ਸੰਤ ਬਾਬਾ ਹਾਕਮ ਸਿੰਘ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਰਾਹਤ ਕਾਰਜਾਂ ਵਿਚ ਜੁੱਟੇ-
ਰਾਕੇਸ਼ ਨਈਅਰ
ਸਰਹਾਲੀ ਕਲਾਂ/ਚੋਹਲਾ ਸਾਹਿਬ,3 ਸਤੰਬਰ
ਪੰਜਾਬ ਦੇ ਮਾਨਯੋਗ ਗਵਰਨਰ ਸ੍ਰੀ ਲਾਲ ਚੰਦ ਕਟਾਰੀਆ ਜੀ ਹਰੀਕੇ ਹੈੱਡ ਵਿਖ਼ੇ ਪਹੁੰਚੇ ਅਤੇ ਸਮੂਹ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ।ਇਸ ਮੌਕੇ ਮਾਨਯੋਗ ਗਵਰਨਰ ਸਾਹਿਬ ਵਲੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸੰਤ ਬਾਬਾ ਹਾਕਮ ਸਿੰਘ ਜੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸੰਪਰਦਾਇ ਵੱਲੋਂ ਪਿਛਲੇ ਤਿੰਨ ਹਫਤਿਆਂ ਤੋਂ ਹਰੀਕੇ ਪੱਤਣ ਤੋਂ ਲਹਿੰਦੇ ਵੱਲ ਕਈ ਥਾਵਾਂ ‘ਤੇ ਬੰਨ੍ਹ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਲਈ ਵੱਡੇ ਯਤਨ ਕੀਤੇ ਗਏ ਹਨ।ਜਿਸ ਵਿੱਚ ਸਭਰਾ, ਘੜੁੰਮ,ਕੁੱਤੀਵਾਲਾ, ਗੱਟੀ ਹਰੀਕੇ,ਮਰੜ ਆਦਿਕ ਕਈ ਥਾਵਾਂ ਹਨ,ਜਿੱਥੇ ਬੰਨ੍ਹ ਨੂੰ ਢਾਹ ਲੱਗ ਰਹੀ ਸੀ ਅਤੇ ਖਤਰਾ ਲਗਾਤਾਰ ਮੰਡਰਾ ਰਿਹਾ ਸੀ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰ ਸਾਲ 2023 ਵਿੱਚ ਨਿਭਾਈਆਂ ਗਈਆਂ ਹੜਾਂ ਦੌਰਾਨ ਸੇਵਾਵਾਂ ਨਾਲ ਕਾਫੀ ਤਜਰਬਾ ਹਾਸਲ ਕਰ ਚੁੱਕੇ ਸਨ।ਉਨਾਂ ਦਾ ਇਹ ਤਜਰਬਾ ਸਾਲ 2025 ਦੇ ਹੜਾਂ ਵਿੱਚ ਬਚਾਓ ਕਾਰਜਾਂ ਲਈ ਬਹੁਤ ਮਦਦਗਾਰ ਸਾਬਤ ਹੋਇਆ। ਸੰਪਰਦਾਇ ਵੱਲੋਂ ਬੰਨ੍ਹਾ ਨੂੰ ਮਜਬੂਤ ਕਰਨ ਦੇ ਨਾਲ ਨਾਲ ਹੜ੍ਹ ਪੀੜਤਾਂ ਲਈ ਰੈਸਕਿਊ ਆਪਰੇਸ਼ਨ ਅਤੇ ਰਾਹਤ ਸਮੱਗਰੀ ਵੰਡਣ ਦੇ ਕਾਰਜ ਵੀ ਚੱਲ ਰਹੇ ਹਨ।ਡੇਰਾ ਬਾਬਾ ਨਾਨਕ ਅਤੇ ਅਜਨਾਲਾ ਇਲਾਕੇ ਵਿੱਚ ਤਿੰਨ ਅਗਨਬੋਟ ਸਮੇਤ ਲੰਗਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸੇਵਾਦਾਰ ਲਗਾਤਾਰ ਸੇਵਾ ਵਿੱਚ ਹਾਜ਼ਰ ਹਨ।

