Nov 28, 2026

ਸੁਖਵਿੰਦਰ ਸਿੰਘ ਚੋਹਲਾ–

ਕੈਨੇਡਾ ਦੇ ਫਰੈਂਚ ਭਾਸ਼ਾਈ ਸੂਬੇ ਕਿਊਬੈਕ ਵਿਚ ਬਣੇ ਤਾਜਾ ਸਿਆਸੀ ਅਤੇ ਸਮਾਜਿਕ ਹਾਲਾਤ ਉਪਰ ਪੂਰੇ ਕੈਨੇਡਾ ਦੀ ਨਜ਼ਰ ਹੈ। ਇਸ 27 ਨਵੰਬਰ ਨੂੰ  ਸੁਪਰੀਮ ਕੋਰਟ ਵਲੋਂ ਕਿਊਬੈਕ ਦੇ ਸੈਕੂਲਰ ਕਨੂੰਨ ਬਿਲ-21 ਸਬੰਧੀ ਦਿੱਤੇ ਗਏ ਫੈਸਲੇ ਨੂੰ ਲੈਕੇ ਜਿਥੇ ਕਿਊਬੈਕ ਦੀ ਘੱਟ ਗਿਣਤੀ ਸਰਕਾਰ ਦੇ ਮੁਖੀ ਪੀਅਰ ਪਲੈਮਨਡੋਨ ਕਾਫੀ ਖੁਸ਼ ਹਨ, ਉਥੇ ਸੂਬੇ ਵਿਚ ਰਹਿ ਰਹੀਆਂ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਵਿਚ ਚਿੰਤਾ ਤੇ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ। ਕਿਊਬੈਕ ਦੇ ਸੈਕੂਲਰ ਕਨੂੰਨ ਦੇ ਮੁਤਾਬਿਕ ਕੋਈ ਵੀ ਸਰਕਾਰੀ ਕਰਮਚਾਰੀ ਕੰਮ ਦੇ ਸਮੇਂ ਧਾਰਮਿਕ ਚਿੰਨ ਪਾਕੇ ਡਿਊਟੀ ਨਹੀ ਕਰ ਸਕਦਾ। ਸੂਬੇ ਦੇ ਇਸ ਕਨੂੰਨ ਦੇ ਖਿਲਾਫ ਸੁਪਰੀਮ ਕੋਰਟ ਨੇ ਅਪੀਲ ਨੂੰ ਖਾਰਜ ਕਰਦਿਆਂ ਕਨੂੰਨ ਦੀ ਜਾਇਜ਼ਤਾ ਨੂੰ ਉਚਿਤ ਠਹਿਰਾਇਆ ਹੈ। ਕਿਊਬੈਕ ਸਰਕਾਰ ਦੇ ਇਸ ਸੈਕੂਲਰ ਕਨੂੰਨ ਨੂੰ ਲੈਕੇ ਵਿਵਾਦ ਤੇ ਚਰਚਾ ਅਗਲੇ ਦਿਨਾਂ  ਵਿਚ ਚਲਦੀ ਰਹੇਗੀ ਪਰ ਇਸਤੋਂ ਪਹਿਲਾਂ ਸੂਬੇ ਦੀ ਘੱਟ ਗਿਣਤੀ ਸਰਕਾਰ ਇਕ ਹੋਰ ਵੱਡੇ ਮਸਲੇ ਵਿਚ ਉਲਝੀ ਪਈ ਹੈ। ਅਕਤੂਬਰ ਮਹੀਨੇ ਵਿਚ ਪਾਰਟੀ ਕਿਊਬੈਕਾ ਦੀ ਚੁਣੀ ਗਈ ਸਰਕਾਰ ਦੇ ਸਾਰੇ 127 ਮੈਂਬਰਾਂ ਨੇ ਸੰਵਿਧਾਨ ਮੁਤਾਬਿਕ ਅਜੇ ਤੱਕ ਕੈਨੇਡਾ ਦੇ ਸੰਵਿਧਾਨਕ ਮੁਖੀ ਬਰਤਾਨਵੀ ਕਿੰਗ ਪ੍ਰਤੀ ਵਫਾਦਾਰੀ ਦੀ ਸਹੁੰ ਨਹੀ ਚੁੱਕੀ। ਪਾਰਟੀ ਆਗੂ ਪਲੈਮਨਡੋਨ ਦੀ ਦਲੀਲ ਹੈ ਕਿ ਉਹ ਬਰਤਾਨਵੀ ਕਿੰਗ ਪ੍ਰਤੀ ਨਹੀ ਆਪਣੇ ਲੋਕਾਂ ਪ੍ਰਤੀ ਵਫਾਦਾਰੀ ਦੀ ਸਹੁੰ ਚੁਕਣਗੇ। ਉਹ ਕਿੰਗ ਪ੍ਰਤੀ ਵਫਾਦਾਰੀ ਦੀ ਸਹੁੰ ਨੂੰ ਆਪਣੇ ਲੋਕਾਂ ਨਾਲ ਗੱਦਾਰੀ ਦੇ ਤੁਲ ਦਸਦੇ ਹਨ। ਇਸ ਮੁੱਦੇ ਤੇ ਭਾਵੇਂਕਿ ਪਹਿਲਾਂ ਵੀ ਕਾਫੀ ਚਰਚਾ ਹੁੰਦੀ ਆਈ ਹੈ ਤੇ ਕੈਨੇਡਾ ਦੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਸਿਟੀਜਨਸ਼ਿਪ ਜਾਂ ਕਿਸੇ ਸੰਵਿਧਾਨਕ ਅਹੁਦੇ ਨੂੰ ਗ੍ਰਹਿਣ ਕਰਦਿਆਂ ਕਿੰਗ ਪ੍ਰਤੀ ਵਫਾਦਾਰੀ ਦੀ ਸਹੁੰ ਦਾ ਵਿਰੋਧ ਕਰਦੇ ਹਨ।  ਇਸ ਦੌਰਾਨ ਕਿਊਬੈਕ ਦੀ ਅਦਾਲਤ ਨੇ ਆਪਣੇ ਇਕ ਫੈਸਲੇ ਰਾਹੀਂ ਸਪੱਸ਼ਟ ਕੀਤਾ ਹੈ ਕਿ ਅਗਰ ਨਵੇਂ ਚੁਣੇ ਗਏ ਮੈਂਬਰ ਰਾਜੇ ਪ੍ਰਤੀ ਸਹੁੰ ਨਹੀ ਚੁੱਕਦੇ ਤਾਂ ਉਹ ਵਿਧਾਨ ਸਭਾ ਵਿਚ ਬੈਠਣ ਦੇ ਹੱਕਦਾਰ ਨਹੀ ਹੋਣਗੇ। ਅਦਾਲਤ ਦੇ ਇਸ ਫੈਸਲੇ ਨੇ ਸੂਬੇ ਵਿਚ ਇਕ  ਸੰਵਿਧਾਨਕ ਸੰਕਟ ਪੈਦਾ ਕਰ ਦਿੱਤਾ ਹੈ। ਭਾਵੇਂਕਿ ਪ੍ਰੀਮੀਅਰ ਵਲੋਂ ਅਦਾਲਤ ਦੇ ਇਸ ਫੈਸਲੇ ਖਿਲਾਫ ਅਪੀਲ ਦਾਇਰ ਕੀਤੀ ਹੈ ਪਰ ਸਿਆਸੀ ਮੰਚ ਉਪਰ ਜਿਥੇ ਇਸਨੂੰ ਪਾਰਟੀ ਕਿਊਬੈਕਾ ਦੀ ਰਾਜਸੀ ਤਿਕੜਮਬਾਜੀ ਕਿਹਾ ਜਾ ਰਿਹਾ ਹੈ ਉਥੇ ਅਦਾਲਤ ਦਾ ਰੁਖ ਕਾਫੀ ਸਖਤ ਦਿਖਾਈ ਦੇ ਰਿਹਾ ਹੈ। ਇਸ ਮੁੱਦੇ ਨੂੰ ਲੈਕੇ ਪ੍ਰਸਿਧ ਅਖਬਾਰ ਗਲੋਬ ਐਂਡ ਮੇਲ ਦੇ ਐਡੀਟੋਰੀਅਲ ਵਿਚ ਕਿਊਬੈਕ ਪਾਰਟੀ ਦੇ ਆਗੂ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਗਿਆ ਹੈ। ਪੂਰਾ ਸੰਪਾਦਕੀ ਇਸ ਪ੍ਰਕਾਰ ਹੈ-

ਕਾਨੂੰਨ ਦੇ ਸ਼ਾਸਨ ਪ੍ਰਤੀ ਵਫ਼ਾਦਾਰੀ ਦੀ ਸਹੁੰ-

ਕਿਊਬੈਕ ਦੇ ਆਗੂ ਪਾਲ ਸੇਂਟ-ਪੀਅਰ ਪਲੈਮਨਡੋਨ ਨੂੰ ਉਹ ਲੜਾਈ ਮਿਲ ਗਈ ਹੈ ਜਿਸ ਦੀ ਉਹ ਤਲਾਸ਼ ਕਰ ਰਹੇ ਸਨ। ‘ਪਾਰਟੀ ਕਿਊਬੈਕਾ ਦੇ ਆਗੂ ਕਿਊਬੈਕ ਦੀ ਇੱਕ ਅਦਾਲਤ ਦੇ ਉਸ ਫੈਸਲੇ ਦੀ ਨਿੰਦਾ ਕਰ ਰਹੇ ਹਨ ਜੋ ਇਸ ਹਫ਼ਤੇ ਸੁਣਾਇਆ ਗਿਆ ਹੈ। ਇਸ ਫੈਸਲੇ ਤਹਿਤ, ਸੂਬਾਈ ਵਿਧਾਨ ਸਭਾ ਦਾ ਕੋਈ ਵੀ ਮੈਂਬਰ ਉਦੋਂ ਤੱਕ ਆਪਣੀ ਸੀਟ ਨਹੀਂ ਸੰਭਾਲ ਸਕੇਗਾ, ਜਦੋਂ ਤੱਕ ਉਹ ਸੰਵਿਧਾਨ ਵਿੱਚ ਨਿਰਧਾਰਤ ‘ਵਫ਼ਾਦਾਰੀ ਦੀ ਸਹੁੰ’ ਨਹੀਂ ਚੁੱਕ ਲੈਂਦਾ। ਇਸਦੇ ਖਿਲਾਫ ਪਾਲ ਸੇਂਟ-ਪੀਅਰ ਪਲੈਮਨਡੋਨ ਨੇ ‘X’ (ਟਵਿੱਟਰ) ‘ਤੇ ਇੱਕ ਲੰਮੀ ਪੋਸਟ ਵਿੱਚ ਲਿਖਿਆ ਹੈ ਕਿ ਇਹ “ਬ੍ਰਿਟਿਸ਼ ਰਾਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਦਾ ਇੱਕ ਗੱਦਾਰੀ ਭਰਿਆ ਕੰਮ” ਹੈ। ਉਹਨਾਂ ਦਾ ਇਹ ਦਾਅਵਾ ਹੈ ਕਿ ਅਦਾਲਤ ਲੋਕਤੰਤਰ-ਵਿਰੋਧੀ ਢੰਗ ਨਾਲ ਕੰਮ ਕਰ ਰਹੀ ਹੈ ਜੋ ਸੰਘੀ ਸਰਕਾਰ ਨਾਲ ਟਕਰਾਅ ਪੈਦਾ ਕਰਨ ਵਾਲਾ ਹੈ । ਵਿਆਪਕ ਪੱਧਰ ‘ਤੇ ਦੇਖਿਆ ਜਾਵੇ ਤਾਂ ਇਹ ਇੱਕ ਅਜਿਹੀ ਕੋਸ਼ਿਸ਼ ਹੈ—ਜੋ ਸ਼ਾਇਦ ਅਜਿਹੀਆਂ ਕਈ ਕੋਸ਼ਿਸ਼ਾਂ ਵਿੱਚੋਂ ਪਹਿਲੀ ਹੋਵੇਗੀ—ਜਿਸ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸੂਬੇ ਦੇ ਹਿੱਤ ਬਾਕੀ ਕੈਨੇਡਾ ਦੇ ਹਿੱਤਾਂ ਨਾਲੋਂ ਵੱਖਰੇ ਹਨ। ਆਮ ਤੌਰ ‘ਤੇ, ‘ਪਾਰਟੀ ਕਿਊਬੈਕਾ ਨਾਲ ਜੁੜੇ ਕਿਸੇ ਆਗੂ ਲਈ ਇਹ ਇੱਕ ‘ਸਫਲ ਦਿਨ’ ਮੰਨਿਆ ਜਾ ਸਕਦਾ ਹੈ, ਕਿਉਂਕਿ ਉਹ ਅਜੇ ਵੀ ਆਪਣੀ ਪਾਰਟੀ ਦੇ ‘ ਮੁਲਕ ਨਾਲੋਂ ਵੱਖ ਹੋਣ’ ਦੇ ਏਜੰਡੇ ਲਈ ਵਚਨਬੱਧ ਹਨ। ਪਰ ਸੋਮਵਾਰ ਦੇ ਫੈਸਲੇ ਦਾ ਵਿਰੋਧ ਕਰਕੇ,  ਸੇਂਟ-ਪੀਅਰ ਪਲੈਮਨਡੋਨ ਇੱਕ ਖ਼ਤਰਨਾਕ ਰਾਹ ‘ਤੇ ਚੱਲ ਰਹੇ ਹਨ।

ਅਦਾਲਤ ਦਾ ਇਹ ਫੈਸਲਾ, ਜਿਸ ਤਹਿਤ ਇੱਕ ਕਨੂੰਨੀ ਰੋਕ ਲਗਾਈ ਗਈ ਹੈ, ਬਿਲਕੁਲ ਸਪੱਸ਼ਟ ਹੈ। 1867 ਦੇ ਸੰਵਿਧਾਨਕ ਐਕਟ ਦੀ ਧਾਰਾ 128 ਇਹ ਲਾਜ਼ਮੀ ਕਰਦੀ ਹੈ ਕਿ ਸੰਘੀ ਜਾਂ ਸੂਬਾਈ ਵਿਧਾਨ ਸਭਾ ਦੇ ਹਰੇਕ ਮੈਂਬਰ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਨਿਰਧਾਰਤ ਸਹੁੰ ਚੁੱਕਣੀ ਪਵੇਗੀ। ਕਿਊਬੈਕ ਨੈਸ਼ਨਲ ਅਸੈਂਬਲੀ ਨੇ 2022 ਵਿੱਚ (ਸਰਬਸੰਮਤੀ ਨਾਲ) ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਮਕਸਦ ਇਸ ਸੰਵਿਧਾਨਕ ਸ਼ਰਤ ਨੂੰ ਬਦਲਣਾ ਜਾਂ ਨਜ਼ਰਅੰਦਾਜ਼ ਕਰਨਾ ਸੀ। ਇਸ ਕਾਨੂੰਨ ਵਿੱਚ ‘ਕਿਊਬੈਕ ਦੇ ਲੋਕਾਂ’ ਅਤੇ ਸੂਬੇ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਗੱਲ ਕਹੀ ਗਈ ਸੀ।ਹਾਲਾਂਕਿ, ਸੂਬਾਈ ਵਿਧਾਨ ਸਭਾਵਾਂ ਸੰਵਿਧਾਨ ਵਿੱਚ ਇੱਕਤਰਫ਼ਾ ਤੌਰ ‘ਤੇ ਕੋਈ ਸੋਧ ਨਹੀਂ ਕਰ ਸਕਦੀਆਂ।

ਅਦਾਲਤ ਦੇ ਤਾਜਾ ਫੈਸਲੇ ਨੇ 2022 ਦੇ ਕਾਨੂੰਨ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸਦਾ ਮਤਲਬ ਹੈ ਕਿ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਆਪਣੀਆਂ ਸੀਟਾਂ ਸੰਭਾਲਣ ਤੋਂ ਪਹਿਲਾਂ, ਵਿਧਾਇਕਾਂ ਨੂੰ ਰਾਜੇ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣੀ ਪਵੇਗੀ। ਪ੍ਰੀਮੀਅਰ ਸੇਂਟ-ਪੀਅਰ ਪਲੈਮਨਡੋਨ ਨੂੰ ਇਸ ਫੈਸਲੇ ਨਾਲ ਅਸਹਿਮਤ ਹੋਣ ਦਾ ਪੂਰਾ ਹੱਕ ਹੈ। ਉਨ੍ਹਾਂ ਦੀ ਸਰਕਾਰ ਕੋਲ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਅਧਿਕਾਰ  ਵੀ ਹੈ ਤੇ ਉਹਨਾਂ ਨੇ ਇਹ ਅਪੀਲ ਕਰ ਵੀ ਦਿੱਤੀ ਹੈ। ਪਰ ਪ੍ਰੀਮੀਅਰ ਸੇਂਟ-ਪੀਅਰ ਪਲੈਮਨਡੋਨ ਸਿਰਫ਼ ਇਸ ਫੈਸਲੇ ਨਾਲ ਆਪਣੀ ਅਸਹਿਮਤੀ ਹੀ ਨਹੀਂ ਜਤਾਉਂਦੇ, ਸਗੋਂ ਉਹ ਇਸਦੀ ਜਾਇਜ਼ਤਾ ਨੂੰ ਹੀ ਰੱਦ ਕਰ ਦਿੰਦੇ ਹਨ। ਇਸਤੋਂ ਵੀ ਅੱਗੇ ਉਹ ਸਿਰਫ਼ ਇਸ ਫੈਸਲੇ ਦੀ ਜਾਇਜ਼ਤਾ ਨੂੰ ਹੀ ਨਹੀਂ ਨਕਾਰਦੇ, ਸਗੋਂ ਪੂਰੇ ਕੈਨੇਡੀਅਨ ਸੰਵਿਧਾਨ ਨੂੰ ਹੀ ਰੱਦ ਕਰ ਦਿੰਦੇ ਹਨ। ਅਜਿਹਾ ਕਰਕੇ ਕਿਊਬੈਕ ਦੇ ਪ੍ਰੀਮੀਅਰ ਕਾਨੂੰਨ ਦੇ ਦਾਇਰੇ ਵਿੱਚ ਰਹਿਣ ਦੇ ਵਿਚਾਰ ਨੂੰ ਹੀ ਖਾਰਜ ਕਰ ਦਿੰਦੇ ਹਨ।

ਇਸ ਲਈ ਇੱਕ ਸ਼ਬਦ ਹੈ: ‘ਡੈਮਾਗੋਗਰੀ’ (ਭੜਕਾਊ ਤੇ ਸਿਆਸੀ ਬਿਆਨਬਾਜ਼ੀ) ਜਿਸ ਤਹਿਤ ਮਿਸਟਰ ਪੀਅਰ ਪਲੈਮਨਡੋਨ ਲਈ “ਰਾਜਸ਼ਾਹੀ ਦੀਆਂ ਬੇੜੀਆਂ” ਦਾ ਮਜ਼ਾਕ ਉਡਾਉਣਾ ਅਤੇ ਇਹ ਦਿਖਾਵਾ ਕਰਨਾ ਬਹੁਤ ਆਸਾਨ ਹੋ ਸਕਦਾ ਹੈ ਕਿ ਇਹ ਇਕ ਮਾਮੂਲੀ ਗੱਲ ਹੈ। ਪਰ ਆਪਣੇ ਫੈਸਲੇ ਵਿੱਚ, ਜਸਟਿਸ ਡੀਮਰ ਅਜਿਹੇ ਰਵੱਈਏ ਦੀ ਮੂਰਖਤਾ ਨੂੰ ਸਪੱਸ਼ਟ ਕਰਦੇ ਹਨ। ਉਹ ਲਿਖਦੇ ਹਨ, “ਭਾਵੇਂ ਇਹ ਵੇਖਣ ਨੂੰ ਕੁਝ ਅਜੀਬ ਲੱਗ ਸਕਦਾ ਹੈ, ਪਰ ਅਸਲ ਵਿੱਚ ਇਹ ਸਹੁੰ ਸਾਡੇ ਲੋਕਤੰਤਰ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।” ਉਹ ਅੱਗੇ ਕਹਿੰਦੇ ਹਨ ਕਿ ਇਹ “ਸੰਵਿਧਾਨ ਦੀ ਸਰਵਉੱਚਤਾ ਨੂੰ ਸਵੀਕਾਰ ਕਰਦੀ ਹੈ, ਜਿਸਦਾ ਪ੍ਰਤੀਕ ਰਾਜਾ (ਕਿੰਗ) ਹੈ।” ਉਹ ਅੱਗੇ ਕਹਿੰਦੇ ਹਨ ਕਿ ਕਾਨੂੰਨ ਦੇ ਸ਼ਾਸਨ ਦੇ ਅਧੀਨ ਰਹਿਣ ਲਈ ਇਹ ਸਹੁੰ ਇੱਕ “ਪਹਿਲਾ ਅਤੇ ਲਾਜ਼ਮੀ ਕਦਮ” ਹੈ। ਇਹ ਉਹ ਨੁਕਤਾ ਹੈ ਜੋ ਮਿਸਟਰ ਸੇਂਟ-ਪੀਅਰ ਪਲੈਮਨਡੋਨ ਅਤੇ ਹੋਰਾਂ ਦੀ ਸਮਝ ਤੋਂ ਬਾਹਰ ਹੈ। ਇਹ ਉਹ ‘ਕ੍ਰਾਊਨ’ ਹੈ, ਜਿਸ ਦਾ ਉਹ ਮਜ਼ਾਕ ਉਡਾਉਂਦੇ ਹਨ, ਕਿਊਬੈਕ ਸਮੇਤ ਪੂਰੇ ਕੈਨੇਡਾ ਵਿੱਚ ਆਜ਼ਾਦੀ ਦੀ ਗਾਰੰਟੀ ਦੇਣ ਵਾਲਾ ਹੈ। ਇਹ ‘ਕਾਨੂੰਨ ਦੇ ਸ਼ਾਸਨ’ ਦਾ ਮੂਲ ਤੱਤ ਹੈ। ਇਸਤੋਂ ਬਿਨਾਂ ਸਿਆਸਤਦਾਨ ਬਿਨਾਂ ਕਿਸੇ ਰੋਕ-ਟੋਕ ਦੇ ਕੰਮ ਨਹੀਂ ਕਰ ਸਕਦੇ, ਭਾਵੇਂ ਉਨ੍ਹਾਂ ਨੂੰ ਲੋਕਾਂ ਦਾ ਕਿੰਨਾ ਵੀ ਸਮਰਥਨ ਕਿਉਂ ਨਾ ਹਾਸਲ ਹੋਵੇ।

ਸਪੱਸ਼ਟ ਤੌਰ ‘ਤੇ, ਮਿਸਟਰ ਸੇਂਟ-ਪੀਅਰ ਪਲੈਮਨਡੋਨ ਸਿਰਫ਼ ਇਹ ਦਾਅਵਾ ਨਹੀਂ ਕਰ ਰਹੇ ਕਿ 1982 ਦਾ ਸੰਵਿਧਾਨਕ ਐਕਟ ਗੈਰ-ਕਾਨੂੰਨੀ ਹੈ ਕਿਉਂਕਿ ਕਿਊਬੈਕ ਨੇ ਇਸ ‘ਤੇ ਦਸਤਖਤ ਨਹੀਂ ਕੀਤੇ ਸਨ। ਉਨ੍ਹਾਂ ਤੋਂ ਪਹਿਲਾਂ ਹੋਰ ਵੀ ਕਈ ਆਗੂ ਅਜਿਹਾ ਕਈ ਵਾਰ ਕਰ ਚੁੱਕੇ ਹਨ। ਪਰ ਹੁਣ ਉਹ ਇਹ ਦਾਅਵਾ ਕਰ ਰਹੇ ਹਨ ਕਿ ਕੈਨੇਡਾ ਦੇ ਪੂਰੇ ਸੰਵਿਧਾਨਕ ਢਾਂਚੇ ਵਿੱਚ “ਕਿਸੇ ਵੀ ਤਰ੍ਹਾਂ ਦੀ ਕੋਈ ਜਮਹੂਰੀ ਜਾਇਜ਼ਤਾ ਨਹੀਂ ਹੈ।” ਉਹ ਦਾਅਵਾ ਜੋ ਵੀ ਕਰਨ ਪਰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀ ਕਰ ਸਕਦੇ ਕਿ ਜੇ ਕੈਨੇਡਾ ‘ਕਨਫੈਡਰੇਸ਼ਨ’  ਨਾ ਬਣਦਾ  ਤਾਂ ਅੱਜ ਕਿਊਬੈਕ ਅਤੇ ਬਾਕੀ ਬ੍ਰਿਟਿਸ਼ ਉੱਤਰੀ ਅਮਰੀਕਾ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਹੁੰਦੇ। ਇਸ ਤੱਥ ਦੀ ਅਸਲੀਅਤ ਨੂੰ ਜਾਣਨ ਲਈ ਮਿਸਟਰ ਪਲੈਮਨਡੋਨ ਨੂੰ ਲੁਸੀਆਨਾ ਵਲ ਝਾਤ ਮਾਰਨ ਦੀ ਵਧੇਰੇ ਲੋੜ ਹੈ। ਲੁਸੀਆਨਾ ਜੋ ਕਦੇ ਫਰੈਂਚ ਬਹੁਗਿਣਤੀ ਵਾਲੀ ਸੂਬਾ ਸੀ, ਅੱਜ ਉਥੇ ਫਰੈਂਚ ਭਾਸ਼ਾ ਤੇ ਸਭਿਆਚਾਰ ਦਾ ਕੀ ਹਾਲ ਹੈ। ਜਿਕਰਯੋਗ ਹੈ ਕਿ ਲੁਸੀਆਨਾ ਸਟੇਟ ਨੂੰ 1803 ਵਿਚ ਅਮਰੀਕਾ ਨੇ ਖਰੀਦ ਲਿਆ ਸੀ। ਅੱਜ ਇਹ ਬਹੁਗਿਣਤੀ ਫਰੈਂਚ ਭਾਸ਼ਾਈ ਸੂਬਾ ਪੂਰੀ ਤਰਾਂ ਅੰਗਰੇਜੀ ਦੇ ਪ੍ਰਭਾਵ ਅਧੀਨ ਹੈ।

ਪ੍ਰੀਮੀਅਰ ਆਪਣੇ ਪੱਖ ਨੂੰ ਜਾਇਜ਼ ਠਹਿਰਾਉਣ ਲਈ ਕਿਊਬੈਕ ਵਾਸੀਆਂ ਦੀ “ਜਮਹੂਰੀ ਇੱਛਾ” ਦਾ ਹਵਾਲਾ ਦਿੰਦੇ ਹਨ ਪਰ ‘ਕਾਨੂੰਨ ਦਾ ਸ਼ਾਸਨ’ ਲੋਕਾਂ ਦੀ ਇੱਛਾ ਨੂੰ ਰੱਦ ਨਹੀਂ ਕਰਦਾ ਸਗੋਂ ਇਹ ਉਸ ਨੂੰ ਇੱਕ ਰੂਪ, ਤਰਕਪੂਰਨ ਢਾਂਚਾ ਅਤੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ—ਜਿਸ ਤਹਿਤ ਵਧੇਰੇ ਨਿਆਂ ਦੀ ਗੁੰਜਾਇਸ਼ ਪੈਦਾ ਹੁੰਦੀ ਹੈ। ਕਿਸੇ ਵੀ ਸਿਆਸਤਦਾਨ, ਜਾਂ ਸਿਆਸਤਦਾਨਾਂ ਦੇ ਕਿਸੇ ਸਮੂਹ ਦੀ ਮਨਮਰਜ਼ੀ ਨੂੰ ਸੰਵਿਧਾਨ ਦੀ ਥਾਂ ਲੈਣ ਜਾਂ ‘ਕਾਨੂੰਨ ਦੇ ਸ਼ਾਸਨ’ ਦੀ ਨੀਂਹ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ( ਇਹ ‘ਦਾ ਗਲੋਬ ਐਂਡ ਮੇਲ’ ਦੇ ਸੰਪਾਦਕੀ ਬੋਰਡ ਦੇ ਵਿਚਾਰ ਹਨ)

 

Leave a Reply

Your email address will not be published. Required fields are marked *