-ਕਾਰੋਬਾਰੀ ਅਦਾਰੇ ਉਗਰਾਹੀਆਂ ਤੋਂ ਪ੍ਰੇਸ਼ਾਨ -ਸਾਲ ‘ਚ ਸਿਰਫ਼ ਦੋ ਮੇਲੇ ਕਰਾਉਣ ਦੀਆਂ ਸਲਾਹਾਂ –
ਸੁਖਮਿੰਦਰ ਸਿੰਘ ਬਰਾੜ-ਭਗਤਾ ਭਾਈ ਕਾ ਵੱਲੋਂ ਵਿਸ਼ੇਸ਼-
ਐਬਸਫੋਰਡ-ਜਿਵੇਂ ਜਿਵੇਂ ਪੰਜਾਬੀ ਭਾਈਚਾਰਾ ਵਿਦੇਸ਼ਾਂ ਵਿੱਚ ਵੱਸਦਾ ਗਿਆ ਤਿਵੇਂ ਤਿਵੇਂ ਉਨ੍ਹਾਂ ਨੇ ਆਪਣੇ ਸਾਰੇ ਦਿਨ ਤਿਉਹਾਰ ਵਿਦੇਸ਼ਾਂ ਦੀ ਧਰਤੀ ‘ਤੇ ਮਨਾਉਣੇ ਸ਼ੁਰੂ ਕਰ ਦਿੱਤੇ। ਹਰ ਦੇਸ਼ ਵਿੱਚ ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਬਹੁ ਗਿਣਤੀ ਹੈ ਉੱਥੇ ਉੱਥੇ ਉਹ ਆਪਣੇ ਸਾਰੇ ਤਿਉਹਾਰ, ਗੁਰੂ ਪਾਤਿਸ਼ਾਹਾਂ ਦੇ ਗੁਰ ਪੁਰਬ, ਸ਼ਹੀਦਾਂ ਦੇ ਦਿਨ, ਨਗਰ ਕੀਰਤਨ, ਅਤੇ ਹੋਰ ਖੁਸ਼ੀ ਵਾਲੇ ਮੇਲੇ ਸਮੇਂ ਸਮੇਂ ਮੁਤਾਬਿਕ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਇਸ ਤੋਂ ਇਲਾਵਾ ਖੇਡ ਕਬੱਡੀ ਟੂਰਨਾਮੈਂਟ ਵੀ ਵੱਡੀ ਪੱਧਰ ‘ਤੇ ਕਰਵਾਏ ਜਾਂਦੇ ਹਨ, ਉਨ੍ਹਾਂ ਲਈ ਵੀ ਫੰਡਿੰਗ ਇਕੱਠੀ ਕਰਨ ਦੀ ਬਹੁਤ ਜ਼ਰੂਰਤ ਹੈ। ਇੱਥੋਂ ਤੱਕ ਕਿ ਔਰਤਾਂ ਵੀ ਇਕੱਠੀਆਂ ਹੋ ਕੇ ਹਰ ਸ਼ਹਿਰ ‘ਚ ਤੀਆਂ ਮਨਾਉਂਦੀਆਂ ਹਨ ਅਤੇ ਇਕੱਠੀਆਂ ਹੋਣ ਲਈ ਕੋਈ ਸਾਂਝਾ ਪ੍ਰੋਗਰਾਮ ਉਲੀਕ ਲੈੰਦੀਆਂ ਹਨ। ਇਹ ਮੇਲੇ ਹੋਣੇ ਬਹੁਤ ਵਧੀਆ ਗੱਲ ਹੈ। ਏਨੇ ਪ੍ਰੋਗਰਾਮ ਹੋਣ ਨਾਲ ਯੂਥ ਦਾ ਵੀ ਧਿਆਨ ਨਸ਼ਿਆਂ ਅਤੇ ਹੋਰ ਗਲਤ ਹਰਕਤਾਂ ਵੱਲੋਂ ਦੂਰ ਰਹਿੰਦਾ ਹੈ ਜਿਸ ਕਰਕੇ ਅਜਿਹੇ ਮੇਲੇ ਪੰਜਾਬੀ ਭਾਈਚਾਰੇ ਲਈ ਜਰੂਰੀ ਵੀ ਹਨ ਅਤੇ ਲੋਕਾਂ ਨੂੰ ਕੰਮਾਂ ਤੋਂ ਬਹਾਨੇ ਨਾਲ ਫੁਰਸਤ ਮਿਲ ਜਾਂਦੀ ਹੈ ਅਤੇ ਆਪਸ ਵਿੱਚ ਮੇਲ ਮਿਲਾਪ ਹੋ ਜਾਂਦਾ ਹੈ। ਨਵੇਂ ਆਇਆਂ ਨਾਲ ਪੁਰਾਣੇ ਆਇਆਂ ਦੀ ਜਾਣ ਪਹਿਚਾਣ ਹੋ ਜਾਂਦੀ ਹੈ ਚੰਗੀ ਗੱਲ ਹੈ।
ਸ਼ਰਧਾ ਵਾਲੇ ਕੁਝ ਪ੍ਰੋਗਰਾਮ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਖ਼ਰਚਾ ਸੰਸਥਾਵਾਂ ਹੀ ਕਰਦੀਆਂ ਹਨ ਅਤੇ ਬਹੁਤੇ ਪ੍ਰੋਗਰਾਮ ਕਾਰੋਬਾਰੀਆਂ, ਫ਼ਾਰਮਰਾਂ ਅਤੇ ਸਿਰਕੱਢ ਵਿਅਕਤੀਆਂ ਦੀ ਸਹਾਇਤਾ ਨਾਲ ਨੇਪਰੇ ਚੜ੍ਹਦੇ ਹਨ। ਘਾਟ ਵਾਧ ਹੋਣ ‘ਤੇ ਕਲੱਬਾਂ ਦੇ ਮੈਂਬਰ ਆਪਣੀ ਜੇਬ ਵਿੱਚੋਂ ਵੀ ਖਰਚ ਕਰ ਲੈਂਦੇ ਹਨ।
ਅੰਕੜੇ ਦੱਸਦੇ ਹਨ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਐਬਟਸਫੋਰਡ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਪ੍ਰਤੀਸ਼ਤ ਦੇ ਹਿਸਾਬ ਨਾਲ ਪੰਜਾਬੀ ਭਾਈਚਾਰੇ ਦੀ ਗਿਣਤੀ ਦੇਸ਼ ਦੇ ਬਾਕੀ ਵੱਡੇ ਸ਼ਹਿਰਾਂ ਦੇ ਪੰਜਾਬੀਆਂ ਜਾਂ ਕਹਿ ਲਵੋ ਰਹਿ ਰਹੇ ਭਾਰਤੀਆਂ ਦੀ ਗਿਣਤੀ ਦੇ ਬਰਾਬਰ ਹੈ ਜਿਸ ਕਰਕੇ ਏਥੇ ਪੰਜਾਬੀ ਮੇਲੇ ਸਭ ਤੋਂ ਵੱਧ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ਲੈ ਕੇ ਕਾਰੋਬਾਰੀਆਂ, ਸੰਸਥਾਵਾਂ, ਖੇਡ ਕਲੱਬਾਂ, ਫ਼ਾਰਮਰਾਂ, ਧਾਰਮਿਕ ਸੰਸਥਾਵਾਂ ਅਤੇ ਹੋਰ ਸਿਰ ਕੱਢ ਵਿਅਕਤੀਆਂ ਵਿੱਚ ਇਸ ਦੀ ਚਿੰਤਾ ਵਧ ਜਾਂਦੀ ਹੈ ਕਿਉਂਕਿ ਵੱਡੇ ਵੱਡੇ ਇਨ੍ਹਾਂ ਪ੍ਰੋਗਰਾਮਾਂ ‘ਤੇ ਭਾਰੀ ਰਕਮਾਂ ਖਰਚ ਹੁੰਦੀਆਂ ਹਨ।
ਐਬਟਸਫੋਰਡ, ਜਿੱਥੇ ਪੰਜਾਬੀਆਂ ਦੀ ਗਿਣਤੀ ਸੰਘਣੀ ਹੈ ਅਤੇ ਸ਼ਹਿਰ ਵੀ ਬਹੁਤਾ ਵੱਡਾ ਨਹੀਂ ਹੈ, ਖੇਤੀ ਏਰੀਆ ਹੋਣ ਕਰਕੇ ਇਸ ਨੂੰ ਪੇਂਡੂ ਸ਼ਹਿਰ ਵੀ ਕਿਹਾ ਜਾਂਦਾ ਸੁਣਿਆ ਗਿਆ ਹੈ ਜਿਸ ਕਰਕੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਏਥੇ ਕਾਰੋਬਾਰੀ ਵੀ ਘੱਟ ਹਨ ਜਦੋਂ ਕਿ ਫਾਰਮੀਂ ਏਰੀਆ ਵੱਡਾ ਹੈ। ਇਸ ਸ਼ਹਿਰ ਵਿੱਚ ਹਰ ਸਾਲ ਜੁਲਾਈ ਤੋਂ ਅਗਸਤ ਤੱਕ ਤਿੰਨ ਮਹੀਨਿਆਂ ‘ਚ ਏਥੋਂ ਦੇ ਰੋਟਰੀ ਸਟੇਡੀਅਮ ਵਿੱਚ ਡਾਇੰਮਡ ਕਲਚਰਲ ਕਲੱਬ, ਇੰਡੋ-ਕੈਨੇਡੀਅਨ ਯੂਥ ਕਲੱਬ, ਵੈਲੀ ਯੂਨਾਈਟਡ ਕਲਚਰਲ ਕਲੱਬ ਅਤੇ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਨਾਂ ਦੇ ਕਲੱਬਾਂ ਵੱਲੋਂ ਲੋਕਾਂ ਦੇ ਮਨੋਰੰਜਨ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਚਾਰ ਵੱਡੇ ਪੰਜਾਬੀ ਮੇਲੇ ਕਰਵਾਏ ਜਾਂਦੇ ਹਨ ਜਿਨ੍ਹਾਂ ‘ਤੇ ਬਹੁਤ ਭਾਰੀ ਖ਼ਰਚਾ ਹੁੰਦਾ ਹੈ। ਇਨ੍ਹਾਂ ਪ੍ਰੋਗਰਾਮਾਂ ਦੀ ਪੂਰਤੀ ਲਈ ਪੰਜਾਬੀ ਭਾਈਚਾਰਾ ਕਲੱਬਾਂ ਦੀ ਦਿਲ ਖੋਲ੍ਹਕੇ ਹਰ ਸਹਾਇਤਾ ਕਰਦਾ ਹੈ ਪਰ ਗੱਲ ਏਥੇ ਚਿੰਤਾ ਵਾਲੀ ਇਹ ਹੋ ਜਾਂਦੀ ਹੈ ਕਿ ਕਾਰੋਬਾਰ ਮੰਦੇ ਚੱਲ ਰਹੇ ਹਨ, ਜੌਬਾਂ ਵਿੱਚ ਖੜੋਤ ਆਉਣ ਕਾਰਨ ਮੰਦਵਾੜੇ ਵੱਲੋਂ ਕੰਮਾਂ ਨੂੰ ਖੁੱਲ੍ਹਕੇ ਚੱਲਣ ਨਹੀਂ ਦਿੱਤਾ ਜਾ ਰਿਹਾ, ਇਸ ਲਈ ਅਜਿਹੇ ਪ੍ਰੋਗਰਾਮਾਂ ਲਈ ਸਹਾਇਤਾ ਦੇਣੀ ਔਖੀ ਮਹਿਸੂਸ ਹੋਣ ਕਰਕੇ ਹਰ ਕੋਈ ਇਹੋ ਕਹਿੰਦਾ ਸੁਣਿਆਂ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਕਲੱਬਾਂ ਨੂੰ ਇੱਕ ਮੇਜ਼ ‘ਤੇ ਬੈਠ ਕੇ ਸਲਾਹ ਕਰ ਲੈਣੀ ਚਾਹੀਦੀ ਹੈ ਕਿ ਖਾਸ ਕਰਕੇ ਇਹ ਚਾਰ ਮੇਲੇ ਕਰਵਾਉਣ ਦੀ ਬਜਾਏ ਦੋ ਕਲੱਬਾਂ ਇੱਕ ਸਾਲ ਪ੍ਰੋਗਰਾਮ ਕਰਵਾ ਲਿਆ ਕਰਨ ਅਤੇ ਬਾਕੀ ਦੋ ਕਲੱਬਾਂ ਅਗਲੇ ਸਾਲ ਕਰਵਾ ਲਿਆ ਕਰਨ। ਇੱਕ ਸਾਲ ‘ਚ ਸਿਰਫ਼ ਦੋ ਹੀ ਮੇਲੇ ਕਰਵਾਉਣ ਨਾਲ ਕਾਰੋਬਾਰੀਆਂ ਅਤੇ ਹੋਰ ਸਹਾਇਤਾ ਕਰਨ ਵਾਲਿਆਂ ‘ਤੇ ਵੀ ਬਹੁਤਾ ਬੋਝ ਨਹੀਂ ਪਵੇਗਾ। ਏਥੇ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਪਹਿਲਾਂ ਮੇਲੇ ਕਰਾਉਣ ਵਾਲੀਆਂ ਨੂੰ ਉਗਰਾਹੀ ਵੱਧ ਹੋ ਜਾਂਦੀ ਹੈ ਅਤੇ ਬਾਅਦ ਵਾਲਿਆਂ ਨੂੰ ਉਗਰਾਹੀ ਕਰਨ ‘ਚ ਮੁਸ਼ਕਲ ਆਉਂਦੀ ਹੈ। ਇਸ ਲਈ ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਦੋ ਮੇਲੇ ਇੱਕ ਸਾਲ ਅਤੇ ਦੋ ਮੇਲੇ ਅਗਲੇ ਸਾਲ ਕਰਵਾ ਲੈਣ, ਇਸ ਤਰਾਂ ਕਰਨ ਨਾਲ ਕਲੱਬ ‘ਚ ਆਪਸੀ ਭਾਈਚਾਰਾ ਵੀ ਬਣਿਆ ਰਹਿ ਸਕਦਾ ਹੈ।
