Oct 3, 2026

ਪ੍ਰੋ. ਕੁਲਬੀਰ ਸਿੰਘ-

ਡਾ. ਨਰਿੰਦਰ ਸਿੰਘ ਕਪੂਰ ਯੂਨੀਵਰਸਿਟੀ ਅਧਿਆਪਕ ਸਨ। ਲੇਖਕ ਹਨ। ਫਿਲਾਸਫ਼ਰ ਹਨ।

ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 1979-80 ਵਿਚ ਉਨ੍ਹਾਂ ਤੋਂ ਪੜ੍ਹਿਆ ਹਾਂ। ਜਦ ਉਹ ਪੜ੍ਹਾਉਂਦੇ ਹੋਏ ਵਿਸ਼ੇ ਤੋਂ ਬਾਹਰ ਚਲੇ ਜਾਂਦੇ ਸਨ ਤਾਂ ਮਜ਼ਾ ਆ ਜਾਂਦਾ ਸੀ। ਸਿਲੇਬਸ ਤਾਂ ਸਾਰੇ ਪ੍ਰੋਫੈਸਰ ਪੜਾ-ਮੁਕਾ ਦਿੰਦੇ ਹਨ ਪਰ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਜ਼ਿੰਦਗੀ ਭਰ ਰਾਹ-ਦਸੇਰਾ ਬਣੀਆਂ ਰਹਿੰਦੀਆਂ ਹਨ।

ਇਹੀ ਕੰਮ ਉਨ੍ਹਾਂ ਦੀਆਂ ਟੀ.ਵੀ. ਮੁਲਾਕਾਤਾਂ, ਉਨ੍ਹਾਂ ਦੀਆਂ ਵੀਡੀਓ ਕਰ ਰਹੀਆਂ ਹਨ।

ਉਨ੍ਹਾਂ ਨੇ ਐਮ.ਏ.ਅੰਗਰੇਜ਼ੀ, ਐਮ.ਏ ਪੰਜਾਬੀ, ਐਮ.ਏ. ਫਿਲਾਸਫ਼ੀ ਕਰਨ ਦੇ ਨਾਲ-ਨਾਲ ਫਰੈਂਚ ਵਿਚ ਡਿਪਲੋਮਾ, ਪੱਤਰਕਾਰੀ ਵਿਚ ਡਿਗਰੀ, ਐਲ.ਐਲ.ਬੀ. ਅਤੇ ਪੰਜਾਬੀ ਪੱਤਰਕਾਰੀ ਵਿਚ ਪੀ.ਐਚ.ਡੀ. ਕੀਤੀ ਹੋਈ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਖ-ਵੱਖ ਵਿਭਾਗਾਂ ਵਿਚ ਉੱਚ-ਅਹੁਦਿਆਂ ’ਤੇ ਰਹੇ। ਉਨ੍ਹਾਂ ਡਾਇਰੈਕਟਰ ਅਤੇ ਡੀਨ ਵਜੋਂ ਵੀ ਸੇਵਾਵਾਂ ਨਿਭਾਈਆਂ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦਾ ਭਰਮਣ ਕਰਕੇ ਆਪਣੇ ਗਿਆਨ, ਆਪਣੇ ਜੀਵਨ-ਤਜ਼ਰਬੇ ਨੂੰ ਹੋਰ ਗੂੜ੍ਹ ਕੀਤਾ।

ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ ਬੇਹੱਣ ਚਰਚਿਤ ਹਨ। ਕਿਤਾਬਾਂ ਦੀ ਲੰਮੀ ਸੂਚੀ ਹੈ। ਉਹ ਅਖ਼ਬਾਰਾਂ ਵਿਚ ਲਗਾਤਾਰ ਛਪਣ ਵਾਲੇ ਲੇਖਕ ਹਨ ਅਤੇ ਪਾਠਕ ਚਾਹ ਕੇ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਹਨ। ਉਨ੍ਹਾਂ ਦੀਆਂ ਟੀ.ਵੀ. ਮੁਲਾਕਾਤਾਂ ਅਤੇ ਵੀਡੀਓ ਦੇ ਵਿਸ਼ੇ ਅਜਿਹੇ ਹੁੰਦੇ ਹਨ ਕਿ ਦਰਸ਼ਕ ਆਪ ਮੁਹਾਰੇ ਸੁਣਨ ਲੱਗਦੇ ਹਨ। ਉਹ ਵਧੇਰੇ ਕਰਕੇ ਪਰਿਵਾਰਕ ਸਮਾਜਕ ਕਦਰਾਂ-ਕੀਮਤਾਂ ਅਤੇ ਜੀਵਨ ਤਜ਼ਰਬਿਆਂ ਦੀ ਗੱਲ ਕਰਦੇ ਹਨ। ਗੱਲ ਏਨੀ ਸਟੀਕ, ਸੰਖੇਪ, ਵਿਸ਼ੇ ਅਨੁਕੂਲ ਅਤੇ ਨੁਕਤੇ ਦੀ ਹੁੰਦੀ ਹੈ ਕਿ ਸਿੱਧੀ ਮਨ ‘ਤੇ, ਦਿਲ ‘ਤੇ ਅਸਰ ਕਰਦੀ ਹੈ।

ਉਨ੍ਹਾਂ ਨਾਲ ਵੱਖ-ਵੱਖ ਵਿਸ਼ਿਆਂ ’ਤੇ ਵਧੇਰੇ ਟੀ.ਵੀ. ਮੁਲਾਕਾਤਾਂ ਰੁਪਿੰਦਰ ਕੌਰ ਸੰਧੂ ਨੇ ਕੀਤੀਆਂ ਹਨ। ਗੱਲਬਾਤ ਦੇ ਵਿਸ਼ੇ ਬੜੇ ਦਿਲਚਸਪ, ਬੜੇ ਆਕਰਸ਼ਕ ਹੁੰਦੇ ਹਨ ਅਤੇ ਗੱਲਾਂ ਚੋਂ ਅੱਗੇ ਰੌਚਿਕ ਗੱਲਾਂ ਨਿਕਲਦੀਆਂ ਆਉਂਦੀਆਂ ਹਨ। ਉਦਾਹਰਨ ਵਜੋਂ ਇੰਝ ਕਰੀਏ ਪੈਸੇ ਦੀ ਬੱਚਤ, ਅਮੀਰ ਕਿਵੇਂ ਬਣਿਆ ਜਾ ਸਕਦਾ, ਮਾਵਾਂ ਕੋਲ ਆਪਣੀਆਂ ਧੀਆਂ ਨੂੰ ਸਿਖਾਉਣ ਲਈ ਕੁਝ ਵੀ ਨਹੀਂ, ਮਿਹਨਤ ਨਹੀਂ ਆਦਤਾਂ ਹੀ ਅੱਗੇ ਵਧਾਉਂਦੀਆਂ ਨੇ, ਸਿਕੰਦਰ ਦੁਨੀਆਂ ਜਿੱਤ ਕੇ ਮਲੇਰੀਏ ਨਾਲ ਮਰ ਗਿਆ, ਆਓ ਚੜ੍ਹਦੀ ਕਲਾ ਵਿਚ ਰਹਿਣ ਦੇ ਗੁਣ ਸਿੱਖਿਏ, ਨਾ ਘੁੰਮਣ ਦੇ ਨੁਕਸਾਨ ਸੁਣੋ, ਆਦਮੀ ਵਿਚ ਈਗੋ ਅਤੇ ਔਰਤ ਵਿਚ ਸਮਝੌਤੇ ਦੀ ਬਿਰਤੀ ਵਧੇਰੇ ਹੁੰਦੀ, ਅਸੀਂ ਬੰਦਿਆਂ ਵਾਂਗ ਵਿਹਾਰ ਕੇਵਲ ਧਾਰਮਿਕ ਸਥਾਨਾਂ ‘ਤੇ ਕਰਦੇ ਹਾਂ, ਧੰਨਵਾਦ ਅਤੇ ਮੁਆਫ਼ੀ ਸਭ ਤੋਂ ਮਹਿੰਗੇ ਗਹਿਣੇ, ਤੁਸੀਂ ਉਦਾਸ ਕਿਉਂ ਹੋ, ਔਰਤਾਂ ਜ਼ਿਆਦਾ ਗੱਲਾਂ ਕਿਉਂ ਕਰਦੀਆਂ ਹਨ, ਜ਼ਿੰਦਗੀ ਵਿਚ ਦਿਖਾਵਾ ਕਿਸ ਨੂੰ ਕਿਹਾ ਜਾਂਦਾ ਹੈ, ਨੌਕਰੀ ਜਾਂ ਬਿਜ਼ਨਸ ਕੀ ਚੁਣੀਏ, ਇਹ ਸੱਤ ਚੀਜ਼ਾਂ ਜੋ ਤੁਹਾਨੂੰ ਕਰਨਗੀਆਂ ਦੁਨੀਆਂ ਤੋਂ ਅਲੱਗ, ਤਿੰਨ ਚੀਜ਼ਾਂ ਜੋ ਬਹੁਤ ਜ਼ਰੂਰੀ ਨੇ ਅੱਜ ਦੇ ਸਮੇਂ ਵਿਚ, ਇਹ ਹੁੰਦੇ ਨੇ ਹੇਰਾਫੇਰੀ ਦੇ ਨਤੀਜੇ, ਬੱਚਿਆਂ ਨੂੰ ਪਾਲਣ ਦਾ ਸਹੀ ਤਰੀਕਾ, ਮਾਪਿਆਂ ਨੂੰ ਖੁਸ਼ ਰੱਖਣਾ ਸਿੱਖੋ, ਇਕ ਅਧਿਆਪਕ ਨੂੰ ਕਿਵੇਂ ਦਾ ਹੋਣਾ ਚਾਹੀਦਾ, ਕਿਹੜੇ ਬੱਚੇ ਕਾਮਯਾਬ ਹੁੰਦੇ ਹਨ, ਮਿਹਨਤ ਅਤੇ ਕੰਮ ਵਿਚ ਕੀ ਅੰਤਰ ਹੈ, ਪੈਸਾ ਸਿਰਫ਼ ਦੋ ਕਿਸਮ ਦੇ ਬੰਦਿਆਂ ਕੋਲ ਰਹਿੰਦਾ, ਮੇਰਾ ਇਕ ਦਿਨ ਹੀ 28 ਘੰਟਿਆਂ ਦਾ ਹੁੰਦਾ ਹੈ, ਚੰਗੀ ਆਦਤ ਬਦਲ ਦਿੰਦੀ ਹੈ ਤੁਹਾਡੀ ਜ਼ਿੰਦਗੀ। ਇਹ ਅਤੇ ਅਜਿਹੇ ਹੋਰ ਸੈਂਕੜੇ ਵਿਸ਼ਿਆਂ ਸੰਬੰਧੀ ਉਹ ਬੜੀ ਸਟੀਕ, ਬੜੀ ਸਾਰਥਕ ਗੱਲ ਕਰਦੇ ਹਨ।

ਇਕ ਥਾਂ ਉਹ ਕਹਿੰਦੇ ਹਨ ਸਾਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ। ਅਸੀਂ ਗੱਲਾਂ ਨਹੀਂ ਕਰਦੇ, ਗੱਪਾਂ ਮਾਰਦੇ ਹਾਂ। ਗੱਲਾਂ ਕਰਨ ਦੇ ਮਾਮਲੇ ਵਿਚ ਅਸੀਂ ਅਜੇ ਕਬਾੜੀਏ ਬਜ਼ਾਰ ਵਿਚ ਹੀ ਘੁੰਮ ਰਹੇ ਹਾਂ।

ਉਨ੍ਹਾਂ ਦਾ ਮੰਨਣਾ ਹੈ ਕਿ ਦਿਮਾਗ ਨੂੰ ਸਾਕਾਰਤਮਕ ਰੱਖ ਕੇ ਅਸੀਂ ਆਪਣਾ ਜੀਵਨ ਬਦਲ ਸਕਦੇ ਹਾਂ। ਪਰੰਤੂ ਅਸੀਂ ਕੁਦਰਤ ਦੇ ਵਿਰੁੱਧ ਹੋ ਕੇ ਜੀਅ ਰਹੇ ਹਾਂ। ਖਾਣ-ਪੀਣ, ਰਹਿਣ-ਸਹਿਣ ਬਦਲ ਕੇ, ਕੁਦਰਤ ਨਾਲ ਇਕਸੁਰ ਹੋ ਕੇ ਹੀ ਹਾਂ-ਪੱਖੀ ਹੋ ਸਕਦੇ ਹਾਂ।

ਉਨ੍ਹਾਂ ਕੋਲ ਜ਼ਿੰਦਗੀ ਦਾ ਫਲਸਫ਼ਾ ਅਤੇ ਗਹਿਰੀ ਸੋਚ ਹੈ। ਉਹ ਸਰਲ ਭਾਸ਼ਾ ਵਿਚ ਵੱਡੀਆਂ ਗੱਲਾਂ ਕਰਦੇ ਹਨ। ਗੁੰਝਲਦਾਰ ਮਨੋਵਿਗਿਆਨਕ ਅਤੇ ਸਮਾਜਕ ਵਿਸ਼ਿਆਂ ਨੂੰ ਬਹੁਤ ਸਰਲ ਸ਼ਬਦਾਂ ਵਿਚ ਸਮਝਾ ਜਾਂਦੇ ਹਨ।

ਉਨ੍ਹਾਂ ਦੀਆਂ ਗੱਲਾਂ ਸੱਚਾਈ ਦੇ ਨੇੜੇ ਹੁੰਦੀਆਂ ਹਨ। ਪਰਿਵਾਰਕ ਰਿਸ਼ਤਿਆਂ, ਪੈਸੇ ਦੇ ਮਹੱਤਵ ਅਤੇ ਮਨੁੱਖੀ ਸੁਭਾਅ ਸੰਬੰਧੀ ਉਨ੍ਹਾਂ ਦੇ ਵਿਚਾਰ ਜ਼ਿੰਦਗੀ ਦੀ ਹਕੀਕਤ ਨੂੰ ਪੇਸ਼ ਕਰਦੇ ਹਨ।

ਉਨ੍ਹਾਂ ਦੇ ਵਿਚਾਰ ਮਾਰਗ-ਦਰਸ਼ਕ ਵਾਲੀ ਭੂਮਿਕਾ ਨਿਭਾਉਂਦੇ ਹਨ। ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੁੰਦੇ ਹਨ। ਡਾ. ਨਰਿੰਦਰ ਸਿੰਘ ਕਪੂਰ ਦੀਆਂ ਵੀਡੀਓ ਸੁਣ ਕੇ ਨੌਜਵਾਨਾਂ ਨੂੰ ਜਿਊਣ ਦੀ ਨਵੀਂ ਉਮੀਦ ਅਤੇ ਸਹੀ ਦਿਸ਼ਾ ਮਿਲਦੀ ਹੈ। ਉਨ੍ਹਾਂ ਦੇ ਦੇ ਵਿਚਾਰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਦੀਆਂ ਵੀਡੀਓ ਕੇਵਲ ਇਕ ਵਾਰ ਸੁਣਨ ਲਈ ਨਹੀਂ, ਸਗੋਂ ਵਾਰ ਵਾਰ ਸੁਣ ਕੇ ਜੀਵਨ ਵਿਚ ਉਤਾਰਨ ਵਾਲੀਆਂ ਹੁੰਦੀਆਂ ਹਨ। ਉਹ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ।

ਉਨ੍ਹਾਂ ਦੇ ਵਿਚਾਰ ਪੰਜਾਬੀ ਸਾਹਿਤ ਦਾ ਅਨਮੋਲ ਖ਼ਜ਼ਾਨਾ ਹਨ। ਉਹ ਕਹਿੰਦੇ ਹਨ ਠੀਕ ਢੰਗ ਨਾਲ ਜਿਊਣ ਵਾਲੇ ਹੀ ਤਰੱਕੀ ਕਰਦੇ ਹਨ। ਕਿਸੇ ਨਾਲ ਈਰਖਾ ਕਰਨ ਵਾਲਾ ਤਰੱਕੀ ਨਹੀਂ ਕਰ ਸਕਦਾ। ਪਹਿਰਾਵਾ ਤੁਹਾਡੇ ਨਾਂ ਨਾਲ ਜੀ ਲਵਾ ਸਕਦਾ ਹੈ। ਸਿਆਣਪ ਨਾਲ ਮਨੁੱਖ ਸੌ ਸਾਲ ਤੱਕ ਵੀ ਜਿਊ ਸਕਦਾ ਹੈ।

ਅਜਿਹੇ ਵਿਚਾਰਾਂ ਦੇ ਧਾਰਨੀ ਡਾ. ਨਰਿੰਦਰ ਸਿੰਘ ਕਪੂਰ ਲਈ ਉਨ੍ਹਾਂ ਦੇ ਪਾਠਕ ਅਤੇ ਦਰਸ਼ਕ ਦੁਆਵਾਂ ਕਰਦੇ ਹਨ ਕਿ ਉਹ ਲੰਮੀ ਉਮਰ ਬਤੀਤ ਕਰਨ ਅਤੇ ਇਸ ਤਰ੍ਹਾਂ ਸਮਾਜ ਨੂੰ ਸੇਧ ਦਿੰਦੇ ਰਹਿਣ।

Leave a Reply

Your email address will not be published. Required fields are marked *

error: Content is protected !!