Mar 7, 2026
ਪ੍ਰਕਾਸ਼ਕ  ਤਾਲਿਫ ਪ੍ਰਕਾਸ਼ਨ ਬਰਨਾਲਾ
ਕੀਮਤ 200  ਰੁਪਏ ,ਪੰਨੇ 124
ਸਮੀਖਿਆ- ਅਵਤਾਰ ਸਿੰਘ ਰਾਏਸਰ ਬਰਨਾਲਾ,98143 21087-
                   ਬਰਨਾਲੇ ਦੇ ਮਸ਼ਹੂਰ ਸਿੰਗਲਾ ਟੀ ਸਟਾਲ ਤੇ ਪਿਛਲੇ 24-25 ਸਾਲ ਤੋਂ ਮੇਰੇ ਵਰਗੇ ਆਮ ਤੋਂ ਲੈਕੇ ਖਾਸ ਸਾਹਿਤਕ ਅਦੀਬਾਂ ਦਾ ਇੱਕ ਟਿਕਾਣੇ ਵਜੋਂ ਬੈਠਣ ਉੱਠਣ ਹੈ। ਇਹ ਸਾਡੇ ਸਵ ਛੋਟੇ ਭਰਾ ਸ਼ਿਵ ਕੁਮਾਰ ਸਿੰਗਲਾ ਦੀ ਮਿਲਾਪੜੀ ਸ਼ਖ਼ਸੀਅਤ ਸਦਕਾ ਹੈ,(ਜੋ ਕਿ ਪਿਛਲੇ ਸਾਲ ਇੱਕ ਨਾਮੁਰਾਦ ਬਿਮਾਰੀ ਕਾਰਣ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ), ਹੁਣ ਇੱਥੇ ਛੋਟੇ ਭਰਾ ਨਸੀਬ ਜਿੰਦਲ ਨੇ ਕੰਮ ਸੰਭਾਲਿਆ ਹੋਇਆ ਹੈ। ਕਦੇ ਇਸ ਟਿਕਾਣੇ ਤੇ ਮਰਹੂਮ ਨਾਵਲਕਾਰ ਰਾਮ ਸਰੂਪ ਅਣਖੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸਵ ਗੋਪਾਲ ਸਿੰਘ ਦਰਦੀ, ਨਿਰੰਜਨ ਸ਼ਰਮਾ ਸੇਖਾ ਤੋਂ ਇਲਾਵਾ ਪਰਮਜੀਤ ਸਿੰਘ ਪੱਪੂ, ਪ੍ਰਸਿੱਧ ਲੇਖਕ ਪ੍ਰਗਟ ਸਿੰਘ ਸਿੱਧੂ, ਲਛਮਣ ਸਿੰਘ ਲਹਿਰੀ,ਪਵਨ ਪਰਿੰਦਾ,ਤੇਜਾ ਸਿੰਘ ਤਿਲਕ,ਡਾ ਅਮਨਦੀਪ ਸਿੰਘ ਟੱਲੇਵਾਲੀਆ,ਕਰਮ ਸਿੰਘ ਭੰਡਾਰੀ,ਚੰਦ ਸਿੰਘ ਬੰਗੜ, ਸੁਖਰਾਜ ਚਹਿਲ ਧਨੌਲਾ,ਡਾ ਬਲਿਹਾਰ ਸਿੰਘ ਗੋਬਿੰਦਗੜ੍ਹ,ਬਾਬੂ ਫ਼ਿਰੋਜ਼ ਲਾਲ ਗੋਇਲ,ਚਰਨੀ ਬੇਦਿਲ,ਇਕਬਾਲ ਰਾਮੂਵਾਲੀਆ, ਵੀਰਪਾਲ ਭਗਤਾ, ਪਰਮਜੀਤ ਸਿੰਘ ਧਾਲੀਵਾਲ ਜਿਹੇ ਨਾਮਵਰ ਹਸਤਾਖ਼ਰ ਆਉਂਦੇ ਰਹੇ ਹਨ। ਇੱਥੇ ਹੀ ਇੱਕ ਦਿਨ ਰੁਕਿਆ ਤਾਂ ਅੰਦਰ ਪਈ ਇੱਕ ਪੁਸਤਕ ਤੇ ਨਜ਼ਰ ਰੁਕ ਗਈ। ਪੜਨ ਦੇ ਝੱਸ ਕਾਰਨ ਪੁਸਤਕ ਚੁੱਕ ਕੇ ਦੇਖੀ ਤੇ ਛੋਟੇ ਭਰਾ ਨਸੀਬ ਜਿੰਦਲ ਨੂੰ ਪੁੱਛਿਆ ਕਿ ਇਹ ਤੇਰੇ ਕੋਲ ਕਿਵੇਂ ਆ ਗਈ ? ਉਹ ਕਹਿੰਦਾ ਮੈਂ ਸ਼ਰਮੇ  ਕੇ ਚਾਹ ਲੈਕੇ ਜਾਨਾਂ ਹੁੱਨਾ, ਮੈਨੂੰ ਉਹਨਾਂ ਨੇ ਕਿਤਾਬ ਦੇਕੇ ਕਿਹਾ ਕਿ ਪੜ੍ਹਕੇ ਦੱਸਣਾ ਕਿਵੇਂ ਲੱਗੀ । ਮੈਂ ਉਸਦੀ ਗੱਲ ਸੁਣ ਕੇ ਮਨ ਹੀ ਮਨ ਹੱਸਿਆ ਕੇ ਇਸ ਭੋਲੇ ਬੰਦੇ ਨੂੰ ਕੀ ਪਤਾ ਸਾਹਿਤ ਦਾ ,ਕੀ ਦੱਸੇਗਾ। ਮੈਂ ਪੁੱਛਿਆ ਕਿ ਮੈਂ ਪੜ੍ਹਨ ਲਈ ਲਈ ਲੈ ਜਾਵਾਂ, ਤਾਂ ਉਹ ਕਹਿੰਦਾ ਬਾਈ ਲੈਜੋ।ਇਸ ਤਰ੍ਹਾਂ ਇਹ ਬਹੁਤ ਹੀ ਅਜਬ ਕਹਾਣੀਆਂ ਦਾ ਕਹਾਣੀ ਸੰਗ੍ਰਹਿ,”ਕੋਠੀ ਝਾੜ ‌, ਤੇ ਮੈਂ ਇੱਕ ਦੂਜੇ ਨੂੰ ਮਿਲਦੇ ਹਾਂ, ਜਿਸਨੂੰ ਲਿਖਿਆ ਬਹੁਤ ਹੀ ਪਿਆਰੇ ਪ੍ਰਵਾਸੀ ਲੇਖਕ ਸ੍ਰ ਮਲਕੀਤ ਸਿੰਘ ਗਿੱਲ, ਸਾਬਕਾ ਸਰਪੰਚ ਕੋਕਰੀ ਫੂਲਾ ਸਿੰਘ, ਜ਼ਿਲ੍ਹਾ ਮੋਗਾ ‌ਨੇ।
                    ਕੋਠੀ ਝਾੜ, ਕਹਾਣੀ ਸੰਗ੍ਰਹਿ ਨੂੰ ਤਾਲਿਬ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਵਿਚ ਕੁੱਲ 20 ਕਹਾਣੀਆਂ , ਪੰਨੇ 125  , ਅਤੇ ਪੁਸਤਕ ਕੀਮਤ ਵੀ ਸਿਰਫ 200 ਰੁਪਏ, ਬਹੁਤ ਵਾਜਿਬ ਹੈ। ਇਸਦੇ ਲੇਖਕ, ਸ੍ਰ ਮਲਕੀਤ ਸਿੰਘ ਗਿੱਲ ਸਾਬਕਾ ਸਰਪੰਚ ਕੋਕਰੀ ਫੂਲਾ ਸਿੰਘ ਜ਼ਿਲ੍ਹਾ ਮੋਗਾ ਦੇ ਆਪਣੇ ਸ਼ਬਦਾਂ ਵਿੱਚ,”‌ਸਾਹਿਤ ਪੜਨ ਲਈ ਮੇਰਾ ਮਨ ਸ਼ੁਰੂ ਤੋਂ ਹੀ ਉਲਾਰ ਸੀ।ਜਿਉਂ ਜਿਉਂ ਉਮਰ ਨਾਲ ਸੋਝੀ ਵਧੀ,ਮੇਰੀ ਇਹ ਭੁੱਖ ਵੀ ਵਧਦੀ ਗਈ। ਮੈਂ ਰੱਜ ਕੇ ਸਾਹਿਤ ਪੜ੍ਹਿਆ। ਲਿਖਣ ਦਾ ਚਾਅ ਵੀ ਮੈਨੂੰ ਸੀ, ਪਰ ਇਸ ਨੂੰ ਉਤਸ਼ਾਹਿਤ ਕਰਨ ਵਾਲੇ ਨੇ ਦਿਉ ਕੱਦ ਸ਼ਖ਼ਸੀਅਤ ਪ੍ਰੋ ਸ੍ਰ ਸੁਰਜੀਤ ਸਿੰਘ ਬਦੇਸ਼ਾ ਜੀ। ਮੇਰੀਆਂ ਬਹੁਤੀਆਂ ਕਹਾਣੀਆਂ ਦੇ ਪਾਤਰ ਗ਼ੁਰਬਤ ਨਾਲ ਘੁਲਦੇ ਲੋਕ ਹਨ,ਜੋ ਸਬਰ ਨਾਲ ਜਿਉਣ ਦੀ ਲੜਾਈ ਲੜ ਰਹੇ ਹਨ। ਕੁਝ ਜਿਹੋ ਜਿਹੀ ਜ਼ਿੰਦਗੀ ਜਿਉਂਕੇ ਗਏ,ਸੋਚ ਕੇ ਮਨ ਪ੍ਰੇਸ਼ਾਨ ਹੋ ਜਾਂਦਾ ਹੈ,ਜਿਹੋ ਜਿਹੇ ਦੁਨੀਆਂ ਤੇ ਆਏ ,ਜਿਹੋ ਜਿਹੇ ਨਾ ਆਏ। ਉਹਨਾਂ ਵਿੱਚ ਕਿੰਨਾ ਸਬਰ,ਜ਼ਬਤ, ਸਹਿਣ ਸ਼ਕਤੀ ਸੀ ਤੇ ਨਾਲ ਹੀ ਬੇਵਸੀ। ਤਮਾਸ਼ਾ ਵੇਖਣਾ ਜਿੰਨਾ ਸੌਖਾ ਹੈ, ਤਮਾਸ਼ਾ ਬਣਨਾ ਓਨਾਂ ਹੀ ਔਖਾ ਹੈ, ਪਰ ਇਹਨਾਂ ਪਾਤਰਾਂ  ਵਿਚ, ਸੂਬਾ, ਮਿੰਦੋ, ਫੌਜੀ ਤੇ ਚਰਨ ਸਿਉ ਵਰਗੇ ਰਾਹ ਦੁਸੇਰਾ ਵੀ ਹਨ।ਆਓ , ਇਹਨਾਂ ਵਰਗਿਆਂ ਦੀ ਉਂਗਲ ਫੜ ਕੇ ਸਮਾਜ ਵਿੱਚ ਫੈਲੇ ਕੋਹੜ ਨੂੰ ਵੱਢੀਏ ਅਤੇ ਨਵਾਂ ਨਰੋਆ ਸਮਾਜ ਤੰਦਰੁਸਤ ਸਮਾਜ ਸਿਰਜੀਏ । ਜੇਕਰ ਪੁਸਤਕ, ਕੋਠੀ ਝਾੜ ਦੇ ਪਹਿਲੀ ਕਹਾਣੀ, ਬੇਬੇ ਦਾ ਕੋਕਾ ਦੀ ਗੱਲ ਕਰੀਏ ਤਾਂ ਲੇਖਕ ਨੇ ਆਪਣੇ ਬਚਪਨ ਦੇ ਉਹ ਦਿਨਾਂ ਤੋਂ ਲੈਕੇ ਬੇਬੇ ਦੇ ਅੰਤਲੇ ਸਮੇਂ ਨੂੰ ਤਰਤੀਬ ਨਾਲ ਬਿਆਨ ਕੀਤਾ ਹੈ ਕਿ ਨੇੜਲੇ ਪਿੰਡ ਦੇ ਮੇਲੇ ਤੇ ਜਾਣ ਲਈ ਇਕ ਇਕ ਰੁਪਏ ਦਾ ਪ੍ਰਬੰਧ ਆਪਣਾ ਕੋਕਾ ਵੇਚਕੇ ਸਾਨੂੰ ਦੋਹਾਂ ਭਰਾਵਾਂ ਨੂੰ ਦਿੱਤਾ, ਪਰ ਮਰਨ ਵੇਲੇ ਬੇਬੇ ਦੇ ਨੱਕ ਵਿਚ ਕੋਕਾ ਨਹੀਂ ਸੀ,ਕੋਕੇ ਤੋਂ ਬਿਨਾਂ ਮੇਰੀ ਮਰੀ ਪਈ ਬੇਬੇ ਦੀ  ਸ਼ਖ਼ਸੀਅਤ ਅਧੂਰੀ ਜਾਪ ਰਹੀ ਸੀ।ਕੋਕਾ ਵੇਚਣ ਲਈ ਮਜਬੂਰ ਕਰਨ ਵਾਲਾ ਮੈਂ ਹੀ ਸਾਂ। ਦੂਜੇ ਨੰਬਰ ਤੇ ਕਹਾਣੀ ,ਲੇਖ ਵਿਚਲੀ ਮਾੜੋ ਨਾਂ ਦੀ ਮੁੱਖ ਪਾਤਰ ਨੂੰ ਇੰਨੇ ਦਰਦਮਈ ਹਾਲਾਤਾਂ ਵਿੱਚ ਗੁਜ਼ਰਦਿਆਂ ਦਿਖਾਇਆ ਹੈ ਕਿ ਪਾਠਕ ਦੇ ਚਿਤ੍ਰਨ ਵਿੱਚ ਇਹ ਪਾਤਰ ਸਦੀਵੀ ਉੱਕਰਿਆ ਜਾਂਦਾ ਹੈ। ਕਹਾਣੀ, ਵਰਤ ਵਿਚ ਦੋ ਮਜ਼ਦੂਰ ਔਰਤਾਂ ਦੀ ਹੋਣੀ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਉਹ ਆਪਣੇ ਆਪ ਨੂੰ,ਗੰਦੀ ਨਾਲੀ ਦੇ ਕੀੜੇ, ਦੁਰਕਾਰੇ ਹੋਏ ,ਭਿੱਟੇ ਹੋਏ ਸਮਝਦੇ ਹਨ। ਇੱਕ ਘਰ ਦਾ ਕੰਮ ਨਿਬੇੜ ਦੂਜੇ ਘਰ ਗੋਹੇ ਦੇ ਟੋਕਰੇ ਭਰ ਭਰ ਚੁੱਕਣੇ। ਇਸ ਤਰ੍ਹਾਂ ਕਹਾਣੀ,”ਮੰਡਾਸਾ  ਵੀ ਜੱਟ ਤੇ ਸੀਰੀ ਦੀ ਜ਼ਿੰਦਗੀ ਦੇ ਰੁਦਨ ਨਾਲ ਸ਼ੁਰੂ ਹੋ ਕੇ  ਕਹਾਣੀ ਦੇ ਪਾਤਰ ,ਗਿੰਦਰ ਦੀ ਸੱਪ ਦੇ ਡੰਗਣ ਨਾਲ ਹੋਈ ਬੇਵਕਤੀ ਮੌਤ ਨਾਲ ਖਤਮ ਹੁੰਦੀ ਹੈ। ਦਿਆਲੋ ਭੂਆ , ਕਹਾਣੀ ਵਿਚ ਲੇਖਕ ਨੇ ਪੁਰਾਤਨ ਸਮੇਂ ਦੀ ਉਸ ਭੂਆ ਦੇ ਕਿਰਦਾਰ ਨੂੰ ਹੁਬਹੂ ਘੜਿਆ ਹੈ ਜਿਸਨੇ ਆਪਣੇ ਸਹੁਰੇ ਘਰ ਬੈਠੇ ਬੈਠਿਆਂ ਵੀ ਪੇਕਿਆਂ ਦੇ ਘਰ ਤੇ ਆਪਣਾ ਜਮਾਂਦਰੂ ਹੱਕ ਜਮਾਇਆ ਹੋਇਆ ਹੈ ਅਤੇ ਉਸ ਘਰ ਦੀ ਹਰ ਵੇਲੇ ਚੜ੍ਹਦੀ ਕਲਾ ਲੋਚਦੀ ਹੈ।
                                ਕੁਲਵੰਤੀ  ਕਹਾਣੀ ਵਿਚ ਲੇਖਕ ਨੇ ਇੱਕ ਅਜਿਹੇ ,ਚੰਦੇ  ਨਾਂ ਦੇ ਵਿਅਕਤੀ ਨੂੰ ਸਿਰਜਿਆ ਹੈ ਜਿਸਦੇ ਨੌਜਵਾਨ ਪੁੱਤਰ ਦੀ ਮੌਤ ਉਪਰੰਤ ਉਸ ਨੂੰ ਆਪਣੀ ਪਤਨੀ ਦੀ ਸਹਿਮਤੀ ਨਾਲ ਬੁੱਢੇ ਵਾਰੇ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਕਿਉਂ ਜੋ ਉਸ ਦਾ ਪੁੱਤਰ ਦੋ ਬੇਟੀਆਂ ਛੱਡ ਕੇ ਤੁਰ ਗਿਆ, ਮਾਪਿਆਂ ਨੇ ਆਪਣੀ ਧੀ ਕਿਤੇ ਹੋਰ ਬਿਠਾ ਦਿੱਤੀ। ਪੁਸਤਕ ਵਿਚਲੀਆਂ ਕਹਾਣੀਆਂ ਨਾਲੋਂ ਇਹ  ਕਹਾਣੀ ਇਸ ਲਈ ਨਿਵੇਕਲੀ ਹੈ ਕਿ ਇਸਦਾ ਅੰਤ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ, ਜਿਵੇਂ ਕਿਸੇ ਸਿਨੇਮਾ ਘਰਾਂ ਵਿੱਚ ਫਿਲਮ ਦੇ ਅਖੀਰ ਵਿਚ ਦਰਸ਼ਕ ਤਾੜੀਆਂ ਮਾਰਦੇ ਹਨ। ਕਹਾਣੀ ,ਦਿਲ ਦਾ ਹੀਰਾ  ਵਿਚ ਲੇਖਕ ਆਪ ਸੂਤਰਧਾਰ ਵਜੋਂ ਕਾਰਜਸ਼ੀਲ ਹੈ। ਕਿਵੇਂ ਉਹ ਆਪਣੇ ਬਿਮਾਰ ਬਾਪੂ ਦੇ ਨਿਰਦੇਸ਼ ਤੇ ਆਪਣੇ ਮਿੱਤਰ ਨਾਲ ਮੰਡੀ ਵਿੱਚ ਮੱਝ ਵੇਚਣ ਜਾਂਦਾ ਹੈ। ਕਹਾਣੀ ਸ਼ੁਰੂ ਤੋਂ ਅਖੀਰ ਤੱਕ ਬਹੁਤ ਜ਼ਿਆਦਾ ਰੌਚਕ ਹੈ ‌। ਇਸ ਕਹਾਣੀ ਦਾ ਅੰਤ ਵੀ ਬਹੁਤ ਵਧੀਆ ਢੰਗ ਨਾਲ ਹੁੰਦਾ ਹੈ।ਸ੍ਰ ਮਲਕੀਤ ਸਿੰਘ ਗਿੱਲ ਦੀ ਲਿਖਣ ਸ਼ੈਲੀ ਤੋਂ ਵਾਰੇ ਵਾਰੇ ਜਾਈਏ। ਅੱਜ ਇਸ ਤਰ੍ਹਾਂ ਦੇ ਯਥਾਰਥ ਨਾਲ ਜੁੜੇ ਰਿਸ਼ਤੇ ਅਤੇ ਸਾਂਝਾਂ ਨੂੰ ਮੁੜ ਤੋਂ ਜਿਉਂਦੇ ਰੱਖਣ ਲਈ ਇਸ ਤਰ੍ਹਾਂ ਦੇ ਸਾਹਿਤ ਦੀ ਲੋੜ ਹੈ। ਪੁਸਤਕ, ਕੋਠੀ ਝਾੜ, ਕਹਾਣੀ ਸੰਗ੍ਰਹਿ ਵਿਚ ਲੇਖਕ ਨੇ , ਨੌਵੇਂ ਅਤੇ ਅਠਾਰਵੇਂ ਕਾਂਡਾਂ ਵਿਚ ਕ੍ਰਮਵਾਰ , ਧਰਮਰਾਜ ਅਤੇ ਕਰੁੱਤ ਦਾ ਮੇਵਾ‌ , ਵਿੱਚ ਆਪਣੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਬਾਪ ਦੇ ਹਸਪਤਾਲਾਂ ਵਿਚ ਚੱਲ ਰਹੀ ਕਸ਼ਮਕਸ਼ ਨੂੰ ਬਿਆਨਿਆ ਹੈ , ਬਹੁਤ ਸੰਵੇਦਨਾ ਭਰਪੂਰ ਦ੍ਰਿਸ਼ ਪੇਸ਼ ਕੀਤਾ ਹੈ। ਮਾਂ ਪੁੱਤ ਦੇ ਆਪਸੀ ਸੰਵਾਦ, ਬੇਬੇ ਮੇਰੇ ਵਿੱਚ ਸੈਂਕਲ ਮਾਰਿਆ ਇੱਕ ਭਾਈ ਨੇ , ਤੇ ਮੇਰੇ ਅੱਖਾਂ ਵਿਚੋਂ ਹੰਝੂ ਵਹਿ ਤੁਰੇ।” ਨਾ ਮੇਰਾ ਪੁੱਤ ਰੋ ਨਾ ਸੁੱਖੀ ਸਾਂਦੀ,ਦੋ ਵੇਲਿਆਂ ਤੋਂ ਇੱਕ ਵੇਲਾ ਹੈਗਾ। ਬਾਬੇ ਸ਼ਹੀਦਾਂ ਨੂੰ ਯਾਦ ਕਰ, ਤੇਰੇ ਪਿਓ ਦੀਆਂ ਤਾਂ ਲਿਲਾਂ ਨੀ ਸੁਣ ਹੁੰਦੀਆਂ। ਕਿਸੇ ਸੂਏ ਗੋਲੀ ਨੇ ਕਾਟ ਨੀ ਕੀਤੀ ਬਿਮਾਰੀ ਦੀ।”
                ਬਾਪੂ ਨੇ ਬੋਲਣਾ ਜਾਰੀ ਰੱਖਿਆ,ਖੂਹੀ ਖਾਂਤੀ ਪੈ ਗਿਆ ਥੋਡਾ ਮੂੰਹ ਦੇਖਣਾ, ਜਦੋਂ ਥੋਡਾ ਸੁਖ ਲੈਣਾ ਸੀ ਬਿਮਾਰੀ ਆਣ ਘੇਰਿਆ।ਕਪਾਹੇ ਜਿੱਥੇ ਜਾਏਂਗੀ,ਵੇਲੀ ਜਾਏਂਗੀ, ਉਹ ਗੱਲ ਹੋਈ ਮੇਰੇ ਨਾਲ ਤਾਂ,ਤੱਤੇ ਥਾਂ ਦੀ ਮਿੱਟੀ ਲਾ ਤੀ ਰੱਬ ਨੇ।” ਬਾਪੂ ਵੱਲੋਂ ਹਸਪਤਾਲ ਵਿੱਚ ਆਪਣਾ ਦੁੱਖੜਾ ਸੁਣਾਉਣ ਤੇ ਵੀ ਮੈਂ ਕੋਈ ਧਰਵਾਸ ਨਹੀਂ ਸੀ ਦੇ ਸਕਿਆ। ਬਾਪੂ ਦੇ ਅੱਥਰੂਆਂ ਨੇ ਹਸਪਤਾਲ ਦੀ ਚਿੱਟੀ ਸਾਫ ਸੁਥਰੀ ਚਾਦਰ ਵੀ ਗਿੱਲੀ ਕਰ ਦਿੱਤੀ ਸੀ।ਇਸ ਤਰ੍ਹਾਂ ਲੇਖਕ ਨੇ ,ਗਤ  ਕਹਾਣੀ ਵਿਚ ਇਕ ਉਸ ,ਨੰਦ ਸਿਉ  ਨਾਂ ਦੇ ਵਿਅਕਤੀ ਨੂੰ ਸਿਰਜਿਆ ਹੈ ਜੋ ਕਿਸੇ ਔਤ ਜੋੜੇ ਵੱਲੋਂ ਗੋਦ ਲਿਆ,ਪਾਲਿਆ ਹੈ, ਪਰ ਸਕੇ ਸਕੇਲੇ ਸ਼ਰੀਕ ਜ਼ਮੀਨ ਦੇ ਲਾਲਚ ਵਿਚ ਮਾਰਨ ਦੀ ਕੋਸ਼ਿਸ਼ ਕਰਦੇ ਹਨ  ਪਰ ਅਖੀਰ ਵਿਚ ਕਹਾਣੀ ਬਹੁਤ ਮੋੜ ਕੱਟਦੀ ਹੈ।ਨੰਦ ਸਿਉ ਦਾ ਅੰਤ ਕਿਸੇ ਦਾਨਵੀਰ , ਸੂਰਮੇ ਵਰਗਾ ਹੁੰਦਾ ਹੈ। ਸ਼ਾਮ ਸਿਉ ਰਾਠ , ਅਤੇ ਪਰਖ  ਨਾਂ ਦੀਆਂ ਦੋ ਕਹਾਣੀਆਂ ਵੀ ਅਜਿਹੇ ਮਹਾਂਪੁਰਖਾਂ ਵਰਗੇ ਕਿਰਦਾਰਾਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਦਾ ਕਿਆਸ ਉਹਨਾਂ ਭਲੇ ਵੇਲਿਆਂ ਵਿਚ ਹੀ ਕੀਤਾ ਜਾ ਸਕਦਾ ਹੈ। ਮੁਕਤੀ ਕਹਾਣੀ ਵਿਚ ਸੰਪੂਰਨਾਨੰਦ  ਸੁਆਮੀ ਦੇ ਅਜੋਕੇ ਪਾਖੰਡੀ ਬਾਬਿਆਂ ਦੇ ਡੇਰਿਆਂ ਤੇ ਹੁੰਦੀ ਭੋਗ ਵਿਲਾਸਤਾ ਦੀ ਕਹਾਣੀ ਹੈ। ਅਖੀਰ ਵਿਚ ਉਹ ਆਪਣੇ ਸੇਵਕ  ,ਹਰੀ ਦਾਸ ਨੂੰ ਡੇਰੇ ਦੇ ਮੁਖੀ ਵਜੋਂ ਪੇਸ਼ ਕਰਕੇ ਆਪ ਉਸੇ ਔਰਤ ਨਾਲ ਗ੍ਰਹਿਸਥ ਜੀਵਨ ਜਿਉਂਦਾ ਹੈ। ਸਿੱਪੀ ਦੇ ਮੋਤੀ, ਜੁਗਾੜੀ ਅਤੇ ਵਾੜ  ਨਾਂ ਦੀਆਂ ਕਹਾਣੀਆਂ ਵਿਚ ਵੀ ਸਮਾਜਿਕ ਪ੍ਰਸਥਿਤੀਆਂ ਦੇ ਸੰਦਰਭ ਵਿਚ ਪਾਤਰਾਂ ਦੀ ਸਿਰਜਣਾ ਕੀਤੀ ਗਈ ਹੈ