600 ਤੋਂ ਵੱਧ ਬਾਲ ਸਾਹਿਤਕਾਰਾਂ ਨੇ ਲਿਆ ਹਿੱਸਾ-ਛੇ ਜ਼ਿਲ੍ਹਿਆਂ ਦੀਆਂ 9 ਕਿਤਾਬਾਂ ਲੋਕ ਅਰਪਣ-
ਸੰਗਰੂਰ 12 ਜੁਲਾਈ ( ਦੇ ਪ੍ਰ ਬਿ )- ਪੰਜਾਬ ਭਵਨ ਸਰੀ ( ਕੈਨੇਡਾ) ਦੇ ਮੁੱਖ ਸੰਸਥਾਪਕ ਸ੍ਰੀ ਸੁੱਖੀ ਬਾਠ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ”ਨਵੀਆਂ ਕਲਮਾਂ ਨਵੀਂ ਉਡਾਣ” ਦੇ ਅਧੀਨ, ਸੰਗਰੂਰ ਦੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਇੱਕ ਰੋਜ਼ਾ ਬਾਲ ਸਾਹਿਤ ਉਤਸਵ ਦਾ ਸਫਲ ਆਯੋਜਨ ਕੀਤਾ ਗਿਆ। ਇਸ ਉਤਸਵ ਵਿੱਚ ਛੇ ਜ਼ਿਲ੍ਹਿਆਂ ਤੋਂ ਤਕਰੀਬਨ 600-650 ਬਾਲ ਸਾਹਿਤਕਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਗਮ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਨਾਲ ਹੋਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸ. ਐੱਸ. ਪਾਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਬਾਲ ਉਤਸਵ ਦੀ ਪ੍ਰਧਾਨਗੀ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਮਸਤੂਆਣਾ ਸਾਹਿਬ, ਪੰਜਾਬੀ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਵਿਸ਼ੇਸ਼ ਸਹਿਯੋਗ ਸ. ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਉਪ ਦਫਤਰ ਜਿਲ੍ਹਾ ਸੰਗਰੂਰ ਦਾ ਰਿਹਾ। ਪ੍ਰੋਜੈਕਟ ਦੇ ਸੰਚਾਲਕ ਸ੍ਰੀ ਸੁੱਖੀ ਬਾਠ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਵਿਸ਼ੇਸ਼ ਹਾਜ਼ਰੀ ਰਹੀ।
ਸਮਾਗਮ ਦੌਰਾਨ, ਛੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 9 ਬਾਲ ਸਾਹਿਤ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ ਦੀਆਂ ਦੋ ਕਿਤਾਬਾਂ ਪ੍ਰਾਇਮਰੀ ਅਤੇ ਸੈਕੰਡਰੀ, ਮਲੇਰਕੋਟਲਾ, ਬਰਨਾਲਾ ਜਿਲੇ ਦੀਆਂ ਦੋ ਕਿਤਾਬਾਂ, ਬਠਿੰਡਾ-1 ਦੀਆਂ ਵੀ ਦੋ ਕਿਤਾਬਾਂ ਮੈਰੀਟੋਰੀਅਸ ਸਕੂਲ ਅਤੇ ਸੈਕੰਡਰੀ ਵਰਗ ਦੀਆਂ ਅਤੇ ਮੋਗਾ ਜਿਲੇ ਦੀ ਇੱਕ ਕਿਤਾਬ ਸ਼ਾਮਲ ਸਨ।
ਇਸ ਬਾਲ ਸਾਹਿਤ ਉਤਸਵ ਦਾ ਮੁੱਖ ਉਦੇਸ਼ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬਾਲ ਸਾਹਿਤਕਾਰਾਂ ਨੇ ਮੰਚ ਉੱਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਸਰੋਤਿਆਂ ਤੋਂ ਖੂਬ ਵਾਹ ਵਾਹ ਖੱਟੀ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਪ੍ਰੋਜੈਕਟ ਇੰਚਾਰਜ ਓੰਕਾਰ ਸਿੰਘ ਤੇਜੇ ਜੀ ਦਾ ਬਹੁਤ ਵੱਡਾ ਸਹਿਯੋਗ ਰਿਹਾ।
ਇਹ ਸਮਾਗਮ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਬਾਲ ਸਾਹਿਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਅਹਿਮ ਕਦਮ ਸਾਬਤ ਹੋਇਆ।

