Nov 3, 2026

ਕਿਊਬੈਕ ਵਿਚ ਨਵੀਂ ਸਰਕਾਰ ਬਣਨ ਗੁਰਪਤਵੰਤ ਪੰਨੂ ਵਲੋਂ ਵਧਾਈਆਂ ਦੇਣ ਤੇ ਸਵਾਲ..

ਮਨਿੰਦਰ ਸਿੰਘ ਗਿੱਲ–

ਸਰੀ (ਕੈਨੇਡਾ)- ਕੈਨੇਡਾ ਇੱਕ ਮਲਟੀ ਕਲਚਰਲ ਮੁਲਕ ਹੈ ਜਿੱਥੇ ਮੁੱਖ ਤੌਰ ‘ਤੇ ਇੰਗਲਿਸ਼ ਅਤੇ ਫਰੈਂਚ ਬੋਲਣ ਵਾਲੇ ਦੋ ਵੱਡੇ ਭਾਈਚਾਰੇ ਵੱਸਦੇ ਹਨ। ਇਸਦੇ ਨਾਲ ਨਾਲ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇਮੀਗਰੈਂਟ ਭਾਈਚਾਰਿਆਂ ਨੇ ਵੀ ਕੈਨੇਡਾ ਨੂੰ ਆਪਣਾ ਘਰ ਬਣਾਇਆ ਹੈ ਅਤੇ ਕੈਨੇਡਾ ਨੇ ਰੰਗ ਰੂਪ ਨਸਲ ਧਰਮ ਭਾਸ਼ਾ ਦੇ ਭੇਦ ਤੋਂ ਉਪਰ ਉੱਠ ਕੇ ਸਭ ਨੂੰ ਵਧਣ ਫੁੱਲਣ ਦੇ ਬਰਾਬਰ ਮੌਕੇ ਦਿੱਤੇ ਹਨ। ਇਸੇ ਲਈ ਕੈਨੇਡਾ ਦੁਨੀਆਂ ਦਾ ਸਭ ਤੋਂ ਬਿਹਤਰੀਨ ਦੇਸ਼ ਹੈ, ਪਰ ਇਸ ਬਿਹਤਰੀਨ ਦੇਸ਼ ਵਿੱਚ ਵੀ ਕਈ ਤਰ੍ਹਾਂ ਦੀ ਸਮਾਜਿਕ ਉਥਲ ਪੁਥਲ ਚਲਦੀ ਰਹਿੰਦੀ ਹੈ। ਇੱਕ ਜਮਹੂਰੀ ਸਮਾਜ ਵਿੱਚ ਇਹ ਉਥਲ ਪੁਥਲ ਆਮ ਜਿਹੀ ਗੱਲ ਹੈ ਪਰ ਇਸ ਅੰਦਰੂਨੀ ਵਰਤਾਰੇ ਅਤੇ ਸਿਆਸੀ ਖਿੱਚੋਤਾਣ ਦਾ ਫਾਇਦਾ ਕੁਝ ਅਜਿਹੀਆਂ ਤਾਕਤਾਂ ਵੀ ਉਠਾਉਂਦੀਆਂ ਹਨ ਜੋ ਕਿ ਕੈਨੇਡਾ ਦੇ ਹਿੱਤਾਂ ਖਿਲਾਫ ਕੰਮ ਕਰਦੀਆਂ ਹਨ।
ਸਿੱਖ ਭਾਈਚਾਰਾ ਕੈਨੇਡਾ ਵਿੱਚ ਪਿਛਲੇ 125 ਸਾਲ ਤੋਂ ਬੜਾ ਹੀ ਸਨਮਾਨਿਤ ਭਾਈਚਾਰਾ ਹੈ, ਜਿਸਨੇ ਸਮਾਜ ਦੇ ਹਰੇਕ ਵਹਾਅ ਵਿੱਚ ਆਪਣੀ ਵਿਲੱਖਣ ਪਹਿਚਾਣ ਕਾਇਮ ਰੱਖੀ ਹੈ, ਚਾਹੇ ਉਹ ਰਾਜਨੀਤੀ ਹੋਵੇ, ਬਿਜ਼ਨਸ ਹੋਵੇ, ਖੇਤੀਬਾੜੀ ਹੋਵੇ ਜਾਂ ਕਲਾ ਦਾ ਖੇਤਰ ਪੰਜਾਬੀਆਂ ਨੇ ਕੈਨੇਡਾ ਵਿੱਚ ਆਪਣੇ ਆਪ ਨੂੰ ਇੱਕ ਆਦਰਸ਼ ਭਾਈਚਾਰੇ ਵਜੋਂ ਪੇਸ਼ ਕੀਤਾ ਹੈ ਜੋ ਅਮਨ ਅਮਾਨ ਨਾਲ ਆਪਣੀ ਜ਼ਿੰਦਗੀ ਜਿਉਂਦੇ ਹਨ ਅਤੇ ਕਮਾਈਆਂ ਕਰਕੇ ਸਰਕਾਰ ਨੂੰ ਵੀ ਬਣਦਾ ਟੈਕਸ ਦਿੰਦੇ ਹਨ, ਪਰ ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜਿਸ਼ ਕੁਝ ਇੱਕ ਸਮਾਜ ਵਿਰੋਧੀ ਅਨਸਰ ਹਮੇਸ਼ਾ ਰਚਦੇ ਰਹਿੰਦੇ ਹਨ, ਜਿੱਥੇ ਕਿ ਸਿੱਖੀ ਭੇਖ ਧਾਰਨ ਕਰਕੇ ਕੈਨੇਡਾ ਦੇ ਸਿੱਖਾਂ ਨੂੰ ਕੈਨੇਡਾ ਦੇ ਖਿਲਾਫ ਕੰਮ ਕਰਨ ਲਈ ਉਕਸਾਇਆ ਜਾ ਰਿਹਾ ਹੈ ਅਤੇ ਕੈਨੇਡਾ ਦੀ ਪ੍ਰਭੂਸੱਤਾ ਦੇ ਖਿਲਾਫ ਵੀ ਸਿੱਖਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਰਚਾ ਉਦੋਂ ਸਾਹਮਣੇ ਆਈ ਜਦੋਂ ਸਿੱਖ ਫ਼ਾਰ ਜਸਟਿਸ ਦੇ ਅਮਰੀਕੀ ਕਾਰਕੁਨਾਂ ਨੇ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਉਹਨਾਂ ਦੇ ਝੋਲੀ ਚੁੱਕਾਂ ਨੇ ਅਲਬਰਟਾ ਵਿੱਚ ਹੋ ਰਹੇ ਵੱਖਵਾਦੀ ਰੈਫਰੈਂਡਮ ਦੀ ਰੱਜ ਕੇ ਪੈਰਵਾਈ ਕੀਤੀ ਅਤੇ ਕੈਨੇਡਾ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਸਿੱਖਾਂ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਨਾ ਸਿਰਫ ਅਲਬਰਟਾ ਦੇ ਰੈਫਰੈਂਡਮ ਤੋਂ ਇੱਕ ਦਿਨ ਪਹਿਲਾਂ ਆਪਣਾ ਰੈਫਰੈਂਡਮ ਰੱਖਿਆ ਬਲਕਿ ਸਟੇਜਾਂ ਵੀ ਅਲਬਰਟਾ ਦੇ ਵੱਖਵਾਦੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਉਨਾਂ ਦੇ ਪੋਸਟਰ ਵੀ ਲਗਾਏ, ਜਿਸਨੂੰ ਲੈਕੇ ਕੈਨੇਡੀਅਨ ਸਿੱਖਾਂ ਦੇ ਮਨਾਂ ਵਿੱਚ ਵੱਡਾ ਰੋਸ ਇਸ ਜਥੇਬੰਦੀ ਦੇ ਖਿਲਾਫ ਪੈਦਾ ਹੋਇਆ ਹੈ ਕਿਉਂਕਿ ਸਿੱਖ ਜਿਸ ਵੀ ਮੁਲਕ ਵਿੱਚ ਰਹਿੰਦੇ ਹਨ ਉਥੋਂ ਦੇ ਵਫਾਦਾਰ ਹੋ ਕੇ ਰਹਿੰਦੇ ਹੈ ਅਤੇ ਉਸ ਮੁਲਕ ਦੀ ਹਮੇਸ਼ਾ ਹੀ ਖੈਰ ਮੰਗਦੇ ਹਨ। ਕੋਈ ਕੈਨੇਡੀਅਨ ਸਿੱਖ ਕਦੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਉਹ ਕੈਨੇਡਾ ਦੀ ਪ੍ਰਭੂਸੱਤਾ ਦੇ ਖਿਲਾਫ ਕੰਮ ਕਰੇ।
ਸਿੱਖ ਫਾਰ ਜਸਟਿਸ ਕੈਨੇਡਾ ਵਿੱਚ ਚੱਲ ਰਹੀਆਂ ਤਮਾਮ ਵੱਖਵਾਦੀ ਕਾਰਵਾਈਆਂ ਦੇ ਨਾਲ ਖੜੀ ਹੈ ਅਤੇ ਉਹਨਾਂ ਦਾ ਸਮਰਥਨ ਵੀ ਕਰਦੀ ਹੈ। ਇਸੇ ਸਿਲਸਿਲੇ ਵਿੱਚ ਜਦੋਂ ਪਿਛਲੇ ਦਿਨੀ ਸਤੰਬਰ ਦੇ ਵਿੱਚ ਕਿਊਬਿਕ ਵਿੱਚ ਵੱਖਵਾਦੀ ਪਾਰਟੀ ਨੇ ਜਿੱਤ ਕੇ ਆਪਣੀ ਸਰਕਾਰ ਬਣਾ ਲਈ ਤਾਂ ਗੁਰਪਤਵੰਤ ਸਿੰਘ ਪੰਨੂ ਨੇ 10 ਸਤੰਬਰ 2026  ਨੂੰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਪਾਰਟੀ ਨੂੰ ਵਧਾਈ ਦਿੱਤੀ ਸੀ। ਹੁਣ ਇਸ ਪਾਰਟੀ ਨੂੰ ਵਧਾਈ ਦੇਣ ਦੇ ਪਿੱਛੇ ਪੰਨੂ ਦਾ ਕੀ ਮਕਸਦ ਸੀ ਇਹ ਤਾਂ ਪੰਨੂ ਖੁਦ ਹੀ ਦੱਸ ਸਕਦਾ ਹੈ ਪਰ ਅਲਬਰਟਾ ਤੋਂ ਬਾਅਦ ਕਿਊਬਿਕ ਦੇ ਵੱਖਵਾਦੀਆਂ ਦੇ ਨਾਲ ਆਪਣੀ ਨੇੜਤਾ ਵਧਾਉਣਾ ਕੈਨੇਡੀਅਨ ਸਿੱਖਾਂ ਨੂੰ ਪਸੰਦ ਨਹੀਂ ਆ ਰਿਹਾ ਤਾਂ ਹੀ ਇਸ ਗੱਲ ਤੇ ਸਵਾਲ ਉਠਦੇ ਹਨ ਕਿ ਸਿੱਖ ਫਾਰ ਜਸਟਿਸ ਵਾਕਿਆ ਹੀ ਸਿੱਖਾਂ ਦੇ ਮਸਲਿਆਂ ਉੱਤੇ ਇਨਸਾਫ ਲੈਣ ਲਈ ਕੰਮ ਕਰਦੀ ਹੈ ਜਾਂ ਫਿਰ ਉਹ ਕਿਸੇ ਤੀਜੀ ਧਿਰ ਦੇ ਇਸ਼ਾਰੇ ‘ਤੇ ਭਾਰਤ ਅਤੇ ਕੈਨੇਡਾ ਦੋਨਾਂ ਹੀ ਮੁਲਕਾਂ ਨੂੰ ਤੋੜਨ ਅਤੇ ਦੋਨਾਂ ਮੁਲਕਾਂ ਵਿੱਚ ਆਪਸੀ ਤਣਾਅ ਬਣਾਏ ਰੱਖਣ ਲਈ ਕੰਮ ਕਰ ਰਹੀ ਹੈ।
ਜਦੋਂ ਸਿੱਖ ਕੈਨੇਡਾ ਵਿੱਚ ਆਏ ਉਹਨਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ, ਚਾਹੇ ਉਹ ਵੋਟ ਪਾਉਣ ਦਾ ਅਧਿਕਾਰ ਖੋਹੇ ਜਾਣਾ ਜਾਂ ਫਿਰ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਮੋੜ ਦੇਣਾ ਵਰਗੀਆਂ ਕਾਰਵਾਈਆਂ ਹੋਣ। ਸਿੱਖਾਂ ਨੇ ਹਰੇਕ ਕਦਮ ਤੇ ਬੜੇ ਸੰਘਰਸ਼ ਨਾਲ ਕੈਨੇਡਾ ਵਿੱਚ ਬਰਾਬਰੀ ਦਾ ਹੱਕ ਹਾਸਲ ਕੀਤਾ ਹੈ। ਇਸ ਮੁਹਿੰਮ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੀਆਂ ਜਥੇਬੰਦੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿੱਥੇ ਪਹਿਲਾਂ ਵੀ ਕਿਊਬਿਕ ਵਿੱਚ ਸ੍ਰੀ ਸਾਹਿਬ ਪਹਿਨਣ ਨੂੰ ਲੈ ਕੇ ਗੁਰਬਾਜ ਸਿੰਘ ਮੁਲਤਾਨੀ ਨੂੰ ਉੱਚ ਅਦਾਲਤ ਤੱਕ ਆਪਣਾ ਕੇਸ ਲੜਨਾ ਪਿਆ ਸੀ ਜਿਸ ਵਿੱਚ ਡਬਲਯੂਐਸਓ ਨੇ ਭਰਪੂਰ ਹਾਂ ਪੱਖੀ ਭੂਮਿਕਾ ਨਿਭਾਈ ਸੀ ਅਤੇ ਇਸ ਬੱਚੇ ਦਾ ਸਹਿਯੋਗ ਕੀਤਾ ਸੀ। ਇਸ ਸੰਘਰਸ਼ ਤੋਂ ਬਾਅਦ ਸਿੱਖਾਂ ਨੇ ਆਪਣੀ ਪਹਿਚਾਣ ਸਾਰੇ ਕੈਨੇਡਾ ਦੇ ਵਿੱਚ ਸੁਰੱਖਿਅਤ ਕੀਤੀ ਸੀ ਪਰ ਅੱਜ ਕਿਊਬਿਕ ਦੀ ਉਸ ਵੱਖਵਾਦੀ ਪਾਰਟੀ ਨੇ ਕਿਊਬਿਕ ਵਿੱਚ ਅਜਿਹਾ ਕਾਨੂੰਨ ਲਿਆਂਦਾ ਹੈ ਜਿਸ ਤੋਂ ਬਾਅਦ ਕਿ ਐਲੀਮੈਂਟਰੀ ਸਕੂਲਾਂ ਵਿੱਚ ਸਿੱਖ ਬੱਚੇ ਦਸਤਾਰ ਪਹਿਨ ਕੇ ਨਹੀਂ ਜਾ ਸਕਣਗੇ ਅਤੇ ਦਸਤਾਰ ਦੇ ਉੱਤੇ ਪਾਬੰਦੀ ਲਾਈ ਜਾਵੇਗੀ। ਹੁਣ ਸਵਾਲ ਇਹ ਹੈ ਕਿ ਪੰਨੂ ਨੇ ਜਦੋਂ ਇਸ ਪਾਰਟੀ ਨੂੰ ਵਧਾਈਆਂ ਦਿੱਤੀਆਂ ਸਨ ਤਾਂ ਕੀ ਉਹਨੇ ਕੋਈ ਸਿੱਖਾਂ ਦੀਆਂ ਮੰਗਾਂ ਜਾਂ ਸਿੱਖਾਂ ਦੀ ਪਹਿਚਾਣ ਨੂੰ ਸੁਰੱਖਿਅਤ ਰੱਖਣ ਦੀ ਮੰਗ ਵੀ ਇਸ ਪਾਰਟੀ ਅੱਗੇ ਕੀਤੀ ਸੀ ਜਾਂ ਸਿਰਫ ਉਹ ਇਸੇ ਗੱਲ ਵਿੱਚ ਹੀ ਸੰਤੁਸ਼ਟ ਸੀ ਕਿ ਇਹ ਪਾਰਟੀ ਕੈਨੇਡਾ ਨੂੰ ਤੋੜਨ ਦੀ ਗੱਲ ਕਰਦੀ ਹੈ ਅਤੇ ਉਸਦੇ ਲੁਕਵੇਂ ਏਜੰਡੇ ਦੇ ਇਹ ਗੱਲ ਮਾਫਕ ਆਉਂਦੀ ਹੈ। ਕੀ ਹੁਣ ਵੀ ਜਦੋਂ ਡਬਲਯੂਐਸਓ ਕਿਊਬਿਕ ਵਿੱਚ ਇੱਕ ਵਾਰ ਫਿਰ ਦਸਤਾਰ ਨੂੰ ਕਾਇਮ ਰੱਖਣ ਦੀ ਲੜਾਈ ਲੜ ਰਹੀ ਹੈ ਤਾਂ ਕੀ ਪੰਨੂ ਦੀ ਇਸ ਅਖੌਤੀ ਸਿੱਖ ਜਥੇਬੰਦੀ ਸਿੱਖ ਫਾਰ ਜਸਟਿਸ ਕਿਧਰੇ ਵੀ ਦਸਤਾਰ ਦੀ ਗੱਲ ਕਰਦੀ ਹੋਈ ਨਹੀਂ ਦਿਖਦੀ। ਕੀ ਪੰਨੂ ਕਿਊਬਿਕ ਦੇ ਵੱਖਵਾਦੀਆਂ ਦੀ ਇਸ ਕੋਝੀ ਨੀਤੀ ਦੇ ਖਿਲਾਫ ਹੁਣ ਉਸੇ ਅੰਦਾਜ਼ ਵਿੱਚ ਬਿਆਨਬਾਜੀ ਕਰੇਗਾ ?
ਕੈਨੇਡੀਅਨ ਸਿੱਖਾਂ ਨੂੰ ਇਸ ਮਸਲੇ ਦੇ ਉੱਤੇ ਸੁਚੇਤ ਹੋਣ ਅਤੇ ਆਪਣਾ ਹਿੱਤ ਸਮਝਣ ਦੀ ਲੋੜ ਹੈ। ਇੱਥੇ ਇਹ ਵੀ ਬੜੇ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਕਿ ਕਿਹੜੀ ਜਥੇਬੰਦੀ ਸਿੱਖਾਂ ਦੇ ਹੱਕਾਂ ਦੀ ਲੜਾਈ ਲੜਦੀ ਹੈ ਤੇ ਕਿਹੜੀ ਜਥੇਬੰਦੀ ਦਾ ਟੀਚਾ ਸਿਰਫ ਸਿੱਖੀ ਦਾ ਭੇਸ ਧਾਰਨ ਕਰਕੇ ਸਿੱਖ ਮਸਲਿਆਂ ‘ਚ ਰੋਲ ਘਚੋਲਾ ਪਾਉਣਾ ਹੈ ਅਤੇ ਸਿੱਖਾਂ ਨੂੰ ਗੁਮਰਾਹ ਕਰਨਾ ਤੇ ਬਦਨਾਮ ਕਰਨਾ ਹੈ ?। ਸੋ ਮੇਰੀ ਕੈਨੇਡੀਅਨ ਸਿੱਖਾਂ ਨੂੰ ਇਹ ਅਪੀਲ ਹੈ ਕਿ ਅਜਿਹੀਆਂ ਜਥੇਬੰਦੀਆਂ ਤੋਂ ਸੁਚੇਤ ਰਹੋ ਅਤੇ ਕੈਨੇਡਾ ਵਰਗੇ ਮੁਲਕ ਵਿੱਚ ਸਿੱਖਾਂ ਦੀ 125 ਸਾਲ ਤੋਂ ਬਣਾਈ ਗਈ ਸਾਖ਼ ਨੂੰ ਪੈਰਾਂ ਵਿੱਚ  ਰੋਲਣ ਨਾ ਦਿਓ …

ਮਨਿੰਦਰ ਸਿੰਘ ਗਿੱਲ
ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

Leave a Reply

Your email address will not be published. Required fields are marked *