Aug 21, 2026

ਸਰੀ ( ਕਾਹਲੋਂ) – ਸਰੀ ਸ਼ਹਿਰ ਨੂੰ ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ (IEDC) ਵੱਲੋਂ 2026 ਦੇ ਆਰਥਿਕ ਵਿਕਾਸ ਵਿੱਚ ਉੱਤਮਤਾ ਪੁਰਸਕਾਰਾਂ (Excellence in Economic Development Awards) ਵਿੱਚੋਂ ਦੋ ਪੁਰਸਕਾਰ ਪ੍ਰਾਪਤ ਹੋਏ ਹਨ। ਇਹ ਪੁਰਸਕਾਰ ਕਾਰੋਬਾਰੀ ਵਿਕਾਸ ਨੂੰ ਸਮਰਥਨ ਦੇਣ ਅਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸ਼ਹਿਰ ਦੀ ਅਗਵਾਈ ਅਤੇ ਮਾਣਯੋਗ ਭੂਮਿਕਾ ਨੂੰ ਮਾਨਤਾ ਦਿੰਦੇ ਹਨ।

ਸ਼ਹਿਰ ਨੂੰ ਇਨੋਵੇਸ਼ਨ ਬੂਲੇਵਾਰਡ (Innovation Boulevard) ਲਈ ਪੋਸਟ-ਸੈਕੰਡਰੀ ਐਜੂਕੇਸ਼ਨ ਪਾਰਟਨਰਸ਼ਿਪ (Postsecondary Education Partnership ) ਸ਼੍ਰੇਣੀ ਵਿੱਚ ਸਿਲਵਰ ਅਵਾਰਡ ਅਤੇ ਸਰੀ ਐਗਰੀਟੈਕ ਸਟ੍ਰੈਟਜੀ (Surrey Agritech Strategy  ) 2026  ਲਈ ਇਨੋਵੇਟਿਵ ਆਰਥਿਕ ਵਿਕਾਸ (Innovative Economic Development ) ਸ਼੍ਰੇਣੀ ਵਿੱਚ ਕਾਂਸੀ ਦਾ ਪੁਰਸਕਾਰ ਮਿਲਿਆ। ਸਿਟੀ ਨੂੰ 25 ਤੋਂ 28 ਅਕਤੂਬਰ, 2026 ਤੱਕ ਨਿਊ ਓਰਲੀਨਜ਼ ਵਿੱਚ ਆਈਈਡੀਸੀ (IEDC) 2026 ਦੀ ਸਾਲਾਨਾ ਕਾਨਫ਼ਰੰਸ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਨੂੰ ਬਹੁਤ ਮਾਣ ਹੈ ਕਿ ਸਰੀ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲ ਰਹੀ ਹੈ। ਇਨ੍ਹਾਂ ਪਹਿਲਕਦਮੀਆਂ ਦੇ ਪਿੱਛੇ ਸਥਾਨਕ ਉੱਦਮੀ, ਕਿਸਾਨ ਅਤੇ ਭਾਈਵਾਲ ਹਨ, ਜੋ ਸਾਡੇ ਭਾਈਚਾਰੇ ਲਈ ਨਵੇਂ ਮੌਕੇ ਅਤੇ  ਹੋਰ ਮਜ਼ਬੂਤ ਭਵਿੱਖ ਬਣਾਉਣ ਵਿੱਚ  ਯੋਗਦਾਨ ਪਾ ਰਹੇ ਹਨ।”

ਇਨੋਵੇਸ਼ਨ ਬੂਲੇਵਾਰਡ (Innovation Boulevard), ਸਿਟੀ ਆਫ਼ ਸਰੀ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ (SFU) ਦੇ ਵਿਚਕਾਰ ਇੱਕ ਅਜਿਹੀ ਸਾਂਝੀ ਭਾਈਵਾਲੀ, ਜੋ ਕਾਰੋਬਾਰਾਂ ਨੂੰ ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਵਿਸਥਾਰ ਕਰਨ ਵਿੱਚ ਸਹਾਇਤਾ ਕਰਦੀ ਹੈ। 2025 ਤੋਂ ਲੈ ਕੇ ਹੁਣ ਤੱਕ, ਇਸ ਉਪਰਾਲੇ ਨੇ ਟਰੇਨਿੰਗ, ਉਦਯੋਗਿਕ ਸਮਾਗਮਾਂ ਅਤੇ ਵੱਖ-ਵੱਖ ਪ੍ਰੋਜੈਕਟਾਂ ਰਾਹੀਂ 250 ਤੋਂ ਵੱਧ ਕਾਰੋਬਾਰਾਂ ਦੀ ਸਹਾਇਤਾ ਕੀਤੀ ਹੈ।

ਇਸ ਸਾਲ ਸ਼ੁਰੂ ਕੀਤੀ ਗਈ ਸਰੀ ਐਗਰੀਟੈਕ ਰਣਨੀਤੀ ( Surrey Agritech Strategy ) ਦਾ ਕੇਂਦਰ ਨਵੀਨਤਾ, ਸਹਿਯੋਗ ਅਤੇ ਵਿਹਾਰਕ ਤਕਨਾਲੋਜੀ ਹੱਲਾਂ ’ਤੇ ਅਧਾਰਤ ਹੈ, ਤਾਂ ਜੋ ਸਥਾਨਕ ਕਿਸਾਨ ਅਤੇ ਉਤਪਾਦਕ ਆਪਣੀ ਉਤਪਾਦਕਤਾ ਅਤੇ ਮਜ਼ਬੂਤੀ ਨੂੰ ਕਾਇਮ ਰੱਖ ਸਕਣ। ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ ਦੇ ਪ੍ਰਧਾਨ ਅਤੇ ਸੀਈਓ ਨੇਥਨ ਓਹਲੇ ਨੇ ਕਿਹਾ, “ਸਿਟੀ ਆਫ਼ ਸਰੀ ਆਪਣੀਆਂ ਇਨੋਵੇਸ਼ਨ ਬੂਲੇਵਾਰਡ ਅਤੇ ਸਰੀ ਐਗਰੀਟੈਕ ਸਟ੍ਰੈਟਜੀ ਪਹਿਲਕਦਮੀਆਂ ਰਾਹੀਂ ਆਰਥਿਕ ਵਿਕਾਸ ਵਿੱਚ ਉੱਤਮਤਾ ਦਾ ਮਾਰਗਦਰਸ਼ਨ ਕਰ ਰਿਹਾ ਹੈ।  ਇਹ ਪੁਰਸਕਾਰ ਸਰੀ ਦੀ ਆਪਣੇ ਭਾਈਚਾਰੇ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ ਅਤੇ ਆਰਥਿਕ ਵਿਕਾਸ ਦੇ ਮਹੱਤਵਪੂਰਨ ਪ੍ਰਭਾਵ ਨੂੰ ਦਰਸਾਉਂਦੇ ਹਨ। IEDC ਨੂੰ ਸਰੀ ਦੀ ਲੀਡਰਸ਼ਿਪ ਅਤੇ ਨਵੀਨਤਾ ਦਾ ਸਨਮਾਨ ਕਰਨ ਲਈ ਇਹ ਪੁਰਸਕਾਰ ਸ਼ਹਿਰ ਨੂੰ ਪ੍ਰਦਾਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।”

ਬਿਜ਼ਨਸ ਅਤੇ ਗਵਰਨਮੈਂਟ ਰਿਲੇਸ਼ਨਜ਼ ਦੇ ਡਾਇਰੈਕਟਰ ਟਾਈਲਰ ਵੈਸਟਓਵਰ ਨੇ ਕਿਹਾ, “ਇਹ ਪਹਿਲਕਦਮੀਆਂ ਮਜ਼ਬੂਤ ਭਾਈਵਾਲੀਆਂ ਅਤੇ ਸਰੀ ਦੇ ਕਾਰੋਬਾਰਾਂ ਅਤੇ ਉਤਪਾਦਕਾਂ ਲਈ ਵਿਹਾਰਕ ਸਹਾਇਤਾ ’ਤੇ ਆਧਾਰਿਤ ਹਨ। ਉਦਯੋਗ ਨੂੰ ਸਰੋਤਾਂ, ਮਾਹਿਰਾਂ ਅਤੇ ਤਕਨਾਲੋਜੀ ਨਾਲ ਜੋੜ ਕੇ, ਅਸੀਂ ਸਰੀ ਭਰ ਵਿੱਚ ਲੰਬੇ ਸਮੇਂ ਦੇ ਆਰਥਿਕ ਵਿਕਾਸ ਲਈ ਲੋੜੀਂਦੀਆਂ ਸਥਿਤੀਆਂ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਾਂ।”

ਇਨੋਵੇਸ਼ਨ ਬੂਲੇਵਾਰਡ ਅਤੇ ਐਗਰੀਟੈਕ ਸਟ੍ਰੈਟਜੀ ਬਾਰੇ ਹੋਰ ਜਾਣਕਾਰੀ ਲਈ ਸਿਟੀ ਆਫ਼ ਸਰੀ ਦੀ ਵੈੱਬਸਾਈਟ ‘ਤੇ ਜਾਓ।

Leave a Reply

Your email address will not be published. Required fields are marked *