Mar 7, 2026

ਪੰਜਾਬੀ ਕਵਿਤਾ ”ਮੋਹ ਭਿੱਜੀ ਫੁਲਕਾਰੀ” ਦਾ ਸਰੀ ਸਿਟੀ ਸੈਂਟਰ ਲਾਇਬ੍ਰੇਰੀ ਵਿਚ ਵਿਸ਼ੇਸ਼ ਤੇ ਯਾਦਗਾਰੀ ਪ੍ਰਦਰਸ਼ਨ-

—ਸਰੀ ਸ਼ਹਿਰ ਦੀ ਨਿਵਾਸੀ ਪਰਮਿੰਦਰ ਕੌਰ ਸਵੈਚ ਇਕ ਬਹੁਪੱਖੀ ਸ਼ਖਸੀਅਤ ਹੈ। ਉਹ ਇਕ ਉਘੀ ਸਮਾਜਿਕ ਕਾਰਕੁੰਨ, ਕਮਿਊਨਿਟੀ ਆਗੂ ਹੋਣ ਦੇ ਨਾਲ ਇਕ ਕਵਿਤਰੀ, ਲੇਖਕਾ, ਵਾਰਤਾਕਾਰ, ਨਾਟਕਕਾਰ ਤੇ  ਉਘੀ ਰੰਗਕਰਮੀ ਹੈ। ਉਹਨਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਪੁਸਤਕਾਂ ਦਾ ਨਿੱਗਰ ਯੋਗਦਾਨ ਪਾਇਆ ਹੈ ਜਿਹਨਾਂ ਵਿਚ ਨਾਟ ਸੰਗ੍ਰਹਿ ਭਲਾ ਮੈਂ ਕੌਣ, ਬਲਦੇ ਬਿਰਖ, ਤਵਾਰੀਖ ਬੋਲਦੀ ਹੈ, ਕਾਵਿ ਸੰਗ੍ਰਹਿ -ਮਖੌਟਿਆਂ ਦੇ ਆਰ ਪਾਰ, ਲਹਿਰਾਂ ਦੀ ਵੇਦਨਾ, ਜ਼ਰਦ ਰੰਗਾਂ ਦਾ ਮੌਸਮ ਤੇ ਲੇਖ ਸੰਗ੍ਰਹਿ- ਜਾਗਦੀ ਅੱਖ ਦਾ ਹਲਫਨਾਮਾ ਤੇ ਜੰਨਤ ਦਾ ਵਿਸ਼ੇਸ਼ ਜ਼ਿਕਰ ਹੈ। ਉਹਨਾਂ ਦਾ ਰੰਗ ਮੰਚ ਨਾਲ ਬਹੁਤ ਹੀ ਗਾੜਾ ਰਿਸ਼ਤਾ ਹੈ। ਉਹਨਾਂ ਨੇ ਹੁਣ ਤੱਕ 24 ਦੇ ਕਰੀਬ ਨਾਟਕ, ਇਕਾਂਗੀ ਲਿਖੇ ਤੇ ਖੁਦ ਨਿਰਦੇਸ਼ਨ ਕਰਦਿਆਂ ਇਕ ਕਲਾਕਾਰ ਵਜੋਂ  ਸਫਲ ਮੰਚਨ ਕੀਤਾ ਹੈ।

ਇਕ ਉਤਸ਼ਾਹੀ ਸਮਾਜਿਕ ਕਾਰਕੁੰਨ, ਉਸਾਰੂ ਸਾਹਿਤ ਨੂੰ ਪ੍ਰਣਾਈ ਲੇਖਕਾ, ਇਨਕਲਾਬੀ ਪਰੰਪਰਾ ਵਾਲੀ ਕਵਿਤਰੀ ਤੇ ਲੇਖਕਾ ਦੇ ਨਾਲ  ਇਕ ਸਮਰਪਿਤ ਰੰਗਕਰਮੀ ਤੋਂ ਇਲਾਵਾ ਉਹ ਸਰੀ ਵਿਚ ਵਸਦੇ ਪੰਜਾਬੀ ਭਾਈਚਾਰੇ ਦੀ ਮਾਣਯੋਗ ਹਸਤੀ ਹੈ। ਸਰੀ ਨਿਵਾਸੀਆਂ ਤੇ ਪੰਜਾਬੀ ਪਿਆਰਿਆਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪਿਛਲੇ ਦਿਨੀਂ ਸਰੀ ਸਿਟੀ ਦੇ ਪਬਲਿਕ ਆਰਟ ਵਿਭਾਗ ਵਲੋਂ ਉਹਨਾਂ ਦੀ ਇਕ ਪੰਜਾਬੀ ਕਵਿਤਾ ਨੂੰ ਸਰਬੋਤਮ ਹੋਣ ਦਾ ਮਾਣ ਦਿੰਦਿਆਂ , ਇਸ ਕਵਿਤਾ ਨੂੰ ਸਰੀ ਦੀ ਸੈਂਟਰ ਲਾਇਬਰੇਰੀ ਦੀ ਤੀਸਰੀ ਮੰਜਿਲ ਉਪਰ  ਇਕ ਨਿਵੇਕਲੇ ਅੰਦਾਜ਼ ਤਹਿਤ ਪੌੜੀ ਦਰ ਪੌੜੀ ਪੰਜਾਬੀ ਤੇ ਅੰਗਰੇਜ਼ੀ ਅਨੁਵਾਦ ਸਮੇਤ ਉਕਰਦਿਆਂ ਪੰਜਾਬੀ ਭਾਸ਼ਾ ਨੂੰ ਵੱਡਾ ਮਾਣ ਦਿੱਤਾ ਹੈ। ਮੋਹ ਭਿੱਜੀ ਫੁਲਕਾਰੀ ਦੇ  ਉਨਵਾਨ ਵਾਲੀ ਉਹਨਾਂ ਦੀ ਇਹ ਕਵਿਤਾ ਕੈਨੇਡਾ ਦੇ ਬਹੁਸਭਿਆਚਾਰ ਵਿਚ ਪਰਵਾਸ ਤੇ ਪਰਵਾਸੀ ਭਾਈਚਾਰੇ ਦੀ ਇਸ ਧਰਤੀ ਤੇ ਸਭਿਆਚਾਰ ਨਾਲ ਸਾਂਝ ਦੇ ਰਿਸ਼ਤੇ ਨੂੰ ਇਕ ਨਵੇਂ ਅਰਥ ਪ੍ਰਦਾਨ ਕਰਦੀ ਹੈ।ਉਹਨਾਂ ਦੀ ਇਸ ਇਤਿਹਾਸਕ ਪ੍ਰਾਪਤੀ ਅਤੇ ਪੰਜਾਬੀ ਭਾਸ਼ਾ ਦਾ ਮਾਣ ਵਧਾਉਣ ਲਈ ਅਦਾਰਾ ਦੇਸ਼ ਪ੍ਰਦੇਸ ਵਲੋਂ ਢੇਰ ਸਾਰੀਆਂ ਮੁਬਾਰਕਾਂ।

ਇਹਨਾਂ ਕਾਲਮਾਂ ਵਿਚ ਉਹਨਾਂ ਦੀ ਇਸ ਕਵਿਤਾ ਦੇ ਨਾਲ ਕੁਝ ਹੋਰ ਕਵਿਤਾਵਾਂ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ। – ਸੰਪਾਦਕ

1.ਮੋਹ-ਭਿੱਜੀ ਫੁਲਕਾਰੀ

ਮੇਰਾ ਇੱਥੇ ਵਸਣਾ,
ਮਹਿਜ਼ ਇਤਫ਼ਾਕ ਨਹੀਂ ਸੀ
ਖਿੱਚ ਲਿਆਈਆਂ ਸਨ
ਕੁੱਝ ਮਜ਼ਬੂਰ ਤੰਦਾਂ
ਭਵਿੱਖਤ ਸੁਪਨੇ
ਰੁਜ਼ਗਾਰ, ਬਿਹਤਰ ਜ਼ਿੰਦਗੀ
ਜਦੋਂ ਜੜੋਂ ਵਿਹੂਣੀ ਟੁੱਟਣ ਲੱਗੀ ਤਾਂ
ਮੇਰੇ ਸ਼ਹਿਰ ਦੇ ਬਹੁ-ਸਭਿਆਚਾਰੀ
ਬੇਸ਼-ਕੀਮਤੀ
ਬਹੁ-ਰੰਗੀ ਤੰਦਾਂ ਨੇ
ਲਪੇਟ ਲਿਆ
ਮੋਹ-ਭਿੱਜੀ ਫੁਲਕਾਰੀ ਵਿੱਚ
ਤੇ ਮੈਂ ਸਦਾ ਲਈ ਇੱਥੋਂ ਦੀ ਹੋ ਗਈ।

2. ਅਜ਼ਾਦ ਫਿਤਰਤ-
ਇੱਕ ਚਿੜੀ
ਐਧਰੋਂ ਓਧਰ, ਓਧਰੋਂ ਐਧਰ
ਇਸ ਕੋਨੇ ਤੋਂ, ਉਸ ਕੋਨੇ ਤੱਕ
ਉਡਦੀ ਹੈ, ਦਾਣਾ ਚੁਗਦੀ ਹੈ
ਖੰਭ ਖਿਲਾਰਦੀ ਹੈ
ਅਜ਼ਾਦ, ਬੇਝਿਜਕ
ਕੁੱਝ ਕੁ ਲੋਕ
ਕਰ ਦਿੰਦੇ ਹਨ ਬੰਦ ਝਰੋਖੇ,
ਖਿੜਕੀਆਂ ਤੇ ਰੌਸ਼ਨਦਾਨ
ਚਾਹੁੰਦੇ ਹਨ ਫੜਨਾ
ਫੜ ਕੇ ਚਾਹੁੰਦੇ ਹਨ
ਸਿਖਾਉਣਾ, ਬੋਲਣਾ,
ਗਾਉਣਾ, ਖਾਣਾ, ਪੀਣਾ
ਬੈਠਣਾ, ਉਠਣਾ
ਉਹਨਾਂ ਮੁਤਾਬਕ
ਸਾਊ ਚਿੜੀ ਬਣ ਕੇ ਹੀ
ਸਭਿਆ ਸਮਾਜ ਵਿੱਚ ਰਹਿਣਾ
ਹੁਣ ਚਿੜੀ ਘੁੰਮ ਰਹੀ ਹੈ
ਦਾਇਰਿਆਂ ਵਿੱਚ, ਸੀਮਾਵਾਂ ਵਿੱਚ
ਇਸ ਕੋਨੇ ਤੋਂ ਉਸ ਕੋਨੇ
ਇੱਕ ਯਕੀਨ ਨਾਲ਼
ਵਿਸ਼ਵਾਸ ਨਾਲ਼
ਹੌਂਸਲੇ ਨਾਲ਼, ਦ੍ਰਿੜਤਾ ਨਾਲ਼
ਪਿਆਰ ਕਰਦੀ ਹੈ
ਸਿਰਫ਼ ਤੇ ਸਿਰਫ਼ ਆਪਣੀ
ਫਿਜ਼ਾ ਤੇ ਅਜ਼ਾਦੀ ਨੂੰ
ਉਹ ਫੜਫੜਾਉਂਦੀ ਹੈ
ਕੰਧਾਂ ਵਿੱਚ ਵੱਜਦੀ
ਰੌਸ਼ਨਦਾਨਾਂ ਨੂੰ ਤੋੜਨ ਦਾ ਹੀਆ ਕਰਦੀ
ਵਿਸ਼ਵਾਸ ਨਾਲ਼ ਸੋਚਦੀ ਹੈ
ਕਿ ਉਹ ਕਮਰੇ ਵਿੱਚ ਬੰਦ
ਜਿੱਤ ਜਾਵੇਗੀ
ਕੰਧਾਂ, ਰੌਸ਼ਨਦਾਨ ਢਾਹ ਦੇਵੇਗੀ
ਮੰਜ਼ਲ ਪਾ ਲਵੇਗੀ
ਮੈਨੂੰ ਵੀ ਉਸ ਦੀ
ਹਿੰਮਤ, ਵਿਸ਼ਵਾਸ
ਤੇ ਅਜ਼ਾਦੀ ਦੀ ਫਿਤਰਤ
ਬਹੁਤ ਚੰਗੀ ਲੱਗਦੀ ਹੈ।

3. ਮੈਂ ਤੇ ਮੇਰੀ ਕਵਿਤਾ-
ਸਾਰਾ ਸ਼ਹਿਰ ਸੁੱਤਾ ਹੈ
ਜਾਗਦੀ ਹੈ
ਮੈਂ ਤੇ ਮੇਰੀ ਕਵਿਤਾ।

ਇੱਕ ਇੱਕ ਕਰਕੇ ਸ਼ਬਦ
ਜ਼ਿਹਨ ਵਿੱਚੋਂ ਉਡਾਰੀਆਂ ਲਾ
ਕਲਮ ਦੀ ਕਾਨੀ ‘ਤੇ ਬੈਠ
ਤਰਨ ਲੱਗਦੇ ਹਨ
ਕਾਗ਼ਜ਼ ਦੇ ਪੰਨੇ ‘ਤੇ।

ਮਨ ਦੀਆਂ ਡੂੰਘਾਣਾਂ ਵਿੱਚੋਂ
ਉਤਪੰਨ ਹੋਏ iਖ਼ਆਲ
ਟੁਟੂੰ-ਟੁਟੂੰ ਕਰਨ ਲੱਗਦੇ ਹਨ
ਜਦੋਂ ਅੱਧੀ ਰਾਤ ਸੁਣਦੀ ਹਾਂ
ਗੋਲ਼ੀ ਚੱਲਣ ਦੀ ਅਵਾਜ਼
ਸਥਿਰ ਹੋ ਜਾਂਦੇ ਹਨ
ਕਲਮ ਤੇ ਕਾਗ਼ਜ਼
ਪਲਸੇਟੇ ਮਾਰਦੀ ਬੇਚੈਨ ਹਾਂ
ਭੰਨਾਂ-ਘੜਤਾਂ ਵਿੱਚ
ਲਾਉਂਦੀ ਹਾਂ ਅੰਦਾਜ਼ੇ।

ਫਿਰ ਮੇਰੇ ਮਨ ਵਿੱਚ
ਹੋ ਜਾਂਦਾ ਹੈ ਸ਼ੁਰੂ ਗਣਿਤ
ਚੜ੍ਹਦੇ-ਲਹਿੰਦੇ ਦੀਆਂ ਗਲ਼ੀਆਂ ਦਾ
ਉਸ ਗਲ਼ੀ ਵਿੱਚ ਕੌਣ
ਰਹਿੰਦਾ ਹੈ ਮੇਰਾ ਆਪਣਾ ?
ਜਿੱਧਰੋਂ ਆਈ ਹੈ ਅਵਾਜ਼
ਹੌਲ਼ ਪੈਣ ਲੱਗਦਾ ਹੈ
ਕੰਬਣ ਲੱਗਦੀ ਹਾਂ ਇੱਕ ਡਰ ਨਾਲ਼
ਉਸ ਦੇ ਨਕਸ਼ ਸਾਲਮ ਉੱਗ ਆਏ ਹਨ
ਬੀਤੇ ਦੀਆਂ ਯਾਦਾਂ
ਲੱਗਦੀਆਂ ਹਨ ਘੜਮੱਸ ਪਾਉਣ
ਮੇਰੇ ਜ਼ਿਹਨ ਵਿੱਚ ਤੇ ਕਵਿਤਾ ਕਾਗ਼ਜ਼ ‘ਤੇ।

4.ਕਿੰਨੀ ਕੁ ਔਰਤ-

ਕੇਹੀ ਕੌੜੀ ਸੱਚਾਈ ਹੈ
ਔਰਤ ਜੰਮੀ ਤੇ ਪੱਥਰ ਕਹਿ
ਦੁਰਕਾਰੀ ਗਈ,
ਖੁਸ਼ ਕਰਨ ਲਈ ਵਡੇਰਿਆਂ ਨੂੰ
ਕੰਜਕ ਬਣਾ ਲਈ,
ਆਪਣੀ ਖੁਸ਼ੀ ਲਈ
ਹੱਥ ‘ਚ ਡੋਰ ਫੜ੍ਹ
ਅਸਮਾਨੀ ਚੜ੍ਹਾ ਦਿੱਤੀ।

ਮੁਜ਼ਰਾ ਦੇਖਣ ਲਈ
ਪੈਰਾਂ ‘ਚ ਘੁੰਗਰੂ ਬੰਨ੍ਹ
ਬਿਠਾ ਦਿੱਤੀ ਕੋਠੇ ‘ਤੇ,
ਰੰਡੀ ਦਾ ਖ਼ਿਤਾਬ ਦੇ ਕੇ
ਖੇਡ-ਖੇਡ ਦੀ ਲਤ ਵਿੱਚ
ਕਰ ਦਿੱਤੀ ਨਿਲਾਮ ਸ਼ਰੇ-ਬਜ਼ਾਰ।

ਚਾਰ ਲਾਵਾਂ ਜਾਂ ਸੱਤ ਫੇਰਿਆਂ ਦੇ
ਢੌਂਗ ਹੇਠ ਧਰਮ ਦਾ ਬੁਰਕਾ ਪਹਿਨਾ
ਤੋਰ ਦਿੱਤੀ ਬਿਗ਼ਾਨੇ ਘਰ
ਗਾਂਵਾਂ, ਮੱਝਾਂ ਵਾਂਗ,
ਮਰਦ ਦੀ ਦਾਸੀ ਕਹਿ
ਪੈਰ ਦੀ ਜੁੱਤੀ ਬਣਾ ਲਿਆ।

ਮਨੁੱਖੀ ਹੱਕਾਂ ਤੋਂ ਵਿਰਵੀ ਕਰ
ਗਿੱਚੀ ਪਿੱਛੇ ਮੱਤ ਕਹਿ
ਬਣਾ ਦਿੱਤੀ ਮੂਲ਼ੋਂ ਹੀ ਬੁੱਧੂ, ਬੇਅਕਲ,
ਮਰਦ ਦੀ ਜਾਇਦਾਦ ਕਹਿ
ਜੂਏ ਦੀ ਜਿੱਤ ਹਾਰ ਵਿੱਚ
ਦਾਓ ‘ਤੇ ਲਾ ਦਿੱਤੀ,
ਆਪਣੀ ਇੱਜ਼ਤ ਦਾ ਢੰਡੋਰਾ ਪਿੱਟਣ ਲਈ
ਅਗਨ ਪ੍ਰਿਖਿਆ ਵਿੱਚ ਪਾ
ਤੋਰ ਦਿੱਤਾ ਸੜਦੇ ਕੋਲਿਆਂ ‘ਤੇ।

ਵਸਤਾਂ ਦੇ ਵਿਉਪਾਰ ਜਾਂ ਮਸ਼ਹੂਰੀ ਲਈ
ਹਰ ਕੋਨੇ ‘ਤੇ ਹਰ ਮੋੜ ‘ਤੇ
ਡੰਮੀ ਬਣਾ ਸ਼ੀਸ਼ਿਆਂ ਵਿੱਚ
ਮੂਰਤ ਬਣਾ ਸਜਾ ਦਿੱਤੀ,
ਬਿਨ ਮਰਜ਼ੀ ਜਾਣੇ ਜਿਸਮ ਦੀ ਤ੍ਰਿਪਤੀ ਲਈ
ਖਿਲਾਰ ਦਿੱਤੀ ਬਿਸਤਰ ਵਿੱਚ,
ਪ੍ਰੰਪਰਾ ਦੀ ਦੇਵੀ ਕੱਪੜਿਆਂ ਵਿੱਚ ਲਪੇਟ
ਬਣਾ ਧਰੀ ਲੱਜਾ ਦੀ ਦੇਵੀ।

ਆਪਣੀ ਅਣਖ਼-ਇੱਜ਼ਤ ਦਾ ਸ਼ਮਲਾ ਟੰਗ
ਖੂਹਾਂ ਵਿੱਚ ਮਾਰਨ ਲਈ ਛਾਲ਼ਾਂ
ਕਰ ਦਿੱਤਾ ਮਜਬੂਰ,
ਆਪਸੀ ਵੈਰ ਕੱਢਣ ਲਈ
ਮਾਂ, ਭੈਣ ਤੇ ਧੀ ਦੀਆਂ ਗਾਲ਼ਾਂ
ਨਾਲ਼ ਗੱਡਦਾ ਹੈ ਝੰਡਾ ਜਿੱਤ ਦਾ।

ਪਰ ਫਿਰ ਵੀ
ਕੇਹੀ ਵਿਡੰਬਨਾ ਹੈ ਕਿ
ਉਹ
ਮਾਇਆ ਦੀ ਇੱਛਾ ਲਈ
ਕਰਦਾ ਹੈ ਪੂਜਾ
ਲਕਸ਼ਮੀ ਦੇਵੀ ਦੀ,
ਗਿਆਨਵਾਨ ਹੋਣ ਲਈ
ਸਰਸਵਤੀ ਦੇਵੀ ਦੀ,
ਤਾਕਤਵਰ ਹੋਣ ਲਈ
ਦੁਰਗਾਦੇਵੀ ਦੀ।
ਕੀ ਇਹ ਸਭ ਔਰਤਾਂ ਨਹੀਂ ?

ਸਰੀ ਦੀ ਮੁੱਖ ਲਾਇਬ੍ਰੇਰੀ ਵਿਚ ਕਵਿਤਾ ਮੋਹ ਭਿੱਜੀ ਫੁਲਕਾਰੀ ਦੀ  ਖੂਬਸੂਰਤ ਅੱਖਰਕਾਰੀ ਤੇ ਪ੍ਰਦਰਸ਼ਨ ਨਾਲ ਯਾਦਗਾਰੀ ਤਸਵੀਰ ਕਰਵਾਉਂਦਿਆਂ ਪਰਮਿੰਦਰ ਸਵੈਚ।