Headlines

 ਸੰਪਾਦਕੀ-ਕਮਲਾ ਹੈਰਿਸ ਨੇ ਦੁਵੱਲੀ ਬਹਿਸ ਵਿਚ ਟਰੰਪ ਨੂੰ ਪਛਾੜਿਆ…

ਅਮਰੀਕੀ ਰਾਸ਼ਟਰਪਤੀ ਦੀ ਚੋਣ-

-ਸੁਖਵਿੰਦਰ ਸਿੰਘ ਚੋਹਲਾ-

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ 5 ਨਵੰਬਰ ਨੂੰ ਹੋਣ ਜਾ ਰਹੀ ਹੈ ਭਾਵ ਵੋਟਾਂ ਦੇ ਦਿਨ ਵਿਚ ਲਗਪਗ 50 ਦਿਨ ਬਾਕੀ ਬਚੇ ਹਨ। ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਰੀਪਬਲਿਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬੀਤੀ 10 ਸਤੰਬਰ ਨੂੰ ਹੋਈ ਸਿੱਧੀ ਬਹਿਸ ਨੇ ਕਈ ਕੁਝ ਸਪੱਸ਼ਟ ਕਰ ਦਿੱਤਾ ਹੈ। ਭਾਵੇਂਕਿ ਬਹਿਸ ਵਿਚ ਕਿਸੇ ਉਮੀਦਵਾਰ ਦਾ ਭਾਰੂ ਰਹਿਣਾ ਜਾਂ ਕਿਸੇ ਉਮੀਦਵਾਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦੇਣਾ ਜਿੱਤ ਜਾਂ ਹਾਰ ਦਾ ਨਤੀਜਾ ਨਹੀ ਹੁੰਦਾ ਪਰ ਇਹ ਜ਼ਰੂਰ ਹੈ ਕਿ ਬਹਿਸ ਪ੍ਰਤੀ ਲੋਕਾਂ ਦਾ ਪ੍ਰਤੀਕਰਮ ਨਤੀਜੇ ਦੇ ਰੁਝਾਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਸਾਬਕਾ ਰਾਸ਼ਟਰਪਤੀ ਟਰੰਪ ਦੀ ਇਹ ਦੂਸਰੀ ਅਤੇ ਕਮਲਾ ਹੈਰਿਸ ਦੀ ਇਹ ਪਹਿਲੀ ਬਹਿਸ ਸੀ। ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਾਲੇ ਪਹਿਲੀ ਬਹਿਸ 27 ਜੂਨ ਨੂੰ ਹੋਈ ਸੀ ਤੇ ਇਸ ਬਹਿਸ ਵਿਚ ਡੈਮੋਕਰੇਟਿਕ ਉਮੀਦਵਾਰ 85 ਸਾਲਾ ਜੋਅ ਬਾਇਡਨ ਦੀ ਮਾੜੀ ਕਾਰਗੁਜਾਰੀ ਨੇ ਉਸਨੂੰ ਆਪਣੀ ਉਮੀਦਵਾਰੀ ਤੋਂ ਪਾਸੇ ਹੋਣ ਤੇ ਨਵਾਂ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਐਲਾਨ ਕਰਨ ਲਈ ਮਜਬੂਰ ਕਰ ਦਿੱਤਾ ਸੀ।  ਪਹਿਲੀ ਬਹਿਸ ਦੌਰਾਨ ਜੋਅ ਬਾਇਡਨ ਆਪਣੀ ਵਡੇਰੀ ਉਮਰ ਅਤੇ ਬੀਮਾਰੀ ਕਾਰਣ ਕਈ ਗੱਲਾਂ ਦਾ ਸਪੱਸ਼ਟ ਜਵਾਬ ਨਹੀ ਸਨ ਦੇ ਸਕੇ। ਸਾਬਕਾ ਰਾਸ਼ਟਰਪਤੀ ਟਰੰਪ ਜੋ ਕਿ ਇਕ ਜਾਨਲੇਵਾ ਹਮਲੇ ਦਾ ਸਾਹਮਣਾ ਕਰਨ ਉਪਰੰਤ ਲੋਕ ਹਮਦਰਦੀ ਹਾਸਲ ਹੋਣ ਕਾਰਣ ਮਜਬੂਤ ਉਮੀਦਵਾਰ ਵਜੋਂ ਉਭਰੇ ਸਨ, ਵਲੋਂ ਚੋਣ ਜਿੱਤਣ ਦੀਆਂ ਸੰਭਾਵਨਾਵਾਂ ਦੇ ਹੱਕ ਵਿਚ ਹਵਾ ਹੋਣ ਲੱਗੀ ਸੀ। ਪਰ ਇਸ ਦੌਰਾਨ ਡੈਮੋਕਰੇਟ ਨੇ ਆਪਣਾ ਨਵਾਂ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਐਲਾਨ ਦਿੱਤਾ। ਕਮਲਾ ਹੈਰਿਸ ਜੋ ਕਿ ਇਕ ਉਘੀ ਵਕੀਲ ਹੈ ਤੇ ਜਿਸਨੂੰ ਕੌਮੀ ਤੇ ਕੌਮਾਂਤਰੀ ਮਸਲਿਆਂ ਦੀ ਮਾਹਿਰ ਮੰਨਿਆ ਜਾਂਦਾ ਹੈ, ਦੀ ਉਮੀਦਵਾਰੀ ਨੇ ਡੈਮੋਕਰੇਟ ਵਿਚਾਲੇ ਇਕ ਨਵੀਂ ਉਮੀਦ ਜਗਾਈ ਹੈ।

ਡੋਨਾਲਡ ਟਰੰਪ ਤੇ ਕਮਲਾ ਹੈਰਿਸ ਵਿਚਾਲੇ 10 ਸਤੰਬਰ ਨੂੰ ਹੋਈ ਲਾਈਵ ਬਹਿਸ ਵਿਚ ਕਮਲਾ ਹੈਰਿਸ ਦੇ ਰੰਗ-ਢੰਗ ਅਤੇ ਕਈ ਮੁੱਦਿਆਂ ਉਪਰ ਟਰੰਪ ਨੂੰ ਛਿੱਥਾ ਪਾਉਣ ਕਰਕੇ ਉਸਦੀ ਲੋਕਪ੍ਰਿਯਤਾ ਵਿਚ ਵਾਧਾ ਦਰਜ ਕੀਤਾ ਗਿਆ ਹੈ।

ਬਿਨਾਂ ਸ਼ੱਕ, ਇਸ ਬਹਿਸ ਦੌਰਾਨ ਬਾਇਡਨ ਨਾਲੋਂ ਹੈਰਿਸ ਕਿਤੇ ਬਿਹਤਰ ਸਾਬਿਤ ਹੋਈ ਹੈ ਅਤੇ ਉਸ ਨੇ ਟਰੰਪ ਨੂੰ ਠੋਕਵੇਂ ਜਵਾਬ ਦਿੱਤੇ । ਇਸ ਬਹਿਸ ਦੇ ਸ਼ੁਰੂ ਵਿਚ ਕਮਲਾ ਹੈਰਿਸ ਵਲੋਂ ਟਰੰਪ ਨਾਲ ਇਕ ਬਰਾਬਰ ਦੇ ਮਜਬੂਤ ਆਗੂ ਵਜੋਂ ਹੱਥ ਮਿਲਾਉਣ ਤੇ ਫਿਰ ਉਸਦੇ ਮੁਕਾਬਲੇ ਹਰ ਸਵਾਲ ਦਾ ਠੋਕਵਾਂ ਜਵਾਬ ਦੇਣਾ ਤੇ ਫਿਰ ਉਸ ਵੱਲ ਨਿੰਮੀ ਮੁਸਕਾਨ ਤੇ ਤਿਰਛੀ ਨਜ਼ਰ ਸੁਟਦਿਆਂ ਜਵਾਬ ਦੀ ਉਡੀਕ ਕਰਨਾ ਦਰਸ਼ਕਾਂ ਲਈ ਕਾਫੀ ਪ੍ਰਭਾਵਿਤ ਕਰਨ ਵਾਲਾ ਰਿਹਾ।

ਉਮੀਦਵਾਰਾਂ ਨੇ ਇੱਕ-ਦੂਜੇ ਨੂੰ ਇਜ਼ਰਾਈਲ-ਹਮਾਸ ਜੰਗ ਅਤੇ ਰੂਸ-ਯੂਕਰੇਨ ਟਕਰਾਅ ’ਤੇ ਵੀ ਨਿਸ਼ਾਨਾ ਬਣਾਇਆ ਪਰ ਕਿਸੇ ਨੇ ਵੀ ਦੋਵਾਂ ਜੰਗਾਂ ਨੂੰ ਖ਼ਤਮ ਕਰਨ ਦਾ ਕੋਈ ਠੋਸ ਖ਼ਾਕਾ ਪੇਸ਼ ਨਹੀਂ ਕੀਤਾ। ਉਨ੍ਹਾਂ ਗਰਭਪਾਤ ਉਪਰ ਪਾਬੰਦੀਆਂ ਉਤੇ ਤਿੱਖੀ ਨੋਕ ਝੋਕ ਦੇ ਨਾਲ ਗੈਰ ਕਨੂੰਨੀ ਪਰਵਾਸੀਆਂ ਦੇ ਮੁੱਦੇ ਉਪਰ ਇਮੀਗ੍ਰੇਸ਼ਨ ਨੀਤੀ ਪ੍ਰਤੀ ਆਪੋ ਆਪਣਾ ਪੱਖ ਰੱਖਿਆ । ਹੈਰਿਸ ਲਈ ਟਰੰਪ ਦਾ ਇਹ ਸਵਾਲ ਕਾਫੀ ਭਾਰੀ ਸੀ ਕਿ ਰਾਸ਼ਟਰਪਤੀ ਬਾਇਡਨ ਦੀ ਡਿਪਟੀ ਹੋਣ ਦੇ ਨਾਤੇ ਹੈ ਜਿਹੜੇ ਵਾਅਦੇ ਉਹ ਹੁਣ ਕਰ ਰਹੀ ਹੈ, ਉਹ ਉਸ ਨੇ ਬੀਤੇ ਸਾਢੇ ਤਿੰਨ ਸਾਲਾਂ ਵਿੱਚ ਪੂਰੇ ਕਿਉਂ ਨਹੀਂ ਕੀਤੇ? ਟਰੰਪ ਦੇ ਇਸ ਔਖੇ ਸਵਾਲ ਨੇ ਹੈਰਿਸ ਨੂੰ ਘੇਰਨ ਦਾ ਯਤਨ ਕੀਤਾ ਪਰ ਆਪਣੀ ਆਦਤ ਮੁਤਾਬਿਕ ਟਰੰਪ ਖੁਦ ਇਹ ਕਹਿਕੇ ਘਿਰ ਗਿਆ ਕਿ  ਗੈਰ ਕਨੂੰਨੀ ਪਰਵਾਸੀ ਲੋਕ ਅਮਰੀਕੀਆਂ ਦੇ ਪਾਲਤੂ ਜਾਨਵਰ ਕੁੱਤੇ-ਬਿੱਲੀਆਂ ਨੂੰ ਖਾ ਰਹੇ ਹਨ। ਉਸਨੇ ਇਹ ਕਹਿੰਦਿਆਂ ਆਪਣੇ ਪੁਰਾਣੇ ਬੇਹੂਦਾ ਤਰਕ ਕਿ ਮੈਕਸੀਕੋ ਦੇ ਬਾਰਡਰ ਨਾਲ ਉਚੀ ਦੀਵਾਰ ਬਣਾ ਦਿਓ ਨੂੰ ਠੀਕ ਸਾਬਿਤ ਕਰਨ ਦਾ ਯਤਨ ਕੀਤਾ। ਉਸਨੂੰ ਗਰਭਪਾਤ ਮੁੱਦੇ ਉਪਰ ਹੈਰਿਸ ਦੇ ਤਿੱਖੇ ਤੇ ਤਰਕਪੂਰਣ ਜਵਾਬ ਦਾ ਸਾਹਮਣਾ ਕਰਨਾ ਪਿਆ। ਹੈਰਿਸ ਦੇ ਉਹਨਾਂ ਬੋਲਾਂ ਨੇ ਐਰਤ ਮਨ ਨੂੰ ਪੋਹਿਆ ਕਿ ਪਾਬੰਦੀਆਂ ਕਾਰਣ ਅਣਇੱਛਤ ਗਰਭ ਤੋਂ ਛੁਟਕਾਰਾ ਪਾਉਣ ਲਈ ਔਰਤ ਨੂੰ ਕਿਹੜੇ ਕਿਹੜੇ ਦੁੱਖਾਂ ਚੋਂ ਗੁਜਰਨਾ ਪਵੇਗਾ, ਇਹ ਇਕ ਔਰਤ ਹੀ ਜਾਣ ਸਕਦੀ ਹੈ। ਟਰੰਪ ਵਲੋਂ ਹੈਰਿਸ ਨੂੰ ਕਮਿਊਨਿਸਟ ਕਹਿਣ ਅਤੇ ਉਸਦੀਆਂ ਨੀਤੀਆਂ ਕਾਰਣ ਇਜਰਾਈਲ ਦੀ ਹੋਂਦ ਖਤਮ ਹੋਣ ਦੀ ਚੇਤਾਵਨੀ, ਉਸਦੀ ਬੁਖਲਾਹਟ ਦੀ ਸਿਖਰ ਸੀ । ਕਮਲਾ ਹੈਰਿਸ ਨੇ ਟਰੰਪ ਨੂੰ ਵਾਰ-ਵਾਰ ਉਸਦੇ ਸਮਰਥਕਾਂ ਵਲੋਂ ਕੈਪੀਟਲ ਹਿਲ ਉਪਰ ਹਮਲੇ ਅਤੇ ਹਮਲੇ ਦੇ ਸਮਰਥਨ ਲਈ ਲੋਕਤੰਤਰ ਦੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ, ਅਜਿਹੇ ਆਗੂ ਨੂੰ ਅਮਰੀਕਾ ਦੀ ਅਗਵਾਈ ਕਰਨ ਦੇ ਅਯੋਗ ਦੱਸਿਆ।  ਟਰੰਪ ਨੇ ਇਸ ਬਹਿਸ ਉਪਰੰਤ ਹੋਰ ਬਹਿਸ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਹੁਣ ਹੋਰ ਬਹਿਸ ਦੀ ਲੋੜ ਨਹੀ। ਹੁਣ ਅਗਲੀ ਬਹਿਸ ਉਹਨਾਂ ਦੇ ਉਪ ਰਾਸ਼ਟਰਪਤੀ ਉਮੀਦਵਾਰ ਵੈਨਸ ਨੂੰ ਕਰਨ ਦੀ ਵਧੇਰੇ ਜਰੂਰਤ ਹੈ। ਇਸ ਬਹਿਸ ਵਿਚ ਕੌਣ ਜਿੱਤਿਆ ਤੇ ਕੌਣ ਹਾਰਿਆ, ਸਵਾਲ ਇਹ ਨਹੀ ਹੈ ਬਲਕਿ ਇਹ ਹੈ ਕਿ ਇਸ ਬਹਿਸ ਨੂੰ ਵੇਖਣ ਵਾਲੇ ਲਗਪਗ 67 ਮਿਲੀਅਨ ਲੋਕਾਂ ਵਲੋਂ ਮਿਲੀ ਫੀਡਬੈਕ ਵਿਚ ਕਮਲਾ ਹੈਰਿਸ ਦੀ ਲੋਕਪ੍ਰਿਯਤਾ ਦਾ ਗਰਾਫ ਟਰੰਪ ਨਾਲੋਂ 5 ਪੁਆਇਂਟ ਉਪਰ ਚਲਾ ਗਿਆ ਹੈ। ਉਸਦੀ ਪਾਰਟੀ ਨੂੰ ਵੀ ਫੰਡ ਦੇਣ ਵਾਲਿਆਂ ਨੇ ਵੱਡਾ ਹੁੰਗਾਰਾ ਭਰਿਆ ਹੈ। ਖਬਰ ਹੈ ਕਿ ਇਸ ਬਹਿਸ ਦੇ 24 ਘੰਟੇ ਦੇ ਅੰਦਰ ਡੈਮੋਕਰੇਟਿਕ ਪਾਰਟੀ ਨੂੰ 47 ਮਿਲੀਅਨ ਡਾਲਰ ਇਕੱਤਰ ਹੋਏ ਹਨ। ਡੈਮੋਕਰੇਟਿਕ ਪਾਰਟੀ ਦਾ ਕੁਲ਼ ਫੰਡ 404 ਮਿਲੀਅਨ ਡਾਲਰ ਤੇ ਪੁੱਜ ਗਿਆ ਹੈ ਜਦੋਂਕਿ ਟਰੰਪ ਦੀ ਪਾਰਟੀ ਨੂੰ ਹੁਣ ਤੱਕ 295 ਮਿਲੀਅਨ ਡਾਲਰ ਇਕੱਤਰ ਹੋਏ ਹਨ। ਭਾਵੇਂਕਿ ਕਿ ਟਰੰਪ ਅਤੇ ਉਸਦੀ ਰੀਪਬਲਿਕਨ ਪਾਰਟੀ ਨੂੰ ਅਮੀਰਾਂ ਤੇ ਪੂੰਜੀਪਤੀਆਂ ਦੀ ਪਾਰਟੀ ਕਿਹਾ ਜਾਂਦਾ ਹੈ ਪਰ ਡੈਮੋਕਰੇਟ ਨੇ ਫੰਡ ਇਕੱਤਰ ਦੇ ਮਾਮਲੇ ਵਿਚ ਰੀਪਬਲਿਕਨ ਨੂੰ ਪਛਾੜ ਦਿੱਤਾ ਹੈ। ਹੁਣ ਵੇਖਣਾ ਇਹ ਹੈ ਕਿ ਕਮਲਾ ਹੈਰਿਸ ਨੂੰ ਲੋਕਾਂ ਵਲੋਂ ਮਿਲੇ ਇਸ ਵਿੱਤੀ ਹੁੰਗਾਰੇ ਦਾ ਵੋਟ ਹੁੰਗਾਰੇ ਨਾਲ ਸਬੰਧ ਕਿਵੇਂ ਜੁੜਦਾ ਹੈ ?

Leave a Reply

Your email address will not be published. Required fields are marked *