ਸੁਖਵਿੰਦਰ ਸਿੰਘ ਚੋਹਲਾ–
ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕੈਨੇਡਾ ਪ੍ਰਤੀ ਵੈਰ ਭਾਵਨਾ ਵਾਲਾ ਵਿਵਹਾਰ, ਲਗਾਤਾਰ ਗੁਸੈਲੀ ਬਿਆਨਬਾਜੀ ਅਤੇ ਕੈਨੇਡੀਅਨ ਵਸਤਾਂ ਉਪਰ ਭਾਰੀ ਟੈਰਿਫ ਲਗਾਉਣ ਜਾਂ ਕੈਨੇਡੀਅਨ ਵਸਤਾਂ ਨੂੰ ਆਯਾਤ ਸੂਚੀ ਵਿਚੋਂ ਹਟਾਉਣ ਦੇ ਹੁਕਮਾਂ ਕਾਰਣ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਜੰਗ ਕਾਰਣ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਵਿਚ ਅਜੀਬ ਜਿਹੀ ਕੁੜੱਤਣ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਦਿਨੀਂ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਉਪਰੰਤ ਅਮਰੀਕੀ ਧਮਕੀਆਂ ਅੱਗੇ ਕੈਨੇਡਾ ਨੂੰ ਆਪਣੀ ਹੋਂਦ ਅਤੇ ਪ੍ਰਭੂਸੱਤਾ ਨੂੰ ਬਚਾਈ ਰੱਖਣ ਦੀਆਂ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਹਨ। ਗਵਾਂਢੀ ਮੁਲਕਾਂ ਅਮਰੀਕਾ ਉਪਰ ਹੁਣ ਤੱਕ ਨਿਰਭਰ ਰਹਿਣ ਵਾਲਾ ਕੈਨੇਡਾ ਕਰੇ ਤਾਂ ਕੀ ਕਰੇ। ਪ੍ਰਧਾਨ ਮੰਤਰੀ ਕਾਰਨੀ ਵਲੋਂ ਅਮਰੀਕੀ ਧਮਕੀਆਂ ਅੱਗੇ ਨਾ ਝੁਕਣ ਅਤੇ ਕੈਨੇਡੀਅਨ ਪ੍ਰਭੂਸੱਤਾ ਅਤੇ ਸਨਮਾਨ ਦੀ ਰਾਖੀ ਲਈ ਯੂਰਪ ਅਤੇ ਹੋਰ ਮੁਲਕਾਂ ਨਾਲ ਵਪਾਰਕ ਸਬੰਧਾਂ ਦੀ ਮਜ਼ਬੂਤੀ ਨੂੰ ਤਰਜੀਹ ਦਿੰਦਿਆਂ ਅਮਰੀਕਾ ਦਾ ਵਿਕਲਪ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਨਵੇਂ ਵਪਾਰਕ ਭਾਈਵਾਲ ਵਜੋਂ ਯੂਰਪੀਨ ਯੂਨੀਅਨ ਨਾਲ ਮਜ਼ਬੂਤ ਸਬੰਧਾਂ ਦੀ ਨਵੀਂ ਇਬਾਰਤ ਲਿਖਣ ਦੀ ਸ਼ੁਰੂਆਤ ਕੀਤੀ ਹੈ। ਯੂਰਪੀਨ ਯੂਨੀਅਨ ਦੀ ਪ੍ਰਧਾਨ ਨੇ ਕੈਨੇਡਾ ਨੂੰ ਸੰਘ ਦਾ ਨਵਾਂ ਐਸੋਸੀਏਟ ਮੈਂਬਰ ਬਣਾਉਣ ਦੀ ਤਜਵੀਜ਼ ਸਾਹਮਣੇ ਆਉਣ ਦੇ ਦਰਮਿਆਨ ਜਿਥੇ ਇਕ ਪਾਸੇ ਅਮਰੀਕੀ ਰਾਸ਼ਟਰਪਤੀ ਧਮਕੀਆਂ ਦੇ ਰਹੇ ਹਨ ਉਥੇ ਆਰਥਿਕ ਮਾਹਿਰ ਇਹ ਵਿਸ਼ਲੇਸ਼ਣ ਕਰਨ ਵਿਚ ਰੁੱਝੇ ਹੋਏ ਹਨ ਕਿ ਕੈਨੇਡਾ ਨੂੰ ਯੂਰਪੀਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦਾ ਕਿੰਨਾ ਕੁ ਲਾਭ ਮਿਲ ਸਕੇਗਾ ਜਾਂ ਕੀ ਇਹ ਮੈਂਬਰਸ਼ਿਪ ਅਮਰੀਕੀ ਨਿਰਭਰਤਾ ਦਾ ਕੋਈ ਬਦਲ ਹੈ ਜਾਂ ਨਹੀ। ਪ੍ਰਸਿੱਧ ਅਖਬਾਰ ਦਾ ਗਲੋਬ ਐਂਡ ਮੇਲ ਵਲੋਂ ਇਸ ਮੁੱਦੇ ਤੇ ਸੰਪਾਦਕੀ ਰਾਇ ਇਸ ਪ੍ਰਕਾਰ ਪ੍ਰਗਟਾਈ ਗਈ ਹੈ-
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਯੂਰਪੀਨ ਯੂਨੀਅਨ (EU) ਅੱਗੇ ਇਹ ਪੱਖ ਰੱਖਿਆ ਕਿ ਉਸਨੂੰ ਕੈਨੇਡਾ ਨਾਲ ਇੱਕ ਮਜ਼ਬੂਤ ਭਾਈਵਾਲੀ ਕਾਇਮ ਕਰਨੀ ਚਾਹੀਦੀ ਹੈ। ਜਦੋਂਕਿ ਤੱਥ ਇਹ ਹਨ ਕਿ ਯੂਰਪੀਨ ਯੂਨੀਅਨ ਨਾਲ ਕੈਨੇਡਾ ਦੇ ਵਪਾਰਕ ਸਮਝੌਤੇ ‘ਤੇ ਦਸਤਖਤ ਹੋਣ ਦੇ ਲਗਭਗ ਇੱਕ ਦਹਾਕੇ ਬਾਅਦ ਵੀ ਇਸਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ। ਇਹ ਦਰਸਾਉਂਦਾ ਹੈ ਕਿ ਚੰਗੇ ਇਰਾਦਿਆਂ ਦੇ ਬਾਵਜੂਦ, ਸਬੰਧਾਂ ਨੂੰ ਵਧਾਉਣਾ ਇਤਨਾ ਆਸਾਨ ਨਹੀਂ ਹੈ। ਕੈਨੇਡਾ-ਯੂਰਪੀਨ ਯੂਨੀਅਨ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤਾ (CETA) 2017 ਵਿੱਚ ਅਸਥਾਈ ਤੌਰ ‘ਤੇ ਲਾਗੂ ਹੋਇਆ ਸੀ, ਜਿਸ ਨਾਲ ਕੈਨੇਡਾ ਅਤੇ ਸੰਘ ਵਿਚਾਲੇ ਜ਼ੀਰੋ ਜਾਂ ਘੱਟ-ਟੈਕਸ ਵਾਲਾ ਵਪਾਰ ਸ਼ੁਰੂ ਹੋਇਆ ਅਤੇ ਵੱਖ-ਵੱਖ ਵਪਾਰਕ ਰੁਕਾਵਟਾਂ ਖਤਮ ਹੋਈਆਂ। ਹਾਲਾਂਕਿ ਯੂਰਪੀਨ ਸੰਘ ਦੇ 27 ਮੈਂਬਰ ਦੇਸ਼ਾਂ ਵਿੱਚੋਂ 10 ਨੇ ਅਜੇ ਤੱਕ ਇਸ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਫਰਾਂਸ, ਇਟਲੀ, ਪੋਲੈਂਡ ਅਤੇ ਹੋਰ ਦੇਸ਼ਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਸਿਆਸੀ ਪਾਰਟੀਆਂ ਨੇ ਖੇਤੀਬਾੜੀ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਾਵਾਂ ਪ੍ਰਗਟਾਈਆਂ ਅਤੇ ਖਦਸ਼ਾ ਜਤਾਇਆ ਕਿ ਨਿਵੇਸ਼ਕ-ਰਾਜ ਵਿਵਾਦ ਨਿਪਟਾਰਾ ਪ੍ਰਬੰਧ ਰਾਸ਼ਟਰੀ ਸਰਕਾਰਾਂ ਦੀ ਤਾਕਤ ਨੂੰ ਘਟਾ ਦੇਵੇਗਾ । ਨਤੀਜੇ ਵਜੋਂ, ਕੈਨੇਡਾ ਅਤੇ ਸੰਘ ਵਿਚਕਾਰ ਇਹ ਨਿਵੇਸ਼ ਪ੍ਰਬੰਧ ਅਜੇ ਤੱਕ ਲਾਗੂ ਨਹੀਂ ਹੋ ਸਕੇ।ਵਿਵਾਦਾਂ ਦੇ ਨਿਪਟਾਰੇ ਲਈ ਸਪੱਸ਼ਟ ਪ੍ਰਣਾਲੀ ਦੀ ਘਾਟ ਕੰਪਨੀਆਂ ਲਈ ਜੋਖਮ ਪੈਦਾ ਕਰਦੀ ਹੈ ਅਤੇ ਇਸਨੇ ਦੁਵੱਲੇ ਨਿਵੇਸ਼ ਦੀ ਰਫ਼ਤਾਰ ਨੂੰ ਮੱਠਾ ਕੀਤਾ ਹੈ। ਕੈਨੇਡੀਅਨ ਕੰਪਨੀਆਂ ਲਈ ਯੂਰਪੀਨ ਯੂਨੀਅਨ ਵਿੱਚ ਨਿਵੇਸ਼ ਕਰਨ ਲਈ ਵਧੇਰੇ ਸਹਿਜ ਮਹਿਸੂਸ ਕਰਨ ਅਤੇ ਯੂਰਪੀਅਨਾਂ ਵੱਲੋਂ ਕੈਨੇਡਾ ਦੇ ਮਾਈਨਿੰਗ, ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਵਧੇਰੇ ਪੂੰਜੀ ਲਗਾਉਣ ਲਈ, ਇਸਦੀ ਪੂਰੀ ਪੁਸ਼ਟੀ ਹੋਣੀ ਜ਼ਰੂਰੀ ਹੈ।
ਕੈਨੇਡਾ ਅਤੇ ਯੂਰਪੀਨ ਯੂਨੀਅਨ ਵਿਚਕਾਰ ਇੱਕ ਹੋਰ ਸਮਝੌਤਾ, ‘ਰਣਨੀਤਕ ਭਾਈਵਾਲੀ ਸਮਝੌਤਾ’ (Strategic Partnership Agreement), ਜੋ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਹੋਰ ਮੁੱਦਿਆਂ ‘ਤੇ ਕੇਂਦਰਿਤ ਹੈ, ਦੀ ਵੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ। ਉਮੀਦ ਹੈ ਕਿ ਪ੍ਰਧਾਨ ਮਤੰਰੀ ਕਾਰਨੀ ਵੱਲੋਂ ਨੇੜਲੇ ਸਬੰਧਾਂ ਲਈ ਕੀਤੀ ਜਾ ਰਹੀ ਪਹਿਲਕਦਮੀ ਦੋਵਾਂ ਸਮਝੌਤਿਆਂ ਦੀ ਮੁਕੰਮਲ ਪੁਸ਼ਟੀ ਲਈ ਰਾਹ ਪੱਧਰਾ ਕਰੇਗੀ। ਜੇਕਰ ਕੈਨੇਡਾ ਯੂਰਪੀਨ ਸੰਘ ਦੇ ਮੰਚ ਵਿੱਚ ਸ਼ਾਮਲ ਹੁੰਦਾ ਵੀ ਹੈ, ਤਾਂ ਇਹ ਸਿਰਫ਼ ‘ਉਪਰਲੀ ਬਾਲਕੋਨੀ’ ਵਿਚ ਬੈਠਣ ਵਾਂਗ ਹੀ ਹੀ ਹੋਵੇਗਾ।
ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਦੁਆਰਾ ਬਲਾਕ ਅਤੇ ਕੈਨੇਡਾ ਵਿਚਕਾਰ ਸੰਭਾਵੀ ਨਵੇਂ ਸਬੰਧਾਂ ਦਾ ਵਰਣਨ ਕਰਨ ਲਈ ਵਰਤਿਆ ਗਿਆ ਸ਼ਬਦ – “ਐਸੋਸੀਏਟ ਮੈਂਬਰਸ਼ਿਪ” (associate membership) – ਭਾਵੇਂ ਇੱਕ ਸੰਭਾਵੀ ਮਿਲਣ ਵਾਲੇ ਲਾਭਾਂ ਵਿੱਚ ਨੌਜਵਾਨ ਕੈਨੇਡੀਅਨਾਂ ਲਈ ਵਿਦੇਸ਼ਾਂ ਵਿੱਚ ਕੰਮ ਕਰਨ ਅਤੇ ਪੜ੍ਹਾਈ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰ ਸਕਦਾ ਹੈ ਪਰ ਇਹ ਕਿ ਯੂਰਪ ਦੇ ਮੰਨੇ-ਪ੍ਰਮੰਨੇ ‘ਇਰਾਸਮਸ+’ (Erasmus+) ਐਕਸਚੇਂਜ ਪ੍ਰੋਗਰਾਮਾਂ ਤੱਕ ਹੀ ਸੀਮਤ ਹੋਵੇਗਾ।
ਇੱਕ ਸੰਭਾਵੀ ਸਮਝੌਤੇ ਦੇ ਪ੍ਰਭਾਵ ਮੁੱਖ ਤੌਰ ‘ਤੇ ਉਨ੍ਹਾਂ ਖੇਤਰਾਂ ‘ਤੇ ਕੇਂਦ੍ਰਿਤ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ‘ਤੇ ਮਿਸਟਰ ਕਾਰਨੀ ਦੀ ਪਹਿਲਾਂ ਹੀ ਨਜ਼ਰ ਸੀ। ਇਹ ਹਨ ਰੱਖਿਆ ਉਦਯੋਗਾਂ, ਅਹਿਮ ਖਣਿਜਾਂ, ਮਸਨੂਈ ਬੁੱਧੀ (AI) ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਵਧੇਰੇ ਸਹਿਯੋਗ ਅਤੇ ਦੁਵੱਲੀ ਭਾਈਵਾਲੀ । ਰੁਕਾਵਟਾਂ ਦੂਰ ਹੋਣ ਦੇ ਬਾਵਜੂਦ, ਯੂਰਪੀਨ ਸੰਘ ਨਾਲ ਵਪਾਰ ਦੇ ਵਾਧੇ ਦੀਆਂ ਵੀ ਸੀਮਾਵਾਂ ਹਨ। ਅਮਰੀਕਾ ਵਿੱਚ ਕੰਮ ਕਰਨ ਦੇ ਆਦੀ ਕੈਨੇਡੀਅਨ ਕਾਰੋਬਾਰੀ ਆਗੂਆਂ ਨੂੰ ਭਾਸ਼ਾਈ ਵਖਰੇਵੇਂ, ਨਵੇਂ ਨਿਯਮਾਂ ਅਤੇ ਲੰਬੀ ਦੂਰੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਵਿਆਪਕ ਸਮਝੌਤੇ ( CETA) ਨੇ ਯੂਰਪੀਨ ਯੂਨੀਅਨ ਨਾਲ ਵਪਾਰ ਨੂੰ ਵਧਾਉਣ ਵਿੱਚ ਕੁਝ ਸਫਲਤਾ ਹਾਸਲ ਕੀਤੀ ਹੈ। ਯੂਰਪੀਨ ਸੰਘ ਨੂੰ ਕੈਨੇਡਾ ਦੀਆਂ ਵਸਤਾਂ ਦੀ ਬਰਾਮਦ 2017 ਵਿੱਚ 23.9 ਬਿਲੀਅਨ ਡਾਲਰ ਤੋਂ ਵਧ ਕੇ 2025 ਵਿੱਚ 42.8 ਬਿਲੀਅਨ ਡਾਲਰ ਹੋ ਗਈ। ਇਸੇ ਸਮੇਂ ਦੌਰਾਨ, ਯੂਰਪੀਨ ਯੂਨੀਅਨ ਨੂੰ ਕੈਨੇਡਾ ਦੀਆਂ ਸੇਵਾਵਾਂ ਦੀ ਬਰਾਮਦ 13.3 ਬਿਲੀਅਨ ਡਾਲਰ ਤੋਂ ਵਧ ਕੇ 25.3 ਬਿਲੀਅਨ ਡਾਲਰ ਹੋ ਗਈ। ਹਾਲਾਂਕਿ, ਕੈਨੇਡਾ ਦੇ ਕੁੱਲ ਵਪਾਰਕ ਮੁੱਲ ਦੇ ਹਿੱਸੇ ਵਜੋਂ, ਯੂਰਪੀਨ ਯੂਨੀਅਨ ਨੂੰ ਕੀਤੀ ਜਾਣ ਵਾਲੀ ਨਿਰਯਾਤ ਅਜੇ ਵੀ ਘੱਟ ਹੈ – ਇਹ 2017 ਵਿੱਚ 4.4 ਫੀਸਦੀ ਸੀ ਅਤੇ 2025 ਵਿੱਚ ਵਧ ਕੇ ਸਿਰਫ਼ 5.5 ਫੀਸਦੀ ਹੋ ਗਈ।
ਕਾਰਲਟਨ ਯੂਨੀਵਰਸਿਟੀ ਵਿੱਚ ਯੂਰਪੀਨ ਅਧਿਐਨ ਦੀ ਐਸੋਸੀਏਟ ਪ੍ਰੋਫੈਸਰ, ਕ੍ਰਿਨਾ ਵਿਜੂ-ਮਿਲਜੁਸੇਵਿਕ ਦਾ ਕਹਿਣਾ ਹੈ ਕਿ ਸੀਟਾ ਦੀ ਮੁਕੰਮਲ ਪ੍ਰਵਾਨਗੀ (ratification), ਦੋਵਾਂ ਧਿਰਾਂ ਲਈ ਨਿਵੇਸ਼ਕ ਵਿਵਾਦ ਨਿਪਟਾਰਾ ਢਾਂਚਾ ਲਿਆਵੇਗੀ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗੀ। ਸੀਟਾ ਵਾਂਗ, ਕਿਸੇ ਵੀ ਨਵੇਂ ਸਮਝੌਤੇ ਵਿੱਚ ਸੰਭਾਵਤ ਤੌਰ ‘ਤੇ ਯੂਰਪੀਨ ਯੂਨੀਅਨ ਦੁਆਰਾ ਸਹਿਮਤ ਹੋਈਆਂ ਸ਼ਰਤਾਂ ਦੇ ਨਾਲ-ਨਾਲ ਅਜਿਹੀਆਂ ਸ਼ਰਤਾਂ ਵੀ ਸ਼ਾਮਲ ਹੋਣਗੀਆਂ ਜਿਨ੍ਹਾਂ ਲਈ ਰਾਸ਼ਟਰੀ ਸਰਕਾਰਾਂ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਜਿੱਥੇ ਯੂਰਪ, ਅਮਰੀਕਾ ਉਪਰ ਨਿਰਭਰਤਾ ਘਟਾਉਣ ਲਈ ਆਪਣੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਵਿਦੇਸ਼ੀ ਭਾਈਵਾਲਾਂ ਪ੍ਰਤੀ ਸ਼ੱਕ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਦਾ ਉਭਾਰ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਮਿਲਣ ਬਾਰੇ ਅਨਿਸ਼ਚਿਤਤਾ ਵੀ ਪੈਦਾ ਕਰਦਾ ਹੈ।
ਕੈਨੇਡਾ ਕੋਲ ਆਪਣੇ ਗੁਆਂਢੀ ਅਮਰੀਕਾ ਨਾਲ ਵਿਗੜਦੇ ਸਬੰਧਾਂ ਦੇ ਨਤੀਜੇ ਵਜੋਂ ਹੋਣ ਵਾਲੇ ਨੁਕਸਾਨ ਨੂੰ ਦੂਰ ਕਰਨ ਦਾ ਕੋਈ ਜਾਦੂਈ ਹੱਲ ਨਹੀਂ ਹੈ, ਪਰ ਇਹ ਜਰੂਰ ਹੈ ਕਿ ਯੂਰਪ ਨਾਲ ਮਜ਼ਬੂਤ ਸਬੰਧ ਅੰਤ ਵਿੱਚ ਮਦਦਗਾਰ ਹੋ ਸਕਦੇ ਹਨ । ਮੱਧ ਪੂਰਬੀ ਅਤੇ ਏਸ਼ੀਆਈ ਅਰਥਵਿਵਸਥਾਵਾਂ ਤੱਕ ਨਿਰੰਤਰ ਪਹੁੰਚ ਵੀ ਅੰਤ ਵਿੱਚ ਲਾਭਦਾਇਕ ਰਹੇਗੀ।
ਜੇ ਪ੍ਰਧਾਨ ਮੰਤਰੀ ਕਾਰਨੀ ਵਲੋਂ ਕੈਨੇਡੀਅਨ ਕੁਦਰਤੀ ਸਾਧਨਾਂ ਤੇ ਆਧਾਰਿਤ ਪ੍ਰੋਜੈਕਟਾਂ, ਬੁਨਿਆਦੀ ਢਾਂਚੇ, ਜਿਵੇਂ ਕਿ ਇੱਕ ਨਵੀਂ ਤੇਲ ਪਾਈਪਲਾਈਨ, ਵਿਕਸਤ ਕਰਕੇ ਕੈਨੇਡਾ ਦੀ ਘਰੇਲੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ, ਤਾਂ ਇਹ ਕੈਨੇਡੀਅਨ ਆਰਥਿਕਤਾ ਲਈ ਵਧੇਰੇ ਉਚਿਤ ਹੈ । ਇਹ ਵੀ ਸੱਚ ਹੈ ਕਿ ਯੂਰਪੀਨ ਯੂਨੀਅਨ ਨਾਲ ਇੱਕ ਸਮਝੌਤਾ ਕੈਨੇਡਾ ਨੂੰ ਨਹੀਂ ਬਚਾਏਗਾ, ਪਰ ਇਕਜੁੱਟ ਯਤਨ ਅਤੇ ਆਤਮ ਨਿਰਭਰ ਹੋਣ ਦੀਆਂ ਕੋਸ਼ਿਸ਼ਾਂ ਦੇ ਕਦਮ ਕੈਨੇਡਾ ਨੂੰ ਆਪਣੀ ਆਜ਼ਾਦੀ ਬਣਾਈ ਰੱਖਣ ਅਤੇ ਇੱਕ ਵਧੇਰੇ ਲਚਕੀਲੀ ਅਰਥਵਿਵਸਥਾ ਬਣਾਉਣ ਵਿੱਚ ਮਦਦ ਜਰੂਰ ਕਰ ਸਕਦੇ ਹਨ।
