰਘ ਨੂੰ ‘ਅੱਤਵਾਦੀ’ ਵੀ ਗਰਦਾਨਿਆ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ‘ਤੇ ਅੱਜ ਕੱਲ ਰਸਮੀ ਤੌਰ ਤੇ ਸ਼ਹੀਦ ਦੇ ਬੁੱਤ ‘ਤੇ ਹਾਰ ਪਾਉਣ ਵਾਲੇ ਰਾਸ਼ਟਰਵਾਦੀਆਂ ਦੀਆਂ ਸਿਆਸੀ ਪਾਰਟੀਆਂ ਊਧਮ ਸਿੰਘ ਵੱਲੋਂ ਓਡਵਾਇਰ ਨੂੰ ਸੋਧਣ ਦੇ ਖਿਲਾਫ਼ ਸਨ।
ਲੰਡਨ ਦੀ ਸਿੱਖ ਸੰਸਥਾ ਖਾਲਸਾ ਜੱਥਾ ਅਤੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਊਧਮ ਸਿੰਘ ਲਈ ਨੰਗੇ ਧੜ ਖੜੇ ਸਨ। ਇਸ ਲੇਖਕ ਨੂੰ ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਯਾਦਗਾਰਾਂ ਦੇ ਦਰਸ਼ਨ ਕਰਨ ਦੀ ਇੱਛਾ ਨਾਲ, ਲੰਡਨ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਿੰਕਲੇਅਰ ਰੋਡ ਸ਼ੈਫਰਡਜ਼ ਬੁਸ਼ ਵਿਖੇ ਜਾਣ ਦਾ ਮੌਕਾ ਮਿਲਿਆ। ਉਸ ਅਸਥਾਨ ਦੇ ਦਰਸ਼ਨ ਕੀਤੇ, ਜਿੱਥੇ ਸ਼ਹੀਦ ਊਧਮ ਸਿੰਘ ਕਿਤੇ ਲੰਗਰ ਵਿੱਚ ਸੇਵਾ ਕਰਦੇ ਅਤੇ ਕਿਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਸਕੱਤਰ ਨਾਲ ਵਿਚਾਰਾਂ ਕਰਦੇ। ਗੁਰਦੁਆਰਾ ਸਾਹਿਬ ਵਿਖੇ ਅਸੀਂ ਉਹ ਇਤਿਹਾਸਕ ਤਸਵੀਰ ਵੀ ਦੇਖੀ, ਜੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ 1937 ਵਿੱਚ ਗੁਰਦੁਆਰਾ ਸਾਹਿਬ ਦੀ ਸੰਗਤ ਨਾਲ ਉਧਮ ਸਿੰਘ ਨੇ ਫੋਟੋ ਖਿਚਵਾਈ ਸੀ। ਕੁਝ ਤਸਵੀਰਾਂ ਲੇਖ ਨਾਲ ਦਿੱਤੀਆਂ ਗਈਆਂ ਹਨ। ਇਤਿਹਾਸਿਕ ਦਸਤਾਵੇਜ਼ਾਂ ਅਨੁਸਾਰ ਸ਼ਹੀਦ ਊਧਮ ਸਿੰਘ ਨੇ ਜੇਲ੍ਹ ‘ਚੋਂ ਆਪਣੇ ਕਈ ਪੱਤਰਾਂ ਦੇ ਆਰੰਭ ਵਿੱਚ ਇਕ ਓਂਕਾਰ ਅਤੇ ਬਾਣੀ ਦੀਆਂ ਤੁਕਾਂ ਵੀ ਅੰਕਿਤ ਕੀਤੀਆਂ। ਜੇਲ੍ਹ ‘ਚੋਂ ਉਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੱਤਰ ਲਿਖਿਆ ਕਿ ਉਸ ਨੂੰ ਗੁਟਕਾ ਸਾਹਿਬ ਭੇਜੇ ਜਾਣ।
ਪੈਂਟਨਵਿਲੇ ਜੇਲ੍ਹ ਲੰਡਨ ‘ਚ ਊਧਮ ਸਿੰਘ ਨੂੰ ਫਾਂਸੀ ਮਗਰੋਂ ਦਫ਼ਨਾਏ ਜਾਣ ਦੀ ਸਚਾਈ :
ਬ੍ਰਿਟਿਸ਼ ਬਸਤੀਵਾਦ ਦੀ ਜੜ੍ਹ ਪੁੱਟਣ ਵਾਲੇ ਯੋਧੇ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਪੈਂਟਨਵਿਲੇ ਜੇਲ੍ਹ ਲੰਡਨ ਵਿਖੇ ਸਵੇਰੇ 9 ਵਜੇ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਲੰਡਨ ਦੇ ਸਿੱਖਾਂ ਦੀ ਬੇਨਤੀ ਦੇ ਬਾਵਜੂਦ ਬ੍ਰਿਟਿਸ਼ ਸਰਕਾਰ ਨੇ ਵੱਡੇ ਵਿਰੋਧ ਦੇ ਡਰੋਂ, ਊਧਮ ਸਿੰਘ ਦੀ ਦੇਹ ਅੰਤਿਮ ਸਸਕਾਰ ਲਈ ਸਿੱਖਾਂ ਦੇ ਸਪੁਰਦ ਨਹੀਂ ਕੀਤੀ ਗਈ, ਬਲਕਿ ਜੇਲ੍ਹ ਅੰਦਰ ਹੀ ਦਫਨਾ ਦਿੱਤੀ ਗਈ। ਲੰਮਾ ਅਰਸਾ ਮਗਰੋਂ 31 ਜੁਲਾਈ 1974 ਨੂੰ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆ ਕੇ, ਪੰਜਾਬ ਚ ਨਗਰ ਸੁਨਾਮ ਸਮੇਤ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਦਰਸ਼ਨ ਕਰਵਾਏ ਗਏ। ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ 6 ਤੋਂ 8 ਅਗਸਤ, 2026 ਨੂੰ ਸ਼ਹੀਦ ਊਧਮ ਸਿੰਘ ਸੁਸਾਇਟੀ ਆਫ਼ ਕੈਨੇਡਾ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਵਿਖੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ। 8 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ ਦੀਵਾਨਾਂ ‘ਚ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਵਿਚਾਰਾਂ ਹੋਣਗੀਆਂ ਅਤੇ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਿਲ ਹੋਣ ਲਈ ਸੱਦਾ ਹੈ। ਸ਼ਹੀਦ ਊਧਮ ਸਿੰਘ ਨੂੰ ਇਹ ‘ਕਾਵਿ-ਬੰਦ’ ਸਮਰਪਿਤ ਕਰ ਰਹੇ ਹਾਂ, ਜੋ ਮਹਾਨ ਯੋਧੇ ਵੱਲੋਂ ਲੰਡਨ ਦਾ ਕਿਲ੍ਹਾ ਢਾਹੁਣ ਦੀ ਗਵਾਹੀ ਭਰਦੇ ਹਨ ;
ਲੰਡਨ ਨੇ ਕੀਤੇ ਸਦਾ, ਹਮਲੇ ਤਾਬੜਤੋੜ।
ਲੰਡਨ ਜਾ ਕੇ ਸ਼ੇਰ ਨੇ, ਭਾਜੀ ਦਿੱਤੀ ਮੋੜ।






