Screenshot
-ਸੁਖਵਿੰਦਰ ਸਿੰਘ ਚੋਹਲਾ—
ਨੇਪਾਲ ਭਾਰਤ ਦਾ ਗਵਾਂਢੀ ਰਾਜ ਹੈ। ਹਿਮਾਲਿਆ ਪਰਬਤ ਦੀ ਗੋਦ ਵਿਚ ਲਗਪਗ 3 ਕਰੋੜ ਦੀ ਆਬਾਦੀ ਵਾਲਾ ਰਾਜ। ਭਾਰਤ ਨਾਲ ਉਸਦਾ ਉਤਰਾਖੰਡ, ਯੂਪੀ, ਬਿਹਾਰ, ਸਿਕਮ ਤੇ ਪੱਛਮੀ ਬੰਗਾਲ ਨਾਲ 1750 ਕਿਲੋਮੀਟਰ ਲੰਬਾ ਬਾਰਡਰ ਹੈ। ਇਤਿਹਾਸਕ ਸੰਧੀਆਂ ਕਾਰਣ ਅਤੇ ਮਹਾਤਮਾ ਬੁੱਧ ਦੇ ਇਸ ਮੁਲਕ ਨਾਲ ਸਦੀਆਂ ਤੋਂ ਰੋਟੀ-ਬੇਟੀ ਦੀ ਸਾਂਝ ਸਦਕਾ ਲੱਖਾਂ ਨੇਪਾਲੀ ਲੋਕਾਂ ਲਈ ਭਾਰਤ ਇਕ ਦੂਸਰੇ ਘਰ ਵਰਗਾ ਅਹਿਸਾਸ ਹੈ। ਦੋਵਾਂ ਮੁਲਕਾਂ ਵਿਚਾਲੇ ਲੰਬਾ ਬਾਰਡਰ ਤਾਂ ਹੈ ਪਰ ਕੋਈ ਵੀਜਾ ਪ੍ਰਣਾਲੀ ਨਹੀ ਹੈ। ਅੰਕੜਿਆਂ ਮੁਤਾਬਿਕ ਇਸ ਸਮੇਂ 35 ਲੱਖ ਤੋਂ ਉਪਰ ਨੇਪਾਲੀ ਭਾਰਤ ਵਿਚ ਵਸਦੇ ਹਨ। ਭਾਰਤੀ ਸੈਨਾ ਵਿਚ ਲਗਪਗ 32000 ਤੋਂ ਉਪਰ ਦੀ ਨਫਰੀ ਵਾਲੀਆਂ ਬਾਕਾਇਦਾ 7 ਗੋਰਖਾ ਰਜਮੈਂਟਾਂ ਹਨ।
ਇਕ ਦੁਨੀਆ ਦੇ ਪਹਿਲੇ ਹਿੰਦੂ ਰਾਸ਼ਟਰ ਵਜੋਂ ਜਾਣੇ ਜਾਂਦੇ ਨੇਪਾਲ ਵਿਚ ਭਾਵੇਂਕਿ ਇਕ ਲੰਬੇ ਗ੍ਰਹਿ ਯੁਧ ਉਪਰੰਤ ਰਾਜਾਸ਼ਾਹੀ ਨੂੰ ਖਤਮ ਕਰਕੇ ਇਸਨੂੰ ਗਣਤੰਤਰ ਐਲਾਨ ਦਿੱਤਾ ਗਿਆ ਪਰ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਵੀ ਅੱਜ ਤੱਕ ਲੋਕ ਭਾਵਨਾਵਾਂ ਮੁਤਾਬਿਕ ਰਾਜ ਸਾਸ਼ਨ ਪ੍ਰਦਾਨ ਨਹੀ ਕਰ ਸਕੀਆਂ। ਰਾਜਸੀ ਪਾਰਟੀਆਂ ਜਿਹਨਾਂ ਵਿਚ ਕਮਿਊਨਿਸਟ, ਮਾਓਵਾਦੀ ਅਤੇ ਕਾਂਗਰਸ ਪ੍ਰਮੁੱਖ ਹਨ, ਰਾਜ ਸੱਤਾ ਤੇ ਸਮੇਂ ਸਮੇਂ ਕਾਬਜ਼ ਹੋਣ ਉਪਰੰਤ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਗਰੀਬੀ, ਬੇਰੁਜਗਾਰੀ, ਸਿਹਤ ਸਹੂਲਤਾਂ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਥੋੜ ਦਾ ਕੋਈ ਠੋਸ ਹੱਲ ਨਹੀ ਦੇ ਸਕੀਆਂ। ਮੁਲਕ ਦਾ ਨੌਜਵਾਨ ਵਰਗ ਰੋਜਗਾਰ ਦੀ ਭਾਲ ਵਿਚ ਭਾਰਤ, ਖਾੜੀ ਮੁਲਕਾਂ ਤੇ ਹੋਰ ਵਿਦੇਸ਼ੀ ਮੁਲਕਾਂ ਵੱਲ ਪ੍ਰਵਾਸ ਕਰਨ ਲਈ ਮਜਬੂਰ ਹੈ। ਅੰਕੜੇ ਬੋਲਦੇ ਹਨ ਕਿ ਰੋਜਾਨਾ 2000 ਨੇਪਾਲੀ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਦੂਸਰੇ ਮੁਲਕਾਂ ਵਿਚ ਜਾ ਰਹੇ ਹਨ। ਕੇਵਲ ਪਿਛਲੇ ਇਕ ਸਾਲ ਵਿਚ 8 ਲੱਖ ਦੇ ਕਰੀਬ ਨੌਜਵਾਨ ਵਿਦੇਸ਼ਾਂ ਵਿਚ ਰੋਜ਼ਗਾਰ ਲਈ ਗਏ। ਵਿਦੇਸ਼ੀ ਰੋਜਗਾਰ ਉਪਰ ਨਿਰਭਰ ਲੋਕਾਂ ਨੇ ਪਿਛਲੇ ਸਾਲ 11 ਅਰਬ ਡਾਲਰ ਮੁਲਕ ਵਿਚ ਭੇਜੇ ਜੋਕਿ ਮੁਲਕ ਦੀ ਕੁਲ ਜੀਡੀਪੀ ਦਾ 26 ਪ੍ਰਤੀਸ਼ਤ ਸੀ। ਵੱਡੀ ਗਿਣਤੀ ਵਿਚ ਨੌਜਵਾਨਾਂ ਦੇ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਰੁਖ ਕਰਨ ਦੇ ਬਾਵਜੂਦ ਮੁਲਕ ਵਿਚ ਬੇਰੋਜ਼ਗਾਰੀ ਦਰ 80 ਪ੍ਰਤੀਸ਼ਤ ਤੋਂ ਉਪਰ ਹੈ। ਮੁਲਕ ਵਿਚ ਗਰੀਬੀ ਤੇ ਬੇਰੋਜ਼ਗਾਰੀ ਦੀ ਹਾਲਤ ਦੇ ਬਾਵਜੂਦ ਮੁਲਕ ਦੀ ਸੱਤਾ ਉਪਰ ਕਾਬਜ਼ ਹੋਣ ਵਾਲੀਆਂ ਧਿਰਾਂ, ਉਹਨਾਂ ਦੇ ਆਗੂ ਤੇ ਅਫਸਰਸ਼ਾਹੀ ਭ੍ਰਿਸ਼ਟ ਢੰਗ ਤਰੀਕਿਆਂ ਨਾਲ ਪੂਰੇ ਐਸ਼ੋ ਆਰਾਮ ਦੀ ਜਿੰਦਗੀ ਵਿਚ ਗਲਤਾਨ ਰਹੇ ਹਨ।
ਭ੍ਰਿਸ਼ਟ ਤੰਤਰ ਦੇ ਖਿਲਾਫ ਨੇਪਾਲੀ ਆਵਾਮ ਅਕਸਰ ਆਪਣੀ ਆਵਾਜ਼ ਬੁਲੰਦ ਕਰਦਾ ਆਇਆ ਹੈ ਪਰ ਇਸ ਭ੍ਰਿਸ਼ਟ ਤੰਤਰ ਦਾ ਅਸਲ ਚਿਹਰਾ ਬੇਨਕਾਬ ਕਰਨ ਵਿਚ ਸੋਸ਼ਲ ਮੀਡੀਆ ਦੀ ਜੋ ਭੂਮਿਕਾ ਇਸ ਵਾਰ ਵੇਖਣ ਨੂੰ ਮਿਲੀ ਹੈ, ਉਸਦਾ ਉਗਰ ਰੂਪ ਵੀ ਸ਼ਾਇਦ ਪਹਿਲੀ ਵਾਰ ਸਾਹਮਣੇ ਆਇਆ ਹੈ। ਭ੍ਰਿਸ਼ਟ ਸਿਸਟਮ ਅਤੇ ਨੇਤਾਵਾਂ ਦੇ ਦੋਹਰੇ ਕਿਰਦਾਰ ਤੋਂ ਖਫਾ ਹੋਏ ਲੋਕਾਂ ਜਿਹਨਾਂ ਦੀ ਅਗਵਾਈ ਨਵੀ ਪੀੜੀ (ਜੈਨ ਜੀ) ਨੇ ਕੀਤੀ, ਨੇ ਰੋਸ ਤੇ ਰੋਹ ਦਾ ਉਹ ਤਾਂਡਵ ਕੀਤਾ ਕਿ ਮੁਲਕ ਦੀ ਪਾਰਲੀਮੈਂਟ (ਸਿੰਘ ਦਰਬਾਰ), ਸੁਪਰੀਮ ਕੋਰਟ, ਪ੍ਰਧਾਨ ਮੰਤਰੀ ਦਾ ਦਫਤਰ, ਰਿਹਾਇਸ਼ ਤੇ ਹੋਰ ਸਰਕਾਰੀ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਨੌਜਵਾਨਾਂ ਦੇ ਇਸ ਰੋਹ ਦੀ ਬੁਨਿਆਦ ਵਿਚ ਭਾਵੇਂ ਕਾਰਣ ਸੀ ਸਰਕਾਰ ਵਲੋਂ ਸੋਸ਼ਲ ਮੀਡੀਆ ਉਪਰ ਪਾਬੰਦੀ ਲਗਾਉਣ ਦੇ ਹੁਕਮ ਪਰ ਇਹਨਾਂ ਹੁਕਮਾਂ ਵਿਰੁੱਧ ਰੋਸ ਪ੍ਰਗਟਾਵੇ ਦੌਰਾਨ ਪੁਲਿਸ ਵਲੋਂ ਚਲਾਈ ਗੋਲੀ ਦੌਰਾਨ 19 ਨੌਜਵਾਨਾਂ ਦੇ ਮਾਰੇ ਜਾਣ ਉਪਰੰਤ ਜੋ ਹਾਲਾਤ ਬਣੇ, ਅਜਿਹਾ ਦ੍ਰਿਸ਼ ਸਾਇਦ ਕਿਸੇ ਨੇ ਵੀ ਨਹੀ ਸੀ ਸੋਚਿਆ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਨੇ ਵੀ ਨਹੀ ਜਿਸਨੇ ਖੁਦ ਸੋਸ਼ਲ ਮੀਡੀਆ ਖਿਲਾਫ ਰੋਸ ਪ੍ਰਦਰਸ਼ਨ ਦੀ ਇਜਾਜਤ ਦਿੱਤੀ ਤੇ ਫਿਰ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਮਾਰਨ ਦੇ ਹੁਕਮ। ਸੋਸ਼ਲ ਮੀਡੀਆ ਉਪਰ ਪਾਬੰਦੀ ਦੇ ਹੁਕਮ ਵਾਪਿਸ ਵੀ ਲੈ ਲਏ ਗਏ। ਪ੍ਰਧਾਨ ਮੰਤਰੀ ਨੇ ਅਸਤੀਫਾ ਵੀ ਦੇ ਦਿੱਤਾ, ਮੰਤਰੀ ਵੀ ਅਸਤੀਫੇ ਲੈਕੇ ਕਤਾਰ ਵਿਚ ਲੱਗੇ ਪਰ ਪੁਲਿਸ ਗੋਲੀਬਾਰੀ ਨਾਲ 19 ਨੌਜਵਾਨਾਂ ਦੀ ਮੌਤ ਨੇ ਅਜਿਹਾ ਲਾਂਬੂ ਲਾਇਆ ਕਿ 24 ਘੰਟਿਆਂ ਦੇ ਵਕਫੇ ਵਿਚ ਹੀ ਸਭ ਸਰਕਾਰੀ ਤੰਤਰ ਤੇ ਤਾਮ ਝਾਮ ਸੜਕੇ ਰਾਖ ਹੋ ਗਿਆ। ਜਦੋਂ ਪ੍ਰਦਰਸ਼ਕਾਰੀਆਂ ਦਾ ਅੰਦੋਲਨ ਭੀੜ ਵਿਚ ਬਦਲਿਆ ਤਾਂ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਮੰਤਰੀ ਤੇ ਸੰਤਰੀ ਕੋਈ ਵੀ ਬਖਸ਼ਿਆ ਨਾ ਗਿਆ। ਮੁਲਕ ਦੇ ਹਾਕਮ ਕਹਾਉਣ ਵਾਲੇ ਨੇਤਾਵਾਂ ਨੂੰ ਭੀੜ ਦੇ ਠੁੱਡਿਆਂ ਦੀ ਮਾਰ ਸਹਿਣੀ ਪਈ ਤੇ ਜਾਨ ਦੀ ਭੀਖ ਲਈ ਹੱਥ ਅੱਡਣੇ ਪਏ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਸ਼ਰਮਾ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤਾ ਗਿਆ। ਫੌਜੀ ਹੈਲੀਕਾਪਟਰ ਦੇ ਰੱਸੇ ਨਾਲ ਕਈ ਅਹਿਮ ਵਿਅਕਤੀ ਤੇ ਅਧਿਕਾਰੀ ਜਾਨ ਬਚਾਉਣ ਲਈ ਲਟਕਦੇ ਵੇਖੇ ਗਏ। ਰਾਜਾਸ਼ਾਹੀ ਤੋਂ ਛੁਟਕਾਰਾ ਪਾਕੇ ਗਣਤੰਤਰ ਬਣਨ ਵਾਲੇ ਕਿਸੇ ਮੁਲਕ ਵਿਚ ਜਮਹੂਰੀਅਤ ਦੇ ਨਾਮ ਤੇ ਤਾਨਾਸ਼ਾਹ ਬਣੇ ਹਾਕਮਾਂ ਦਾ ਇਹ ਹਸ਼ਰ ਵੀ ਸ਼ਾਇਦ ਦੁਨੀਆ ਨੇ ਪਹਿਲੀ ਵਾਰ ਵੇਖਿਆ। ਭਾਰਤ ਦੇ ਗਵਾਂਡ ਵਿਚ ਸ੍ਰੀ ਲੰਕਾ ਅਤੇ ਫਿਰ ਬੰਗਲਾ ਦੇਸ਼ ਵਿਚ ਲੋਕ ਅੰਦੋਲਨ ਦੇ ਹਜੂਮ ਵਿਚ ਬਦਲਣ ਤੇ ਰਾਜ ਪਲਟਾ ਕੀਤੇ ਜਾਣ ਦੇ ਦ੍ਰਿਸ਼ ਤਾਂ ਵੇਖੇ ਗਏ ਸਨ ਪਰ ਮੰਤਰੀਆਂ ਤੇ ਨੇਤਾਵਾਂ ਨੂੰ ਭਜਾ ਭਜਾ ਕੇ ਕੁੱਟਣ, ਮਾਰਨ, ਹੱਥ ਜੋੜਕੇ ਗਿੜਗੜਾਉਂਦਿਆਂ ਤੇ ਜਾਨ ਦੀ ਭੀਖ ਮੰਗਣ ਦੀਆਂ ਤਸਵੀਰਾਂ, ਵੀਡੀਓਜ਼ ਦੇ ਦਿਲ ਦਹਿਲਾ ਦੇਣ ਵਾਲੇ ਮੰਜ਼ਰ ਭ੍ਰਿਸ਼ਟ ਹਾਕਮਾਂ ਨੂੰ ਸੁਪਨਿਆਂ ਵਿਚ ਵੀ ਡਰਾਉਂਦੇ ਰਹਿਣਗੇ। ਨੇਪਾਲੀ ਹਾਕਮਾਂ ਦੇ ਖਿਲਾਫ ਜੈਨ ਜ਼ੀ ਦੇ ਇਸ ਅੰਦੋਲਨ ਤੇ ਹਿੰਸਾ ਦੌਰਾਨ ਹੁਣ ਤੱਕ 50 ਤੋਂ ਉਪਰ ਲੋਕ ਮਾਰੇ ਜਾ ਚੁੱਕੇ ਹਨ। ਹਜ਼ਾਰਾਂ ਦੇ ਜ਼ਖਮੀ ਹੋਣ ਦੇ ਨਾਲ ਕਰੋੜਾਂ-ਅਰਬਾਂ ਦੀ ਜਾਇਦਾਦ ਨਸ਼ਟ ਹੋ ਚੁੱਕੀ ਹੈ। ਫੌਜ ਵਲੋਂ ਮੁਲਕ ਵਿਚ ਅਮਨ-ਕਨੂੰਨ ਦੀ ਹਾਲਤ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਹੈ। ਨਵੀਂ ਅੰਤਰਿਮ ਸਰਕਾਰ ਬਣਾਉਣ ਲਈ ਅੰਦੋਲਨਕਾਰੀਆਂ ਤੇ ਫੌਜ ਵਿਚਾਲੇ ਗੱਲਬਾਤ ਚੱਲ ਰਹੀ ਹੈ। ਖਬਰ ਹੈ ਕਿ ਸੁਪਰੀਮ ਕੋਰਟ ਦੀ ਸਾਬਕਾ ਜੱਜ ਸੁਸ਼ੀਲਾ ਕਾਰਕੀ ਨੇ ਅੰਤਰਿਮ ਪ੍ਰਧਾਨ ਮੰਤਰੀ ਬਣਨ ਲਈ ਹਾਮੀ ਭਰ ਦਿੱਤੀ ਹੈ। ਅਗਲੇ ਦਿਨਾਂ ਵਿਚ ਨੇਪਾਲ ਵਿਚ ਉਥਲ ਪੁੱਥਲ ਤੇ ਨਵੇਂ ਪ੍ਰਬੰਧ ਲਈ ਸਰਗਰਮੀਆਂ ਦੇ ਨਾਲ ਜੈਨ ਜ਼ੀ ਅੰਦੋਲਨ ਦੇ ਚਿਹਰੇ ਬਣਨ ਵਾਲੇ ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ, ਹਾਮੀ ਨੇਪਾਲ ਮੁਹਿੰਮ ਦੇ ਆਗੂ ਸੂਦਨ ਗੁਰੰਗ ਤੇ ਹੋਰਾਂ ਦੀ ਚਰਚਾ ਰਹੇਗੀ ਪਰ ਨੇਪਾਲ ਦੀ ਇਹ ਹਿੰਸਕ ਕ੍ਰਾਂਤੀ ਤੀਸਰੀ ਦੁਨੀਆ ਦੇ ਮੁਲਕਾਂ ਵਿਸ਼ੇਸ਼ ਕਰਕੇ ਭਾਰਤ ਲਈ ਇਕ ਸਬਕ ਵੀ ਹੈ। ਭਾਰਤੀ ਹਾਕਮਾਂ ਵਲੋਂ ਜਿਵੇਂ ਲੋਕਤੰਤਰ ਦੇ ਨਾਮ ਹੇਠ ਭਾਸ਼ਾ, ਖੇਤਰ, ਧਰਮ, ਜਾਤੀ ਅਤੇ ਲੋਕ ਮੁੱਦੇ ਜਿਹਨਾਂ ਵਿਚ ਗਰੀਬੀ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਪ੍ਰਮੁੱਖ ਹਨ ਤੋਂ ਭਟਕਾਉਣ ਵਾਲੀਆਂ ਹੋਰ ਕਈ ਨੀਤੀਆਂ ਅਪਣਾਕੇ ਰਾਜਸੱਤਾ ਵਿਚ ਬਣੇ ਰਹਿਣ ਅਤੇ ਹਿੰਦੂ ਰਾਸ਼ਟਰ ਬਣਾਉਣ ਦੇ ਢਕਵੰਜ ਰਚੇ ਜਾ ਰਹੇ ਹਨ, ਨੂੰ ਨੇਪਾਲ ਤੋਂ ਕੋਈ ਸਬਕ ਲੈਣ ਦੀ ਲੋੜ ਹੈ। ਨੇਪਾਲ ਦੇ ਲੋਕਾਂ, ਜੈਨ ਜ਼ੀ ( ਨਵੀਂ ਪੀੜੀ) ਵਲੋਂ ਕੀਤੀ ਗਈ ਇਸ ਹਿੰਸਕ ਕ੍ਰਾਂਤੀ ਦਾ ਇਹ ਸੁਨੇਹਾ ਕੋਈ ਆਮ ਨਹੀ ਕਿ ਜੇ ਲੋਕ ਰਾਜੇ- ਮਹਾਰਾਜਿਆਂ ਤੋਂ ਤੰਗ ਆਕੇ ਰਾਜਾਸ਼ਾਹੀ ਦਾ ਖਾਤਮਾ ਕਰ ਸਕਦੇ ਹਨ ਤਾਂ ਜਮਹੂਰੀਅਤ ਦੇ ਪਰਦੇ ਹੇਠ ਤਾਨਾਸ਼ਾਹ ਬਣਨ ਵਾਲੇ ਦੋਹਰੇ ਕਿਰਦਾਰ ਦੇ ਹਾਕਮਾਂ ਨੂੰ ਉਹਨਾਂ ਦੀ ਅਸਲ ਔਕਾਤ ਵੀ ਵਿਖਾਈ ਜਾ ਸਕਦੀ ਹੈ। ਕੁਝ ਵਿਸ਼ਲੇਸ਼ਕਾਂ ਦਾ ਵਿਚਾਰ ਹੈ ਕਿ ਨੇਪਾਲ ਦੀ ਹਿੰਸਕ ਕ੍ਰਾਂਤੀ ਪਿਛੇ ਵੱਡੀਆਂ ਤਾਕਤਾਂ, ਏਜੰਸੀਆਂ, ਗਲੋਬਲ ਕੂਟਨੀਤੀ ਅਤੇ ਖੁਫੀਆ ਪ੍ਰਬੰਧ ਦੀ ਭੂਮਿਕਾ ਬਿਨਾਂ ਇਹ ਸਭ ਸੰਭਵ ਨਹੀ ਪਰ ਇਹ ਜਾਣਨ ਦੀ ਵੀ ਲੋੜ ਹੈ ਕਿ ਕਿਸੇ ਵੀ ਸਮਾਜਿਕ ਜਾਂ ਰਾਜਸੀ ਕ੍ਰਾਂਤੀ ਜਾਂ ਉਥਲ ਪੁਥਲ ਦੇ ਕਾਰਣ ਕੀ ਹੁੰਦੇ ਹਨ। ਆਵਾਮ ਦੀਆਂ ਮੁਸ਼ਕਲਾਂ, ਪ੍ਰੇਸ਼ਾਨੀਆਂ, ਬੁਨਿਆਦੀ ਲੋੜਾਂ ਨੂੰ ਨਾ ਸਮਝਣ ਵਾਲੇ ਹਾਕਮਾਂ ਦੀ ਭ੍ਰਿਸ਼ਟ ਸੋਚ, ਦੋਗਲੇ ਕਿਰਦਾਰ ਤੋਂ ਇਲਾਵਾ ਸਮੂਹਿਕ ਤੇ ਵਿਅਕਤੀਗਤ ਬੇਈਮਾਨੀ ਨੂੰ ਲੋਕ ਅਤੇ ਇਤਿਹਾਸ ਕਦੇ ਮੁਆਫ ਨਹੀ ਕਰਦਾ।
