-ਸੁਖਵਿੰਦਰ ਸਿੰਘ ਚੋਹਲਾ-
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵਾਪਿਸ ਲੈਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਏ ਜਾਣ ਦੇ ਫੈਸਲੇ ਦਾ ਪੰਥਕ ਜਥੇਬੰਦੀਆਂ ਅਤੇ ਬਾਦਲ ਦਲ ਵਿਰੋਧੀਆਂ ਵਲੋਂ ਵਿਰੋਧ ਜਾਰੀ ਹੈ। ਭਾਵੇਂਕਿ ਸ੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਕਮੇਟੀ ਦੇ 28 ਮਾਰਚ ਨੂੰ ਹੋਣ ਜਾ ਰਹੇ ਬਜਟ ਇਜਲਾਸ ਦੌਰਾਨ ਨਵੇਂ ਜਥੇਦਾਰ ਦੀ ਨਿਯੁਕਤੀ ਅਤੇ ਹੋਰ ਭਖਦੇ ਮੁੱਦਿਆਂ ਉਪਰ ਵਿਚਾਰ ਕੀਤੇ ਜਾਣ ਦਾ ਐਲਾਨ ਕੀਤਾ ਹੈ ਪਰ ਇਸਦੇ ਬਾਵਜੂਦ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕੀਤੇ ਜਾਣ ਦੇ ਫੈਸਲੇ ਨੂੰ ਵਾਪਿਸ ਕਰਵਾਉਣ ਲਈ ਵਿਰੋਧ-ਰੋਸ ਪ੍ਰਦਰਸ਼ਨ ਜਾਰੀ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਉਪਰੰਤ ਉਹਨਾਂ ਦੀ ਸੇਵਾ ਸੰਭਾਲ ਸਬੰਧੀ ਸਥਾਪਿਤ ਮਰਿਯਾਦਾ ਦੀ ਉਲੰਘਣਾ ਦੇ ਜੋ ਦੋਸ਼ ਅਤੇ ਘਟਨਾਕ੍ਰਮ ਸਾਹਮਣੇ ਆਇਆ ਹੈ, ਉਸ ਨਾਲ ਨਵੇਂ ਜਥੇਦਾਰ ਨੂੰ ਮਾਨਤਾ ਦੇਣ ਦੇ ਮੁੱਦੇ ਉਪਰ ਵੀ ਸਵਾਲ ਖੜੇ ਹੋਏ ਹਨ। ਨਵੇਂ ਜਥੇਦਾਰ ਲਈ ਸੇਵਾ ਸੰਭਾਲ ਦਾ ਜੋ ਪ੍ਰੋਗਰਾਮ ਰੱਖਿਆ ਗਿਆ ਸੀ, ਉਸਦਾ ਤਿੱਖਾ ਵਿਰੋਧ ਅਤੇ ਨਿਹੰਗ ਜਥੇਬੰਦੀਆਂ ਵਲੋਂ ਇਸ ਪ੍ਰੋਗਰਾਮ ਨੂੰ ਰੁਕਵਾਉਣ ਲਈ ਜੋ ਐਲਾਨ ਕੀਤਾ ਗਿਆ, ਉਸਨੂੰ ਵੇਖਦਿਆਂ ਸ੍ਰੋਮਣੀ ਕਮੇਟੀ ਵਲੋਂ ਇਸਦਾ ਸਮਾਂ ਤਬਦੀਲ ਕਰਦਿਆਂ ਕਿਸੇ ਸੰਭਾਵੀ ਖੂਨ ਖਰਾਬੇ ਨੂੰ ਭਾਵੇਂ ਟਾਲ ਲਿਆ ਗਿਆ ਪਰ ਸੇਵਾ ਸੰਭਾਲ ਸਬੰਧੀ ਮਰਿਯਾਦਾ ਭੰਗ ਹੋਣ ਲਈ ਸਵਾਲ ਲਗਾਤਾਰ ਉਠਾਏ ਜਾ ਰਹੇ ਹਨ। ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਵਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੀ ਸੰਸਥਾ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਮਾਨਤਾ ਨਹੀ ਦੇਵੇਗੀ। ਉਹਨਾਂ ਵਲੋਂ ਇਸਦੇ ਵਿਰੋਧ ਵਿਚ ਪੰਥਕ ਜਥੇਬੰਦੀਆਂ ਦਾ ਇਕ ਇਕੱਠ ਵੀ ਹੋਲੇ ਮਹੱਲੇ ਦੇ ਮੌਕੇ ਬੁਲਾਇਆ ਗਿਆ। ਭਾਵੇਕਿ ਉਹਨਾਂ ਵਲੋਂ ਸੱਦਿਆ ਗਿਆ ਇਕੱਠ ਬਹੁਤਾ ਪ੍ਰਭਾਵੀ ਨਹੀ ਰਿਹਾ ਤੇ ਮੰਚ ਉਪਰ ਬਾਦਲ ਦਲ ਵਿਰੋਧੀ ਆਗੂ ਹੀ ਵੱਡੀ ਗਿਣਤੀ ਵਿਚ ਦਿਖਾਈ ਦਿੱਤੇ ਪਰ ਇਸ ਇਕੱਠ ਵਲੋਂ ਨਵੇ ਜਥੇਦਾਰ ਨੂੰ ਮਾਨਤਾ ਦੇਣ ਸਬੰਧੀ ਉਠਾਏ ਸਵਾਲ ਵਿਚਾਰ ਗੋਚਰੇ ਹਨ। ਭਾਵੇਂਕਿ ਇਤਿਹਾਸ ਵਿਚ ਪਹਿਲਾਂ ਵੀ ਕਈ ਵਾਰ ਸ੍ਰੋਮਣੀ ਕਮੇਟੀ ਉਪਰ ਕਾਬਜ਼ ਅਕਾਲੀ ਦਲ ਵਲੋਂ ਆਪਣੇ ਸਿਆਸੀ ਹਿੱਤਾਂ ਨੂੰ ਤਰਜੀਹ ਦਿੰਦਿਆਂ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਸਬੰਧੀ ਇਕਪਾਸੜ ਫੈਸਲੇ ਲਏ ਜਾਂਦੇ ਰਹੇ ਹਨ ਪਰ ਇਸ ਵਾਰ ਦਾ ਘਟਨਾਕ੍ਰਮ ਅਤੇ ਸਥਿਤੀ ਪਹਿਲਾਂ ਨਾਲੋਂ ਕੁਝ ਭਿੰਨ ਹੈ। ਸਥਿਤੀ ਵਿਚ ਭਿੰਨਤਾ ਇਹ ਕਿ ਇਸ ਸਮੇਂ ਅਕਾਲੀ ਦਲ ਸੱਤਾ ਵਿਚ ਨਹੀ ਬਲਕਿ ਸੱਤਾ ਦੌਰਾਨ ਹੋਈਆਂ ਗਲਤੀਆਂ ਤੇ ਗੁਨਾਹਾਂ ਦੀ ਤਲਾਫੀ ਲਈ ਗਿੜਗਿੜਾ ਰਿਹਾ ਹੈ। ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਜਿਹੜੀਆਂ ਗਲਤੀਆਂ ਜਾਂ ਗੁਨਾਹਾਂ ਦੀ ਮੁਆਫੀ ਲਈ ਉਹ ਸ੍ਰੀ ਅਕਾਲ ਤਖਤ ਦੇ ਸਨਮੁੱਖ ਹੋਕੇ ਜੋਦੜੀਆਂ ਕਰ ਰਿਹਾ ਹੈ, ਉਸ ਪ੍ਰਕਿਰਿਆਂ ਵਿਚ ਪਹਿਲਾਂ ਵਾਲੀਆਂ ਗਲਤੀਆਂ ਨੂੰ ਦੁਹਰਾਉਣ ਦੇ ਗੁਨਾਹ ਦਾ ਭਾਗੀ ਬਣ ਰਿਹਾ ਹੈ। ਅਕਾਲੀ ਲੀਡਰਸ਼ਿਪ ਵਲੋਂ ਅਕਾਲੀ ਰਾਜ ਦੌਰਾਨ ਹੋਈਆਂ ਗਲਤੀਆਂ ਤੇ ਗੁਨਾਹਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਵਾਈ ਗਈ ਤੇ ਉਸ ਧਾਰਮਿਕ ਸਜ਼ਾ ਨੂੰ ਪੂਰਿਆਂ ਵੀ ਕਰ ਲਿਆ ਗਿਆ। ਪਰ ਇਸ ਦੌਰਾਨ ਅਕਾਲ ਤਖਤ ਦੇ ਜਥੇਦਾਰ ਵਲੋਂ ਅਕਾਲੀ ਦਲ ਦੀ ਏਕਤਾ ਤੇ ਮਜ਼ਬੂਤੀ ਲਈ ਜੋ ਨਿਰਦੇਸ਼ ਜਾਰੀ ਕੀਤੇ ਗਏ, ਉਹਨਾਂ ਤੇ ਅਮਲੀ ਪ੍ਰਕਿਰਿਆ ਚ ਹੀ ਕਈ ਬਿਖੇੜੇ ਦਿਖਾਈ ਦਿੱਤੇ । ਅਕਾਲੀ ਦਲ ਵਲੋਂ ਅਕਾਲ ਤਖਤ ਦੇ ਨਿਰਦੇਸ਼ਾਂ ਮੁਤਾਬਿਕ ਭਰਤੀ ਕੀਤੇ ਜਾਣ ਤੋਂ ਟਾਲਾ ਵਟਦਿਆਂ ਪਾਰਟੀ ਸੰਵਿਧਾਨ ਮੁਤਾਬਿਕ ਭਰਤੀ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਫਾਲੋ ਕੀਤੇ ਜਾਣ ਦੀ ਮਜ਼ਬੂਰੀ ਦੱਸਿਆ ਜਾ ਰਿਹਾ ਹੈ। ਤਰਕ ਹੈ ਕਿ ਸਿਆਸੀ ਪਾਰਟੀ ਵਿਚ ਧਰਮ ਦੇ ਦਖਲ ਦੇ ਬਹਾਨੇ ਪਾਰਟੀ ਦੀ ਮਾਨਤਾ ਸੰਕਟ ਵਿਚ ਪੈ ਸਕਦੀ ਹੈ। ਅਹੁਦੇ ਤੋਂ ਹਟਾਏ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਾਇਦ ਇਸੇ ਲਈ ਕਹਿ ਰਹੇ ਹਨ ਕਿ ਅਗਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਾਰਟੀ ਨੂੰ ਬਚਾਉਣਾ ਹੈ ਤਾਂ ਸਿੱਖਾਂ ਲਈ ਅਜਿਹੀ ਪਾਰਟੀ ਦੀ ਮਾਨਤਾ ਕਿਸ ਅਰਥ। ਅਗਰ ਸਾਬਕਾ ਜਥੇਦਾਰ ਦੇ ਇਸ ਤਰਕ ਨੂੰ ਮੰਨ ਲਿਆ ਜਾਵੇ ਤਾਂ ਕੀ ਅਜਿਹੀ ਸਥਿਤੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਨਾਲ ਭਾਰਤੀ ਸੰਵਿਧਾਨ ਨੂੰ ਨਾ ਸਵੀਕਾਰਨ ਦਾ ਇਕ ਨਵਾਂ ਬਿਖੇੜਾ ਤਾਂ ਖੜਾ ਨਹੀ ਕਰ ਦੇਵੇਗੀ। ਇਸ ਮੁੱਦੇ ਉਪਰ ਸੰਵਿਧਾਨਕ ਮਾਹਿਰਾਂ ਦੀ ਰਾਇ ਲਈ ਜਾ ਸਕਦੀ ਹੈ ਪਰ ਇਹ ਵੀ ਸੋਚਣਾ ਬਣਦਾ ਹੈ ਕਿ ਪਾਰਟੀ ਨੂੰ ਬਚਾਉਣ ਦੇ ਨਾਮ ਹੇਠ ਅਕਾਲ ਤਖਤ ਦੇ ਸਿਆਸੀ ਨਿਰਦੇਸ਼ਾਂ ਨੂੰ ਟਾਲੇ ਜਾਣ ਦਾ ਖਮਿਆਜਾ ਭੁਗਤਣ ਲਈ ਪਾਰਟੀ ਤਿਆਰ ਹੈ ? ਅਕਾਲੀ ਦਲ ਵਲੋਂ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਤੋਂ ਆਪਣੀ ਮਨਮਰਜੀ ਨਾਲ ਹੁਕਮਨਾਮੇ ਜਾਰੀ ਕਰਵਾਉਣ ਦੀ ਮਨਸ਼ਾ ਨੂੰ ਕਿਸੇ ਵੀ ਤਰਾਂ ਨਤੀਜਾਮੁਖੀ ਨਹੀ ਕਿਹਾ ਜਾ ਸਕਦਾ। ਅਕਾਲੀ ਦਲ ਦੀ ਇਹ ਪੈਂਤੜੇਬਾਜੀ ਉਸਦਾ ਫਾਇਦਾ ਕਰਨ ਦੀ ਥਾਂ ਨੁਕਸਾਨ ਜਿਆਦਾ ਕਰਦੀ ਲਗਦੀ ਹੈ। ਆਮ ਸਿੱਖ ਨੂੰ ਇਹ ਸਰੋਕਾਰ ਨਹੀ ਕਿ ਅਕਾਲੀ ਦਲ ਦੀ ਮਜ਼ਬੂਤੀ ਕਿਵੇਂ ਹੋਵੇ, ਉਹਨਾਂ ਦਾ ਵੱਡਾ ਸਰੋਕਾਰ ਅਕਾਲ ਤਖਤ ਦੀ ਸਰਬਸੁੱਚਤਾ ਤੇ ਉਥੋਂ ਆਏ ਆਦੇਸ਼ਾਂ ਦੀ ਪਾਲਣਾ ਹੈ। ਅਕਾਲੀ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੋਈ ਵਿਅਕਤੀ ਵਿਸ਼ੇਸ਼ ਜਾਂ ਪ੍ਰਧਾਨ ਹੀ ਪਾਰਟੀ ਨਹੀ ਹੁੰਦਾ ਬਲਕਿ ਸਮਰਪਿਤ ਵਰਕਰ ਜਾਂ ਪਾਰਟੀ ਮੈਂਬਰ ਹੀ ਪਾਰਟੀ ਦੀ ਅਸਲ ਤਾਕਤ ਅਤੇ ਪਹਿਚਾਣ ਹੁੰਦੇ ਹਨ। ਆਪਣੇ ਮੈਂਬਰਾਂ ਤੇ ਵਰਕਰਾਂ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਪਾਠ ਪੜਾਉਣ ਵਾਲੀ ਅਕਾਲੀ ਲੀਡਰਸ਼ਿਪ ਨੂੰ ਖੁਦ ਵੀ ਇਹ ਪਾਠ ਯਾਦ ਰੱਖਣ ਦੀ ਲੋੜ ਹੈ। ਜੇ ਨਹੀਂ ਤਾਂ ਧਰਮ ਨੂੰ ਆਪਣੀ ਸੌੜੀ ਰਾਜਨੀਤੀ ਲਈ ਵਰਤਣ ਦੇ ਦੰਭ ਚੋਂ ਬਾਹਰ ਆਉਣ ਦੀ ਜੁਅਰੱਤ ਵਿਖਾਓ ।