1. ਕਨੇਡਾ! ਤੂੰ ਹੁਣ ਕਿਉਂ ਉਦਾਸ ਹੈਂ ?
ਬੜਾ ਵਧੀਆਂ “ਸੰਨੀ ਡੇਅ”
ਸੂਰਜ ਵੀ ਪੂਰਾ ਖੁਸ਼
ਜਿਵੇਂ ਡੇਟ ਤੋਂ ਆਇਆ ਹੋਵੇ
ਪਹਿਲੀ ਕਿਸ ਦਾ ਸੁਆਦ
ਮਾਣ ਕੇ ਆਇਆ ਹੋਵੇ
ਮੈਂ ‘ਟਿੰਮ ਹਾਰਟਨ’ ‘ਚ ਬੈਠਾ
ਕੌਫ਼ੀ ਦੀਆਂ ਚੁਸਕੀਆਂ ਦਾ
ਆਨੰਦ ਮਾਣ ਰਿਹਾ ਸੀ
ਬਾਹਰ ਦੇਖਿਆ ਤਾਂ
ਲੋਕਾਂ ਦੇ ਲਾਲ ਚਿੱਟੇ ਕੱਪੜੇ ਪਾਏ ਹੋਏ ਸਨ
ਮੈਨੂੰ ਇੱਕ ਦਮ ਚੇਤਾ ਆਇਆ
ਅੱਜ ਤਾਂ ‘ਕਨੇਡਾ ਡੇਅ’ ਹੈ
ਕਨੇਡਾ ਦਾ ਹੈਪੀ ਬਰਥਡੇ ਹੈ
ਖ਼ੁਸ਼ੀਆਂ ਦਾ ਦਿਨ ਹੈ
ਪਾਰਕਾਂ ਵਿੱਚ ਭੰਗੜਾ, ਗਿੱਧਾ ‘ਤੇ
ਡੰਡੀਆਂ ਵਜਾਉਣ ਦਾ ਦਿਨ ਹੈ
ਕਨੇਡਾ ਦੇ ਮੱਥੇ ਤੇ ਤਿਲਕ ਲਾਉਣ ਦਾ ਦਿਨ ਹੈ
ਕਨੇਡਾ ਦੇ ਨਵੀਂ ਧੋਤੀ, ਟੋਪੀ, ਪੱਗ, ਬੁਰਕਾ ‘ਤੇ
ਕਿਪੂ ਪਾਉਣ ਦਾ ਦਿਨ ਹੈ
ਮੈਂ ਸੋਚਿਆ!
ਮੈਂ ਵੀ ਕਨੇਡਾ ਨੂੰ ‘ਹੈਪੀ ਬਰਥਡੇ’ ਕਹਾਂ
ਕਨੇਡਾ ਦਾ ਜਨਮ ਦਿਨ ਮਨਾਵਾਂ
ਮੈਂ ਕਨੇਡਾ ਨਾਲ ਗੱਲਾਂ ਕਰਨ ਲੱਗਿਆ
ਪਰ ਕਨੇਡਾ ਮੈਨੂੰ ਖ਼ੁਸ਼ ਨਜ਼ਰ ਨਹੀਂ ਆਇਆ
ਮੈਂ ਪੁੱਛਿਆ !
ਕਨੇਡਾ ਤੂੰ ਉਦਾਸ ਕਿਉਂ ਹੈ ?
ਤੇਰਾਂ ਤਾਂ ਅੱਜ 158 ਵਾਂ ਜਨਮ ਦਿਨ ਹੈ
ਇੰਨੀ ਲੰਮੀ ਉਮਰ ਤਾਂ
ਕਰਮਾਂ ਵਾਲਿਆਂ ਨੂੰ ਮਿਲਦੀ ਹੈ
ਜ਼ਰੂਰ ਤੇਰੀ ਗਰਲ ਫਰੈਂਡ ਨੇ
ਤੇਰੀ ਲੰਮੀ ਉਮਰ ਲਈ ‘ਕਰਵਾ ਚੌਥ’ ਦਾ
ਵਰਤ ਰੱਖਿਆ ਹੋਵੇਗਾ
ਪਿਆਰੇ ਕਨੇਡਾ !
ਤੈਨੂੰ ਤਾਂ ਅੱਜ ਲਾਲ ਲਾਲ ਕੇਕ ਦੇ ਨਾਲ
ਚਿੱਟੀ ਚਿੱਟੀ ਆਈਸਕ੍ਰੀਮ ਖਾਣੀ ਚਾਹੀਦੀ ਹੈ
ਖ਼ੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ
ਮੱਥੇ ਤੇ ਤਿੱਲਕ ਲਾਉਣਾ ਚਾਹੀਦਾ
ਗਲ ਵਿੱਚ ਕਰਾਸ, ਜਨੇਊ, ਕ੍ਰਿਪਾਨ ‘ਤੇ
ਸਿਰ ਤੇ ਕਿੱਪਾ ਪਾਉਣਾ ਚਾਹੀਦਾ
ਬੱਚੀਆਂ ਦੇ ਪ੍ਰਾਈਵੇਟ ਬੌਡੀ ਪਾਰਟਸ ਨੂੰ
ਸੂਈ ਧਾਗੇ ਨਾਲ ਸਿਉਣਾ ਚਾਹੀਦਾ ਹੈ।
ਕਨੇਡਾ ਬੋਲ ਪਿਆ
“ਮੈਂ ਖ਼ੁਸ਼ ਕਿਸ ਤਰ੍ਹਾਂ ਹੋਵਾਂ ?
ਮੈਂ ਆਪਣਾ ਜਨਮ ਦਿਨ ਕਿਸ ਤਰ੍ਹਾਂ ਮਨਾਵਾਂ ?
ਮੇਰਾ ਤਾਂ ਸੱਤਿਆਨਾਸ ਹੋ ਰਿਹਾ ਹੈ
ਝੁੱਗਾ ਚੌੜ ਹੋ ਰਿਹਾ ਹੈ
ਇੱਥੇ ਤਾਂ ਲੁੱਟ ਖਸੁੱਟ ਮੱਚੀ ਹੋਈ ਹੈ
ਚੋਰੀਆਂ, ਹੇਰਾਫੇਰੀਆਂ, ਕਤਲ, ਐਕਸਟੋਰਸ਼ਨ
ਦਿਨੋ-ਦਿਨ ਵਧ ਰਹੇ ਹਨ
ਜਿਹੜੇ ਭੁੱਖਿਆਂ ਨੰਗਿਆਂ ਦੇ ਮੂੰਹਾਂ ਵਿੱਚ ਰੋਟੀ ਪਾਈ
ਹੁਣ ਉਹ ਹੀ ਮਲਟੀਕਲਚਰ ਦੇ ਨਾਂ ਉੱਤੇ
ਮੇਰਾ ਗਲਾ ਘੁੱਟ ਰਹੇ ਹਨ
ਦਿਨ-ਦਿਹਾੜੇ ਕੰਡੋਮ ਤੋਂ ਬਿਨਾਂ
ਪਾਰਕਾਂ ਸੜਕਾਂ ਤੇ ਮੇਰਾ ਰੇਪ ਕਰ ਰਹੇ ਹਨ
ਮੈਨੂੰ ਏਡਜ਼ ਦੀ ਬਿਮਾਰੀ ਲਾ ਰਹੇ ਹਨ
ਸਾਰੇ ਹੀ
ਆਪਣੇ ਆਪਣੇ ਕਲਚਰ,
ਆਪਣੀ ਆਪਣੀ ਬੋਲੀ,
ਆਪਣੇ ਆਪਣੇ ਸਭਿਆਚਾਰ ‘ਤੇ ਧਰਮ ਦੀ
ਉੱਚੀ-ਉੱਚੀ ਡੁੰਗ-ਡੁਗੀ ਵਜਾ ਰਹੇ ਹਨ
ਕਾਂਵਾਂ ਰੋਲ਼ੀ ਪਾ ਰਹੇ ਹਨ
ਸਾਰੀ ਸਾਰੀ ਰਾਤ ਪਟਾਕੇ ਚਲਾਂ ਕੇ
ਦਿਵਾਲੀ ਮਨਾਂ ਰਹੇ ਹਨ
ਮੈਨੂੰ ਵੀ ਥਰਡ ਵਰਡ ਦੇਸ਼ ਬਣਾ ਰਹੇ ਹਨ
ਹਰ ਕੋਈ ਆਪਣੇ ਆਪਣੇ ਸਕੂਲ ਖੋਲ੍ਹੀਂ ਜਾਂਦਾ ਹੈ
ਫ੍ਰੀ ਪਬਲਿਕ ਐਜੂਕੇਸ਼ਨ ਦੀ ਥਾਂ
ਵੱਡੀਆਂ ਵੱਡੀਆਂ ਫ਼ੀਸਾਂ ਲੈ ਕੇ
ਇਸ ਨੂੰ ਬਹੁਤ ਵੱਡਾ ਬਿਜ਼ਨਸ ਬਣਾਈ ਜਾਂਦਾ ਹੈ
ਕੋਈ ਕਾਰਾਂ ਚੋਰੀ ਕਰਕੇ ਵੇਚੀਂ ਜਾਂਦਾ ਹੈ
ਕੋਈ ਗਲਤ ਮਲਤ ਮੌਰਗੇਜ਼ਾਂ ਵੇਚੀਂ ਜਾਂਦਾ ਹੈ
ਚਿੱਟਾ, ਕਾਲਾ, ਡੋਡੇ ‘ਤੇ ਮੈੱਥ ਵੇਚੀਂ ਜਾਂਦਾ ਹੈ
ਜਿਹੜੀ ‘ਗੂੰਦ’ ਨਾਲ ਮੈਂ ਸਾਰੀ ਮਨੁੱਖਤਾ ਨੂੰ
ਬੜੇ ਪਿਆਰ ‘ਤੇ ਸਤਿਕਾਰ ਨਾਲ
ਇਕੱਠਾ ਕਰਕੇ ਜੋੜਿਆ, ਰੱਖਿਆ, ਸਾਂਭਿਆ
ਉਸਨੂੰ ਗਰਮ ਕਰਕੇ ਹਥੌੜਿਆਂ ਨਾਲ ਤੋੜੀਂ ਜਾਂਦੇ ਹਨ
ਮੈਂ ਖ਼ੁਸ਼ ਕਿਸ ਤਰ੍ਹਾਂ ਹੋ ਸਕਦਾ ਹਾਂ ?
ਆਪਣਾ ਜਨਮ ਦਿਨ ਕਿਸ ਤਰ੍ਹਾਂ ਮਨਾਂ ਸਕਦਾ ਹਾਂ ?
ਖ਼ੁਸ਼ੀ ਤਾਂ ਤੂੰ ਮਨਾਅ
ਭਗਵੇ ਕੇਕ ਦੇ ਨਾਲ ਹਰੀ ਚਿੱਟੀ ਆਈਸਕ੍ਰੀਮ ਖਾਹ
ਪਾਰਕਾਂ ਸੜਕਾਂ ਤੇ ਭੰਗੜੇ ਗਿੱਧੇ ਪਾ
ਡੰਡੀਆਂ ਵਜਾ, ਬੈਗਪਾਈਪ ਮਿਊਜ਼ਿਕ ਵਜਾ
ਵੱਡੇ ਵੱਡੇ ਭਾਰੇ ਭਾਰੇ
ਬੁਰਕੇ, ਸੂਟ, ਸਾੜੀਆਂ ਪਾ ਕੇ ‘ਬੀਚ’ ਤੇ ਜਾਹ
ਤੂੰ ਦੁਨੀਆਂ ਦੇ ਨੰਬਰ ਵੰਨ ਦੇਸ਼ ਨੂੰ
ਸ਼ਿੱਟ-ਹੋਲ ਥਰਡ ਵਰਡ ਦੇਸ਼ ਬਣਾ
ਆਪਣੇ ਦੇਸ਼ ਦੀ ‘ਗੰਦੀ ਲਾਂਡਰੀ’ ਚੁੱਕ ਕੇ ਇੱਥੇ ਲਿਆ
ਆਪਣੇ ਦੇਸ਼ ਦੀ ‘ਗੰਦੀ ਲਾਂਡਰੀ’ ਚੁੱਕ ਕੇ ਇੱਥੇ ਲਿਆ…..
*2 ਜਾਹ ਪੁੱਤ ਤੂੰ ਹੁਣ ਜਾਹ-
ਪੁੱਤ ਤੂੰ ਜਾਹ
ਤੂੰ ਹੁਣ ਏਥੋਂ ਜਾਹ
ਏਥੇ ਤਾਂ ਜ਼ਹਿਰਾਂ ਦੀ ਫਸਲ
ਵੱਡੀ ਹੁੰਦੀ ਜਾ ਰਹੀ ਹੈ
ਮੈ ਤੈਨੂੰ ਬਹੁਤੀ ਦੇਰ
ਜਿਉਂਦਾ ਨਹੀਂ ਰੱਖ ਸਕਾਂਗੀ
ਤੂੰ ਓਸ ਗੋਦ ਵਿੱਚ ਚਲਾ ਜਾਹ,
ਜਿਥੇ ਤੂੰ ਸੁੱਖੀਂ-ਸਾਂਦੀਂ ਵੱਸੇਂ
ਤੈਨੂੰ ਭੁੱਖ ਨਾ ਸਤਾਵੇ
ਸਾਰੀ ਧਰਤ ਤੇਰੀ ਮਾਂ ਹੈ
ਤੂੰ ਇਸ ਚੋਰੀ, ਹੇਰਾ-ਫੇਰੀ ਵਾਲੇ
ਜ਼ਹਿਰੀਲੇ ਧਰਮੀ ਸੱਭਿਆਚਾਰ ਤੋਂ
ਦੂਰ ਚਲਾ ਜਾਹ
ਤੂੰ ਉਹਨਾਂ ਲੋਕਾਂ ਕੋਲ ਜਾ
ਜੋ ਤੈਨੂੰ ਪਿਆਰ ਸਤਿਕਾਰ ਦੇਣ,
ਤੇਰੀ ਜਾਤ ਨਾ ਪੁੱਛਣ
ਤੇਰਾ ਰੰਗ ਨਾ ਦੇਖਣ
ਤੇਰਾ ਜੈਂਡਰ ਨਾ ਪੁੱਛਣ
ਤੈਨੂੰ ਮਨੁੱਖਤਾ ਦਾ ਹਿੱਸਾ ਸਮਝਣ
ਤੈਨੂੰ ਭੁੱਖਾ ਨਾ ਮਰਨ ਦੇਣ
ਤੈਨੂੰ ਬੰਦਾ ਬਣਨ ਦੇ ਮੌਕੇ ਦੇਣ
ਜਿਹੜੇ ਤੇਰੀ ਮਿਹਨਤ ਮੁਸ਼ੱਕਤ
ਤੇ ਹੁਨਰ ਦੀ ਕਦਰ ਕਰਨ
ਬੱਸ ਤੂੰ
ਪਿੱਛੇ ਮੁੜ ਕੇ ਨਾ ਵੇਖੀਂ
ਜੇ ਤੂੰ ਪਿੱਛੇ ਮੁੜ ਕੇ ਵੇਖਿਆ
ਤਾਂ ਇਹ ਲੋਕ ਤੈਨੂੰ
ਧਰਮ, ਸੱਭਿਆਚਾਰ, ਜਾਤ-ਪਾਤ ਦੇ ਧੱਬਿਆਂ ਨਾਲ ਲਬੇੜ ਦੇਣਗੇ
ਤੂੰ ਸਾਰੀ ਉਮਰ ਇਹ ਗੰਦਗੀ ਧੋਅ ਨਹੀਂ ਸਕੇਂਗਾ
ਇੱਥੋਂ ਦੇ ਰਾਜੇ ਸ਼ੀਂਹ ਮੁਕੱਦਮ ਕੁੱਤੇ
ਆਪਣੇ ਸਵਾਰਥਾਂ ਲਈ
ਤੇਰੇ ਗਲ ਵਿੱਚ ਅਜਿਹੇ ਰੱਸੇ ਪਾਉਣਗੇ
ਤੂੰ ਕਦੀ ਵੀ ਲਾਹ ਨਹੀਂ ਸਕੇਂਗਾ
ਬੱਸ ਓਥੇ
ਧਰਤੀ ਮਾਂ ਦਾ ਸਪੁੱਤ ਬਣ ਕੇ ਰਹੀਂ
ਉਸ ਮਾਂ ਦਾ ਸਤਿਕਾਰ ਕਰੀ
ਉਸ ਨੂੰ ਦਿਲੋਂ ਪਿਆਰ ਕਰੀ
ਉਸ ਧਰਤੀ ਨੂੰ ਇੰਨਾ ਜ਼ਹਿਰੀਲੀਆਂ
ਚੀਜ਼ਾਂ ਤੋਂ ਬਚਾਅ ਕੇ ਰੱਖੀ
ਨਵੀਂ ਮਾਂ ਦਾ ਇਹਸਾਨ ਕਦੀ ਭੁੱਲੀ ਨਾਂ
ਵਿਸ਼ਵਾਸਘਾਤ ਕਰੀ ਨਾ
ਤੂੰ ਇਨਸਾਨ ਬਣੀ!
ਚੇਤਾ ਰੱਖੀਂ
ਧਰਮ ਦਾ ਪਹਿਰਾਵਾ ਪਾਉਣਾ
ਬਹੁਤ ਸੌਖਾ ਹੁੰਦਾ ਹੈ
ਪਰ ਧਰਮੀ ਇਨਸਾਨ ਬਣਨਾ ਬਹੁਤ ਔਖਾ
ਧਰਮੀ ਬਣਨ ਲਈ ਤਾਂ ਲੋਕ
ਚੋਲੇ, ਬੁਰਕੇ, ਭਗਵੇ ਪਾ ਲੈੰਦੇ ਹਨ
ਪਰ ਇਨਸਾਨ ਬਣਨ ਲਈ
ਬੰਦ -ਬੰਦ ਕਟਾਉਣਾ ਪੈਂਦਾ ਹੈ
ਚੁੰਮ ਕੇ ਰੱਸਾ ਆਪਣੇ ਗਲ ਪਵਾਉਣਾ ਪੈਂਦਾ ਹੈ
ਆਪਣੇ ਆਪ ਨੂੰ ਨੀਂਹਾਂ ਵਿੱਚ ਚਿਣਾਉਣਾ ਪੈਂਦਾ ਹੈ
ਸਾਰਾ ਪਰਿਵਾਰ ਵਾਰਨਾ ਪੈਂਦਾ ਹੈ
ਇਹ ਲੋਕ ਆਪਣੇ ਮਕਸਦ ਪੂਰੇ ਕਰਨ ਲਈ
ਤੈਨੂੰ ਧਰਮ, ਬੋਲੀ, ਸੱਭਿਆਚਾਰ, ਜਾਤ-ਪਾਤ
ਦੇ ਨਾਂ ਤੇ ਵੰਡਣਗੇ
ਆਪਣੀਆਂ ਰੋਟੀਆਂ ਸੇਕਣ ਲਈ
ਤੇਰੀ ਅੱਗ ਚੋਰੀ ਕਰਨਗੇ
ਆਪਣੀ ਪੁਸ਼ਤ-ਪਨਾਹੀ ਲਈ
ਉਸੇ ਅੱਗ ਤੇ ਸੇਕੀਆਂ ਰੋਟੀਆਂ
ਬਚਾਅ ਕੇ ਰੱਖਣਗੇ
ਤੂੰ ਬੱਸ ਹੁਣ
ਭੱਜ ਜਾ ਪੁੱਤ ਭੱਜ ਜਾ
ਤੂੰ ‘ਮਿਲਖੇ’ ਵਾਂਗ ਭੱਜ
ਪਿੱਛੇ ਮੁੜਕੇ ਨਾ ਦੇਖੀਂ
ਨਹੀਂ ਤਾਂ ਤੂੰ ਇਹ ਰੇਸ ਹਾਰ ਜਾਵੇਂਗਾ
ਖੂਨ ਪੀਣੀਆਂ ਜੋਕਾਂ ਦੇ
ਮੁੜ ਕਾਬੂ ਆ ਜਾਵੇਂਗਾ
ਭਾਵੇਂ “ਸੰਨੀ ਡੇਅ” ਹੋਵੇ
ਜਾਂ ਬੱਦਲਵਾਈ
ਬੱਸ ਤੂੰ ਦੌੜ ਜਾ
ਧਰਤ ਤੇਰੀ ਮਾਂ ਹੈ
ਸਾਰੀ ਧਰਤੀ ਤੇਰੀ ਮਾਂ ਹੈ
*3.ਬਾਪੂ ਹੁਣ ਕਿਉਂ ਉਦਾਸ ਹੈਂ ?-
ਬੜਾ ਵਧੀਆ “ਸੰਨੀ ਡੇਅ”
ਬੱਸ ਦੇਸ਼ ਨੂੰ ਆਖ਼ਰੀ ਫ਼ਤਿਹ
ਬਲਾਉਣ ਦਾ ਵਕਤ ਆ ਗਿਆ
ਦੁਖੀ ਹੋ ਕਿ ਭੱਜਣ ਦਾ ਵਕਤ ਆ ਗਿਆ
ਬਾਪੂ ਕਹਿੰਦਾ ‘ਦਿੱਲੀ’ ਚੜ੍ਹਾ ਕੇ ਆਊਂਗਾ
ਮੈਂ ਬਹੁਤ ਕਿਹਾ, ‘ਰਹਿਣ ਦੇ’
ਕਹਿੰਦਾ ਨਹੀਂ ਮੈਂ ਜ਼ਰੂਰ ਜਾਊਂਗਾ
ਬੇਬੇ ਦੀ ਬੁੱਕਲ਼ ਵਿੱਚ ਜਾ ਕੇ
ਪੈਰੀਂ ਹੱਥ ਲਾਉਣ ਦਾ ਵਕਤ ਆ ਗਿਆ
ਆਪਣੇ ਟੌਮੀ ਨੂੰ ਚੱਟਣ ਦਾ ਵਕਤ ਆ ਗਿਆ
ਅੱਖਾਂ ਵਿੱਚ ਚਮਕਦੇ ਤੁਪਕਿਆਂ ਨੂੰ
ਮੂੰਹ ਪਾਸੇ ਕਰਕੇ ਪੂੰਝਣ ਦਾ ਵਕਤ ਆ ਗਿਆ
ਬਾਪੂ ਕਹਿੰਦਾ
‘ਯਾਰ ਤੂੰ ਨਾ ਜਾਂਦਾ
ਅਸੀਂ ਇਕੱਲੇ ਰਹਿ ਜਾਵਾਂਗੇ
ਹੁਣ ਹੀ ਤਾਂ ਤੇਰੀ ਸਾਨੂੰ ਲੋੜ ਹੈ’
ਮੈਂ ਬਾਪੂ ਦੀਆਂ ਅੱਖਾਂ ਵਿੱਚ ਦੇਖਿਆ
‘ਬਾਪੂ ਮੈਂ ਖੁਸ਼ੀ ਨਾਲ ਨਹੀਂ ਚੱਲਿਆ
ਧੱਕਿਆ ਜਾ ਰਿਹਾ ਹਾਂ
ਕੱਢਿਆ ਜਾ ਰਿਹਾ ਹਾਂ
ਭਜਾਇਆ ਜਾ ਰਿਹਾ ਹਾਂ
ਤੰਗ ਕੀਤਾ ਜਾ ਰਿਹਾ ਹਾਂ
ਪਾਣੀ ਸਿਰ ਤੋਂ ਲੰਘ ਗਿਆ
ਡੁੱਬਣ ਤੋਂ ਡਰਦਾ ਜਾ ਰਿਹਾ ਹਾਂ ‘
ਫਿਰ ਮੈਂ ਚੁੱਪ ਕਰ ਗਿਆ
ਮੈਂ ਸੋਚਣ ਲੱਗਿਆ
ਬਾਪੂ ਨੂੰ ਸੱਚੀ ਗੱਲ ਕਹਾਂ ਕਿ ਨਾ
ਬਾਪੂ ਦੀਆਂ ਅੱਖਾਂ ਵਿੱਚ ਹੰਝੂ ਸਨ
ਪਰ ਮੇਰੇ ਕੋਲ਼ੋਂ ਰਿਹਾ ਨਾ ਗਿਆ
ਟੀਚਰ ਦੀ ਕਹੀ ਗੱਲ
‘ਬੀਅ – ਅਸਰਟਿਵ’
‘ਬੀਅ – ਔਨਇਸ਼ਟ’
ਦਿਮਾਗ਼ ਦਾ ਬੂਹਾ ਖੜਕਾਉਣ ਲੱਗੀ
ਮੈਂ ਕਿਹਾ
‘ ਬਾਪੂ!
ਮੈਨੂੰ ਇੱਥੋਂ ਭਜਾਉਣ ਵਿੱਚ
ਤੇਰਾ ਵੀ ਬਹੁਤ ਕਸੂਰ ਹੈ
ਉਹ ਕਿਸ ਤਰਾਂ ?
ਬਾਪੂ ਜੇ ਤੂੰ ਚੰਗੇ ਲੀਡਰ ਚੁਣਦਾ
ਅਨਪੜ੍ਹ ਸੰਤਾਂ, ਪੁਜਾਰੀਆਂ ਦੇ ਮਗਰ ਨਾ ਲੱਗਦਾ
ਮਨੁੱਖਤਾ ਦੇ ਹੱਕਾਂ ਲਈ ਲੜਦਾ
ਰਿਸ਼ਵਤ ਖੋਰਾਂ ਦੇ
ਚੋਰ ਲੀਡਰਾਂ ਦੇ
ਗਲਾਂ ਵਿੱਚ ਪਰਨਾ ਪਾਉਂਦਾ
ਉੱਨਾਂ ਦੇ ਮੂੰਹ ਤੇ ਥੁੱਕਦਾ
ਧੋੜੀ ਦੀ ਜੁੱਤੀ ਉੱਨਾਂ ਵੱਲ ਚਲਾ ਕੇ ਮਾਰਦਾ
ਪੈਸਿਆਂ ਨਾਲ ਤੋਲਣ ਦੀ ਥਾਂ
ਉਨ੍ਹਾਂ ਨੂੰ ਖੋਤੇ ਤੇ ਚੜਾਉਂਦਾ
ਫੁੱਲਾਂ ਦੀ ਥਾਂ ਜੁੱਤੀਆਂ ਦਾ ਹਾਰ ਪਾਉਂਦਾ
ਤਾਂ ਮੈਨੂੰ ਅੱਜ ਤੁਹਾਨੂੰ ਇੱਥੇ
ਬੁਢਾਪੇ ਵਿੱਚ ਇਕੱਲਿਆਂ ਛੱਡ ਕੇ
ਭੱਜਣਾ ਨਾ ਪੈਂਦਾ
ਬਾਪੂ ਚੁੱਪ ਰਿਹਾ
ਬਿਲਕੁਲ ਚੁੱਪ
ਵਿਦਾ ਹੋਣ ਦਾ ਵਕਤ ਆ ਗਿਆ
ਜ਼ਹਾਜ਼ ਤੇ ਚੜ੍ਹਨ ਦਾ ਸਮਾਂ ਹੋ ਗਿਆ
ਆਖ਼ਰੀ ਜੱਫੀ ਤੇ
ਮੇਰੇ ਕੰਨ ਵਿੱਚ ਬਾਪੂ ਕਹਿੰਦਾ
‘ ਮੈਂ ਤਾਂ ਗਲਤੀ ਕੀਤੀ ਹੈ
ਪਰ ਤੂੰ ਇੰਝ ਨਾ ਕਰੀਂ
ਤੂੰ ਨਵੇਂ ਦੇਸ਼ ਜਾ ਕੇ
ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ
ਮਨੁੱਖੀ – ਹੱਕਾਂ ਲਈ ਲੜੀ
ਮਨੁੱਖਤਾ ਦੇ ਚੰਗੇ ਜੀਵਨ ਲਈ
ਸੰਘਰਸ਼ ਕਰੀਂ ‘
ਵਿਵੇਕਸ਼ੀਲ ਬਣੀਂ
ਕਬੁੱਧਜੀਵੀਆਂ ਤੋਂ ਦੂਰ ਰਹੀਂ
ਬਹੁਤੇ ਧਰਮੀਆਂ ਤੋਂ ਦੂਰ ਰਹੀਂ
ਕਿਸੇ ਦੀ ਚਾਪਲੂਸੀ ਨਾ ਕਰੀਂ
ਮੇਰੀਆਂ ਗਲਤੀਆਂ ਤੋਂ ਸਿੱਖੀ
ਏਨਾ ਕਹਿ ਕੇ
ਬਾਪੂ ਪਾਸਾ ਵੱਟ ਕੇ
ਹੰਝੂ ਪੂੰਝਣ ਲੱਗਿਆ
ਹੰਝੂ ਪੂੰਝਣ ਲੱਗਿਆ
*4 ਓ ਮੇਰੇ ਪਿਆਰੇ ਪਿੰਡ !–
ਉਹ ਮੇਰੇ ਪਿੰਡ !
ਓ ਮੇਰੇ ਪਿਆਰੇ ਪਿੰਡ ‘ਰਣਸੀਂਹ’
ਜਦੋਂ ਤੋਂ ਤੇਰੇ ਤੋਂ ਦੂਰ ਹੋਈ ਹਾਂ
ਬੜੀ ਖੁਸ਼ ਹੋਈ ਹਾਂ
ਪਿੰਡ ਤੋਂ ਕਨੇਡਾ ਆ ਕੇ ਬੜੀ ਤੰਦਰੁਸਤ ਹੋਈ ਹਾਂ
ਮੇਰੀ ਗੱਲ ਇਹ ਸੁਣਕੇ,
ਕਈ ਲੋਕ ਭਾਂਵੇ ਬੁੜ-ਬੁੜ ਕਰਨ
ਭਾਂਵੇ ਮੱਥੇ ਤਿਉੜੀਆਂ ਪਾਉਣ
ਪਰ ਮੈਂ ਬਾਗੋ-ਬਾਗ ਹੋਈ ਹਾਂ
ਆਪਣੇ ਆਪ ਨਾਲ਼ ਖੁੱਲ੍ਹ ਕੇ
ਗੱਲਾਂ ਕਰਨ ਜੋਗੀ ਹੋਈ ਹਾਂ
ਅੱਧੀ ਤੋ ਪੂਰੀ ਹੋਈ ਹਾਂ
ਸੁੱਤੀ ਤੋਂ ਜਾਗਦੀ ਹੋਈ ਹਾਂ
ਮੈਨੂੰ ਮਹਿਸੂਸ ਹੁੰਦਾ
ਜਿਵੇਂ ਮੈਂ ਦੁਬਾਰਾ ਜਿਉਂਦੀ ਹੋ ਗਈ ਹੋਵਾਂ
ਚਿਹਰੇ ਤੋਂ ਉਦਾਸੀ ਨੇ ਦੂਰ ਉਡਾਰੀ ਮਾਰੀ ਹੈ
ਰੌਣਕ ਮੇਰੇ ਚਿਹਰੇ ਤੇ ਗਿੱਧਾ ਪਾਉਂਦੀ ਆਈ ਹੈ
ਓ ਮੇਰੇ ਪਿਆਰੇ ਪਿੰਡ, ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਗੱਲ ਕੀ !
ਮੈਂ ਆਜ਼ਾਦ ਹੋ ਗਈ ਹਾਂ
ਸਿਰ ਨੂੰ ਉਤਾਂਹ ਚੁੱਕ ਕੇ ਤੁਰਨ ਜੋਗੀ ਹੋਈ ਹਾਂ
ਬੋਲਣ ਜੋਗੀ ਹੋਈ ਹਾਂ
ਆਤਮ ਵਿਸ਼ਵਾਸ਼ ਨਾਲ
ਆਪਣਾ ਵਿਚਾਰ ਰੱਖਣ ਜੋਗੀ ਹੋਈ ਹਾਂ
ਮਨ ਦੀ ਗੱਲ ਕਹਿਣ
ਤੇ ਮਨ ਦੀ ਗੱਲ ਮਨਾਉਣ ਜੋਗੀ ਹੋਈ ਹਾਂ
ਤੁਰੀ ਫਿਰਦੀ ਲਾਸ਼ ਤੋ
ਮਨੁੱਖਤਾ ਦੇ ਭਲੇ ਦੀਆਂ ਗੱਲਾਂ ਕਰਨ ਲੱਗੀ ਹਾਂ
ਪੰਜਾਬ ਰੋਡਵੇਜ਼ ਦੀ ਢਿਚਕੂ ਢਿਚਕੂ ਕਰਦੀ
ਬੱਸ ਤੋ ਉੱਤਰ ਕੇ
ਵਧੀਆ ਕਾਰ ਚਲਾਉਣ ਜੋਗੀ ਹੋਈ ਹਾਂ
ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਜੋ ਮੈਂ ਸੁਪਨੇ ਤੇਰੀ ਮਿੱਟੀ ਵਿੱਚ ਖੇਡਦਿਆਂ ਲਏ
ਉਹ ਕਨੇਡਾ ਆ ਕੇ ਫ਼ਲਦਾਰ ਹੋਏ
ਮੇਰੀ ਝੋਲੀ ਵਿੱਚ ਡਿੱਗਣ ਲੱਗੇ ਨੇ
ਮੈਂ ਉਨ੍ਹਾਂ ਨੂੰ ਧੋਵਾਂ ਤੇ ਖਾਵਾਂ
ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਇੱਥੇ ਨਾਂ ਕੋਈ ਦਬਕਾ ਮਾਰੇ
ਨਾਂ ਕੋਈ ਬੱਸ ਵਿੱਚ ਚੂੰਡੀ ਵੱਢੇ
ਨਾਂ ਕੋਈ ਟੋਟਾਂ, ਨਾਂ ਪੁਰਜ਼ਾ ਕਹਿ ਕੇ ਸੱਦੇ
ਇੱਥੇ, ਨਾਂ ਰੁੱਗ ਪੱਠਿਆਂ ਦੀ ਖ਼ਾਤਰ
ਨਾਂ ਹੀ ਮੁੱਠੀ ਦਾਣਿਆਂ ਦੀ ਖ਼ਾਤਰ
ਕੋਈ ਮੇਰੀ ਸਲਵਾਰ ਦੇ ਨਾਲੇ ਵੱਲ ਤੱਕੇ
ਜਦੋ ਮਰਜ਼ੀ ਘਰੇ ਆਵਾਂ ਤੇ ਘਰੋਂ ਬਾਹਰ ਜਾਵਾ
ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਇੱਥੇ ਕੁੜੀ ਮੁੰਡੇ ਵਿੱਚ ਫਰਕ ਨਾ ਕੋਈ
ਜੇ ਮੁੰਡਾ ਬੱਸ ਚਲਾਵੇ ਤਾਂ
ਕੁੜੀ ਟਰੇਨ ਭਜਾਵੇ
ਇੱਥੇ ਕੋਈ ਨਾਂ ਕਹੇ, ‘ਨੀ ਤੂੰ ਸਿਰ ਢੱਕ’
ਇੱਥੇ ਨਾਂ ਕੋਈ ਕਹੇ, ‘ਤੂੰ ਸਕਰਟ ਲਾਹ ਕੇ ਸਲਵਾਰ ਪਾ’
ਇੱਥੇ ਨਾਂ ਕੋਈ ਕਹੇ, ਤੂੰ ਕਿਸ ਤੋ ਇਜਾਜ਼ਤ ਲੈ ਕੇ
ਟੂ ਪੀਸ ਪਾ ਕੇ ਬੀਚ ਤੇ ਆਈ
ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਇੱਥੇ ਮੈਂ ਆਪਣੇ ਪਤੀ ਦਾ ਹੱਥ ਫੜ ਕੇ ਤੁਰਾਂ
ਇੱਥੇ ਮੈਂ ਆਪਣੇ ਪਤੀ ਨਾਲ ਹੱਸ-ਹੱਸ ਗੱਲਾਂ ਕਰਾਂ
ਗੱਲਾਂ ਕਰਦੀ-ਕਰਦੀ ਬਰਾਬਰ ਤੁਰਾਂ
ਸਮੀਕਰਨ ਨਾਲ ਤੁਰਾਂ
ਹੱਥ ਵਿੱਚ ਹੱਥ ਫੜ ਕੇ ਤੁਰਾਂ
ਜੇ ਜੀਅ ਕਰੇ ਤਾਂ ਬੇਝਿਜਕ ਹੋ ਕੇ
ਆਪਣੇ ਪਤੀ ਨੂੰ ‘ਕਿਸ’ ਕਰਾ
ਦੇਖ ਕੇ ਇੱਥੇ ਕੋਈ ਨਹੀਂ ਕਹਿੰਦਾ
‘ਸਾਲੇ ਚਾਲੂ ਜਿਹੇ
ਸਾਲੇ ਬੇਗੈਰਤ ਜਿਹੇ
ਸਾਲੇ ਬੇਸ਼ਰਮ ਜਿਹੇ’
ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਮੰਨ ਭਾਵੇਂ ਨਾ ਮੰਨ
ਸੱਚੀ!
ਜਦੋਂ ਤੋ ਤੇਰੀਆਂ ਰੂੜੀਆਂ ਤੋਂ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ
ਜਦੋਂ ਤੋ ਘਟੀਆਂ ਰੀਤੀ ਰਿਵਾਜਾਂ ‘ਤੇ
ਰੂੜ੍ਹੀਵਾਦ ਸੋਚ ਤੋ ਦੂਰ ਹੋਈ ਹਾਂ
ਮੈਂ ਨਵੀਂ ਨਕੋਰ ਹੋਈ ਹਾਂ
“ਸੰਨੀ ਡੇਅ” ਵਰਗੀ ਹੋਈ ਹਾਂ
ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋ ਦੂਰ ਹੋਈ ਹਾਂ
ਬੜੀ ਹੀ ਖੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ
ਪਰ!
ਪਰ!
ਮੈਂ ਤੇਰੀ ਮਿੱਟੀ ਦੀ ਸੁਗੰਧ ਨੂੰ ਬਹੁਤ ਪਿਆਰ ਕਰਦੀ ਹਾਂ
ਉਹ ਮਿੱਟੀ ਮੇਰੀਆਂ ਨਾਸਾਂ, ਨਹੁੰਆਂ ‘ਤੇ ਕੰਨਾਂ ਵਿੱਚ
ਪੱਕਾਂ ਘਰ ਬਣਾ ਕੇ ਬੈਠੀ ਹੈਂ
ਉਹ ਮਿੱਟੀ ਦੀ ਸੁਗੰਧ ਹੀ ਮੇਰੇ ਕੋਲ਼ੋਂ ਵਾਰ ਵਾਰ
ਤੇਰੇ ਦਰਸ਼ਨ ਕਰਵਾਉਂਦੀ ਹੈਂ
ਜ਼ੰਗਾਲ ਲੱਗੇ ਤਾਲੇ ਨੂੰ ਖੁਲ਼ਵਾਉਂਦੀ ਹੈ
ਜ਼ੰਗਾਲ ਲੱਗੇ ਤਾਲੇ ਨੂੰ ਖੁਲ਼ਵਾਉਂਦੀ ਹੈ…
