Mar 7, 2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸਾਂਝੇ ਤੌਰ ਤੇ ਕਾਵਿ ਰੰਗ ਉਤਸਵ-

ਪਟਿਆਲਾ, 30 ਸਤੰਬਰ -ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿਖੇ ਅੱਜ ਪੰਜਾਬ ਭਵਨ, ਸਰੀ ਕੈਨੇਡਾ ਦੇ ਪ੍ਰਾਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਇੱਕ ਸ਼ਾਨਦਾਰ ਕਾਵਿ-ਰੰਗ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਬਾਲ ਸਾਹਿਤਕਾਰਾਂ, ਨੌਜਵਾਨ ਅਤੇ ਬਾਲਗ ਲੇਖਣ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਸਾਹਿਤ ਨਾਲ ਜੋੜਨਾ ਸੀ।
ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ, ਜਦੋਂ ਕਿ ਮੁੱਖ ਮਹਿਮਾਨ ਵਜੋਂ ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਸ਼ਾਮਲ ਹੋਏ। ਸ੍ਰੀ ਸੁੱਖੀ ਬਾਠ ਸੰਸਥਾਪਕ, ਪੰਜਾਬ ਭਵਨ, ਸਰੀ ਕੈਨੇਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਵਿ-ਰੰਗ ਉਤਸਵ ਦੇ ਵਿਸ਼ੇਸ਼ਗ ਵਜੋਂ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਸ਼੍ਰੋਮਣੀ ਬਾਲ ਸਾਹਿਤ ਲੇਖਕ ਹਾਜ਼ਰ ਹੋਏ।
ਸਮਾਗਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਉਤਸਵ ਦਾ ਸਭ ਤੋਂ ਖਿੱਚ ਦਾ ਕੇਂਦਰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਕਾਵਿ-ਪ੍ਰਸਤੁਤੀ ਸੀ। ਨਵੀਆਂ ਕਲਮਾਂ ਨਵੀਂ ਉਡਾਣ ਦੇ ਬਾਲ ਸਾਹਿਤਕਾਰਾਂ ਦੀ ਆਤਮ ਵਿਸ਼ਵਾਸ ਭਰੀ ਪ੍ਰਸਤੁਤੀ ਨੇ ਸਰੋਤਿਆਂ ਦਾ ਮਨ ਮੋਹ ਲਿਆ। ਨਵੀਆਂ ਕਲਮਾਂ ਨਵੀਂ ਉਡਾਨ ਦੇ ਤਹਿਤ ਪੰਜਾਬ ਵਿੱਚੋਂ ਛੇ ਜ਼ਿਲਿਆਂ ਦੇ 17 ਬਾਲ ਸਾਹਿਤਕਾਰਾਂ ਨੇ ਹਿੱਸਾ ਲਿਆ ਇਹਨਾਂ ਬਾਲ ਸਾਹਿਤਕਾਰਾਂ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਮਾਂ ਬੋਲੀ ਪੰਜਾਬੀ, ਮਾਤਾ-ਪਿਤਾ,ਹੜਾਂ ਦੀ ਮਾਰ ਦਾ ਦੁੱਖ, ਸਕੂਲ,ਰੁੱਖ, ਮੇਰਾ ਪਿੰਡ, ਨਿਮਰਤਾ, ਹੰਕਾਰ ਵਿਸ਼ਿਆਂ ਨੂੰ ਛੋਹਿਆ।ਇਹਨਾਂ ਬਾਲ ਸਾਹਿਤਕਾਰਾਂ ਨੇ ਬੇਝਿਜਕ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਬਾਲ-ਨਾਟਕ ਬਟਵਾਰਾ’ ਵੀ ਪੇਸ਼ ਕੀਤਾ ਗਿਆ।
ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਇਹ ਦਿਨ ਸਮੂਹ ਬਾਲ ਸਾਹਿਤਕਾਰਾਂ ਲਈ ਇੱਕ ਇਤਿਹਾਸਕ ਪਲ ਹੈ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵੱਕਾਰੀ ਮੰਚ ‘ਤੇ ਬੋਲਣ ਦਾ ਮੌਕਾ ਮਿਲਿਆ ਹੈ।
ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਉਨ੍ਹਾਂ ਦੇ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਦੀ ਲੇਖਣ ਪ੍ਰਤਿਭਾ ਨੂੰ ਪਹਿਚਾਣਨਾ ਅਤੇ ਉਨ੍ਹਾਂ ਨੂੰ  ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਦੇ ਭਵਿੱਖ ਵਜੋਂ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਸੋਚ ਅਤੇ ਉਡਾਰੀ ਸਾਡੇ ਵਿਰਸੇ ਨੂੰ ਹੋਰ ਅਮੀਰ ਬਣਾਵੇਗੀ। ਸਮਾਗਮ ਦੇ ਅੰਤ ਵਿੱਚ ਸ੍ਰੀ ਸੁੱਖੀ ਬਾਠ ਅਤੇ ਪ੍ਰੋਜੈਕਟ ਟੀਮ ਵੱਲੋਂ ਬਾਲ ਸਾਹਿਤਕਾਰਾਂ, ਨੌਜਵਾਨ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਸਫ਼ਲ ਆਯੋਜਨ ਵਿੱਚ ਡਾ. ਰਾਜਵਿੰਦਰ ਸਿੰਘ ਨੇ ਧੰਨਵਾਦ ਕੀਤਾ, ਜਦੋਂ ਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਗੁਰਸੇਵਕ ਸਿੰਘ ਲੰਬੀ ਅਤੇ ਬਲਜੀਤ ਸ਼ਰਮਾ ਨੇ ਬਾਖੂਬੀ ਨਿਭਾਈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਸਹਿ-ਸੰਯੋਜਕ ਡਾ. ਜਸਵਿੰਦਰ ਕੌਰ ਨੇ ਸਮੂਹ ਮਹਿਮਾਨਾਂ ਅਤੇ ਭਾਗ ਲੈਣ ਵਾਲੇ ਬਾਲ ਲੇਖਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਗੁਰਵਿੰਦਰ ਸਿੰਘ ਕਾਂਗੜ, ਮੈਡਮ ਸ਼ਸ਼ੀ ਬਾਲਾ ਅਵਤਾਰ ਸਿੰਘ ਚੋਟੀਆਂ,ਰਾਜਿੰਦਰ ਕੌਰ ਮੋਹਾਲੀ, ਸੁਖਪਾਲ ਸਿੰਘ, ਮੈਡਮ ਜਗਜੀਤ ਕੌਰ ਡਾ. ਪਰਮਜੀਤ ਕੌਰ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ, ਡਾ. ਰਾਜਵਿੰਦਰ ਸਿੰਘ, ਡਾ. ਰਾਜ ਮਹਿੰਦਰ ਕੌਰ, ਡਾ. ਜਸਵਿੰਦਰ ਕੌਰ, ਡਾ. ਗਿੰਦਰ ਸਿੰਘ, ਡਾ. ਸਰਬਜੀਤ ਕੌਰ,ਡਾ. ਹਰਵਿੰਦਰ ਪਾਲ ਕੌਰ, ਡਾ. ਮਨਿੰਦਰ ਕੌਰ,ਡਾ. ਜਸਬੀਰ ਕੌਰ,ਡਾ. ਗੁਰਪ੍ਰੀਤ ਸਿੰਘ, ਡਾ. ਰਵਿੰਦਰ ਕੌਰ,ਡਾ. ਗੁਰਪ੍ਰੀਤ ਕੌਰ ਵੀ ਖਾਸ ਤੌਰ ਤੇ ਸ਼ਾਮਿਲ ਸਨ l