ਸੁਖਵੰਤ ਹੁੰਦਲ—-
ਮੈਰੀ ਵਿਲਕੌਕਸ ਕੈਲੀਫੋਰਨੀਆ ਦੀ ਸਾਂਵਾਕਿਨ ਵੈਲੀ ਵਿਚਲੇ ਯੋਕਟਸ ਮੂਲਵਾਸੀ ਕਬੀਲਿਆਂ ਦੇ ਇਕ ਕਬੀਲੇ ਨਾਲ ਸੰਬੰਧਿਤ ਸੀ। ਉਸ ਕਬੀਲੇ ਦੀ ਬੋਲੀ ਵਹਕਚੁਮਨੀ ਸੀ। ਉਸ ਦੀ ਜ਼ਿੰਦਗੀ ਦੇ ਇਕ ਪੜਾਅ `ਤੇ (ਸੰਨ 2013-14 ਦੇ ਦੁਆਲੇ) ਦੁਨੀਆ ਵਿੱਚ ਉਹ ਹੀ ਇੱਕੋ ਇਕ ਵਿਅਕਤੀ ਸੀ ਜਿਹੜੀ ਵਹਕਚੁਮਨੀ ਬੋਲ ਸਕਦੀ ਸੀ। ਉਸ ਦੀ ਮੌਤ ਦੇ ਨਾਲ ਹੀ ਵਹਕਚੁਮਨੀਦੀ ਮੌਤ ਹੋਣਾ ਨਿਸ਼ਚਿਤ ਸੀ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਆਪਣੀ ਉਮਰ ਦੇ ਸੱਤਵੇਂ ਦਹਾਕੇ ਵਿੱਚ ਉਸ ਨੇ ਆਪਣੀ ਬੋਲੀ ਵਹਕਚੁਮਨੀ ਦੀ ਡਿਕਸ਼ਨਰੀ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਅਤੇ ਆਪਣੀ ਮੌਤ ਤੋਂ ਪਹਿਲਾਂ 6000 ਸ਼ਬਦਾਂ ਦੀ ਇਹ ਡਿਕਸ਼ਨਰੀ ਤਿਆਰ ਕਰ ਲਈ। ਇਸ ਲੇਖ ਵਿੱਚ ਮੈਰੀ ਵਿਲਕੌਕਸ ਅਤੇ ਉਸ ਦੀ ਡਿਕਸ਼ਨਰੀ ਦੀ ਕਹਾਣੀ ਪੇਸ਼ ਹੈ।
ਮੈਰੀ ਵਿਲਕੌਕਸ ਦਾ ਜਨਮ 24 ਨਵੰਬਰ 1933 ਨੂੰ ਕੈਲੀਫੋਰਨੀਆ ਦੀ ਸਾਂਵਾਕਿਨ ਵੈਲੀ ਵਿੱਚ ਹੋਇਆ। ਆਪਣੇ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਮੈਰੀ ਇਕ ਰੈਂਚ (ਫਾਰਮ) `ਤੇ ਜੰਮੀ ਪਲੀ ਅਤੇ ਵੱਡੀ ਹੋਈ। ਉਸ ਦਾ ਪਿਤਾ ਖੇਤਾਂ ਵਿੱਚ ਕੰਮ ਕਰਦਾ ਸੀ। ਅੱਠਵੀਂ ਤੱਕ ਪੜ੍ਹਨ ਤੋਂ ਬਾਅਦ ਉਹ ਵੀ ਖੇਤਾਂ ਵਿੱਚ ਕੰਮ ਕਰਨ ਲੱਗੀ। ਬਚਪਨ ਵਿੱਚ ਉਸ ਨੂੰ ਉਸ ਦੀ ਗਰੈਂਡਮਦਰ (ਦਾਦੀ ਜਾਂ ਨਾਨੀ) ਨੇ ਪਾਲਿਆ। ਉਸ ਦੀ ਦਾਦੀ/ਨਾਨੀ ਉਸ ਨਾਲ ਵਹਕਚੁਮਨੀ ਵਿੱਚ ਗੱਲਬਾਤ ਕਰਦੀ ਸੀ। ਉਸ ਦੇ ਬਚਪਨ ਵਿੱਚ ਹੀ ਉਸ ਦੀ ਦਾਦੀ/ਨਾਨੀ ਦੀ ਮੌਤ ਹੋ ਗਈ ਅਤੇ ਉਸ ਦਾ ਆਪਣੀ ਬੋਲੀ ਵਹਕਚੁਮਨੀ ਨਾਲ ਨਾਤਾ ਟੁੱਟ ਗਿਆ। ਸਾਲਾਂ ਬਾਅਦ ਇਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, “ਜਦੋਂ ਮੇਰੀ ਦਾਦੀ/ਨਾਨੀ ਦੀ ਮੌਤ ਹੋਈ, ਮੈਂ ਆਪਣੀ ਇੰਡੀਅਨ ਬੋਲੀ ਨੂੰ ਪਿੱਛੇ ਛੱਡ ਦਿੱਤਾ।”
ਉਹ ਵੱਡੀ ਹੋਈ। ਆਪਣਾ ਪਰਿਵਾਰ ਸ਼ੁਰੂ ਕੀਤਾ। ਪਰ ਇਸ ਸਾਰੇ ਸਮੇਂ ਦੌਰਾਨ ਉਹ ਅੰਗਰੇਜ਼ੀ ਬੋਲਦੀ ਸੀ। ਉਸ ਦੀ ਬੋਲੀ ਵਹਕਚੁਮਨੀ ਦੇ ਸ਼ਬਦ ਉਸ ਦੇ ਅੰਦਰ “ਕਿਤੇ ਡੂੰਘੇ ਦੱਬੇ ਪਏ ਸਨ, ਬਿਲਕੁਲ ਅਣਛੋਹੇ”। ਜਦੋਂ ਉਸ ਦੀ ਉਮਰ ਸੱਤਰਾਂ ਸਾਲਾਂ ਦੇ ਨੇੜੇ ਤੇੜੇ ਸੀ, ਉਸ ਸਮੇਂ ਉਸ ਨੇ ਦੇਖਿਆ ਕਿ ਉਸ ਦੀਆਂ ਭੈਣਾਂ ਪਰਿਵਾਰ ਦੇ ਬੱਚਿਆਂ ਨੂੰ ਵਹਕਚੁਮਨੀ ਸਿਖਾਲਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਹ ਦੇਖ ਕੇ ਉਹਦੇ ਅੰਦਰ ਆਪਣੀ ਬੋਲੀ ਦੇ ਸ਼ਬਦਾਂ ਦੀ ਇਕ ਡਿਕਸ਼ਨਰੀ ਬਣਾਉਣ ਦਾ ਖਿਆਲ ਉਗਮਿਆ। ਉਹ ਆਪਣੀ ਯਾਦਦਾਸ਼ਤ ਦੇ ਆਧਾਰ `ਤੇ ਵਹਕਚੁਮਨੀ ਦੇ ਸ਼ਬਦਾਂ ਨੂੰ ਲਿਖਣ ਲੱਗੀ। ਉਹ ਲਫਾਫਿਆਂ ਦੇ ਪਿੱਛੇ, ਰੱਦੀ ਦੇ ਕਾਗਜ਼ਾਂ `ਤੇ, ਅਤੇ ਖਾਲੀ ਥਾਂ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ `ਤੇ ਆਪਣੀ ਬੋਲੀ ਦੇ ਸ਼ਬਦ ਲਿਖਣ ਲੱਗੀ। ਛੇਤੀ ਹੀ ਉਸ ਨੇ ਆਪਣੀ ਬੋਲੀ ਦੇ ਬਹੁਤ ਸਾਰੇ ਸ਼ਬਦਾਂ ਨੂੰ ਕਾਗਜ਼ਾਂ `ਤੇ ਉਤਾਰ ਲਿਆ। ਉਸ ਦੀ ਧੀ ਜੈਨੀਫਰ ਮਲੋਨ ਇਹ ਦੇਖ ਕੇ ਬਹੁਤ ਹੈਰਾਨ ਹੋਈ। ਉਸ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਮਾਂ ਨੂੰ ਇੰਨੇ ਸ਼ਬਦ ਯਾਦ ਹੋਣਗੇ। ਜੈਨੀਫਰ ਉਹਨਾਂ ਕਾਗਜ਼ਾਂ ਨੂੰ ਸੰਭਾਲਣ ਅਤੇ ਤਰਤੀਬ ਦੇਣ ਵਿੱਚ ਆਪਣੀ ਮਾਂ ਦੀ ਮਦਦ ਕਰਨ ਲੱਗੀ।
ਪਰ ਕਾਗਜ਼ ਗਵਾਚ ਸਕਦੇ ਸਨ ਅਤੇ ਉਹਨਾਂ `ਤੇ ਲਿਖੇ ਸ਼ਬਦ ਵੀ। ਇਸ ਦੇ ਨਾਲ ਹੀ ਕਾਗਜ਼ਾਂ `ਤੇ ਲਿਖੇ ਸ਼ਬਦਾਂ ਨੂੰ ਤਰਤੀਬ ਦੇਣੀ, ਸੋਧਣਾ ਔਖਾ ਸੀ। ਇਸ ਲਈ ਮੈਰੀ ਨੇ ਆਪਣੀ ਉਮਰ ਦੇ ਇਸ ਪੜਾਅ `ਤੇ ਕੰਪਿਊਟਰ ਵਰਤਣਾ ਸਿੱਖਣ ਦਾ ਮਨ ਬਣਾਇਆ ਅਤੇ ਕੰਪਿਊਟਰ ਵਰਤਣਾ ਸਿੱਖਿਆ। ਫਿਰ ਉਹ ਕੰਪਿਊਟਰ `ਤੇ ਇਹਨਾਂ ਸ਼ਬਦਾਂ ਨੂੰ ਟਾਇਪ ਕਰਨ ਲੱਗੀ। ਕਿਸੇ ਸਿੱਖਿਅਤ ਟਾਈਪਿਸਟ ਵਾਂਗ ਨਹੀਂ, ਸਗੋਂ ਅਨਾੜੀ ਟਾਈਪਿਸਟ ਵਾਂਗ। ਉਹ ਕੀਬੋਰਡ `ਤੇ ਇਕ ਇਕ ਅੱਖਰ ਲੱਭ ਕੇ ਉਹਨਾਂ ਨੂੰ ਇਕੱਲੀ ਇਕੱਲੀ ਉਂਗਲ ਨਾਲ ਟਾਇਪ ਕਰਦੀ। ਅਪਾਚੀ ਇੰਡੀਅਨ ਕਬੀਲੇ ਦਾ ਇਕ ਨੌਜਵਾਨ ਨਿਕੋਲਸ ਲੂਨਾ ਉਸ ਦੀ ਕੰਪਿਊਟਰ ਵਰਤਣ ਅਤੇ ਸਿੱਖਣ ਵਿੱਚ ਮਦਦ ਕਰਨ ਲੱਗਾ। ਉਹ ਸਵੇਰ ਨੂੰ ਛੇਤੀ ਉੱਠਦੀ ਅਤੇ ਆਪਣੀ ਡਿਕਸ਼ਨਰੀ `ਤੇ ਕੰਮ ਕਰਨ ਲਗਦੀ ਅਤੇ ਦੇਰ ਰਾਤ ਤੱਕ ਇਸ `ਤੇ ਕੰਮ ਕਰਦੀ ਰਹਿੰਦੀ। ਉਸ ਦੀ ਧੀ ਜੈਨੀਫਰ ਦੇ ਕਹਿਣ ਅਨੁਸਾਰ “ਡਿਕਸ਼ਨਰੀ ਹੀ ਉਸ ਦੀ ਜ਼ਿੰਦਗੀ” ਬਣ ਗਈ।
ਉਸ ਦਾ ਪਰਿਵਾਰ ਉਸ ਦੇ ਕੰਮ ਦੀ ਮਹੱਤਤਾ ਨੂੰ ਨਹੀਂਂ ਸਮਝਦਾ ਸੀ। ਉਸ ਦੇ ਪਰਿਵਾਰ ਦੇ ਮੈਂਬਰ ਸੋਚਦੇ ਸਨ ਕਿ ਉਹ ਕਿਉਂ ਆਪਣਾ ਸਾਰਾ ਸਮਾਂ ਉਸ ਭਾਸ਼ਾ ਦੀ ਡਿਕਸ਼ਨਰੀ ਬਣਾਉਣ `ਤੇ ਲਾ ਰਹੀ ਹੈ ਜਿਹੜੀ ਭਾਸ਼ਾ ਬਹੁਤ ਥੋੜ੍ਹੇ ਲੋਕਾਂ ਦੀ ਹੈ। ਉਹ ਸੋਚਦੇ ਉਹਨਾਂ ਸ਼ਬਦਾਂ ਨੂੰ ਟਾਈਪ ਕਰਨ ਲਈ ਇੰਨੇ ਸਾਲ ਕਿਉਂ ਲਾਏ ਜਾਣ ਜਿਸ ਨੂੰ ਬੋਲਣ ਵਾਲੇ ਨਾ ਦੇ ਬਰਾਬਰ ਹਨ। ਮੈਰੀ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਧੁਨ ਵਿੱਚ ਆਪਣੇ ਕੰਮ ਵਿੱਚ ਲੱਗੀ ਰਹੀ। ਸੰਨ 2014 ਵਿੱਚ, ਜਦੋਂ ਉਹ ਆਪਣੀ ਡਿਕਸ਼ਨਰੀ ਨੂੰ ਸੋਧਣ `ਤੇ ਕੰਮ ਕਰ ਰਹੀ ਸੀ ਤਾਂ ਡਾਕੂਮੈਂਟਰੀ ਫਿਲਮਸਾਜ਼ ਇਮੈਨੂਅਲ ਵਾਅਨ-ਲੀ ਨੇ ਉਸ ਦੇ ਬਾਰੇ ਇਕ 10 ਕੁ ਮਿੰਟ ਦੀ ਡਾਕੂਮੈਂਟਰੀ ਬਣਾਈ। ਡਾਕੂਮੈਂਟਰੀ ਦਾ ਨਾਂ ਹੈ: “ਮੈਰੀਜ਼ ਡਿਕਸ਼ਨਰੀ ਭਾਵ ਮੈਰੀ ਦੀ ਡਿਕਸ਼ਨਰੀ”। ਜਦੋਂ ਉਸ ਦੇ ਵੱਡੇ ਪਰਿਵਾਰ ਦੇ ਮੈਂਬਰਾਂ ਨੇ ਰਲ ਕੇ ਇਹ ਡਾਕੂਮੈਂਟਰੀ ਦੇਖੀ ਤਾਂ ਉਹਨਾਂ ਨੂੰ ਪਹਿਲੀ ਵਾਰ ਮੈਰੀ ਦੇ ਕੰਮ ਦੀ ਮਹੱਤਤਾ ਦੀ ਸਮਝ ਆਈ।
ਸਾਲਾਂ ਦੀ ਮਿਹਨਤ ਬਾਅਦ ਮੈਰੀ ਨੇ ਲਿਖਤੀ ਡਿਕਸ਼ਨਰੀ ਤਿਆਰ ਕਰ ਲਈ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਕਾਗਜ਼ਾਂ `ਤੇ ਲਿਖੇ ਸ਼ਬਦਾਂ ਤੋਂ ਕੋਈ ਵਿਅਕਤੀ ਸ਼ਬਦਾਂ ਦਾ ਉਚਾਰਨ ਨਹੀਂ ਸਿੱਖ ਸਕਦਾ। ਇਸ ਲਈ ਉਹ ਲਿਖਤੀ ਰੂਪ ਵਿੱਚ ਇਕੱਤਰ ਕੀਤੇ ਸ਼ਬਦਾਂ ਦੇ ਉਚਾਰਨ ਰਿਕਾਰਡ ਕਰਨ ਲੱਗੀ। ਸ਼ਬਦਾ ਨੂੰ ਰਿਕਾਰਡ ਕਰਨ ਵਿੱਚ ਉਸ ਦਾ ਪੜ-ਦੋਹਤਾ (ਗਰੇਟ-ਗਰੈਂਡਸਨ) ਡੋਨੋਵੈਨ ਟ੍ਰੈਗਲੋਨ ਉਸ ਦੀ ਮਦਦ ਕਰਨ ਲੱਗਾ। ਇਕੱਤਰ ਕੀਤੇ ਸ਼ਬਦਾਂ ਦੇ ਉਚਾਰਨ ਰਿਕਾਰਡ ਕਰਨ ਦੇ ਨਾਲ ਨਾਲ ਮੈਰੀ ਨੇ ਆਪਣੇ ਕਬੀਲੇ ਦੀਆਂ ਕੁੱਝ ਕਹਾਣੀਆਂ ਵੀ ਰਿਕਾਰਡ ਕੀਤੀਆਂ ਜੋ ਉਸ ਦੇ ਕਬੀਲੇ ਦੀਆਂ ਰਵਾਇਤਾਂ ਅਤੇ ਸਭਿਆਚਾਰ ਬਾਰੇ ਦਸਦੀਆਂ ਸਨ।
ਅੰਤ ਨੂੰ 2019 ਵਿੱਚ ਮੈਰੀ ਦੀ ਡਿਕਸ਼ਨਰੀ ਮੁਕੰਮਲ ਹੋਈ ਅਤੇ ਉਸ ਨੂੰ ਇਸ ਦਾ ਕਾਪੀਰਾਈਟ ਮਿਲਿਆ। ਮੈਰੀ ਦਾ ਕਹਿਣਾ ਸੀ ਕਿ ਉਸ ਨੇ ਇਹ ਡਿਕਸ਼ਨਰੀ “ਆਪਣੀ ਦਾਦੀ/ਨਾਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਤਿਆਰ ਕੀਤੀ ਹੈ”। ਮੈਰੀ ਵਲੋਂ ਤਿਆਰ ਕੀਤੀ ਡਿਕਸ਼ਨਰੀ ਨੇ ਉਸ ਦੇ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਬੋਲੀ ਵ੍ਹਕਚੁਮਨੀ ਸਿੱਖਣ ਲਈ ਉਤਸ਼ਾਹਿਤ ਕੀਤਾ। ਉਹ ਆਪਣੀ ਧੀ ਦੀ ਮਦਦ ਨਾਲ ਆਪਣੇ ਭਾਈਚਾਰੇ ਵਿੱਚ ਵਹਕਚੁਮਨੀ ਸਿਖਾਉਣ ਦੀਆ ਕਲਾਸਾਂ ਲਾਉਣ ਲੱਗੀ। ਉਸ ਦੇ ਇਲਾਕੇ ਦੇ ਹੋਰ ਮੂਲਵਾਸੀ ਕਬੀਲੇ ਵੀ ਆਪਣੀਆਂ ਬੋਲੀਆਂ ਸਿੱਖਣ ਲਈ ਪ੍ਰੇਰਤ ਹੋਏ। ਇਸ ਪ੍ਰੇਰਨਾ ਨੂੰ ਨਿਕੋਲਸ ਲੂਨਾ ਇਸ ਤਰ੍ਹਾਂ ਬਿਆਨ ਕਰਦਾ ਹੈ, “ਉਸ ਨੇ ਮੇਰੇ ਅਤੇ ਹੋਰ ਲੋਕਾਂ ਦੇ ਹੇਠਾਂ ਆਪਣੀ ਬੋਲੀ ਸਿੱਖਣ ਅਤੇ ਸਿੱਖਦੇ ਰਹਿਣ ਲਈ ਅੱਗ ਬਾਲ ਦਿੱਤੀ। ਹੁਣ ਮੈਨੂੰ ਸੁਫਨੇ ਵੀ ਵਹਕਚੁਮਨੀ ਵਿੱਚ ਆਉਂਦੇ ਹਨ।”
25 ਸਤੰਬਰ 2021 ਨੂੰ ਮੈਰੀ ਵਿਲਕੌਕਸ ਦੀ ਮੌਤ ਹੋ ਗਈ। ਉਸ ਸਮੇਂ ਉਹ 87 ਸਾਲਾਂ ਦੀ ਸੀ।
(ਮੈਰੀ ਵਿਲਕੌਕਸ ਦੀ ਇਹ ਕਹਾਣੀ ਮੀਡੀਆ ਵਿੱਚ ਉਸ ਬਾਰੇ ਛਪੀਆਂ ਰਿਪੋਰਟਾਂ ਦੇ ਆਧਾਰ `ਤੇ ਲਿਖੀ ਗਈ ਹੈ। )

