ਐਬਟਸਫੋਰਡ (ਮਨਜਿੰਦਰ ਪੰਨੂ)-ਪੰਜਾਬੀ ਸੰਗੀਤ ਪ੍ਰੇਮੀਆਂ ਲਈ ਨਵਾਂ ਗੀਤ ‘ਯਾਰ ਬੋਲਦਾ 2’ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਪੰਜਾਬੀ ਗਾਇਕ ਬਿੱਟੂ ਖੰਨੇ ਵਾਲਾ ਦੀ ਆਵਾਜ਼ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਗੀਤ ਦੀ ਪੇਸ਼ਕਸ਼ ਜੱਸ ਸਟੂਡੀਓਜ਼ ਅਤੇ ਸ਼ਮਸ਼ੇਰ ਸੰਧੂ ਵੱਲੋਂ ਕੀਤੀ ਗਈ ਹੈ।
ਗੀਤ ਦੇ ਬੋਲ ਸ਼ਮਸ਼ੇਰ ਸੰਧੂ ਨੇ ਲਿਖੇ ਹਨ ਅਤੇ ਸੰਗੀਤ ਲਾਲ ਕਮਲ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਵੀਡੀਓ ਬੀ.ਕੇ.ਡਬਲਿਊ. ਫਿਲਮਜ਼ ਵੱਲੋਂ ਬਣਾਈ ਗਈ ਹੈ। ਇਸ ਗੀਤ ਰਾਹੀਂ ਪੰਜਾਬੀ ਗਾਇਕੀ ਦੇ ਇੱਕ ਯਾਦਗਾਰੀ ਨਾਮ ਸੁਰਜੀਤ ਬਿੰਦਰਖੀਆ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਗਾਇਕੀ ਦੀ ਵਿਰਾਸਤ ਨੂੰ ਯਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
‘ਯਾਰ ਬੋਲਦਾ 2’ ਦੇ ਪੋਸਟਰ ਤੋਂ ਗੀਤ ਨੂੰ ਪੰਜਾਬੀ ਗਾਇਕੀ ਦੇ ਰਵਾਇਤੀ ਰੰਗ ਅਤੇ ਦੋਸਤੀ ਦੇ ਵਿਸ਼ੇ ਨਾਲ ਜੋੜਿਆ ਗਿਆ ਹੈ। ਗੀਤ ਦੀ ਰਿਲੀਜ਼ ਨੂੰ ਲੈ ਕੇ ਸੰਗੀਤਕ ਟੀਮ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਸੰਗੀਤ ਦੇ ਸ਼ੌਕੀਨ ਇਸ ਨਵੀਂ ਪੇਸ਼ਕਸ਼ ਦੀ ਉਡੀਕ ਕਰ ਰਹੇ ਹਨ।
