Nov 1, 2026

ਸਰੀ ਦੇ ਵਿਕਾਸ, ਸੁਰੱਖਿਆ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀਆਂ ਉਮੀਦਾਂ ਪ੍ਰਗਟਾਈਆਂ–

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ): ਬੀਤੀ ਸ਼ਾਮ ਸਰੀ ਵਿਖੇ ਬੀ.ਸੀ. ਕੰਸਰਵੇਟਿਵ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਮੀਟ ਐਂਡ ਗ੍ਰੀਟ ਸਮਾਗਮ ਕਰਵਾਇਆ ਗਿਆ। ਇਹ ਸਨਮਾਨ ਸਮਾਰੋਹ ਕੁਲਜੀਤ ਸਿੰਘ ਮਿਨਹਾਸ, ਭੁਪਿੰਦਰ ਸਿੰਘ ਜੌਹਲ, ਅਮਰੀਕ ਸਿੰਘ ਸਿੱਧੂ ਤੇ ਸਮੁੱਚੀ ਬੀ ਸੀ ਵਰਕ ਸੇਫ ਦੀ ਟੀਮ ਦੇ ਮੈਂਬਰਾਂ ਵੱਲੋਂ ਰੱਖਿਆ ਗਿਆ ਸੀ|  ਇਸ ਮੌਕੇ ਨਵੇਂ ਚੁਣੇ ਗਏ ਵਿਧਾਇਕਾਂ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ, ਐਮ ਐਲ ਏ ਜੈਸੀ ਸਹੋਤਾ, ਐਮ ਐਲ ਏ ਡਾਕਟਰ ਹਰਜ ਧਾਲੀਵਾਲ, ਐਮ ਐਲ ਏ ਗੈਰੀ ਥਿੰਦ, ਐਮ ਐਲ ਏ ਗੈਰੀ ਪੁਰੇਵਾਲ, ਐਮ ਐਲ ਏ ਬਰਾਇਨ ਟੈਪਰ, ਐਮ ਐਲ ਏ ਮੈਗਨਾ ਨਾਈਟ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦੇ ਵਿਚਾਰ ਜਾਣਨ ਦਾ ਮੌਕਾ ਮਿਲਿਆ। ਸਮਾਗਮ ਵਿੱਚ ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੁਕੱਲਮ ਅਤੇ ਡਿਪਟੀ ਮੇਅਰ ਮਨਦੀਪ ਸਿੰਘ ਨਾਗਰਾ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਕਮਿਊਨਿਟੀ ਦੇ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਚਾਰ ਸਾਲਾਂ ਦੌਰਾਨ ਇਹ ਚੁਣੇ ਹੋਏ ਨੁਮਾਇੰਦੇ ਸਰੀ ਸ਼ਹਿਰ ਅਤੇ ਬ੍ਰਿਟਿਸ਼ ਕੋਲੰਬੀਆ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਸਰੀ ਅਤੇ ਬੀ.ਸੀ. ਨੂੰ ਹੋਰ ਸੁਰੱਖਿਅਤ, ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਅਤੇ ਰਹਿਣ ਲਈ ਹੋਰ ਖੂਬਸੂਰਤ ਤੇ ਬਿਹਤਰ ਸਥਾਨ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਸਮਾਰੋਹ ਦੇ ਮੰਚ ਦਾ ਸੰਚਾਲਨ ਜੇ ਮਿਨਹਾਸ ਵੱਲੋਂ ਕੀਤਾ ਗਿਆ|
ਸਮਾਗਮ ਵਿੱਚ ਸ਼ਾਮਲ ਕਮਿਊਨਿਟੀ ਮੈਂਬਰਾਂ, ਸਮਾਜ ਸੇਵਕਾਂ ਅਤੇ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਨੁਮਾਇੰਦਿਆਂ ਨੇ ਕਿਹਾ ਕਿ ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਜਨਤਾ ਨਾਲ ਕੀਤੇ ਵਾਅਦਿਆਂ ਪ੍ਰਤੀ ਜਵਾਬਦੇਹ ਬਣਾਈ ਰੱਖਣਾ ਵੀ ਸਮਾਜ ਦੀ ਅਹਿਮ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਅਤੇ ਸ਼ਹਿਰ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਕਮਿਊਨਿਟੀ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।
ਅੰਤ ਵਿੱਚ ਨਵੇਂ ਚੁਣੇ ਗਏ ਸਾਰੇ ਵਿਧਾਇਕਾਂ, ਮੇਅਰ ਅਤੇ ਡਿਪਟੀ ਮੇਅਰ ਨੂੰ ਉਨ੍ਹਾਂ ਦੇ ਆਉਣ ਵਾਲੇ ਚਾਰ ਸਾਲਾਂ ਦੇ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *