Sep 12, 2026

ਸਰੀ ( ਹਰਦਮ ਮਾਨ)- ਬੀਤੇ ਦਿਨ ਸਰੀ ਨਾਰਥ ਤੋਂ ਕੰਸਰਵੇਟਿਵ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਵਲੋਂ ਨੌਜਵਾਨ ਟਰੱਕ ਡਰਾਈਵਰ ਮੋਤੀ ਜੌਹਲ ਵਲੋਂ ਭਾਰੀ ਟਰੈਫਿਕ ਵਾਲੇ ਇਲਾਕੇ ਵਿਚ ਇਕ ਬੱਚੇ ਦੀ ਜਾਨ ਬਚਾਉਣ ਲਈ ਵਿਖਾਈ ਗਈ ਬਹਾਦਰੀ ਅਤੇ ਮਾਨਵੀ ਸਪਿਰਟ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਸਾਡੇ ਸਮਾਜ ਨੂੰ ਮੋਤੀ ਜੌਹਲ ਵਰਗੇ ਸੰਵੇਦਨਸ਼ੀਲ ਨੌਜਵਾਨਾਂ ਦੀ ਲੋੜ ਹੈ ਜੋ ਆਪਣੀ ਜਾਨ ਜ਼ੋਖਮ ਵਿਚ ਪਾਕੇ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਵਲੋਂ ਵਿਖਾਏ ਜਾਂਦੇ ਹੌਸਲੇ ਅਤੇ ਸੇਵਾ ਭਾਵ ਨਾਲ ਹੀ ਇਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ। ਇਸ ਮੌਕ ਨੌਜਵਾਨ ਮੋਤੀ ਜੌਹਲ ਨੇ ਐਮ ਐਲ ਏ ਦਫਤਰ ਵਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਰੀ ਸ਼ਹਿਰ ਦੇ ਹਾਈਵੇ 10 ਅਤੇ 148 ਸਟਰੀਟ ਉਪਰ ਭਾਰੀ ਟਰੈਫਿਕ ਵਿਚ ਔਟਿਜ਼ਮ ਦਾ ਸ਼ਿਕਾਰ ਇਕ ਬੱਚਾ ਫਸ ਗਿਆ ਸੀ। ਅਜਿਹੇ ਮੌਕੇ ਦਲੇਰੀ ਤੇ ਸੂਝਬੂਝ ਵਿਖਾਉਂਦਿਆਂ ਮੋਤੀ ਜੌਹਲ ਨੇ ਬੱਚੇ ਨੂੰ ਟਰੈਫਿਕ ਚੋ ਸੁਰੱਖਿਅਤ ਬਾਹਰ ਕੱਢਿਆ ਸੀ।