ਸਰੀ ( ਮਲਕੀਤ ਸਿੰਘ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਲੋਂ ਸਲਾਨਾ ਨਗਰ ਕੀਰਤਨ ਦਾ ਆਯੋਜਨ 21 ਨਵੰਬਰ ਦਿਨ ਸ਼ਨੀਵਾਰ ਨੂੰ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਹੋਇਆ ਤੇ ਸ਼ਾਮ ਨੂੰ ਗੁਰੂ ਘਰ ਵਿਖੇ ਹੀ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਪ੍ਰਮੁੱਖ ਸਿਆਸੀ ਆਗੂਆਂ ਜਿਹਨਾਂ ਵਿਚ ਸਰੀ ਦੇ ਮੇਅਰ ਡੱਗ ਮੈਕਲਮ, ਡਿਪਟੀ ਮੇਅਰ ਮਨਦੀਪ ਨਾਗਰਾ, ਕੌਂਸਲਰ ਸੁਹਾਨਾ ਗਿੱਲ, ਕੌਂਸਲਰ ਲੌਰੀ ਗੁਏਰਾ, ਕੈਬਨਿਟ ਮੰਤਰੀ ਜੈਸੀ ਸਹੋਤਾ, ਐਮ ਐਲ ਏ ਗੈਰੀ ਥਿੰਦ, ਐਮ ਐਲ ਏ ਮਨਦੀਪ ਧਾਲੀਵਾਲ ਤੋਂ ਇਲਾਵਾ ਕਈ ਹੋਰ ਆਗੂਆਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਐਮ ਐਲ ਏ ਗੈਰੀ ਥਿੰਦ ਪਿੰਗਲਵਾੜਾ ਲਈ ਦਾਨ ਦੀ ਸੇਵਾ ਵਿਚ ਹਿੱਸਾ ਲਿਆ। ਨਗਰ ਕੀਰਤਨ ਦੇ ਰਸਤੇ ਵਿਚ ਵੱਖ ਵੱਖ ਵਪਾਰਕ ਅਦਾਰਿਆਂ ਅਤੇ ਸੰਸਥਾਵਾਂ ਵਲੋਂ ਖਾਣ ਪੀਣ ਅਤੇ ਵੱਖ ਵੱਖ ਪਕਵਾਨਾਂ ਦੇ ਸਟਾਲ ਲਗਾਏ ਗਏ ਜਿਹਨਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਗਿਆਨੀ ਨਰਿੰਦਰ ਸਿੰਘ ਨੇ ਸੰਗਤਾਂ ਵਲੋਂ ਸ਼ਰਧਾ ਨਾਲ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਅਤੇ ਵਲੰਟੀਅਰਾਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕੀਤਾ।





