ਜਲੰਧਰ ( ਸਾਬੀ)- 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਸੈਮੀ ਫਾਈਨਲ ਵਿੱਚ ਪੰਜਾਬ ਪੁਲੀਸ ਦੀ ਟੀਮ ਸਖ਼ਤ ਮੁਕਾਬਲੇ ਵਿੱਚ ਰੇਲ ਕੋਚ ਫੈਕਟਰੀ (ਆਰ ਸੀ ਐੱਫ) ਕਪੂਰਥਲਾ ਨੂੰ 3-2 ਨਾਲ ਹਰਾ ਕੇ ਫਾਈਨਲ ਵਿੱਚ ਪੁੱਜੀ। ਪੰਜਾਬ ਪੁਲੀਸ ਦੀ ਟੀਮ 11ਵੀਂ ਵਾਰ ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜੀ ਹੈ। ਫਾਈਨਲ ਮੁਕਾਬਲਾ 28 ਨਵੰਬਰ ਨੂੰ ਸ਼ਾਮ 5.30 ਵਜੇ ਖੇਡਿਆ ਜਾਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਜੇਤੂ ਟੀਮ ਨੂੰ 6 ਲੱਖ ਰੁਪਏ ਤੇ ਜੇਤੂ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਤੇ ਟਰਾਫੀ ਦਿੱਤੀ ਜਾਵੇਗੀ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ ’ਚ ਪੰਜਾਬ ਪੁਲੀਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਸੱਤਵੇਂ ਮਿੰਟ ਵਿੱਚ ਪੰਜਾਬ ਪੁਲੀਸ ਦੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਉਪਰੰਤ ਆਰ ਸੀ ਐੱਫ ਦੇ ਜਸਵਿੰਦਰ ਸਿੰਘ ਨੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਸਕੋਰ 1-1 ਕਰ ਦਿੱਤਾ। ਆਰ ਸੀ ਐੱਫ ਵੱਲੋਂ ਜਸਜੀਤ ਸਿੰਘ ਨੇ 17ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਮੈਚ ਦੇ 42ਵੇਂ ਮਿੰਟ ਵਿੱਚ ਪੰਜਾਬ ਪੁਲੀਸ ਦੇ ਬਲਵਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਸਕੋਰ 2-2 ਦੀ ਬਰਾਬਰੀ ’ਤੇ ਲਿਆਦਾ। ਖੇਡ ਦੇ 52ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਪੈਨਲਟੀ ਕਾਰਨਰ ਰਾਹੀਂ ਸ਼ਾਨਦਾਰ ਗੋਲ ਕਰ ਕੇ ਪੰਜਾਬ ਪੁਲੀਸ ਨੂੰ 3-2 ਦੀ ਫ਼ੈਸਲਾਕੁਨ ਲੀਡ ਦਿਵਾਈ। ਅੰਤ ਵਿੱਚ ਪੰਜਾਬ ਪੁਲੀਸ ਨੇ ਇਹ ਮੁਕਾਬਲਾ 3-2 ਨਾਲ ਜਿੱਤ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।
