ਸਿਆਸੀ ਨੁਮਾਇੰਦਿਆਂ ਅਤੇ ਕਾਰੋਬਾਰੀ ਭਾਈਚਾਰੇ ਨੇ ਕੀਤੀ ਸ਼ਿਰਕਤ-
ਐਡਮੰਟਨ, 5 ਅਕਤੂਬਰ ( ਹਰਜੀਤ ਸੰਧੂ, ਗੁਰਪ੍ਰੀਤ ਸਿੰਘ)-: ਰੌਇਲ ਸੂਟਸ ਐਂਡ ਰੈਸਟੋਰੈਂਟ ਵਿਖੇ ਐਤਵਾਰ, 4 ਅਕਤੂਬਰ 2026 ਨੂੰ ਪੰਜਾਬੀ ਡਾਇਰੈਕਟਰੀ ਐਡਮਿੰਟਨ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਇਸ਼ਤਿਹਾਰਦਾਤਿਆਂ, ਸਪਾਂਸਰਾਂ, ਦੋਸਤਾਂ ਅਤੇ ਪਰਿਵਾਰਾਂ ਦੀ ਹਾਜ਼ਰੀ ਨੇ ਇਸ ਮੌਕੇ ਨੂੰ ਯਾਦਗਾਰੀ ਬਣਾਇਆ।
ਸਮਾਗਮ ਵਿੱਚ ਸੰਸਦ ਮੈਂਬਰ ਸ ਜਗਸ਼ਰਨ ਸਿੰਘ ਮਾਹਲ, ਵਿਧਾਇਕ ਸ੍ਰੀ ਗੁਰਤੇਜ ਸਿੰਘ ਬਰਾੜ ਅਤੇ ਵਿਧਾਇਕਾ ਸ੍ਰੀਮਤੀ ਕ੍ਰਿਸਟੀਨਾ ਗ੍ਰੇਅ ਨੇ ਹਾਜ਼ਰੀ ਭਰੀ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਸ਼ਮੂਲੀਅਤ ਨਾਲ ਡਾਇਰੈਕਟਰੀ ਦੇ ਰਿਲੀਜ਼ ਸਮਾਗਮ ਨੂੰ ਵਿਸ਼ੇਸ਼ ਮਹੱਤਵ ਮਿਲਿਆ।
ਪੰਜਾਬੀ ਡਾਇਰੈਕਟਰੀ ਐਡਮਿੰਟਨ ਦਾ ਉਦੇਸ਼ ਸਥਾਨਕ ਕਾਰੋਬਾਰਾਂ, ਪੇਸ਼ੇਵਰਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਭਾਈਚਾਰੇ ਨਾਲ ਜੋੜਨਾ ਹੈ। ਇੱਕੋ ਥਾਂ ’ਤੇ ਕਾਰੋਬਾਰੀ ਜਾਣਕਾਰੀ ਉਪਲਬਧ ਹੋਣ ਨਾਲ ਲੋਕਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਸੇਵਾਵਾਂ ਲੱਭਣ ਵਿੱਚ ਮਦਦ ਮਿਲਦੀ ਹੈ ਅਤੇ ਕਾਰੋਬਾਰਾਂ ਨੂੰ ਨਵੇਂ ਗਾਹਕਾਂ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ।
ਡਾਇਰੈਕਟਰੀ ਦੇ ਪ੍ਰਕਾਸ਼ਕ ਹਰਜੀਤ ਸਿੰਘ ਸੰਧੂ ਨੇ ਡਾਇਰੈਕਟਰੀ ਨੂੰ ਲਗਾਤਾਰ ਸਹਿਯੋਗ ਦੇਣ ਵਾਲੇ ਸਾਰੇ ਇਸ਼ਤਿਹਾਰਦਾਤਿਆਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਮਹਿਮਾਨਾਂ ਅਤੇ ਸਮਾਗਮ ਵਿੱਚ ਪਹੁੰਚੇ ਦੋਸਤਾਂ ਤੇ ਪਰਿਵਾਰਾਂ ਦਾ ਵੀ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ।
ਇਹ ਸਮਾਗਮ ਡਾਇਰੈਕਟਰੀ ਦੇ ਰਿਲੀਜ਼ ਦੇ ਨਾਲ-ਨਾਲ ਕਾਰੋਬਾਰੀ ਸਾਥੀਆਂ ਅਤੇ ਭਾਈਚਾਰੇ ਵਿਚਕਾਰ ਆਪਸੀ ਜਾਣ-ਪਛਾਣ ਅਤੇ ਸਾਂਝ ਵਧਾਉਣ ਦਾ ਮੌਕਾ ਵੀ ਬਣਿਆ।



