-ਲੇਖਕ- ਡਾ ਗੋਪਾਲ ਸਿੰਘ ਬੁੱਟਰ–
ਡਾ ਇੰਦਰਜੀਤ ਸਿੰਘ ਇੱਕ ਵਿਲੱਖਣ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਿਕ ਇਨਸਾਨ ਸਨ . ਐਸੀ ਸਰਵਗੁਣ ਸੰਪਨ ਅਤੇ ਸਰਵੋਤਮ ਸ਼ਖ਼ਸੀਅਤ ਕਿ ਜਿਸਤਰਾ ਲੋਕਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਸਨ . ਉਹ ਉਚੇਰੀ ਬੌਧਿਕ ਪ੍ਰਤਿਭਾ ਵਾਲੇ ਵਿਦਿਆਰਥੀ , ਵਿਦਵਾਨ ਅਧਿਆਪਕ ,ਸੁਯੋਗ ਕਾਲਜ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਦੇ ਹਰ ਲਿਹਾਜ਼ ਨਾਲ ਸਫਲ ਰਜਿਸਟਰਾਰ ਸਾਬਿਤ ਹੋਏ ਹਨ ਪ੍ਰੰਤੂ ਇਸ ਸਭ ਕੁਝ ਤੋਂ ਪਹਿਲਾਂ ਉਹ ਪੰਜਾਬੀ ਲੋਕ ਨਾਚ ਭੰਗੜੇ ਦੇ ਸਰਵੋਤਮ ਨ੍ਰਿਤ- ਕਲਾਕਾਰ, ਕੋਚ ,ਪ੍ਰਮੋਟਰ ,ਨਿਰਦੇਸ਼ਕ ਅਤੇ ਸਰਪ੍ਰਸਤ ਸਨ ਜਿਨ੍ਹਾਂ ਨੇ ਇਸ ਖੇਤਰੀ ਲੋਕ ਨਾਚ ਨੂੰ ਵਿਸ਼ਵ ਭਰ ਦੇ ਕਲਾ ਮੰਚਾਂ ਉੱਤੇ ਸਥਾਪਿਤ ਕਰਨ , ਇਸ ਦੀ ਵਿਸ਼ੇਸ਼ ਪਹਿਚਾਣ ਬਣਾਉਣ ਅਤੇ ਇਸ ਨੂੰ ਦੁਨੀਆ ਭਰ ਵਿਚ ਮਕਬੂਲੀਅਤ ਦਿਵਾਉਣ ਦੇ ਬੇਹੱਦ ਵਡੇਰੇ ਤੇ ਮਹੱਤਵਪੂਰਨ ਕਾਰਜ ਲਈ ਲਗਪਗ ਸਾਰਾ ਜੀਵਨ ਲੇਖੇ ਲਾ ਦਿੱਤਾ .ਭਾਵ ਉਨ੍ਹਾਂ ਦੇ ਭੰਗੜੇ ਦੇ ਸੰਬੰਧੀ ਇਸ਼ਕੀਆ ਜਨੂੰਨ ਨੂੰ ਦੇਖਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਪਣੇ ਬਚਪਨ ਦੇ ਕੁਝ ਵਰ੍ਹੇ ਛੱਡ ਕੇ ਲਗਪਗ ਸਾਰਾ ਹਿੱਸਾ,ਸਾਰਾ ਚਾਅ, ਉਤਸ਼ਾਹ ਅਤੇ ਪੂਰੀ ਲਗਨ ,ਸਮਰੱਥਾ, ਹਿੰਮਤ ਅਤੇ ਪ੍ਰਤਿਭਾ ਸਹਿਤ ਇਸ ਲੋਕ ਕਲਾ ਨੂੰ ਵਿਸ਼ਵ ਦੀ ਸਰਵੋਤਮ ਨਾਚ ਕਲਾ ਵਜੋਂ ਸਥਾਪਿਤ ਕਰਨ ਦੀ ਚਾਰਾਜੋਈ ਅਤੇ ਜਦੋਜਹਿਦ ਨੂੰ ਸਮਰਪਿਤ ਕਰੀ ਰਖਿਆ .
ਇਹੀ ਕਾਰਨ ਹੈ ਕਿ ਅੱਜ ਜਦੋਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਕਿਸੇ ਵੀ ਕਲਾ ਮੰਚ ਉੱਤੇ, ਢੋਲ ‘ ਤੇ ਡੱਗਾ ਵੱਜਦਾ ਹੈ, ਬੋਲੀਆਂ ਵਾਲਾ ਗਾਇਕ ਆਪਣੀ ਹਿੱਕ ਦੇ ਜ਼ੋਰ ਨਾਲ ਬੋਲੀ ਦੀ ਹੇਕ ਚੁੱਕਦਾ ਹੈ, ਗੱਭਰੂ ਸੋਹਣੇ ਸੋਹਣੇ ਕੁੜਤੇ ਚਾਦਰਿਆਂ ਵਿਚ ਆਪਣੇ ਡੌਲਿਆਂ ‘ਤੇ ਫੁੱਲ ਬੰਨ੍ਹ, ਗਲਾਂ ਵਿੱਚ ਕੈਂਠੇ ਪਾਈ, ਸੋਹਣੀਆਂ ਛਮਲੇ ਵਾਲੀਆਂ ਪੱਗਾਂ ਬੰਨ੍ਹ ਕੇ ਹੱਥ ਵਿਚ ਖੂੰਡੇ, ਸਿੱਕੇ ਜਾਂ ਕਾਟੋਆਂ ਫੜਕੇ ਝੂਮਦੇ ਨੱਚਦੇ ਹੋੈਏ ਮੁਸਕਰਾਉਂਦੇ ਚਿਹਰਿਆਂ ਦੇ ਨਾਲ ਥਿਰਕਦੇ ਪੈਰਾਂ ਅਤੇ ਫ਼ਰਕਦੇ ਡੌਲਿਆਂ ਨਾਲ ਝੂਮ ਝੂਮ ਕੇ ਭੰਗੜੇ ਦੇ ਵੱਖ ਵੱਖ ਐਕਸ਼ਨ ਕਰਦੇ ਵੱਖ ਵੱਖ ਚਾਲਾਂ ਮੁਤਾਬਿਕ ਨੱਚਦੇ ਕਿਤੇ ਫੁੰਮਣੀਆਂ, ਝੂਮਰ, ਭਲਵਾਨੀ ਚਾਲਾਂ ਦੇ ਨਾਚ ਨੱਚਦੇ ਪੇਸ਼ਕਾਰੀਆਂ ਕਰਦੇ ਹਨ ਤਾਂ ਇਕਦਮ ਯਾਦ ਆ ਜਾਂਦਾ ਹੈ ਡਾ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਲਾਡਲੇ ਸ਼ਗਿਰਦਾਂ ਦਾ ਭੰਗੜੇ ਨੂੰ ਇਸ ਸਿਖਰ ‘ਤੇ ਪਹੁੰਚਾਉਣ ਲਈ ਕੀਤਾ ਸੰਘਰਸ਼ . ਉਨ੍ਹਾਂ ਦੁਆਰਾ ਘਾਲੀ ਇਸ ਬਹੁਤ ਵੱਡੇਰੀ ਤੇ ਲਮੇਰੀ ਘਾਲਣਾ ਦਾ ਹੀ ਸਿੱਟਾ ਹੈ ਕਿ ਅੱਜ ਪੰਜਾਬ ਦੇ ਛੋਟੇ ਜਿਹੇ ਭੂਗੋਲਕ ਖਿੱਤੇ ਦੇ ਖੇਤਰੀ ਲੋਕ ਨਾਚ ਭੰਗੜੇ ਦੀ ਸ਼ੋਹਰਤ ਅਤੇ ਆਕਰਸ਼ਣ ਪੂਰੀ ਦੁਨੀਆਂ ਨੂੰ ਆਪਣੇ ਜਲੌਅ ਨਾਲ ਬੇਹੱਦ ਪ੍ਰਭਾਵਿਤ ਕਰ ਰਿਹਾ ਹੈ ਅਤੇ ਅੱਜ ਦੁਨੀਆਂ ਦੇ ਸੈਂਕੜੇ ਦੇਸ਼ਾਂ ਵਿੱਚ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਇਸ ਲੋਕ ਨਾਚ ਨੂੰ ਸਰਵੋਤਮ ਕਲਾ ਵੰਨਗੀ ਦੀ ਮਾਨਤਾ ਦੇ ਕੇ ਪਿਆਰ ਕਰ ਰਹੇ ਹਨ, ਅਪਣਾ ਰਹੇ ਹਨ ਅਤੇ ਇਸ ਦੀਆਂ ਪੇਸ਼ਕਾਰੀਆਂ ਕਰ ਰਹੇ ਹਨ.
5 ਅਕਤੂਬਰ 1954 ਨੂੰ ਜਲੰਧਰ ਦੇ ਇੱਕ ਧਾਰਮਿਕ ਵਿਚਾਰਾਂ ਵਾਲੇ ਵਿਉਪਾਰਕ ਘਰਾਣੇ ਵਿਚ ਪੈਦਾ ਹੋਏ ਇੰਦਰਜੀਤ ਸਿੰਘ ਜੋ ਬਾਅਦ ਵਿੱਚ ਪੰਜਾਬੀ ਲੋਕ ਨਾਚ ਭੰਗੜੇ ਦੀ ਅਜ਼ੀਮ ਸ਼ਖ਼ਸੀਅਤ ਵਜੋਂ ਪ੍ਰਸਿੱਧ ਹੋਏ — ਦਾ ਭੰਗੜੇ ਨਾਲ ਪਹਿਲਾ ਵਾਹ ਉਸ ਸਮੇਂ ਪਿਆ ਜਦ ਉਸ ਨੇ ਸਰਕਾਰੀ ਸੀਨੀਅਰ ਸਕੂਲ ਜਲੰਧਰ ਵਿੱਚ ਪੜ੍ਹਦਿਆਂ 1968 ਵਿੱਚ ਆਪਣੇ ਸਕੂਲ ਦੀ ਭੰਗੜਾ ਟੀਮ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ .ਪੜ੍ਹਾਈ ਵਿੱਚ ਹੁਸ਼ਿਆਰ ਇਸ ਤੀਖਣ ਬੁੱਧ ਬਾਲ ਨੂੰ ਘਰਦਿਆਂ ਅਤੇ ਸਿਆਣੇ ਅਧਿਆਪਕਾਂ ਨੇ ਇਸ ਕੰਮ ਤੋਂ ਵਰਜਿਆ. ਉਨ੍ਹਾਂ ਦੇ ਖਿਆਲ ਮੁਤਾਬਿਕ ਖੇਡਣਾ, ਕੁੱਦਣਾ, ਨੱਚਣਾ ਤੇ ਗਾਉਣਾ ਪੜ੍ਹਨ ਲਿਖਣ ਵਾਲੇ ਬੱਚਿਆਂ ਦੀ ਥਾਂ ਤੇ ਵਿਹਲੜਾਂ ਦਾ ਕੰਮ ਸੀ ਪਰ ਬਾਲ ਹੱਠ ਨੇ ਉਸ ਨੂੰ ਇਸ ਲੋਕ ਨਾਚ ਨਾਲ ਜੋੜੀ ਰੱਖਿਆ .ਸਾਲ 1971 ਵਿਚ ਇੰਦਰਜੀਤ ਸਿੰਘ ਸਕੂਲ ਦੀ ਭੰਗੜਾ ਟੀਮ ਦਾ ਕਪਤਾਨ ਬਣ ਗਿਆ ਅਤੇ ਆਪਣੇ ਕਪਤਾਨੀ ਦੇ ਕਾਰਜਕਾਲ ਵਿਚ ਉਸ ਨੇ ਸਕੂਲੀ ਪੱਧਰ ਦੇ ਕਈ ਰਾਸ਼ਟਰੀ ਅਤੇ ਵੱਕਾਰੀ ਲੋਕ ਨਾਚ ਮੁਕਾਬਲਿਆਂ ਦੇ ਜਿੱਤ ਕੇ ਲਿਆਂਦੇ ਤਮਗੇ ਆਪਣੇ ਸਕੂਲ ਦੀ ਝੋਲੀ ਵਿੱਚ ਪਾਏ .
ਸਾਲ 1972 ਤੋਂ 74 ਤੱਕ ਡੀ ਏ ਵੀ ਕਾਲਜ ਜਲੰਧਰ ਵਿਚ ਬੀ. ਕਾਮ. ਕਰਦੇ ਸਮੇਂ ਇੰਦਰਜੀਤ ਕਾਲਜ ਦੀ ਭੰਗੜਾ ਟੀਮ ਦਾ ਹਿੱਸਾ ਰਹੇ ਅਤੇ ਲਗਾਤਾਰ ਤਿੰਨ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਰਬੋਤਮ ਸਥਾਨ ਪ੍ਰਾਪਤ ਕੀਤਾ .ਸਾਲ 1976 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਮ. ਕਾਮ. ਦੀ ਪੜ੍ਹਾਈ ਕਰਦੇ ਸਮੇਂ ਯੂਨੀਵਰਸਿਟੀ ਦੀ ਟੀਮ ਦਾ ਹਿੱਸਾ ਬਣੇ ਅਤੇ ਉਸੇ ਵਰ੍ਹੇ ਜੈਪੁਰ ਵਿਖੇ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਸਰਵੋਤਮ ਖ਼ਿਤਾਬ ਹਾਸਲ ਕੀਤਾ . ਸਾਲ 1973 ਵਿੱਚ ਆਸਟੇਰਲੀਆ ਅਤੇ ਫਿਜੀ ਟਾਪੂਆਂ ਵਿਖੇ ਭਾਰਤੀ ਸੱਭਿਆਚਾਰਕ ਵਫ਼ਦ ਦੀ ਨੁਮਾਇੰਦਗੀ ਕੀਤੀ ਅਤੇ ਭੰਗੜੇ ਅਤੇ ਝੂਮਰ ਦੀ ਉੱਤਮ ਪੇਸ਼ਕਾਰੀ ਦੇ ਨਾਲ ਵਿਦੇਸ਼ੀ ਦਰਸ਼ਕਾਂ ਨੂੰ ਭੰਗੜੇ ਦੇ ਜੌਹਰ ਵਿਖਾ ਕੇ ਆਪਣੀ ਨ੍ਰਿਤ ਕਲਾ ਨਾਲ ਮੋਹਿਤ ਤੇ ਮੁਤਾਸਿਰ ਕੀਤਾ.
ਸਰਦਾਰ ਭਾਗ ਸਿੰਘ ਨਾਲ ਰਲ ਕੇ ਉਨ੍ਹਾਂ ਨੇ ਸਾਲ 1975 ਵਿਚ ਕੁੱਲ ਹਿੰਦ ਕਾਂਗਰਸ ਦੇ ਮੁਹਾਲੀ ਵਿਖੇ ਹੋਏ ਸੈਸ਼ਨ ਵਿੱਚ ਸੰਮੀ ਨਾਚ ਦਾ ਆਯੋਜਨ ਕੀਤਾ ਅਤੇ ਦੇਸ਼ ਭਰ ਤੋਂ ਆਏ ਕਲਾ ਪ੍ਰੇਮੀਆਂ ਨੂੰ ਪੰਜਾਬੀ ਲੋਕ ਨਾਚ ਦੀ ਇਸ ਵੰਨਗੀ ਨਾਲ ਪ੍ਰਭਾਵਿਤ ਕੀਤਾ .
ਸਾਲ 1982 ਵਿੱਚ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੀ ਜਿਸ ਭੰਗੜਾ ਟੀਮ ਨੇ ਆਪਣੀ ਪੇਸ਼ਕਾਰੀ ਨਾਲ ਹਜ਼ਾਰਾਂ ਆਪਣੇ ਦੇਸ਼ ਦੇ ਅਤੇ ਵਿਦੇਸ਼ੀ ਖੇਡ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕੀਤਾ ਸੀ ਡਾ ਇੰਦਰਜੀਤ ਸਿੰਘ ਨੂੰ ਉਸ ਭੰਗੜਾ ਟੀਮ ਦਾ ਮੁੱਖ ਕੋਚ ਹੋਣ ਦਾ ਮਾਣ ਹਾਸਲ ਹੋਇਆ .
ਡਾ ਇੰਦਰਜੀਤ ਸਿੰਘ ਦਾ ਭੰਗੜੇ ਨੂੰ ਸਮਰਪਿਤ ਹੋਣ ਦਾ ਸੁਨਹਿਰੀ ਅਵਸਰ ਉਸ ਵਕਤ ਬਣਿਆ ਜਦ ਉਨ੍ਹਾਂ ਨੂੰ 21 ਸਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਾਮਰਸ ਵਿਭਾਗ ਵਿਚ ਅਧਿਆਪਨ ਕਰਨ ਅਤੇ ਕਾਲਜ ਦੀ ਭੰਗੜਾ ਟੀਮ ਦਾ ਨਿਰਦੇਸ਼ਨ ਕਰਨ ਦਾ ਅਵਸਰ ਨਸੀਬ ਹੋਇਆ .ਉਨ੍ਹਾਂ ਦੀ ਅਗਵਾਈ ਹੇਠ ਕਾਲਜ ਨੇ ਉਸ ਅਰਸੇ ਵਿਚ 19 ਵੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਭੰਗੜੇ ਦਾ ਪਹਿਲਾ ਸਥਾਨ ਅਤੇ 2 ਵਾਰ ਦੂਜਾ ਸਥਾਨ ਹਾਸਲ ਕਰਨ ਦਾ ਮਾਣ ਹਾਸਲ ਕੀਤਾ .
ਡਾ ਇੰਦਰਜੀਤ ਸਿੰਘ ਨਾਰਥ ਜ਼ੋਨ ਕਲਚਰਲ ਸੈਂਟਰ ਦਾ ਨਿਰੰਤਰ ਹਿੱਸਾ ਬਣੇ ਰਹੇ ਅਤੇ ਉਨ੍ਹਾਂ ਨੇ ਇਸ ਦੀ ਨੁਮਾਇੰਦਗੀ ਕਰਦਿਆਂ ਇਟਲੀ ਅਤੇ ਜਰਮਨੀ ਵਿਚ ਭੰਗੜੇ ਅਤੇ ਝੂਮਰ ਦੀ ਸਫਲ ਪੇਸ਼ਕਾਰੀ ਕਰਕੇ ਵਿਦੇਸ਼ਾਂ ਵਿੱਚ ਪੰਜਾਬੀ ਲੋਕ ਨਾਚ ਦੀ ਸ਼ਾਨ ਨੂੰ ਚਮਕਾਇਆ .ਇਸੇ ਸੈਂਟਰ ਵੱਲੋਂ ਉਹਨਾਂ ਨੇ ਸਾਲ 1995 ਤੇ 96 ਵਿੱਚ ਸ੍ਰੀਲੰਕਾ ਅਤੇ ਦੁਬਈ ਵਿਖੇ ਭੰਗੜੇ ਅਤੇ ਝੂਮਰ ਦੀ ਪੇਸ਼ਕਾਰੀ ਕੀਤੀ ਅਤੇ ਖ਼ੁਦ ਨਿਰਦੇਸ਼ਕ ਦੀ ਭੂਮਿਕਾ ਨਿਭਾਈ .ਉਨ੍ਹਾਂ ਨੇ 2008 ਵਿਚ ਜਲੰਧਰ ਵਿਖੇ ਭੰਗੜਾ ਓਲੰਪਿਕ ਦਾ ਆਯੋਜਨ ਕੀਤਾ ਜਿਸ ਵਿਚ ਕੈਨੇਡਾ ,ਅਮਰੀਕਾ ਅਤੇ ਆਸਟਰੇਲੀਆ ਦੀਆਂ ਟੀਮਾਂ ਨੇ ਭੰਗੜਾ , ਸੰਮੀ , ਲੁੱਡੀ ਅਤੇ ਮਲਵਈ ਗਿੱਧਾ ਪ੍ਰਸਤੁਤ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ .
ਸਾਲ 2010 ਅਤੇ 11 ਵਿੱਚ ਡਾਕਟਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਕੈਂਪਸ ਦੀਆਂ ਲੜਕੀਆਂ ਦੀ ਸੰਮੀ ਨਾਚ ਦੀ ਟੀਮ ਦਾ ਅਤੇ ਇੱਥੇ ਹੀ ਸਾਲ 2012 ਅਤੇ 13 ਵਿੱਚ ਲੜਕੀਆਂ ਦੀ ਲੁੱਡੀ ਨਾਚ ਟੀਮ ਦਾ ਨਿਰਦੇਸ਼ਨ ਕੀਤਾ. ਆਪਣੀ ਅੈਮ.ਕਾਮ.,ਅੈਮ.ਫਿਲ,ਪੀਅੈਚ.ਡੀ ,ਅਤੇ ਅੈਲ.ਅੈਲ.ਬੀ ਵਰਗੀ ਮੁਸ਼ਕਿਲ ਅਤੇ ਮਹੱਤਵਪੂਰਨ ਪੜ੍ਹਾਈ ਦੌਰਾਨ ਵੀ ਉਨ੍ਹਾਂ ਨੇ ਪੰਜਾਬੀ ਲੋਕ ਕਲਾ ਪ੍ਰਤੀ ਆਪਣੀ ਵਫਾਦਾਰੀ ਕਾਇਮ ਰੱਖੀ .
ਆਪਣੇ ਇਸ ਜਹਾਨ-ਇ-ਫ਼ਾਨੀ ਤੋਂ ਰੁਖ਼ਸਤ ਫੁਰਮਾ ਜਾਣ ਤੋਂ ਪਹਿਲਾਂ ਉਹ ਪਿਛਲੇ ਸਤਾਰਾਂ ਸਾਲਾਂ ਤੋਂ ਜਲੰਧਰ ਵਿਖੇ ਗਰਮੀਆਂ ਵਿੱਚ ‘ ਸੁਰਤਾਲ ਸੱਭਿਆਚਾਰਕ ਸੱਥ ‘ ਨਾਮ ਦੇ ਮੰਚ ਤੋਂ ਲੋਕ ਨਾਚ ਕੈਂਪ ਆਯੋਜਿਤ ਕਰਵਾ ਰਹੇ ਸਨ ਜਿਨ੍ਹਾਂ ਵਿਚ ਹਜ਼ਾਰਾਂ ਲੜਕਿਆਂ ਨੂੰ ਭੰਗੜਾ ਅਤੇ ਝੂਮਰ ਅਤੇ ਲੜਕੀਆਂ ਨੂੰ ਗਿੱਧਾ ਅਤੇ ਲੁਡੀ ਦੀ ਸਿਖਲਾਈ ਦਿੱਤੀ ਜਾਂਦੀ ਸੀ . ਡਾ . ਸਾਹਿਬ ਨੇ ਜਿਥੇ ਪੰਜਾਬੀ ਲੋਕ ਨਾਚਾਂ ਦੀ ਸ਼ਨਾਖਤ ਉਭਾਰਨ ਵਿੱਚ ਉਮਰ ਭਰ ਦਿਨ ਰਾਤ ਇੱਕ ਕਰੀ ਰਖਿਆ ਉੱਥੇ ਉਨ੍ਹਾਂ ਨੇ ‘ਪੰਜਾਬ ਦੇ ਲੋਕ ਨਾਚ ਅਤੇ ਪੇਸ਼ਕਾਰੀ ‘ ਨਾਮਕ ਖੋਜ ਪੁਸਤਕ ਦੀ ਰਚਨਾ ਵੀ ਕੀਤੀ ਜੋ ਇਸ ਖੇਤਰ ਦੀ ਸਿਧਾਂਤਕ ਤੇ ਵਿਹਾਰਕ ਜਾਣਕਾਰੀ ਦੇਣ ਵਾਲੀ ਬੇਹੱਦ ਮਹੱਤਵਪੂਰਨ ਖੋਜ ਪੁਸਤਕ ਹੈ .
ਡਾ ਇੰਦਰਜੀਤ ਸਿੰਘ ਵੱਲੋਂ ਲੋਕ ਨਾਚ ਭੰਗੜੇ ਦੇ ਪ੍ਰਚਾਰ ਪ੍ਰਸਾਰ ਹਿੱਤ ਤਨ ਮਨ ਤੇ ਧਨ ਨਾਲ ਘਾਲੀ ਘਾਲਣਾ ਅਤੇ ਇਸ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਕਦਰ ਕਰਦਿਆਂ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਸਾਹਿਤਕ ,ਸੱਭਿਆਚਾਰਕ ਅਤੇ ਕਲਾ ਸੰਸਥਾਵਾਂ ਨੇ ਬਹੁਤ ਮਾਣ ਸਤਿਕਾਰ ਕੀਤਾ ਹੈ .ਉਨ੍ਹਾਂ ਨੂੰ ਹਜ਼ਾਰਾਂ ਵਾਰ ਬੜੇ ਭਾਵਪੂਰਤ ਸਨਮਾਨਾਂ ਨਾਲ ਸਤਿਕਾਰ ਦਿੱਤਾ ਗਿਆ ਹੈ . ਉਨ੍ਹਾਂ ਵਿੱਚੋਂ ਅਸੀਂ ਕੁਝ ਸਨਮਾਨਾਂ ਦਾ ਸੰਖੇਪ ਵਿਚ ਵੰਨਗੀ ਮਾਤਰ ਜ਼ਿਕਰ ਕਰ ਰਹੇ ਹਾਂ :
ਸਾਲ 2008 ਵਿੱਚ ਉਨ੍ਹਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਲੋਕ ਨਾਚ ਵਿੱਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ .ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ .ਪੰਜਾਬ ਕਲਚਰਲ ਐਸੋਸੀਏਸ਼ਨ ਮੁਹਾਲੀ ਨੇ ਲੋਕ ਨਾਚਾਂ ਵਿੱਚ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ .ਸਾਲ 2005 ਵਿੱਚ ਡਾਨਸ ਅਕੈਡਮੀ ਟੋਰਾਂਟੋ (ਕੈਨੇਡਾ ) ਨੇ ਉਨ੍ਹਾਂ ਨੂੰ ਲੋਕ ਨਾਚ ਨੂੰ ਦਿੱਤੀ ਵਿਸ਼ੇਸ਼ ਦੇਣ ਦੇ ਸਨਮਾਨ ਵਿੱਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ . ਸਰੀ ਆਰਟਸ ਕਲੱਬ ਵੈਨਕੂਵਰ ਵੱਲੋਂ ਉਨ੍ਹਾਂ ਨੂੰ ਲੋਕ ਨਾਚ ਵਿੱਚ ਵਡੇਰੇ ਯੋਗਦਾਨ ਲਈ ਵਿਸ਼ੇਸ਼ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ . ਇਸ ਅਜ਼ੀਮ ਸ਼ਖ਼ਸੀਅਤ ਨੇ ਵੱਖ ਵੱਖ ਵਿੱਦਿਅਕ ਅਦਾਰਿਆਂ ਵਿੱਚ ਵੱਖ ਵੱਖ ਅਹੁਦਿਆਂ ਉੱਤੇ ਅਤੇ ਪੰਜਾਬੀ ਕਲਾ ਜਗਤ ਦੇ ਵਿਭਿੰਨ ਪੱਖਾਂ ਤੋਂ ਲਾਸਾਨੀ ਸੇਵਾ ਕਰਨ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ .ਉਹ ਲੰਮੇ ਸਮੇਂ ਤੋਂ ਕੇ ਐਲ ਸਹਿਗਲ ਮੈਮੋਰੀਅਲ ਟਰੱਸਟ ਅਤੇ ਰਾਸ਼ਟਰੀ ਅੰਧ ਵਿਦਿਆਲਾ ਵਿੱਚ ਸਮਾਜ ਸੇਵਾ ਕਰਦੇ ਆ ਰਹੇ ਸਨ.ਉਹ ਵਿਰਸਾ ਵਿਹਾਰ ਜਲੰਧਰ ਦੇ ਬਾਨੀ ਟਰੱਸਟੀ ਸਨ ਅਤੇ ਉਨ੍ਹਾਂ ਨੇ ਪਿਮਸ ਹਸਪਤਾਲ ਵਿੱਚ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਲਈ ਵੀ ਲਾਸਾਨੀ ਕਾਰਜ ਕੀਤੇ . ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਆਗੂ ਹੁੰਦੇ ਹੋਏ ਉਨ੍ਹਾਂ ਨੇ ਗ਼ਰੀਬਾਂ, ਲੋੜਵੰਦਾਂ ਅਤੇ ਨਿਮਾਣਿਆਂ ਨਿਤਾਣਿਆਂ ਦੇ ਕੰਮ ਆਪਣੇ ਰਾਜਸੀ ਅਸਰ-ਰਸੂਖ ਨਾਲ ਕਰਵਾਏ . ਭਾਵੇਂ ਡਾ ਇੰਦਰਜੀਤ ਸਿੰਘ ਦੀਆਂ ਪ੍ਰਾਪਤੀਆਂ ਵੱਲ ਦੇਖਦਿਆਂ ਉਨ੍ਹਾਂ ਦੇ ਸਭ ਪਿਆਰਿਆਂ ਨੂੰ ਬਹੁਤ ਫਖ਼ਰ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਬਹੁਤ ਵਡੇਰੀਆਂ ਮੱਲਾਂ ਮਾਰੀਆਂ .ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਇਸ ਅਜ਼ੀਮ ਹਸਤੀ ਨੇ ਆਪਣੇ ਜਿਊਂਦੇ ਜੀਅ ਦੰਤ ਕਥਾ ਦੇ ਪਾਤਰ ਜਿੰਨੀ ਸ਼ੋਹਰਤ ਅਤੇ ਇੱਜ਼ਤ ਕਮਾਈ ਪ੍ਰੰਤੂ ਜਿਵੇਂ ਕਿ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ , ਜ਼ਿੰਦਗੀ ਨੇ ਇਸ ਮਹਾਨ ਵਿਅਕਤੀ ਉੱਪਰ ਵੀ ਦੁੱਖਾਂ ਦਾ ਅਨੇਕ ਵੇਰ ਕਹਿਰ ਢਾਹਿਆ .ਉਨ੍ਹਾਂ ਦੇ ਪਿਤਾ ਸਰਦਾਰ ਬਲਵੰਤ ਸਿੰਘ ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਦੇ ਦੌਰਾਨ ਹੀ ਮੋਢੇ ਨਾਲ ਮੋਢਾ ਜੋਡ਼ ਕੇ ਕਾਰੋਬਾਰ ਵਿੱਚ ਸਖ਼ਤ ਮਿਹਨਤ ਕੀਤੀ ਤੇ ਉਨ੍ਹਾਂ ਨਾਲ ਬਰਾਬਰ ਦੀ ਧਿਰ ਬਣ ਕੇ ਉਨ੍ਹਾਂ ਦਾ ਭਾਰ ਵੰਡਾਇਆ, ਉਹ ਵੀ ਖੁਸ਼ਹਾਲੀ ਦਾ ਸੁੱਖ ਮਾਨਣ ਦੇ ਵਕਤ ਜਲਦੀ ਹੀ ਵਿਛੋੜਾ ਦੇ ਗਏ ਉਨ੍ਹਾਂ ਤੋਂ ਜਲਦੀ ਬਾਅਦ ਇਨ੍ਹਾਂ ਦੀ ਮਾਤਾ ਸੁਮਿੱਤਰ੍ਹਾਂ ਦੇਵੀ ਵੀ ਭਰੇ ਭੁਕੰਨੇ ਪਰਿਵਾਰ ਨੂੰ ਛੱਡ ਕੇ ਪਰਲੋਕ ਗਮਨ ਕਰ ਗਏ .ਡਾਕਟਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਦੋਂ ਗਹਿਰੀ ਸੱਟ ਵੱਜੀ ਜਦੋਂ ਫਰਵਰੀ 1981 ਤੋ ਇਨ੍ਹਾਂ ਦਾ ਹਰ ਦੁੱਖ ਸੁੱਖ ਵਿੱਚ ਪੂਰੀ ਸਰਗਰਮੀ ਨਾਲ ਸਾਥ ਦੇਣ ਵਾਲੀ ਇਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਵੀ ਇਨ੍ਹਾਂ ਨੂੰ ਅੱਧਵਾਟੇ ਛੱਡ ਕੇ ਅਕਾਲ ਚਲਾਣਾ ਕਰ ਗਈ . ਭਾਵੇਂ ਵੱਡੀ ਬੇਟੀ ਏਕ ਜੋਤ ਕੌਰ ਆਪਣੇ ਜੀਵਨ ਸਾਥੀ ਗਗਨਦੀਪ ਸਿੰਘ ਨਾਲ ਅਤੇ ਛੋਟੀ ਬੇਟੀ ਅਵਨੀਤ ਕੌਰ ਆਪਣੇ ਜੀਵਨ ਸਾਥੀ ਮਨਦੀਪ ਸਿੰਘ ਦੇ ਨਾਲ ਆਪਣੇ ਘਰ ਸੁਖੀ ਵਸ ਰਹੀਆਂ ਹਨ ਪਰ ਬੇਟੇ ਗੌਰਵ ਦੀਪ ਸਿੰਘ ਦੇ ਅਜੇ ਸਾਰੇ ਹੀ ਕੰਮ ਨਜਿੱਠਣ ਵਾਲੇ ਪਏ ਸਨ ਕਿ ਡਾ ਇੰਦਰਜੀਤ ਸਿੰਘ ਨੂੰ ਵੀ ਧੁਰ ਦਰਗਾਹੋਂ ਅਚਨਚੇਤ ਸੱਦਾ ਆ ਗਿਆ .
ਭਾਵੇਂ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਨੇ 21 ਸਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਾਮਰਸ ਦੇ ਅਧਿਆਪਕ ਵਜੋਂ ਅਤੇ ਗੁਰੂ ਨਾਨਕ ਕਾਲਜ ਫਗਵਾੜਾ ਵਿਖੇ 10 ਸਾਲ ਪ੍ਰਿੰਸੀਪਲ ਵਜੋਂ, ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਖੇ 1 ਸਾਲ ਪ੍ਰਿੰਸੀਪਲ ਵਜੋਂ ਸੇਵਾ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰਜਿਸਟਰਾਰ ਵਜੋਂ 5 ਸਾਲ ਅਤੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੱਕ ਸੈਂਟਰ ਵਿੱਚ ਰਜਿਸਟਰਾਰ ਵਜੋਂ ਤਿੰਨ ਸਾਲ ਸੇਵਾ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ 21 ਸਾਲ ਦੀ ਲਾਇਲਪੁਰ ਖਾਲਸਾ ਕਾਲਜ ਦੀ ਸੇਵਾ ਦੀ ਸਾਂਝ ਉਨ੍ਹਾਂ ਲਈ ਬਹੁਤ ਵੱਡਾ ਅਰਥ ਰੱਖਦੀ ਹੈ . ਇੱਥੇ ਹੀ ਉਨ੍ਹਾਂ ਨੂੰ ਨਸੀਬ ਹੋਏ ਉਨ੍ਹਾਂ ਦੇ ਸੈਂਕੜੇ/ ਹਜ਼ਾਰਾਂ ਉਹ ਲਾਡਲੇ ਸ਼ਾਗਿਰਦ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਉਨ੍ਹਾਂ ਦੇ ਪੁੱਤਰ ਜਾਂ ਉਨ੍ਹਾਂ ਦੇ ਛੋਟੇ ਭਰਾਵਾਂ ਵਾਲੇ ਫ਼ਰਜ਼ ਨੂੰ ਪਛਾਣਦਿਆਂ ਹੋਇਆਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਭੰਗੜੇ ਨੂੰ ਪ੍ਰਮੋਟ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਅੱਜ ਵੀ ਪੂਰੀ ਲਗਨ ,ਪੂਰੀ ਦ੍ਰਿੜ੍ਹਤਾ ,ਪੂਰੀ ਸੁਹਿਰਦਤਾ, ਪੂਰੀ ਵਫ਼ਾਦਾਰੀ ਅਤੇ ਈਮਾਨਦਾਰੀ ਨਾਲ ਯਤਨਸ਼ੀਲ ਹਨ ਅਤੇ ਆਪਣੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਭਾਅ ਜੀ ਇੰਦਰਜੀਤ ਦੇ ਦੁਆਰਾ ਲਾਏ ਹੋਏ ਇਸ ਲੋਕ ਨਾਚ ਦੇ ਬੂਟੇ ਦੀ ਦੁਨੀਆਂ ਭਰ ਵਿੱਚ ਪਰਵਰਿਸ਼ ਕਰ ਰਹੇ ਹਨ, ਉਸ ਨੂੰ ਹੋਰ ਲਿਸ਼ਕਾ ਕੇ , ਨਿਖਾਰ ਕੇ ਅਤੇ ਸ਼ਿੰਗਾਰ ਕੇ ਵਿਕਸਤ ਕਰ ਰਹੇ ਹਨ , ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੋਈ ਮੌਕਾ ਨਹੀਂ ਗੁਆਉਂਦੇ, ਕੋਈ ਕਸਰ ਨਹੀਂ ਰਹਿਣ ਦਿੰਦੇ .ਪ੍ਰਿੰਸੀਪਲ ਡਾ ਇੰਦਰਜੀਤ ਸਿੰਘ ਦੇ ਇਨ੍ਹਾਂ ਬਹੁਤ ਹੀ ਪਿਆਰੇ ਅਤੇ ਮੁਹੱਬਤੀ ਸ਼ਗਿਰਦਾਂ ਦੀ ਗਾਥਾ ਦਾ ਇੱਕ ਪਸਾਰ ਇਹ ਵੀ ਹੈ ਕਿ ਪ੍ਰਿੰਸੀਪਲ ਸਾਹਿਬ ਨੇ ਜ਼ਿੰਦਗੀ ਵਿੱਚ ਬਹੁਤ ਵੱਡੇ ਅਹੁਦੇ ਪ੍ਰਾਪਤ ਕੀਤੇ ਅਤੇ ਉਨ੍ਹਾਂ ਅਹੁਦਿਆਂ ਦੇ ਆਦਰਸੂਚਕ ਸੰਬੋਧਨਾਂ ਨਾਲ ਬਹੁਤ ਸਾਰੀ ਦੁਨੀਆ ਵੱਖ ਵੱਖ ਸਮੇਂ ਪ੍ਰੋਫ਼ੈਸਰ ਸਾਹਿਬ ,ਪ੍ਰਿੰਸੀਪਲ ਸਾਹਿਬ ਜਾਂ ਰਜਿਸਟਾਰ ਸਾਹਿਬ ਵਰਗੇ ਸੰਬੋਧਨਾਂ ਨਾਲ ਉਨ੍ਹਾਂ ਨੂੰ ਮੁਖਬਿਤ ਹੁੰਦੀ ਰਹੀ ਹੈ ਪਰ ਉਨ੍ਹਾਂ ਲਈ, ਉਨ੍ਹਾਂ ਦੇ ਮਨ ਵਿੱਚ, ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇਡ਼ੇ ਇਹੋ ਹੀ ਸੰਬੋਧਨ ਸੀ ਜੋ ਉਨ੍ਹਾਂ ਦੇ ਲਾਡਲੇ ਸ਼ਾਗਿਰਦਾਂ ਨੇ ਉਨ੍ਹਾਂ ਨੂੰ ਦਿੱਤਾ ਹੋਇਆ ਸੀ,’ ਭਾਅ ਜੀ ‘ . ਸ਼ਾਇਦ ਇਹ ਸਾਰਾ ਉਨ੍ਹਾਂ ਦੇ ਇਨ੍ਹਾਂ ਮੁਹੱਬਤ ਦੇ ਪੁਤਲੇ ਕਲਾਕਾਰ ਸ਼ਗਿਰਦਾਂ ਦੀ ਮੁਹੱਬਤ ਦੀ ਬਦੌਲਤ ਹੀ ਸੀ ਕਿ ਉਨ੍ਹਾਂ ਦੇ ਮਨ ਵਿਚ ਲਾਇਲਪੁਰ ਖਾਲਸਾ ਕਾਲਜ ਦਾ ਸਨੇਹ ਅਤੇ ਸਤਿਕਾਰ ਹਮੇਸ਼ਾਂ ਬਣਿਆ ਰਿਹਾ, ਉਨ੍ਹਾਂ ਨੂੰ ਹਮੇਸ਼ਾ ਇਹ ਲੱਗਦਾ ਰਿਹਾ ਕਿ ਜਿਵੇਂ ਲਾਇਲਪੁਰ ਖਾਲਸਾ ਕਾਲਜ ਉਨ੍ਹਾਂ ਦਾ ਆਪਣਾ ਘਰ ਹੈ, ਉਨ੍ਹਾਂ ਦੇ ਮਾਤਾ ਪਿਤਾ ਦਾ ਘਰ ਹੈ ਜਾਂ ਲਾਇਲਪੁਰ ਖ਼ਾਲਸਾ ਉਨ੍ਹਾਂ ਦਾ ਬਾਪ ਹੈ . .ਅੱਜ ਉਨ੍ਹਾਂ ਦਾ ਸਮੁੱਚਾ ਕਲਾ ਜਗਤ ਵਾਲਾ ਪਰਿਵਾਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਨਾਲ ਸਬੰਧਿਤ ਪਰਿਵਾਰ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਨਾਂ ‘ ਤੇ ਭੰਗੜਾ ਵਰਲਡ ਕੱਪ ਸ਼ੁਰੂ ਕਰਕੇ ਉਨ੍ਹਾਂ ਪ੍ਰਤੀ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਿਹਾ ਹੈ .ਪ੍ਰੋ ਇੰਦਰਜੀਤ ਸਿੰਘ ਜ਼ਿੰਦਾਬਾਦ ਹਨ ਅਤੇ ਜ਼ਿੰਦਾਬਾਦ ਰਹਿਣ ਗੇ.
ਆਮੀਨ!
