Nov 2, 2026

ਪ੍ਰਿੰ. ਸਰਵਣ ਸਿੰਘ—-
ਪਰਗਟ, ਪਰਗਟ ਹੀ ਹੈ। ਦੁਨੀਆ ਦਾ ਮੰਨਿਆ ਦੰਨਿਆ ਫੁੱਲ ਬੈਕ। ਪੈਨਲਟੀ ਕਾਰਨਰ ਦਾ ਬਾਦਸ਼ਾਹ। ਹਾਕੀ ਦੀ ਖੇਡ ਦਾ ਆਲਰਾਊਂਡਰ। ਭਾਰਤੀ ਟੀਮਾਂ ਦਾ ਮੈਂਬਰ ਤੇ ਕੈਪਟਨ। ਕੋਚ ਵੀ ਤੇ ਚੋਣਕਾਰ ਵੀ। ਪੰਜਾਬ ਦਾ ਸਪੋਰਟਸ ਡਾਇਰੈਟਰ ਤੇ ਸਪੋਰਟਸ ਮਨਿਸਟਰ। ਫੁੱਲ ਬੈਕ ਤਾਂ ਉਹ ਸੀ ਹੀ, ਲੋੜ ਪੈਣ `ਤੇ ਡ੍ਰਿਬਲਿੰਗ ਕਰਦਾ ਫਾਰਵਰਡ ਬਣ ਕੇ ਗੋਲ ਵੀ ਕਰ ਆਉਂਦਾ। ਵੀਹ ਸਾਲਾਂ ਦੀ ਉਮਰੇ ਉਸ ਨੇ ਪਰਥ ਦੀ ਚੈਂਪੀਅਨਜ਼ ਟਰਾਫੀ ਖੇਡਦਿਆਂ ਭਾਰਤੀ ਟੀਮ ਨੂੰ ਜਰਮਨੀ ਦੀ ਟੀਮ ਹੱਥੋਂ 5-1 ਗੋਲਾਂ `ਤੇ ਹਾਰਦੀ ਵੇਖ ਕੇ ਆਖ਼ਰੀ 6 ਮਿੰਟਾਂ `ਚ 4 ਗੋਲ ਕਰ ਕੇ ਹਾਰਨੋਂ ਬਚਾ ਲਿਆ ਸੀ! ਮੈਚ 5-5 ਗੋਲਾਂ ਨਾਲ ਬਰਾਬਰ ਰਿਹਾ ਸੀ। ਉਹ ਹਾਕੀ ਦਾ ਕੁਮੈਂਟੇਟਰ ਵੀ ਰਿਹਾ, ਹਾਕੀ ਮੈਗਜ਼ੀਨ ਦਾ ਐਡੀਟਰ ਵੀ ਤੇ ਪੰਜਾਬ ਦੀ ਹਾਕੀ ਦਾ ਪ੍ਰਮੋਟਰ ਵੀ। ਉਹ ਇੰਟਰਨੈਸ਼ਲ ਹਾਕੀ ਫੈਡਰੇਸ਼ਨ ਦਾ ਸਲਾਹਕਾਰ ਵੀ ਰਿਹਾ।
ਕਦੇ ਫੁਟਬਾਲ ਦੇ ਖਿਡਾਰੀ ਪੇਲੇ ਨੇ ਕੁਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਚੌਹੀਂ ਕੂੰਟੀਂ ਪੇਲੇ ਪੇਲੇ ਹੋ ਗਈ ਸੀ। ਜਿਵੇਂ ਪੇਲੇ ਨੂੰ ਬ੍ਰਾਜ਼ੀਲ ਦਾ ਕਾਲਾ ਮੋਤੀ ਕਿਹਾ ਜਾਂਦਾ ਸੀ ਉਵੇਂ ਪਰਗਟ ਸਿੰਘ ਵੀ ਪੰਜਾਬ ਦਾ ਸੁੱਚਾ ਮੋਤੀ ਹੈ। ਜਿਵੇਂ ਪੇਲੇ ਬ੍ਰਾਜੀਲ ਸਰਕਾਰ ਦਾ ਮਨਿਸਟਰ ਬਣਿਆ ਉਵੇਂ ਪਰਗਟ ਸਿੰਘ ਵੀ ਪੰਜਾਬ ਸਰਕਾਰ ਦਾ ਮਨਿਸਟਰ ਬਣਿਆ। ਕੋਈ ਪਤਾ ਨਹੀਂ ਕਦੇ ਚੀਫ਼ ਮਨਿਸਟਰ ਈ ਬਣ ਜਾਵੇ!
ਪੰਜਾਬ ਨੇ ਐਸੇ ਸੂਰਮੇ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ, ਹਿੰਮਤ, ਦ੍ਰਿੜ ਇਰਾਦੇ ਤੇ ਲਾਮਿਸਾਲ ਪ੍ਰਤਿਭਾ ਨਾਲ ਦੁਨੀਆ ਭਰ `ਚ ਆਪਣੀ ਵਿਸ਼ੇਸ਼ ਪਛਾਣ ਬਣਾਈ। ਗੱਲ ਭਾਵੇਂ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਜੋਧਿਆਂ ਦੀ ਹੋਵੇ, ਖੇਤੀਬਾੜੀ `ਚ ਇਨਕਲਾਬ ਲਿਆਉਣ ਵਾਲੇ ਕਿਸਾਨਾਂ ਦੀ ਹੋਵੇ ਜਾਂ ਖੇਡ ਮੈਦਾਨਾਂ `ਚ ਜਿੱਤ ਦੇ ਝੰਡੇ ਝੁਲਾਉਣ ਵਾਲਿਆਂ ਦੀ ਹੋਵੇ, ਪੰਜਾਬੀਆਂ ਨੇ ਹਰ ਮੈਦਾਨ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਵਿਚ ਹੀ ਪਰਗਟ ਸਿੰਘ ਦਾ ਨਾਂ ਬੋਲਦਾ ਹੈ। ਉਸ ਨੇ ਹਾਕੀ ਦੀ ਖੇਡ ਨੂੰ ਆਪਣੇ ਕੈਰੀਅਰ ਦਾ ਅੰਗ ਬਣਾਇਆ। ਕੌਮਾਂਤਰੀ ਪੱਧਰ `ਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸੈਂਕੜੇ ਗੋਲ ਕੀਤੇ ਤੇ ਸ਼ਾਨਦਾਰ ਜਿੱਤਾਂ ਜਿੱਤੀਆਂ। ਉਹ ਨਿਡਰ ਕਪਤਾਨ, ਪੈਨਲਟੀ ਕਾਰਨਰ ਦਾ ਮਾਹਿਰ, ਹਮਲਾਵਰ ਖਿਡਾਰੀ, ਅਨੁਸਾਸ਼ਨ ਦਾ ਪੱਕਾ ਤੇ ਨੌਜੁਆਨ ਪੀੜ੍ਹੀ ਦਾ ਪ੍ਰੇਰਨਾ ਸਰੋਤ ਰਿਹਾ। ਉਹਦੀ ਖ਼ਾਸੀਅਤ ਰਹੀ ਕਿ ਔਖੀਆਂ ਘੜੀਆਂ ਵਿਚ ਵੀ ਹਿੰਮਤ ਨਹੀਂ ਸੀ ਹਾਰਦਾ। ਹਾਕੀ ਦੇ ਮੈਦਾਨ `ਚ ਜਦੋਂ ਉਹਦੀ ਟੀਮ ਦਬਾਅ ਹੇਠ ਹੁੰਦੀ ਤਾਂ ਉਹ ਹੌਂਸਲਾ ਦੇ ਕੇ ਸਾਥੀਆਂ ਨੂੰ ਵੰਗਾਰਦਾ। ਉਨ੍ਹਾਂ `ਚ ਨਵਾਂ ਜੋਸ਼ ਭਰਦਾ। ਗੱਲ ਨਿਰੀ ਜਿੱਤ ਹਾਰ ਦੀ ਨਹੀਂ ਹੁੰਦੀ, ਹੌਂਸਲੇ ਨਾਲ ਖੇਡਣ ਦੀ ਵੀ ਹੁੰਦੀ ਹੈ। ਸਪੋਰਟਸਮੈਨ ਦੀ ਖੇਡ ਭਾਵਨਾ ਤੇ ਡਿਸਿਪਲਿਨ `ਚ ਰਹਿਣ ਦੀ ਵੀ ਹੁੰਦੀ ਹੈ। ਪਰਗਟ ਅਨੁਸਾਸ਼ਨ ਦੀ ਪਾਲਣਾ ਕਰਨ ਵਾਲਾ ਖਿਡਾਰੀ ਸੀ।
ਹਾਕੀ ਦੀ ਖੇਡ ਵਿਚ ਜਿੰਨਾ ਮਾਣ ਸਨਮਾਨ ਪਰਗਟ ਸਿੰਘ ਨੂੰ ਮਿਲਿਆ ਸ਼ਾਇਦ ਹੀ ਕਿਸੇ ਹੋਰ ਖਿਡਾਰੀ ਨੂੰ ਮਿਲਿਆ ਹੋਵੇ। ਹਾਕੀ ਦਾ ਉਹ ਅਰਜਨਾ ਆਵਾਰਡੀ ਹੈ ਤੇ ਪਦਮ ਸ੍ਰੀ ਵੀ ਹੈ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਲਾਈਫ ਟਾਈੰਮ ਅਚੀਵਮੈਂਟ ਅਵਾਰਡ ਵੀ ਮਿਲੇ। ਜੇਕਰ ਉਹਦੇ ਸਾਰੇ ਮਾਨ ਸਨਮਾਨਾਂ ਦਾ ਵੇਰਵਾ ਦੇਣਾ ਹੋਵੇ ਤਾਂ ਵਰਕੇ ਭਰ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਪਰਗਟ ਸਿੰਘ ਦੀ ਆਪਣੀ ਖੇਡ ਬਹੁਤ ਬੁਲੰਦ ਹੋਣ ਦੇ ਬਾਵਜੂਦ ਉਹਦੀਆਂ ਟੀਮਾਂ ਓਲੰਪਿਕ ਖੇਡਾਂ `ਚ ਵੱਡੀਆਂ ਜਿੱਤਾਂ ਹਾਸਲ ਨਹੀਂ ਕਰ ਸਕੀਆਂ। ਉਹ ਤਿੰਨ ਓਲੰਪਿਕਸ ਖੇਡਿਆ ਪਰ ਉਹਦੀ ਟੀਮ ਦੇ ਹੱਥ ਕੋਈ ਓਲੰਪਿਕ ਮੈਡਲ ਨਹੀ ਆਇਆ। ਕਿਤੇ ਉਹ ਬਲਬੀਰ ਸਿੰਘ ਹੋਰਾਂ ਦੇ ਦੌਰ `ਚ ਖੇਡਦਾ ਤਾਂ ਉਹ ਵੀ ਓਲੰਪਿਕ ਖੇਡਾਂ ਦਾ ਗੋਲਡਨ ਹੈਟ ਟ੍ਰਿਕ ਮਾਰਦਾ।
ਭਾਰਤੀ ਹਾਕੀ ਦੇ ਇਤਿਹਾਸ ਵਿਚ ਉਹਦਾ ਨਾਂ ਇਸ ਕਰਕੇ ਯਾਦ ਰੱਖਿਆ ਜਾਵੇਗਾ ਕਿ ਉਸ ਨੇ ਅਜਿਹੇ ਦੌਰ `ਚ ਭਾਰਤੀ ਹਾਕੀ ਟੀਮਾਂ ਦੀ ਅਗਵਾਈ ਕੀਤੀ ਜਦੋਂ ਆਲਮੀ ਹਾਕੀ `ਚ ਬੜੇ ਬਦਲਾਅ ਆ ਰਹੇ ਸਨ। ਹਾਕੀ ਕੁਦਰਤੀ ਘਾਹ ਵਾਲੇ ਮੈਦਾਨਾਂ ਤੋਂ ਮਸਨੂਈ ਘਾਹ ਦੇ ਆਸਟ੍ਰੋ ਟਰਫ਼ਾਂ `ਤੇ ਖੇਡਣੀ ਸ਼ੁਰੂ ਹੋ ਗਈ ਸੀ। ਯੂਰਪੀ ਖਿਡਾਰੀਆਂ ਦੀ ਤੇਜ਼ ਰਫਤਾਰੀ ਤੇ ਜ਼ੋਰਦਾਰ ਹਿੱਟਕਾਰੀ ਦੀਆਂ ਤਕਨੀਕਾਂ ਹਿੰਦ-ਪਾਕਿ ਦੀ ਡ੍ਰਿਬਲਿੰਗ ਤੇ ਪਾਸਿੰਗ `ਤੇ ਭਾਰੂ ਪੈ ਰਹੀਆਂ ਸਨ। ਭਾਰਤ ਨੇ 1928 ਤੋਂ 1980 ਦੀਆਂ ਓਲੰਪਿਕ ਖੇਡਾਂ ਤੱਕ 8 ਗੋਲਡ, 1 ਸਿਲਵਰ ਤੇ 2 ਬ੍ਰਾਂਜ਼ ਮੈਡਲ ਜਿੱਤੇ ਸਨ ਪਰ ਆਸਟ੍ਰੋ ਟਰਫ਼ `ਤੇ ਖੇਡਣ ਅਤੇ ਖੇਡ ਦੇ ਨਵੇਂ ਨਿਯਮ ਭਾਰਤੀ ਖਿਡਾਰੀਆਂ ਦੇ ਪੈਰ ਨਹੀਂ ਸਨ ਲੱਗਣ ਦੇ ਰਹੇ। ਫਿਰ ਵੀ 1980ਵਿਆਂ ਤੇ 1990ਵਿਆਂ `ਚ ਹਾਕੀ ਦਾ ਸ਼ਾਇਦ ਹੀ ਕੋਈ ਵੱਡਾ ਟੂਰਨਾਮੈਂਟ ਹੋਵੇ ਜੋ ਪਰਗਟ ਸਿੰਘ ਨੇ ਜਿਗਰੇ ਨਾਲ ਨਾ ਖੇਡਿਆ ਹੋਵੇ। ਉਹ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਵੀ ਲੜਿਆ, ਜੋ ਸੌੜੀ ਸਿਆਸਤ ਕਰਕੇ ਜਿੱਤ ਨਾ ਸਕਿਆ।
ਪਰਗਟ ਸਿੰਘ ਹਾਕੀ ਤੋਂ ਬਾਹਰੀਆਂ ਸਰਗਰਮੀਆਂ ਵਿਚ ਵੀ ਸ਼ਰੀਕ ਹੁੰਦਾ ਰਿਹਾ। ਉਸ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ `ਚੋਂ 168 ਮੈਚਾਂ ਵਿਚ ਭਾਰਤੀ ਟੀਮਾਂ ਦਾ ਕਪਤਾਨ ਬਣਿਆਂ। ਉਸ ਨੇ ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ, ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ, ਸਭਨਾਂ `ਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਬਣਿਆ ਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਭਾਰਤ ਦਾ ਉਹ ਇਕੋ-ਇਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਰਿਹਾ।
2005 `ਚ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਬਣਿਆਂ। ਉਸ ਨੇ ਖੇਡ ਵਿਭਾਗ `ਚ ਅਹਿਮ ਤਬਦੀਲੀਆਂ ਲਿਆਂਦੀਆਂ ਜਿਸ ਨਾਲ ਖੇਡਾਂ ਦਾ ਦਾਇਰਾ ਵਿਸ਼ਾਲ ਹੋਇਆ ਤੇ ਖੇਡਾਂ ਦਾ ਮਿਆਰ ਵੀ ਉੱਚਾ ਹੋਇਆ। ਉਸ ਨੇ ਵਿਸ਼ਵ ਪੱਧਰੀ ਹਾਕੀ ਮੈਚ ਪੰਜਾਬ `ਚ ਕਰਾਏ। ਪਹਿਲਾਂ ਉਹ ਪੰਜਾਬ ਪੁਲਿਸ ਵਿਚ ਐੱਸ.ਪੀ. ਸੀ। ਅਪਰੈਲ 2010 `ਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ `ਚ ਹੋਇਆ ਤਾਂ ਉਸ ਨੇ ਮੇਰਾ ਸਾਥ ਮੰਗਿਆ। ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਹੋਣ ਕਾਰਨ ਉਦੋਂ ਦੇਸ਼ ਵਿਦੇਸ਼ ਦੇ ਕਬੱਡੀ ਪ੍ਰਮੋਟਰਾਂ ਨਾਲ ਮੇਰੇ ਲਿੰਕ ਸਨ। ਵਿਸ਼ਵ ਕਬੱਡੀ ਕੱਪ ਦੀ ਖਾਸ ਖਿੱਚ ਪਾਕਿਸਤਾਨ ਦੀ ਟੀਮ ਸੱਦਣਾ ਸੀ। ਮੇਰੇ ਸਾਥੀ ਸੰਤੋਖ ਮੰਡੇਰ ਦਾ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨਾਲ ਚੰਗਾ ਤਾਲ-ਮੇਲ ਸੀ। ਉਹ ਪਾਕਿਸਤਾਨ ਦੀ ਕਬੱਡੀ ਟੀਮ ਲਿਆਉਣ `ਚ ਸਫਲ ਹੋ ਗਿਆ। ਕਬੱਡੀ ਕੱਪ ਦਾ ਡਾਇਰੈਕਟਰ ਕਬੱਡੀ ਸਾਬਕਾ ਕੋਚ ਤੇ ਜ਼ਿਲ੍ਹਾ ਖੇਡ ਅਫਸਰ ਦੇਵੀ ਦਿਆਲ ਬਣਾਇਆ ਗਿਆ। ਕਮੇਡੀ ਕਲਾਕਾਰ ਭਗਵੰਤ ਮਾਨ ਨੂੰ ਦਰਸ਼ਕਾਂ ਦੇ ਮਨੋਰੰਜਨ ਲਈ ਸੱਦ ਕੇ ਮੈਨੂੰ ਕੁਮੈਂਟਰੀ ਟੀਮ ਦੇ ਕੋਆਰਡੀਨੇਟਰ ਦੀ ਜ਼ਿਮਮੇਵਾਰੀ ਸੌਂਪੀ ਗਈ।
ਉਦੋਂ ਮੈਨੂੰ ਦੋ ਹਫ਼ਤੇ ਪਰਗਟ ਸਿੰਘ ਨਾਲ ਨੇੜਿਓਂ ਵਿਚਰਨ ਦਾ ਮੌਕਾ ਮਿਲਿਆ। ਮੈਂ ਮਹਿਸੂਸ ਕੀਤਾ ਕਿ ਉਹਦੇ `ਚ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਤੇ ਉਸ ਨੂੰ ਹੋਰਨਾਂ ਤੋਂ ਵੀ ਕੰਮ ਲੈਣਾ ਆਉਂਦੈ। ਕਬੱਡੀ ਵਿਸ਼ਵ ਕੱਪ ਦੀ ਕਾਮਯਾਬੀ ਪਿੱਛੇ ਪਰਗਟ ਸਿੰਘ ਦੀ ਪ੍ਰਤਿਭਾ, ਉਤਸ਼ਾਹ, ਦੂਰਦ੍ਰਿਸ਼ਟੀ ਤੇ ਕੁਝ ਕਰ ਵਿਖਾਉਣ ਦਾ ਜ਼ਜ਼ਬਾ ਸੀ। ਮੱਖਣ ਸਿੰਘ ਹਕੀਮਪੁਰੀਆਂ ਤੇ ਦਰਸ਼ਨ ਬੜੀ ਵਰਗੇ ਕਬੱਡੀ ਦੇ ਕੁਮੈਂਟੇਟਰ ਸਭ ਚੜ੍ਹਦੇ ਤੋਂ ਚੜ੍ਹਦੇ ਸਨ। ਭਗਵੰਤ ਮਾਨ ਚੋਟੀ ਦਾ ਕਮੇਡੀਅਨ ਹੋਣ ਕਰਕੇ ਮੇਲੇ ਲੁੱਟੀ ਜਾਂਦਾ ਰਿਹਾ। ਉਹ ਜਿਥੇ ਜਾਂਦਾ ਉਥੋਂ ਦਾ ਝੱਗਾ ਪਜਾਮਾ, ਕੁੜਤਾ ਚਾਦਰਾ ਤੇ ਪਰਨਾ ਮੋਢੇ ਰੱਖ ਲੈਂਦਾ। ਨਾਲ ਕੌਡੀ ਬਾਡੀ ਦੀਆਂ ਨਿੱਤ ਨਵੀਆਂ ਤੁਕਾਂ ਜੋੜੀ ਜਾਂਦਾ ਜਿਵੇਂ ਹੁਣ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਵੀ ਛੰਦ ਜੋੜਨੋ ਨੀ ਹਟਦਾ। ਕਬੱਡੀ ਕੱਪ ਸਮੇਂ ਮੈਂ ਜਾਣਿਆਂ ਕਿ ਪਰਗਟ ਸਿੰਘ ਤੇ ਭਗਵੰਤ ਮਾਨ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਤੇ ਇਕ ਦੂਜੇ ਦੀ ਕਦਰ ਕਰਦੇ ਹਨ। ਦੋਹੇਂ ਆਪੋ ਆਪਣੇ ਫੀਲਡਾਂ ਦੇ ਚੈਂਪੀਅਨ ਜੁ ਹੋਏ।
ਹਾਕੀ ਖੇਡਣ ਤੋਂ ਰਿਟਾਇਰ ਹੋ ਕੇ ਪਰਗਟ ਸਿੰਘ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਜੋ ਬਾਅਦ ਵਿਚ ਬੰਦ ਹੋ ਗਿਆ। ਉਹ ਅਖ਼ਬਾਰਾਂ ਦਾ ਖੇਡ ਰਿਪੋਰਟਰ ਰਿਹਾ ਤੇ ਕੁਮੈਂਟੇਟਰ ਵੀ। ਉਸ ਦੀਆਂ ਵਿਸ਼ਲੇਸ਼ਣੀ ਟਿੱਪਣੀਆਂ `ਚ ਖੇਡ-ਮੁਹਾਰਤ ਪ੍ਰੋਈ ਹੁੰਦੀ। ਜਿਹੜੇ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਾ ਹੁੰਦੇ ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ। ਉਹਦੇ ਸੁਭਾਅ `ਚ ਸੱਚੀ ਗੱਲ ਮੂੰਹ `ਤੇ ਕਹਿਣ ਦੀ ਦਲੇਰੀ ਹੈ ਭਾਵੇਂ ਉਸ ਦਾ ਨਿੱਜੀ ਨੁਕਸਾਨ ਵੀ ਕਿਉਂ ਨਾ ਹੁੰਦਾ ਹੋਵੇ। ਦਬੰਗ ਸੁਭਾਅ ਹੋਣ ਕਰਕੇ ਉਸ ਨੇ ਆਪਣੀ ਖੇਡ ਦਾ ਨੁਕਸਾਨ ਕਰਵਾਇਆ ਵੀ ਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ। ਇਹ ਉਸ ਦੀ ਖੇਡ ਕਲਾ ਦਾ ਹੀ ਕਮਾਲ ਸੀ ਕਿ ਹਾਕੀ ਅਧਿਕਾਰੀਆਂ ਨੂੰ ਮੁੜ ਕੇ ਉਸ ਨੂੰ ਟੀਮ ਵਿਚ ਪਾਉਣਾ ਪਿਆ।
ਬਤੌਰ ਸਪੋਰਟਸ ਡਾਇਰੈਕਟਰ ਖੇਡਾਂ ਦੀ ਚੰਗੀ ਭਲੀ ਸੇਵਾ ਕਰਦੇ ਨੂੰ, 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਹਦੇ ਆਕਾਵਾਂ ਨੇ ਅਸਤੀਫ਼ਾ ਦੁਆ ਕੇ ਚੋਣ ਸਿਆਸਤ `ਚ ਲੈ ਆਂਦਾ। ਹੋ ਸਕਦਾ ਅੰਦਰਖਾਤੇ ਆਖਿਆ ਹੋਵੇ ਕਿ ਤੁਹਾਥੋਂ ਖੇਡਾਂ ਦੀ ਹੋਰ ਵੀ ਵੱਧ ਸੇਵਾ ਲਵਾਂਗੇ। ਪਰ ਉਨ੍ਹਾਂ ਦਾ ਮਕਸਦ ਵਿਰੋਧੀ ਪਾਰਟੀ ਤੋਂ ਜਲੰਧਰ ਛਾਉਣੀ ਦੀ ਸੀਟ ਖੋਹਣ ਦਾ ਸੀ। ਪਰਗਟ ਸਿੰਘ ਨੇ ਸੀਟ ਜਿੱਤ ਦਿੱਤੀ। ਜਿਨ੍ਹਾਂ ਨੇ ਉਸ ਤੋਂ ਖੇਡਾਂ ਦੀ ਹੋਰ ਸੇਵਾ ਲੈਣੀ ਸੀ ਉਨ੍ਹਾਂ ਨੇ ਐਡੇ ਮਹਾਨ ਖਿਡਾਰੀ ਤੋਂ ਲੋਕ ਸੰਪਰਕ ਦਾ ਕੰਮ ਹੀ ਲਿਆ। ਖੇਡ ਮੰਤਰੀ ਨਹੀਂ ਬਣਾਇਆ। ਤੋੜ ਵਿਛੋੜਾ ਤਾਂ ਫੇਰ ਪੈਣਾ ਈ ਸੀ। ਪਰਗਟ ਸਿੰਘ ਹੁਣ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਰਾਹ ਪੈ ਗਿਆ ਲੱਗਦੈ।
ਪਹਿਲਾਂ ਪਹਿਲ ਓਲੰਪਿਕ ਪੱਧਰ ਦੀ ਹਾਕੀ ਨਾਲ ਧਿਆਨ ਚੰਦ ਦਾ ਨਾਂ ਜੁੜਿਆ ਸੀ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਤੇ ਪਰਗਟ ਐਸੇ ਜੁੜਵੇਂ ਨਾਂ ਬਣ ਗਏ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ ਜਾਂ ਫੁਟਬਾਲ ਤੇ ਜਰਨੈਲ। ਹਾਕੀ ਹੀਰ ਹੈ ਤੇ ਪਰਗਟ ਉਸ ਦਾ ਰਾਂਝਾ। ਰਾਂਝੇ ਨੇ ਬਾਰਾਂ ਵਰ੍ਹੇ ਮੱਝਾਂ ਚਾਰੀਆਂ, ਪਰਗਟ ਨੇ ਵੀਹ ਵਰ੍ਹੇ ਹਾਕੀ ਖੇਡੀ। ਹਾਕੀ ਖੇਡ-ਖੇਡ ਉਸ ਨੇ ਸੈਂਕੜੇ ਗੇਂਦਾਂ ਤੇ ਦਰਜਨਾਂ ਹਾਕੀਆਂ ਹੰਢਾਈਆਂ ਅਤੇ ਅਨੇਕ ਖੇਡ ਮੈਦਾਨ ਆਪਣੀਆਂ ਪੈੜਾਂ ਨਾਲ ਘਸਾਏ। ਕੁਮੈਂਟਰੀ ਕਰਨ ਵਾਲਿਆਂ ਨੇ ਪਰਗਟ ਸਿੰਘ ਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ਵਿਚ ਗੁੰਜਾਇਆ।
ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ, ਗੋਲ ਦਾਗਣ, ਗੱਲ ਕੀ ਸੰਪੂਰਨ ਹਾਕੀ ਸ਼ੈਲੀ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਉਸ ਦੀ ਅਜਿਹੀ ਤਕਨੀਕ ਦਰਸ਼ਕਾਂ ਨੂੰ ਚਕਾਚੌਂਧ ਕਰਦੀ ਰਹੀ ਤੇ ਅਸ਼-ਅਸ਼ ਕਰਵਾਉਂਦੀ ਰਹੀ। ਖੇਡ ਮਾਹਿਰਾਂ ਨੇ ਉਸ ਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਦੀ ਉਪਾਧੀ ਦਿੱਤੀ। ਚੰਡੀਗੜ੍ਹ ਤੇ ਦਿੱਲੀ ਦੇ ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਵੋਤਮ ਖਿਡਾਰੀ ਐਲਾਨਿਆ।
ਪਰਗਟ ਸਿੰਘ ਮਿੱਠਾਪੁਰ ਦਾ ਜੰਮਪਲ ਹੈ ਜਿਥੇ ਜੰਮਦੇ ਬੱਚਿਆਂ ਨੂੰ ਹਾਕੀ ਖੇਡਣ ਦੀ ਗੁੜ੍ਹਤੀ ਮਿਲਦੀ ਹੈ। ਹਾਕੀ ਦੇ ਘਰ ਸੰਸਾਰਪੁਰ ਦੇ ਨੇੜੇ ਹੀ ਹੈ ਪਿੰਡ ਮਿੱਠਾਪੁਰ। ਉਸ ਦਾ ਜਨਮ ਇਕ ਸਾਧਾਰਨ ਕਿਸਾਨ ਗੁਰਦੇਵ ਸਿੰਘ ਪਵਾਰ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ 5 ਮਾਰਚ 1965 ਨੂੰ ਹੋਇਆ। ਪਰਗਟ ਨੇ ਬਚਪਨ `ਚ ਹੀ ਹਾਕੀ ਫੜ ਲਈ ਤੇ ਲੱਗਾ ਟੱਲੇ ਲਾਉਣ। ਮਿੱਠਾਪੁਰ ਦੇ ਸਕੂਲ ਵਿਚ ਹਾਕੀ ਖੇਡਣ ਦਾ ਮਾਹੌਲ ਸੀ ਜਿਸ ਕਰਕੇ ਪਰਗਟ ਸਿੰਘ ਸਕੂਲ ਵੱਲੋਂ ਹਾਕੀ ਖੇਡਣ ਲੱਗ ਪਿਆ। ਮਿੱਠਾਪੁਰੋਂ ਪੜ੍ਹ ਕੇ ਜਲੰਧਰ ਪੜ੍ਹਨ ਲੱਗਾ। ਜਲੰਧਰ ਹਾਕੀ ਦੀ ਰਾਜਧਾਨੀ ਹੈ ਜਿਥੇ ਖੇਡਾਂ ਦਾ ਸਮਾਨ ਹੀ ਨਹੀਂ ਬਣਦਾ, ਖੇਡਾਂ ਦੇ ਖਿਡਾਰੀ ਵੀ ਚੰਡੇ ਤਰਾਸ਼ੇ ਜਾਂਦੇ ਹਨ। ਸਕੂਲਾਂ ਕਾਲਜਾਂ ਤੋਂ ਬਿਨਾਂ ਕਈ ਕੌਮੀ ਅਦਾਰਿਆਂ ਦੀਆਂ ਹਾਕੀ ਟੀਮਾਂ ਦਾ ਜਲੰਧਰ ਹੈੱਡਕੁਆਟਰ ਹੈ। ਉਥੇ ਹਰੇਕ ਮੋੜ `ਤੇ ਹਾਕੀ ਓਲੰਪੀਅਨ ਮਿਲਦੇ ਹਨ। ਪਰਗਟ ਸਿੰਘ ਲਾਇਲਪੁਰ ਖਾਲਸਾ ਕਾਲਜ ਵਿਚ ਪੜ੍ਹਨ ਲੱਗਾ ਤੇ ਅਠਾਰਾਂ ਸਾਲ ਦੀ ਉਮਰੇ ਭਾਰਤ ਵੱਲੋਂ ਕੈਨੇਡਾ ਦਾ ਜੂਨੀਅਰ ਵਰਲਡ ਕੱਪ ਖੇਡਿਆ।
ਪਰਗਟ ਸਿੰਘ ਦਾ ਕੱਦ-ਕਾਠ ਬਹੁਤਾ ਉੱਚਾ ਲੰਮਾ ਨਹੀਂ ਤੇ ਨਾ ਹੀ ਹਾਕੀ ਦੀ ਖੇਡ ਲਈ ਵੱਡੇ ਕੱਦ-ਕਾਠ ਦੀ ਲੋੜ ਹੈ। ਧਿਆਨ ਚੰਦ, ਊਧਮ ਸਿੰਘ ਤੇ ਧੰਨਰਾਜ ਪਿੱਲੇ ਵਰਗੇ ਸਭ ਸਮੱਧਰ ਕੱਦਾਂ ਵਾਲੇ ਖਿਡਾਰੀ ਸਨ। ਪਰਗਟ ਸਿੰਘ ਪੰਜ ਫੁੱਟ ਅੱਠ ਨੌਂ ਇੰਚ ਉੱਚਾ ਤੇ ਸੱਤਰ ਬਹੱਤਰ ਕਿਲੋ ਭਾਰਾ ਹੈ। ਨੈਣ-ਨਕਸ਼ ਤਿੱਖੇ ਤੇ ਰੰਗ ਰਤਾ ਸਾਂਵਲਾ ਹੈ। ਉਸ ਨੂੰ ਖੇਡਣ ਨਾਲ ਗਾਉਣ ਦਾ ਵੀ ਸੌਕ ਸੀ। ਜੇ ਉਹ ਹਾਕੀ ਨੂੰ ਆਪਣੀ ਪੇਸ਼ਾਵਰ ਖੇਡ ਨਾ ਬਣਾਉਂਦਾ ਤਾਂ ਸੰਭਵ ਸੀ ਉਹ ਦੂਜਾ ਮਲਕੀਤ ਸਿੰਘ ਗੋਲਡਨ ਸਟਾਰ ਹੁੰਦਾ।
1985 `ਚ ਉਹ ਭਾਰਤੀ ਹਾਕੀ ਟੀਮ ਵੱਲੋਂ ਚੈਂਪੀਅਨਜ਼ ਟਰਾਫੀ ਖੇਡਿਆ। 1986 ਦੀਆਂ ਏਸ਼ਿਆਈ ਖੇਡਾਂ `ਚ ਫਿਰ ਭਾਰਤੀ ਹਾਕੀ ਟੀਮ ਵੱਲੋਂ ਖੇਡਿਆ। ਸਿਓਲ-1988 ਦੀਆਂ ਓਲੰਪਿਕ ਖੇਡਾਂ `ਚ ਵੀ ਉਹ ਭਾਰਤੀ ਟੀਮ ਦਾ ਮੈਂਬਰ ਸੀ। 1992 ਦੀਆਂ ਓਲੰਪਿਕ ਖੇਡਾਂ ਵਿਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ 1986 ਤੇ 90 ਦੇ ਹਾਕੀ ਵਿਸ਼ਵ ਕੱਪ ਵੀ ਖੇਡਿਆ। 1990 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1996 ਦੀਆਂ ਓਲੰਪਿਕ ਖੇਡਾਂ ਐਟਲਾਂਟਾ `ਚ ਹੋਈਆਂ ਤਾਂ ਪਰਗਟ ਸਿੰਘ ਨੂੰ ਦੂਜੀ ਵਾਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਉਹ ਚੈਂਪੀਅਨਜ਼ ਟਰਾਫੀ ਦੇ ਚਾਰ ਟੂਰਨਾਮੈਂਟ ਖੇਡਿਆ।
ਪਹਿਲਾਂ ਉਹ ਰੇਲ ਕੋਚ ਫੈਕਟਰੀ `ਚ ਭਰਤੀ ਹੋਇਆ ਸੀ ਫਿਰ ਪੰਜਾਬ ਅਲਕਲੀਜ਼ ਦੀ ਟੀਮ ਵਿਚ ਆ ਗਿਆ। ਫਿਰ ਉਸ ਨੂੰ ਪੰਜਾਬ ਪੁਲਿਸ ਨੇ ਸਿੱਧਾ ਡੀ.ਐੱਸ.ਪੀ. ਭਰਤੀ ਕਰ ਲਿਆ। ਫਿਰ ਸਪੋਰਟਸ ਡਾਇਰੈਕਟਰ ਬਣ ਕੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਨੂੰ ਮੁੜ ਸਰਗਰਮ ਕੀਤਾ। ਖੇਡ ਸਾਮਾਨ ਪਿੰਡਾਂ `ਚ ਪੁਚਾਇਆ ਤੇ ਕੋਚ ਤਾਇਨਾਤ ਕੀਤੇ।
ਉਸ ਦੀ ਸ਼ਾਦੀ ਸਾਬਕਾ ਸਪੀਕਰ ਤੇ ਸਾਬਕਾ ਗਵਰਨਰ ਰਾਜਸਥਾਨ ਸ. ਦਰਬਾਰਾ ਸਿੰਘ ਦੀ ਧੀ ਬਰਿੰਦਰ ਪ੍ਰੀਤ ਕੌਰ ਨਾਲ ਹੋਈ। ਉਨ੍ਹਾਂ ਦੇ ਦੋ ਬੱਚੇ ਹਨ ਹਰਤਾਜ ਤੇ ਹਰਨੂਰ। ਉਹ ਉਸ ਸਮੇਂ ਦੀ ਉਡੀਕ ਵਿਚ ਹੈ ਜਦੋਂ ਭਾਰਤੀ ਹਾਕੀ ਟੀਮਾਂ ਮੁੜ ਓਲੰਪਿਕ ਖੇਡਾਂ ਤੇ ਵਿਸ਼ਵ ਕੱਪ ਦੇ ਜਿੱਤ-ਮੰਚਾਂ ਉਤੇ ਚੜ੍ਹਨ। ਬੇਸ਼ਕ ਉਹ ਤਿੰਨ ਵਾਰ ਐਮਐਲਏ ਬਣਿਆਂ ਪਰ ਬੁਨਿਆਦੀ ਤੌਰ `ਤੇ ਖਿਡਾਰੀ ਹੀ ਹੈ। ਨਾ ਉਸ ਨੂੰ ਲਾਰੇ ਲਾਉਣੇ ਆਏ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਖੁਸ਼ਾਮਦ ਕਰਨੀ। ਅਜਿਹੇ ਬੰਦੇ ਦਾ ਅਜੋਕੇ ਰਾਜ ਭਾਗ ਵਿਚ ਕੀ ਬਣਨਾ ਸੀ? ਸਰਕਾਰਾਂ ਨੇ ਉਹਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਜਿਸ ਵਿਚ ਉਹ ਮਾਹਿਰ ਸੀ। ਨਾ ਉਹਦੇ ਹਲਕੇ ਦਾ ਕੁਝ ਸੁਆਰਿਆ ਗਿਆ ਹਾਲਾਂ ਕਿ ਸੁਆਰਨ ਵਾਲਾ ਬਹੁਤ ਕੁਝ ਹੈ। ਦੋਸਤ ਮਿੱਤਰ ਤੇ ਖਿਡਾਰੀ ਮਿਹਣੇ ਮਾਰਨ ਲੱਗੇ, ਭਾਅ ਜੀ ਕਿਥੇ ਫਸ ਗਏ? ਉਹ ਉਦਾਸ ਹੋ ਗਿਆ। ਕਰੇ ਤਾਂ ਕੀ ਕਰੇ? ਸ਼ੁਕਰ ਹੈ ਹੁਣ ਪਾਰਟੀ ਦਾ ਪ੍ਰਧਾਨ ਬਣ ਕੇ ਫਿਰ ਚੜ੍ਹਦੀ ਕਲਾ `ਚ ਹੋ ਗਿਐ। ਦੁਆ ਹੈ, ਪਰਗਟ, ਪਰਗਟ ਹੀ ਰਹੇ।

 

Leave a Reply

Your email address will not be published. Required fields are marked *