Oct 29, 2026

ਨੌਂ ਨਵੇਂ ਕੌਂਸਲਰ ਸਿਟੀ ਕੌਂਸਲ ਵਿੱਚ ਸ਼ਾਮਲ ਹੋਣਗੇ, ਜਦਕਿ ਚਾਰ ਮੌਜੂਦਾ ਕੌਂਸਲਰਾਂ ਨੂੰ ਹਾਰ ਦਾ ਸਾਹਮਣਾ –

ਓਲਡ ਕਿਲਡੋਨਨ ਤੋਂ ਦੇਵੀ ਸ਼ਰਮਾ ਚੋਣ ਹਾਰੇ- ਵੇਵਰਲੀ ਵੈਸਟ ਤੋਂ ਜੈਸਮੀਨ ਬਰਾੜ ਨਵੀਂ ਕੌੰਸਲਰ ਬਣੀ-

 ਵਿੰਨੀਪੈੱਗ,  29 ਅਕਤੂਬਰ (ਸੁਰਿੰਦਰ ਮਾਵੀ, ਸ਼ਰਮਾ)-ਵਿੰਨੀਪੈਗ ਦੇ ਮੇਅਰ ਸਕੌਟ ਗਿੱਲਿੰਘਮ  ਨੇ ਬੁੱਧਵਾਰ ਨੂੰ ਹੋਈਆਂ ਮਿਉਂਸਪਲ ਚੋਣਾਂ ਵਿੱਚ ਜਿੱਤ ਦਰਜ ਕਰਦਿਆਂ ਦੂਜੀ ਵਾਰ ਮੇਅਰ ਦੀ ਕੁਰਸੀ ਹਾਸਲ ਕਰ ਲਈ ਹੈ। ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਾਨਦਾਰ ਮਹਿਸੂਸ ਹੋ ਰਿਹਾ ਹੈ ਅਤੇ ਸ਼ਹਿਰ ਦੇ ਸਭ ਤੋਂ ਵਧੀਆ ਦਿਨ ਅਜੇ ਆਉਣੇ ਬਾਕੀ ਹਨ।ਚੋਣ ਨਤੀਜਿਆਂ ਅਨੁਸਾਰ, ਗਿੱਲਿੰਘਮ ਨੂੰ 80,206 ਵੋਟਾਂ ਮਿਲੀਆਂ, ਜੋ ਕੁੱਲ ਵੋਟਾਂ ਦਾ 39.82 ਫ਼ੀਸਦੀ ਬਣਦੀਆਂ ਹਨ। ਮੁੱਖ ਵਿਰੋਧੀ ਉਮੀਦਵਾਰ ਕੇਵਿਨ ਕਲੇਨ 41,703 ਵੋਟਾਂ (20.71 ਫ਼ੀਸਦੀ) ਨਾਲ ਦੂਜੇ ਅਤੇ ਨੋਆ ਰੈਡਨ 39,962 ਵੋਟਾਂ (19.84 ਫ਼ੀਸਦੀ) ਨਾਲ ਤੀਜੇ ਸਥਾਨ ’ਤੇ ਰਹੇ।

ਇਸ ਵਾਰ ਸਿਟੀ ਕੌਂਸਲ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਚੋਣਾਂ ਤੋਂ ਬਾਅਦ ਨੌਂ ਨਵੇਂ ਚਿਹਰੇ ਕੌਂਸਲ ਦਾ ਹਿੱਸਾ ਬਣਨਗੇ। ਚਾਰ ਮੌਜੂਦਾ ਕੌਂਸਲਰਾਂ ਨੂੰ ਆਪਣੀਆਂ ਸੀਟਾਂ ਗੁਆਉਣੀਆਂ ਪਈਆਂ। ਇਨ੍ਹਾਂ ਵਿੱਚ ਓਲਡ ਕਿਲਡੋਨਨ ਤੋਂ ਦੇਵੀ ਸ਼ਰਮਾ ( 4268 ਵੋਟਾਂ), ਟ੍ਰਾਂਸਕੋਨਾ ਤੋਂ ਰੱਸ ਵਾਈਟ,  ਮਾਈਨਾਰਸਕੀ ਤੋਂ ਰੌਸ ਏਡੀ ਅਤੇ ਸੇਂਟ ਜੇਮਜ਼ ਤੋਂ ਸ਼ੌਨ ਡੌਬਸਨ ਸ਼ਾਮਲ ਹਨ।ਇਨ੍ਹਾਂ ਦੀ ਥਾਂ ਕ੍ਰਮਵਾਰ ਲੋਰਾ ਮੇਸਮੈਨ (4564 ਵੋਟਾਂ) , ਗ੍ਰੇਗ ਮੈਕਫਾਰਲੇਨ, ਨੈਟਲੀ ਸਮਿਥ ਅਤੇ ਕੈਲੀ ਰਾਈ ਬੈਕ ਚੁਣੇ ਗਏ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਵਾਰਡਾਂ ਵਿੱਚ ਕੋਈ ਮੌਜੂਦਾ ਕੌਂਸਲਰ ਚੋਣ ਮੈਦਾਨ ਵਿੱਚ ਨਹੀਂ ਸੀ, ਉੱਥੋਂ ਜੈੱਫ ਪਾਮਰ, ਕ੍ਰਿਸ ਸਿਗੁਰਡਸਨ, ਰੇਅ ਡੁਬੋਇਸ, ਸਾਰਾ ਮੈਕਆਰਥਰ ਅਤੇ ਜੈਸਮੀਨ ਬਰਾੜ ( 5353 ਵੋਟਾਂ)  ਨੇ ਜਿੱਤ ਹਾਸਲ ਕੀਤੀ।

ਦੂਜੇ ਪਾਸੇ, ਈਵਨ ਡੰਕਨ, ਸਿੰਡੀ ਗਿਲਰੋਏ, ਵਿਵੀਅਨ ਸੈਂਟੋਸ, ਮੈਟ ਐਲਾਰਡ, ਐਮਾ ਡੁਰੰਡ-ਵੁੱਡ ਅਤੇ ਜੈੱਫ ਬ੍ਰੌਵਟੀ ਆਪਣੀਆਂ ਸੀਟਾਂ ਬਚਾਉਣ ਵਿੱਚ ਸਫਲ ਰਹੇ।ਮੁੜ ਚੁਣੇ ਜਾਣ ਤੋਂ ਬਾਅਦ ਗਿੱਲਿੰਘਮ ਨੇ ਐਮਰਜੈਂਸੀ ਸੇਵਾਵਾਂ ਵਿੱਚ ਸੁਧਾਰ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ। ਉਨ੍ਹਾਂ ਦੀ ਯੋਜਨਾ ਤਹਿਤ, ਅਜਿਹੀਆਂ 911 ਕਾਲਾਂ ’ਤੇ ਪੁਲਿਸ ਜਾਂ ਫਾਇਰ ਬ੍ਰਿਗੇਡ ਦੀ ਥਾਂ ਕਮਿਊਨਿਟੀ ਸਰਵਿਸ ਵਰਕਰਾਂ ਨੂੰ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦੀ ਮਦਦ ਕਾਫ਼ੀ ਹੋ ਸਕਦੀ ਹੈ।

ਮੇਅਰ ਨੇ ਬੇਘਰੇ ਪਣ ਦੀ ਸਮੱਸਿਆ ਨਾਲ ਨਜਿੱਠਣ, ਨਸ਼ਾ ਛੁਡਾਊ ਸੇਵਾਵਾਂ ਅਤੇ ਮਾਨਸਿਕ ਸਿਹਤ ਲਈ ਬੈੱਡਾਂ ਦੀ ਗਿਣਤੀ ਵਧਾਉਣ ਦਾ ਵੀ ਵਾਅਦਾ ਕੀਤਾ। ਇਸ ਤੋਂ ਇਲਾਵਾ, ਜੂਨ 2025 ਵਿੱਚ ਟਰਾਂਜ਼ਿਟ ਰੂਟਾਂ ਵਿੱਚ ਕੀਤੀਆਂ ਤਬਦੀਲੀਆਂ ਕਾਰਨ ਬਜ਼ੁਰਗਾਂ ਦੇ ਘਰਾਂ ਨੇੜਿਓਂ ਹਟਾਏ ਗਏ ਬੱਸ ਸਟਾਪ ਮੁੜ ਬਹਾਲ ਕਰਨ ਦਾ ਮੁੱਦਾ ਵੀ ਉਨ੍ਹਾਂ ਦੇ ਏਜੰਡੇ ਵਿੱਚ ਸ਼ਾਮਲ ਹੈ।ਮੈਨੀਟੋਬਾ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਚੋਣਾਂ ਦੌਰਾਨ ਨਵੇਂ ਆਗੂ ਚੁਣੇ ਗਏ। ਬ੍ਰੈਂਡਨ ਵਿੱਚ ਜੈੱਫ ਫਾਵਸੈੱਟ ਅਤੇ ਥੋਮਸਨ ਵਿੱਚ ਔਸਵਾਲਡ ਸਾਹ ਨੇ ਜਿੱਤ ਦਰਜ ਕੀਤੀ। ਹੁਣ ਸਭ ਦੀਆਂ ਨਜ਼ਰਾਂ ਨਵੀਂ ਚੁਣੀ ਗਈ ਸਿਟੀ ਕੌਂਸਲ ’ਤੇ ਹਨ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਨਵੀਂ ਟੀਮ ਸੁਰੱਖਿਆ, ਜਨਤਕ ਆਵਾਜਾਈ, ਬੇਘਰੇ ਪਣ ਅਤੇ ਸਿਹਤ ਸੇਵਾਵਾਂ ਵਰਗੇ ਅਹਿਮ ਮੁੱਦਿਆਂ ’ਤੇ ਠੋਸ ਕਦਮ ਚੁੱਕੇਗੀ।

ਵਿੰਨੀਪੈਗ ਦੇ ਗਵਾਂਡ ਵੈਸਟ ਸੇਂਟ ਪੌਲ ਤੋਂ ਡੋਰਥੀ ਕਲੀਬਰ ਮੇਅਰ ਦੀ ਚੋਣ ਵਿਚ ਜੇਤੂ ਰਹੇ। ਉਹਨਾਂ ਨੂੰ 1428 ਵੋਟਾਂ ਮਿਲੀਆਂ ਜਦੋਂਕਿ ਵਿਰੋਧੀ ਉਮੀਦਵਾਰ ਸਟੈਨ ਪਰਾਗ ਨੂੰ 970 ਵੋਟਾਂ ਅਤੇ ਇਕਬਾਲ ਸੰਧੂ ਨੂੰ 265 ਵੋਟਾਂ ਮਿਲੀਆਂ। ਕੌਂਸਲਰ ਦੀ ਚੋਣ ਵਿਚ ਵਾਰਡ ਨੰਬਰ ਇਕ ਤੋਂ ਪੀਟਰ ਕੈਂਪਬਲ 609 ਵੋਟਾਂ ਨਾਲ ਜੇਤੂ ਰਹੇ। ਜੈਕੀ ਮਾਨ ਨੂੰ 265 ਵੋਟਾਂ ਅਤੇ ਯਾਦ ਸਦਿਓੜਾ ਨੂੰ 144 ਵੋਟ ਮਿਲੇ। ਵਾਰਡ ਨੰਬਰ 2 ਤੋਂ ਜੀਓਰਜੀਆ ਬਸੈਟੀ 736 ਵੋਟਾਂ ਨਾਲ ਜੇਤੂ ਰਹੇ। ਇਥਓਂ ਹਰਵਿੰਦਰ ਸੰਧੂ ਨੂੰ 166 ਵੋਟ, ਮਨਿੰਦਰ ਬਮਰਾ ਨੂੰ 35 ਅਤੇ ਅਮਰ ਜੌਹਲ ਨੂੰ 12 ਵੋਟ ਮਿਲੇ। ਵਾਰਡ ਤਿੰਨ ਤੋਂ ਡੈਨ ਗਾਰਸੀਆ 453 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 4 ਤੋਂ ਜੈਮੀ 420 ਵੋਟਾਂ ਨਾਲ ਜੇਤੂ ਰਹੇ।

ਡੋਰਥੀ ਕਲੀਬਰ- ਵੈਸਟ ਸੇਂਟ ਪੌਲ ਤੋਂ ਮੇਅਰ ਦੀ ਚੋਣ ਵਿਚ ਜੇਤੂ ਰਹੇ।

ਜੈਸਮੀਨ ਬਰਾੜ-ਵੇਵਰਲੀ ਵੈਸਟ ਤੋਂ ਜਿੱਤੇ

ਵਿਵੀਅਨ ਸੈਨਟੋਸ- ਪੁਆਇੰਟ ਡਗਲਸ ਤੋਂ ਜੇਤੂ

ਲੋਰਾ ਮੇਸਮੈਨ- ਟਰਾਂਸਕੋਨਾ ਤੋਂ ਜੇਤੂ ਰਹੇ।

ਦੇਵੀ ਸ਼ਰਮਾ- ਓਲਡ ਕਿਲਡੋਨਨ ਤੋਂ ਚੋਣ ਹਾਰੇ।

ਸਟੈਨ ਪਰਾਗ-ਵੈਸਟ ਸੇਂਟ ਪੌਲ ਤੋਂ ਮੇਅਰ ਦੀ ਚੋਣ ਹਾਰੇ।

Leave a Reply

Your email address will not be published. Required fields are marked *