Nov 20, 2026

featured-img

ਸ਼ੇਨਜੇਨ ( ਚੀਨ)- ਦੁਨੀਆਂ ਦੀਆਂ ਤਿੰਨ ਮਹਾਂ ਸ਼ਕਤੀਆਂ ਦੇ ਮੁਖੀ ਬੀਤੇ ਦਿਨ ਜਦੋਂ ਇੱਥੇ ਮਿਲੇ ਤਾਂ ਯਾਦਗਾਰੀ ਪਲ ਦੇ ਨਾਲ ਹੀ ਆਲਮੀ ਇਤਿਹਾਸ ਵੀ ਸਿਰਜਿਆ ਗਿਆ। ਅਮਰੀਕੀ ਰਾਸ਼ਟਪਤੀ ਡੋਨਲਡ ਟਰੰਪ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਅਤੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਡੇਢ ਘੰਟੇ ਤੋਂ ਵੱਧ ਸਮੇਂ ਤੱਕ ਮੀਟਿੰਗ ਕਰ ਕੇ ਸੰਯੁਕਤ ਰਾਸ਼ਟਰ ’ਚ ਸੁਧਾਰ, ਪਰਮਾਣੂ ਹਥਿਆਰਾਂ ਦਾ ਜੋਖਮ ਘਟਾਉਣ ਅਤੇ ਤੇਲ ਸਪਲਾਈ ਵਧਾਉਣ ਸਮੇਤ ਹੋਰ ਆਲਮੀ ਮੁੱਦਿਆਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ। ਐਲਾਨਨਾਮੇ ’ਚ ਯੂਕਰੇਨ ਜਾਂ ਇਰਾਨ ਜੰਗ ਦਾ ਕੋਈ ਜ਼ਿਕਰ ਨਹੀਂ ਹੈ ਪਰ ਟਰੰਪ ਨੇ ਕਿਹਾ ਕਿ ਉਨ੍ਹਾਂ ਪੂਤਿਨ ਅਤੇ ਸ਼ੀ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਦੌਰਾਨ ਇਨ੍ਹਾਂ ਦਾ ਜ਼ਿਕਰ ਕੀਤਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਤਿੰਨੋਂ ਆਗੂਆਂ ਨੇ ਇਕੱਠਿਆਂ ਮੀਟਿੰਗ ਕੀਤੀ। ਉਂਝ ਉਹ ਪਹਿਲਾਂ ਕਈ ਮੰਚਾਂ ’ਤੇ ਇਕੱਠੇ ਹੁੰਦੇ ਰਹੇ ਸਨ। ਆਲਮੀ ਬੇਯਕੀਨੀ ਦੇ ਮਾਹੌਲ ਦਰਮਿਆਨ ਹੋਈ ਇਸ ਮੀਟਿੰਗ ਤੋਂ ਮਾਹਿਰਾਂ ਨੇ ਵੱਡੀ ਸਫਲਤਾ ਦੀ ਘੱਟ ਹੀ ਆਸ ਰੱਖੀ ਹੈ। ਮੀਟਿੰਗ ਮਗਰੋਂ ਤਿੰਨੋਂ ਆਗੂਆਂ ਨੇ ‘ਅਮਨ ਦੀ ਦਿਸ਼ਾ ਵੱਲ ਐਲਾਨਨਾਮਾ’ ਜਾਰੀ ਕੀਤਾ। ਐਲਾਨਨਾਮੇ ’ਚ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦੀ ਮੰਗ ਕਰਦਿਆਂ ਊਰਜਾ ਸੰਕਟ ਘਟਾਉਣ ਲਈ ਰਿਫਾਇੰਡ ਪੈਟਰੋਲੀਅਮ ਵਸਤਾਂ ਦੀ ਪੈਦਾਵਾਰ ਅਤੇ ਸਪਲਾਈ ਵਧਾਉਣ ਦੀਆਂ ਯੋਜਨਾਵਾਂ ਦਾ ਖ਼ਾਕਾ ਪੇਸ਼ ਕੀਤਾ ਗਿਆ। ਸ਼ੇਨਜ਼ੇਨ ’ਚ ਏਪੈਕ ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਹੋਈ ਮੀਟਿੰਗ ਮਗਰੋਂ ਚਾਰ-ਨੁਕਾਤੀ ਐਲਾਨਨਾਮਾ ਜਾਰੀ ਕੀਤਾ ਗਿਆ। ਐਲਾਨਨਾਮੇ ’ਚ ਪਰਮਾਣੂ ਜੋਖਮ ਘਟਾਉਣ ਅਤੇ ਪਰਮਾਣੂ ਹਥਿਆਰਾਂ ਦਾ ਪਾਸਾਰ ਰੋਕਣ ਲਈ ਗੱਲਬਾਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਗਈ। ਆਗੂਆਂ ਨੇ ਦੁਹਰਾਇਆ ਕਿ ਪਰਮਾਣੂ ਜੰਗ ਨਾ ਤਾਂ ਜਿੱਤੀ ਜਾ ਸਕਦੀ ਹੈ ਅਤੇ ਨਾ ਹੀ ਕਦੇ ਲੜੀ ਜਾਣੀ ਚਾਹੀਦੀ ਹੈ। ਉਨ੍ਹਾਂ ਕੌਮਾਂਤਰੀ ਅਪਰਾਧ ਅਦਾਲਤ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਗੂਆਂ ਅਤੇ ਅਧਿਕਾਰੀਆਂ ਨੂੰ ਮੁਕੱਦਮਿਆਂ ਤੋਂ ਰਾਹਤ ਮਿਲਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਕੌਮਾਂਤਰੀ ਅਪਰਾਧ ਅਦਾਲਤ (ਆਈ ਸੀ ਸੀ) ਅਤੇ ਅਜਿਹੀਆਂ ਹੋਰ ਸੰਸਥਾਵਾਂ ਨੂੰ ਆਪਣੇ ਅਧਿਕਾਰ ਖੇਤਰ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਦਾਲਤ ਨੂੰ ਲੋੜੀਂਦੇ ਹਨ ਅਤੇ ਅਮਰੀਕਾ ਨੇ ਹਾਲੀਆ ਜਾਂਚ ਕਾਰਨ ਆਈ ਸੀ ਸੀ ਅਤੇ ਉਸ ਦੇ ਅਧਿਕਾਰੀਆਂ ’ਤੇ ਸਖ਼ਤ ਪਾਬੰਦੀਆਂ ਲਾਈਆਂ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੀਟਿੰਗ ਹਾਂ-ਪੱਖੀ ਅਤੇ ਉਸਾਰੂ ਦੱਸੀ। ਉਨ੍ਹਾਂ ਕਿਹਾ ਕਿ ਮੀਟਿੰਗ ਆਲਮੀ ਸ਼ਾਂਤੀ ਨੂੰ ਹੁਲਾਰਾ ਦੇਣ ’ਤੇ ਕੇਂਦਰਤ ਸੀ।

Leave a Reply

Your email address will not be published. Required fields are marked *