ਬਲਜਿੰਦਰ ਮਾਨ 98150-18947—-
ਅਰਥ ਸ਼ਾਸਤਰ ਅਨੁਸਾਰ ਕਿਸੇ ਰਚਨਾਤਮਿਕ ਕਾਰਜ ਲਈ ਕਰਜ਼ਾ ਲੈਣਾ ਚੰਗੀ ਗੱਲ ਹੈ। ਜੇਕਰ ਕਰਜ਼ਾ ਗੈਰ ਰਚਨਾਤਮਿਕ ਕਾਰਜਾਂ ਲਈ ਲਿਆ ਜਾਵੇ ਤਾਂ ਉਹ ਜੀਵਨ ਦਾ ਜੰਜਾਲ ਬਣ ਜਾਂਦਾ ਹੈ। ਅਜੋਕੇ ਸਮੇਂ ਜਦੋਂ ਪੰਜਾਬ ਦੀਆਂ ਪਰਿਸਥਿਤੀਆਂ ਤੇ ਝਾਤੀ ਮਾਰਦੇ ਹਾਂ ਤਾਂ ਹਰ ਪਾਸੇ ਹਾਹਾਕਾਰ ਮਚੀ ਹੋਈ ਦਿਖਾਈ ਦਿੰਦੀ ਹੈ। ਕਿਸੇ ਪਾਸੇ ਵੀ ਸੁੱਖ ਸ਼ਾਂਤੀ ਦਾ ਸੁਨੇਹਾ ਨਹੀਂ ਹੈ। ਧਾਰਮਿਕ ਸੰਸਥਾਵਾਂ ਵਿੱਚ ਜਿਹੜਾ ਨਿਘਾਰ ਆਇਆ ਹੈ ਉਹ ਉਹ ਬੀਤੇ ਸਮੇਂ ਵਿੱਚ ਦੇਖਣ ਨੂੰ ਨਹੀਂ ਮਿਲਿਆ। ਖਾਸ ਕਰਕੇ ਸਿੱਖੀ ਸਿਧਾਂਤਾਂ ਤੇ ਪਹਿਰੇ ਦੇਣ ਵਾਲੀਆਂ ਸੰਸਥਾਵਾਂ ਵੀ ਆਪਸ ਵਿੱਚ ਉਲਝੀਆਂ ਪਈਆਂ ਹਨ। ਇਸੇ ਪ੍ਰਕਾਰ ਸਮਾਜਿਕ ਤਾਣਾ-ਬਾਣਾ ਸੁਰੱਖਿਆ, ਸਿੱਖਿਆ, ਸਿਹਤ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਹਨ। ਗੁਰੂਆਂ ਪੀਰਾਂ ਦੀ ਮਿਹਰ ਵਾਲਾ ਇਹ ਸੂਬਾ ਪਤਾ ਨਹੀਂ ਕਿਹੜੀ ਮਾੜੀ ਨਜ਼ਰ ਦਾ ਸ਼ਿਕਾਰ ਹੋ ਗਿਆ ਹੈ ਕਿ ਆਏ ਦਿਨ ਨਿਘਾਰ ਵੱਲ ਵਧ ਰਿਹਾ ਹੈ। ਅੰਕੜੇ ਤਾਂ ਸਾਨੂੰ ਤਰੱਕੀ ਦਰਸਾਉਂਦੇ ਹਨ ਪਰ ਜਦੋਂ ਅੰਦਰ ਵੜਦੇ ਹਾਂ ਤਾਂ ਈਸ ਬਗੋਲ ਕੁਝ ਨਾ ਫੋਲ ਵਾਲੀ ਗੱਲ ਦਿਖਾਈ ਦਿੰਦੀ ਹੈ। ਜਿੱਧਰ ਮਰਜ਼ੀ ਝਾਤੀ ਮਾਰੋ ਕਿਸੇ ਨਾਲ ਵੀ ਗੱਲਬਾਤ ਕਰੋ ਉਹ ਪ੍ਰਸੰਨ ਚਿੱਤ ਨਜ਼ਰ ਨਹੀਂ ਆਉਂਦਾ। ਹਰ ਕਿਸੇ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਉਭਰੀਆਂ ਹੋਈਆਂ ਹਨ।
ਜਦੋਂ ਵਿਦਿਆਰਥੀ ਜੀਵਨ ਤੇ ਝਾਤੀ ਮਾਰਦੇ ਹਾਂ ਤਾਂ ਉਹ ਬਹੁਤ ਸਾਰੀਆਂ ਮਾਨਸਿਕ ਉਲਝਣਾਂ ਦੇ ਸ਼ਿਕਾਰ ਹੋਏ ਪਏ ਹਨ। ਇਹਨਾਂ ਉਲਝਣਾਂ ਦਾ ਮੁੱਖ ਕਾਰਨ ਇਹ ਹੈ ਕਿ ਸਾਡੀਆਂ ਸਰਕਾਰਾਂ ਉਹਨਾਂ ਨੂੰ ਸਮੇਂ ਦੀ ਹਾਣੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਫ਼ਲ ਨਹੀਂ ਹੋ ਸਕੀਆਂ। ਅਸੀਂ ਘਰੇਲੂ ਉਦਯੋਗ ਅਤੇ ਘਰੇਲੂ ਕਿੱਤਿਆਂ ਨੂੰ ਤਬਾਹ ਕਰਕੇ ਬੇਰੁਜ਼ਗਾਰੀ ਦਾ ਆਲਮ ਸਿਰਜ ਲਿਆ ਹੈ। ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਸਾਡੇ ਅਕਾਵਾਂ ਨੇ ਆਮ ਜਨਤਾ ਦਾ ਕਚੂੰਬਰ ਕੱਢ ਦਿੱਤਾ ਹੈ। ਉਨ੍ਹਾਂ ਦੀ ਖੁਸ਼ੀ ਵਾਸਤੇ ਛੋਟੇ ਅਤੇ ਮੱਧ ਵਰਗੀ ਕਿਸਾਨ ਮਜ਼ਦੂਰ ਅਤੇ ਜਨਤਾ ਨੂੰ ਕੁਚਲਿਆ ਜਾ ਰਿਹਾ ਹੈ। ਸਾਰਾ ਕਾਰੋਬਾਰ ਕੁਦਰਤ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਾਨੂੰ ਕੁਦਰਤੀ ਆਫ਼ਤਾਂ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਕਿਸੇ ਨੂੰ ਵੀ ਇਹ ਚਿੰਤਾ ਨਹੀਂ ਕਿ ਇਸ ਵਾਤਾਵਰਣ ਨੂੰ ਬਚਾਉਣ ਲਈ ਕੀ ਕੀਤਾ ਜਾਵੇ। ਵਿਕਾਸ ਦੇ ਨਾਂ ਤੇ ਵਿਨਾਸ਼ ਹੋਈ ਜਾ ਰਿਹਾ। ਆਮ ਆਦਮੀ ਦੀ ਸਮਝ ਵਿੱਚ ਹੀ ਨਹੀਂ ਆ ਰਿਹਾ ਕਿ ਉਹ ਕੀ ਕਰੇ। ਉਸ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਦੂਜਾ ਨਸ਼ਿਆਂ ਨੇ ਸਾਡਾ ਉਹ ਹਾਲ ਕਰ ਦਿੱਤਾ ਹੈ ਕਿ ਅਸੀਂ ਸੂਰਬੀਰ ਯੋਧੇ ਪੈਦਾ ਕਰਨ ਦੇ ਸਮਰੱਥ ਹੀ ਨਹੀਂ ਰਹੇ। ਉੱਚੇ ਲੰਮੀ ਗੱਭਰੂ ਅਤੇ ਸੋਹਣੀਆਂ ਸਨੱਖੀਆਂ ਮੁਟਿਆਰਾਂ ਹੱਸਦੇ ਗਾਉਂਦੇ ਨੱਚਦੇ ਟੱਪਦੇ ਕਿਤੇ ਨਜ਼ਰ ਨਹੀਂ ਆਉਂਦੇ। ਸਭ ਨੂੰ ਆਪੋ ਧਾਪੀ ਪਈ ਹੋਈ ਹੈ। ਨਵੀਂ ਪੀੜੀ ‘ਚੋਂ ਨੈਤਿਕਤਾ ਤਾਂ ਕਦੋਂ ਦੀ ਉਡਾਰੀ ਮਾਰ ਗਈ ਹੈ। ਉਹ ਹਉਮੈ ਦੇ ਸ਼ਿਕਾਰ ਹੋ ਕੇ ਗੈਂਗ ਵਾਰ ਵਿੱਚ ਫਸੇ ਹੋਏ ਹਨ। ਇਨਸਾਨੀ ਕਦਰਾਂ ਕੀਮਤਾਂ ਕਿਤੇ ਨਹੀਂ ਲੱਭਦੀਆਂ। ਆਦਰ ਮਾਣ, ਆਪਸੀ ਸੰਵਾਦ, ਸਹਿਣਸ਼ੀਲਤਾ, ਹਿੰਮਤ, ਲਗਨ, ਨਿਸ਼ਚਾ ਆਦਿ ਗੁਣ ਲੱਭਿਆ ਵੀ ਨਹੀਂ ਲੱਭਦੇ।
ਹੁਣ ਗੱਲ ਕਰਦੇ ਹਾਂ ਕਰਜ਼ੇ ਹੇਠ ਆਏ ਵਿਦਿਆਰਥੀਆਂ ਦੀ। ਵਿਦੇਸ਼ਾਂ ਵਿੱਚ ਪੜ੍ਹਨ ਅਤੇ ਰਹਿਣ ਦੀ ਰੁਚੀ ਨੇ ਸਾਨੂੰ ਇੰਨਾ ਬਿਹਬਲ ਕੀਤਾ ਹੋਇਆ ਹੈ ਕਿ ਅਸੀਂ ਹਰ ਹੀਲੇ ਵਿਦੇਸ਼ ਪਹੁੰਚਣਾ ਚਾਹੁੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੁਜ਼ਗਾਰ ਦੀ ਭਾਲ ਵਿੱਚ ਬੰਦੇ ਨੂੰ ਦੂਰ ਦਰੇਡੇ ਜਾਣਾ ਪੈਂਦਾ ਹੈ। ਪਰ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਤੁਸੀਂ ਜਿਸ ਦੇਸ਼ ਦੇ ਵਾਸੀ ਹਾਂ ਉਸ ਦੇਸ਼ ਵਿੱਚ ਉਥੋਂ ਦੀਆਂ ਹਕੂਮਤਾਂ ਨੇ ਤੁਹਾਡੇ ਵਾਸਤੇ ਕੀ ਪ੍ਰਬੰਧ ਕੀਤੇ ਨੇ। ਜੇਕਰ ਆਪਣੀ ਜਨਸੰਖਿਆ ਦੇ ਅਨੁਸਾਰ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸਾਡੀਆਂ ਹਕੂਮਤਾਂ ਹਕੂਮਤ ਦੇ ਕਾਬਲ ਨਹੀਂ ਹਨ। ਜਿਨ੍ਹਾਂ ਹਕੂਮਤਾਂ ਨੇ ਦੇਸ਼ ਨੂੰ ਗਹਿਣੇ ਧਰਿਆ ਅਤੇ ਵੱਡੇ ਵੱਡੇ ਮਹਿਕਮੇ ਕੰਗਾਲ ਕੀਤੇ ਹਨ ਉਹਨਾਂ ਤੋਂ ਇਹ ਸਵਾਲ ਪੁੱਛਿਆ ਜਾਣਾ ਬਣਦਾ ਹੈ। ਜੇਕਰ ਰਾਖੇ ਹੀ ਚੋਰ ਬਣ ਜਾਣ ਤਾਂ ਉਸ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ। ਅਜਿਹੀਆਂ ਸਥਿਤੀਆਂ ਦਾ ਸਾਹਮਣਾ ਅਸੀਂ ਸਾਰੇ ਹੀ ਭਾਰਤ ਵਾਸੀ ਕਰ ਰਹੇ ਹਾਂ। ਪੰਜਾਬ ਦੀ ਹਾਲਤ ਇਸ ਤੋਂ ਵੀ ਮਾੜੀ ਹੈ। ਇੱਥੇ ਹਰ ਜਨਮ ਲੈਣ ਵਾਲਾ ਬੱਚਾ ਸਵਾ ਲੱਖ ਦਾ ਕਰਜਾਈ ਹੈ। ਤੁਸੀਂ ਸਭ ਜਾਣਦੇ ਹੋ ਕਿ ਕਿੰਨੇ ਕਿਸਾਨ ਕਰਜ਼ੇ ਕਾਰਨ ਮੌਤ ਦੇ ਮੂੰਹ ਵਿੱਚ ਗਏ ਹਨ। ਕਰਜ਼ੇ ਨੇ ਸਾਡੀ ਸਭ ਦੀ ਮਨੋ ਦਸ਼ਾ ਨੂੰ ਵਿਗਾੜ ਦਿੱਤਾ ਹੈ। ਕਰਜ਼ਾ ਲੈ ਕੇ ਵੀ ਕਾਮਯਾਬੀ ਨਹੀਂ ਮਿਲ ਰਹੀ। ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾਈ ਜਾ ਰਹੀਆਂ ਹਨ। ਜਿੱਥੇ ਛੋਟੇ ਦੁਕਾਨਦਾਰ ਆਪਣਾ ਪੇਟ ਪਾਲਦੇ ਸਨ ਉੱਥੇ ਹੁਣ ਵੱਡੇ ਵੱਡੇ ਮਾਲ ਸਥਾਪਿਤ ਹੋ ਗਏ ਹਨ। ਇੱਥੋਂ ਇਹ ਸਿੱਧ ਹੋ ਰਿਹਾ ਕਿ ਛੋਟੇ ਕਾਰੋਬਾਰੀ ਤਬਾਹ ਹੋ ਰਹੇ ਹਨ। ਅਰਥ ਸ਼ਾਸਤਰੀਆਂ ਅਤੇ ਵਿਕਾਸ ਮਹਿਕਮੇ ਨੂੰ ਇਹ ਗੱਲਾਂ ਵਿਸ਼ੇਸ਼ ਤੌਰ ਤੇ ਵਿਚਾਰਨੀਆਂ ਚਾਹੀਦੀਆਂ ਹਨ। ਸਾਡੇ ਕੋਲ ਸਭ ਤੋਂ ਵੱਧ ਜਨ ਸੰਖਿਆ ਹੈ। ਕਿਸੇ ਵੀ ਹਕੂਮਤ ਨੇ ਇਹ ਯੋਜਨਾ ਨਹੀਂ ਘੜੀ ਕਿ ਅਸੀਂ ਇਹਨਾਂ ਲੋਕਾਂ ਹੱਥ ਰੁਜ਼ਗਾਰ ਕਿਵੇਂ ਦੇਣਾ ਹੈ। ਸਭ ਤੋਂ ਵੱਧ ਰੁਜ਼ਗਾਰ ਮੁਖੀ ਯੋਜਨਾਵਾਂ ਬਣਾਉਣ ਦੀ ਜ਼ਰੂਰਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ ਸਾਨੂੰ ਮਸ਼ੀਨਾਂ ਦੀ ਜ਼ਰੂਰਤ ਹੈ ਪਰ ਜਿਹੜੇ ਲੋਕ ਇਸ ਧਰਤੀ ਤੇ ਵੱਸਦੇ ਹਨ ਉਹਨਾਂ ਹੱਥ ਕਿਰਤ ਦੇਣੀ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ।
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹਰ ਸਾਲ 500 ਕਰੋੜ ਦਾ ਕਰਜ਼ਾ ਵਿੱਦਿਆ ਲਈ ਲਿਆ ਜਾ ਰਿਹਾ ਹੈ। ਇਸ ਕਰਜ਼ੇ ਦੇ ਸਹਾਰੇ ਬਹੁਤੇ ਵਿਦਿਆਰਥੀ ਵਿਦੇਸ਼ਾਂ ਵਿੱਚ ਵੀ ਪੜ੍ਹਨ ਜਾ ਰਹੇ ਹਨ। ਕੁਝ ਇੱਥੋਂ ਦੇ ਮੈਡੀਕਲ, ਇੰਜਨੀਰਿੰਗ, ਨਰਸਿੰਗ ਆਦਿ ਕਾਲਜਾਂ ਤੇ ਹੋਰ ਮਹਿੰਗੀ ਪੜ੍ਹਾਈ ਕਰਨ ਲਈ ਕਰਜ਼ਾ ਚੁੱਕਦੇ ਹਨ। ਇਹ ਕਰਜ਼ਾ ਸਾਨੂੰ ਇੱਕ ਹੋਰ ਵੱਡੇ ਸਵਾਲ ਅੱਗੇ ਖੜਾ ਕਰਦਾ ਹੈ ਕਿ ਸਾਡੀਆਂ ਸਰਕਾਰਾਂ ਨੇ ਕੀ ਕੀਤਾ। ਮੈਡੀਕਲ ਅਤੇ ਤਕਨੀਕੀ ਪੜ੍ਹਾਈ ਇੰਨੀ ਮਹਿੰਗੀ ਹੈ ਕਿ ਆਮ ਵਿਦਿਆਰਥੀ ਉਸ ਬਾਰੇ ਸੁਪਨਾ ਵੀ ਨਹੀਂ ਲੈ ਸਕਦਾ। ਸਰਕਾਰੀ ਕਾਲਜਾਂ ਦੀ ਗਿਣਤੀ ਘਟ ਰਹੀ ਹੈ। ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ। ਭਾਵ ਨਿਜੀਕਰਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡਿਆ ਜਾ ਰਿਹਾ ਹੈ।
ਦੁੱਖਦਾਈ ਗੱਲ ਇਹ ਹੈ ਕਿ ਇਹ ਕਰਜ਼ਾ ਚੁੱਕਣ ਵਾਲੇ ਵਿਦਿਆਰਥੀ ਬਹੁਤੇ ਡਿਫਾਲਟਰ ਹੋ ਜਾਂਦੇ ਹਨ। ਉਹਨਾਂ ਦੇ ਡਿਫਾਲਟਰ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਉਚੇਰੀ ਵਿਦਿਆ ਹਾਸਿਲ ਕਰਕੇ ਵੀ ਬੇਰੁਜ਼ਗਾਰੀ ਦੇ ਖੂਹ ਵਿੱਚ ਜਾ ਡਿਗਦੇ ਹਨ। ਲੱਖਾਂ ਰੁਪਈਆ ਖਰਚ ਕੇ ਪ੍ਰਾਪਤ ਕੀਤੀਆਂ ਡਿਗਰੀਆਂ ਵਾਲੇ ਜਦੋਂ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜ੍ਹਦੇ ਹਨ ਤੇ ਉਨਾਂ ਨੂੰ ਉਹ 25-30 ਹਜ਼ਾਰ ਰੁਪਏ ਦੀ ਨੌਕਰੀ ਦਿੰਦੇ ਹਨ ਜਿਸ ਨਾਲ ਉਹ ਨਾ ਤਾਂ ਖੁਦ ਦਾ ਪੇਟ ਪਾਲ਼ ਸਕਦੇ ਹਨ ਨਾ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਹਨ। ਫਿਰ ਉਹ ਦੁਖੀ ਹੋ ਕੇ ਆਤਮ ਹੱਤਿਆ ਕਰਨ ਲਈ ਵੀ ਮਜ਼ਬੂਰ ਹੋ ਜਾਂਦੇ ਹਨ ਤੇ ਕਈ ਲੁੱਟਾਂ ਖੋਹਾਂ ਕਰਨ ਲੱਗ ਪੈਂਦੇ ਹਨ। ਸਰਕਾਰਾਂ ਲਈ ਇਹ ਮੁੱਦੇ ਗੰਭੀਰਤਾ ਨਾਲ ਵਿਚਾਰਨ ਵਾਲੇ ਹਨ। ਬੀਤੇ ਚਾਰ ਵਰਿ੍ਹਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ 2114.36 ਕਰੋੜ ਦਾ ਵਿੱਦਿਅਕ ਲੋਨ ਚੁੱਕਿਆ। ਪੰਜਾਬ ‘ਚ ਪਬਲਿਕ ਸੈਕਟਰ ਦੀਆਂ ਬੈਂਕਾਂ ਵੱਲੋਂ 2022 ਤੋਂ 25 ਤੱਕ 1677.69 ਕਰੋੜ ਦਾ ਕਰਜ਼ਾ ਜਾਰੀ ਕੀਤਾ ਗਿਆ। ਨਿਜੀ ਬੈਂਕਾਂ ਦੁਬਾਰਾ ਜਾਰੀ ਕੀਤੇ ਗਏ ਕਰਜ਼ੇ ਦੇ ਅੰਕੜੇ ਵੱਖਰੇ ਹਨ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਮੁਤਾਬਕਿ ਲੰਘੇ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਕਰਜ਼ਾ 32.311 ਕਰੋੜ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤਾ ਗਿਆ। ਇਹ ਕਰਜ਼ਾ ਲੈਣ ਵਾਲਿਆਂ ਨੇ ਗਰੰਟੀ ਵਜੋਂ ਜ਼ਮੀਨ ਜਾਇਦਾਦ ਵੀ ਗਹਿਣੇ ਵੀ ਧਰੀ ਹੈ।
ਵਿੱਦਿਅਕ ਕਰਜੇ ਦੀ ਪੰਡ ਚੁੱਕੀ ਫਿਰਦੇ ਵਿਦਿਆਰਥੀ ਆਪਣਾ ਮਾਨਸਿਕ ਸੰਤੁਲਨ ਕਿਵੇਂ ਕਾਇਮ ਰੱਖ ਸਕਣਗੇ ਜਦੋਂ ਉਹਨਾਂ ਤੋਂ ਕਿਸ਼ਤਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਕਿਉਂਕਿ ਇਹਨਾਂ ਵਿੱਚੋਂ ਬਹੁਤੇ ਡਿਫਾਲਟਰ ਹੋ ਕੇ ਜੀਵਨ ਦੀ ਚੱਲ ਰਹੀ ਗੱਡੀ ਨੂੰ ਅੱਗੇ ਤੋਰਨ ਤੋਂ ਅਸਮਰੱਥ ਹੋ ਜਾਂਦੇ ਹਨ। ਮੌਕੇ ਦੀਆਂ ਹਕੂਮਤਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਸ਼ਿੰਗਾਰਨ ਤੇ ਸੰਵਾਰਨ ਵਾਸਤੇ ਇਹੋ ਜਿਹੀਆਂ ਯੋਜਨਾਵਾਂ ਘੜੇ ਜਿਸ ਨਾਲ ਉਹ ਆਪਣੀ ਮਨ ਮਰਜ਼ੀ ਦੀ ਵਿੱਦਿਆ ਹਾਸਿਲ ਕਰਕੇ ਕਾਬਲ ਇਨਸਾਨ ਬਣ ਸਕਣ। ਸਰਕਾਰਾਂ ਆਪਣੀ ਜਨਤਾ ਨੂੰ ਰੱਬ ਦੇ ਰਹਿਮੋ ਕਰਮ ਤੇ ਛੱਡ ਰਹੀਆਂ ਹਨ। ਜਦੋਂ ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਲੱਖਾਂ ਦੀ ਫੀਸ ਤਾਰਨੀ ਪੈਂਦੀ ਹੈ ਤਾਂ ਮਾਪੇ ਦੇਖਦੇ ਹੀ ਰਹਿ ਜਾਂਦੇ ਹਨ। ਹੁਸ਼ਿਆਰ ਵਿਦਿਆਰਥੀ ਇਸ ਗੱਲੋਂ ਪਿੱਛੇ ਰਹਿ ਜਾਂਦੇ ਹਨ ਕਿ ਉਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੁੰਦਾ। ਅੱਜ ਲੋੜ ਹੈ ਸਰਕਾਰਾਂ ਵੱਲੋਂ ਜਾਰੀ ਯੋਜਨਾਵਾਂ ਨੂੰ ਮੁੜ ਤੋਂ ਵਿਚਾਰਨ ਦੀ ਤਾਂ ਕਿ ਆਮ ਲੋਕਾਂ ਨੂੰ ਵਧੀਆ, ਸਮੇਂ ਦੀ ਹਾਣੀ ਅਤੇ ਸਮਾਂਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਯੋਗ ਵਿਦਿਆਰਥੀਆਂ ਨੂੰ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਮੁਫ਼ਤ ਪੜ੍ਹਾਈ ਦੀ ਸਹੂਲਤ ਮਿਲੇ। ਅਜਿਹਾ ਕਰਨ ਨਾਲ ਹੀ ਦੇਸ਼ ਦੇ ਕੀਮਤੀ ਸਰਮਾਏ ਨੂੰ ਬਚਾਇਆ ਜਾ ਸਕਦਾ ਹੈ।
***
ਮਾਹਿਲਪੁਰ (ਹੁਸ਼ਿਆਰਪੁਰ)

