Mar 7, 2026

ਹੀਰ ਬੱਟ ਬੈਸਟ ਧਾਵੀ ਤੇ ਸੀਲੋ ਬੈਸਟ ਜਾਫੀ ਚੁਣੇ ਗਏ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਐਤਵਾਰ 16 ਅਗਸਤ ਨੂੰ ਕੈਲਗਰੀ ਵਿਖੇ ਲਾਲੀ ਢੇਸੀ ਫਰੈਂਡਜ ਕਬੱਡੀ ਕਲੱਬ ਕੈਲਗਰੀ ਵੱਲੋਂ ਕਬੱਡੀ ਕੱਪ ਧੂਮਧਾਮ ਨਾਲ  ਕਰਵਾਇਆ ਗਿਆ। ਇਸ ਟੁਰਨਾਮੈਂਟ ਦੌਰਾਨ ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀਆਂ 6 ਟੀਮਾਂ ਦੇ  7 ਮੈਚ ਕਰਵਾਏ ਗਏ ਜਿਹਨਾਂ ਦਾ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ। ਇਹਨਾਂ ਮੈਚਾਂ ਦੌਰਾਨ ਧਾਵੀਆਂ ਨੇ ਕੁੱਲ 491 ਕਬੱਡੀਆਂ ਪਾ ਕੇ 384 ਅੰਕ ਪ੍ਰਾਪਤ ਕੀਤੇ ਜਦੋਂਕਿ ਜਾਫੀਆਂ ਨੇ ਕੁੱਲ 102 ਜੱਫੇ ਲਾਏ। 5 ਅੰਕ ਸਾਂਝੇ ਰਹੇ। ਟੂਰਨਾਮੈਂਟ ਦੌਰਾਨ ਐਬਟਸਫੋਰਡ/ਸਰਹਾਲਾ ਰਣੂੰਆ ਕਬੱਡੀ ਕਲੱਬ ਦੀ ਟੀਮ 41.5 ਅੰਕਾਂ ਨਾਲ ਜੇਤੂ ਰਹੀ ਜਦੋਂਕਿ ਲਾਲੀ ਢੇਸੀ ਫਰੈਡਜ ਕਬੱਡੀ ਕਲੱਬ ਕੈਲਗਰੀ ਦੀ 21 ਅੰਕਾਂ ਨਾਲ ਦੂਸਰੇ ਸਥਾਨ ਤੇ ਰਹੀ।

ਫਾਈਨਲ ਅਤੇ ਸੈਮੀਫਾਈਨਲ ਮੈਚਾਂ ਵਿੱਚ ਵਧੀਆ ਧਾਵੀ ਅਤੇ ਜਾਫੀ ਚੁਣੇ ਗਏ ਜਿਹਨਾਂ ਵਿਚ ਹੀਰਾ ਬੱਟ ਜਿਸਨੇ 28 ਕਬੱਡੀਆਂ ਪਾਕੇ  27 ਅੰਕ ਲਏ ਨੂੰ ਬੈਸਟ ਧਾਵੀ ਚੁਣਿਆ ਗਿਆ ਜਦੋਂਕਿ ਸੀਲੋ ਬਾਹੋ ਅਕਬਰਪੁਰਾ ਜਿਸਨੇ 22 ਟੱਚ ਤੇ 8 ਜੱਫੇ ਲਗਾਏ ਨੂੰ ਬੈਸਟ ਜਾਫੀ ਚੁਣਿਆ ਗਿਆ।
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਮੱਖਣ ਅਲੀ, ਸੁਰਜੀਤ ਕਕਰਾਲੀ, ਇਕਬਾਲ ਗਾਲਿਬ, ਕਾਲਾ ਰਛੀਨ ਅਤੇ ਪਿਰਤਾ ਸ਼ੇਰਗੜ੍ਹ ਚੀਮਾਂ, ਨੇ ਸ਼ਾਨਦਾਰ ਕੁਮੈਂਟਰੀ ਕੀਤੀ। ਪੀਟਰ ਚੜਿੱਕ, ਸੁੱਖੀ ਧੂਰੀ, ਮੰਦਰ ਗਾਲਿਬ, ਲਾਲੀ ਸੁਰਖਪੁਰ, ਰੂਬੀ ਧਾਲੀਵਾਲ ਅਤੇ ਬਲਜੀਤ ਰਤਨਗੜਹ ਨੇ ਰੈਫਰੀ ਦੀ ਡਿਊਟੀ ਨਿਭਾਈ। ਕੁਮੈਂਟੇਟਰ ਕਾਲਾ ਰਸ਼ੀਨ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰੱਸਾਕਸ਼ੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਮੋਗਾ ਸਪੋਰਟਸ ਕਲੱਬ ਕੈਲਗਰੀ ਦੀ ਜੇਤੂ ਟੀਮ ਨੂੰ 2000 ਡਾਲਰ ਦਾ ਨਗਦ ਇਨਾਮ ਦਿੱਤਾ ਗਿਆ।

ਟੂਰਨਾਮੈਂਟ ਦੌਰਾਨ ਕਈ ਉਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।