Screenshot
- ਗੈਰੀ ਮੈਸਨ —
ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਸਿਟੀ ਕੌੰਸਲ ਨੇ ਸਾਊਥ ਏਸ਼ੀਅਨ ਲੋਕਾਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਅਤੇ ਗੋਲੀਬਾਰੀ ਲਈ ਜ਼ਿੰਮੇਵਾਰ ਗੈਂਗਸਟਰਾਂ ਦੀ ਸੂਹ ਦੇਣ ਜਾਂ ਹੋਰ ਸਬੰਧਿਤ ਜਾਣਕਾਰੀ ਲਈ $250,000 ਦਾ ਇਨਾਮ ਐਲਾਨਿਆ ਗਿਆ ਸੀ।
ਉਸ ਸਮੇਂ, ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਉਹ ਪਿਛਲੇ ਕਈ ਮਹੀਨਿਆਂ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਸਬੰਧ ਵਿਚ 44 ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਜੂਨ ਵਿੱਚ, ਸਰੀ ਦੇ ਮੇਅਰ ਨੇ ਉਸ ਸਮੂਹ ਦੇ ਨਾਮ ਦਾ ਵੀ ਖੁਲਾਸਾ ਕੀਤਾ ਜੋ ਘੱਟੋ-ਘੱਟ ਉਨ੍ਹਾਂ ਘਟਨਾਵਾਂ ਵਿੱਚੋਂ ਕੁਝ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ, ਉੱਤਰੀ ਭਾਰਤ ਵਿੱਚ ਸਥਿਤ ਇੱਕ ਅਪਰਾਧਿਕ ਸੰਗਠਨ ਹੈ ਜਿਸਦਾ ਪ੍ਰਭਾਵ ਕੈਨੇਡਾ ਸਮੇਤ ਵਿਸ਼ਵ ਪੱਧਰ ‘ਤੇ ਵੇਖਿਆ ਜਾ ਸਕਦਾ ਹੈ । ਬਹੁਗਿਣਤੀ ਕੈਨੇਡੀਅਨਾਂ ਲਈ ਇਹ ਨਾਮ ਕੋਈ ਖਾਸ ਨਹੀ ਹੈ। ਜਦੋਂਕਿ ਕੈਨੇਡਾ ਦੇ ਸਾਉਥ ਏਸ਼ੀਆਈ ਲੋਕਾਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਨਾਮ ਡਰ ਅਤੇ ਗੁੱਸਾ ਦੋਵੇਂ ਪੈਦਾ ਕਰ ਕਰਦਾ ਹੈ। ਇਹੀ ਕਾਰਨ ਹੈ ਕਿ ਬੀ.ਸੀ., ਅਲਬਰਟਾ ਅਤੇ ਓਨਟਾਰੀਓ ਵਿੱਚ ਪੁਲਿਸ ਅਤੇ ਸਿਆਸਤਦਾਨ ਓਟਾਵਾ ਨੂੰ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਲੇਬਲ ਕਰਨ ਲਈ ਕਹਿ ਰਹੇ ਸਨ।
ਪਿਛਲੇ ਹਫ਼ਤੇ ਫੈਡਰਲ ਸਰਕਾਰ ਨੇ ਸਿਆਸਤਦਾਨਾਂ ਦੀ ਮੰਗ ਵੱਲ ਧਿਆਨ ਦਿੰਦਿਆਂ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨ ਦਿੱਤਾ ਜਿਸਦਾ ਅਰਥ ਹੈ ਕਿ ਕੈਨੇਡਾ ਵਿੱਚ ਇਸ ਗੈਂਗ ਦੀ ਮਲਕੀਅਤ ਵਾਲੀ ਕੋਈ ਵੀ ਚੀਜ਼, ਜਿਸ ਵਿੱਚ ਜਾਇਦਾਦ, ਬੈਂਕ ਖਾਤੇ ਅਤੇ ਵਾਹਨ ਸ਼ਾਮਲ ਹਨ, ਨੂੰ ਜ਼ਬਤ ਜਾਂ ਫ੍ਰੀਜ਼ ਕੀਤਾ ਜਾ ਸਕਦਾ ਹੈ। ਇਹ ਕਾਨੂੰਨ ਲਾਗੂ ਕਰਨ ਵਾਲਿਆਂ ਭਾਵ ਸੁਰੱਖਿਆ ਬਲਾਂ ਨੂੰ ਅੱਤਵਾਦੀ ਅਪਰਾਧਾਂ ਖਿਲਾਫ ਮੁਕੱਦਮਾ ਚਲਾਉਣ ਲਈ ਵਾਧੂ ਤਾਕਤ ਵੀ ਦਿੰਦਾ ਹੈ।
ਚੰਗਾ ਹੋਵੇਗਾ ਜੇਕਰ ਇਹ ਮਾਮਲੇ ਦਾ ਕੋਈ ਅੰਤ ਹੋ ਜਾਵੇ। ਸ਼ਾਇਦ ਹੁਣ ਜਦੋਂ ਇਹ ਗੈਂਗ ਇੱਕ ਉੱਚ-ਪ੍ਰੋਫਾਈਲ ਨਿਸ਼ਾਨੇ ਤੇ ਹੈ, ਤਾਂ ਹੁਣ ਪੁਲਿਸ ਕੋਲ ਹੁਣ ਇਨ੍ਹਾਂ ਅਪਰਾਧਾਂ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਵਾਧੂ ਸਾਧਨ ਉਪਲਬਧ ਹੋਣਗੇ, ਜਿਸ ਦੇ ਨਤੀਜੇ ਵਜੋਂ ਕੁਝ ਦੋਸ਼ੀਆਂ ਖਿਲਾਫ ਦੋਸ਼ ਆਇਦ ਹੋ ਸਕਣਗੇ ਜਿਸ ਨਾਲ ਜਬਰੀ ਵਸੂਲੀ ਦੀਆਂ ਧਮਕੀਆਂ ਅਤੇ ਪੀੜਤਾਂ ਨੂੰ ਰਾਹਤ ਮਿਲ ਸਕੇਗੀ। ਇਕ ਹਿੰਸਾ ਦਾ ਅੰਤ ਹੋ ਸਕੇਗਾ।
ਭਾਰਤ ਇਸ ਗੱਲ ‘ਤੇ ਚੁੱਪ ਹੈ ਕਿ ਕੈਨੇਡਾ ਵੱਲੋਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੂਚੀਬੱਧ ਕਰਨ ਨਾਲ ਸਬੰਧਾਂ ਵਿੱਚ ਗਰਮਜੋਸ਼ੀ ਕਿਵੇਂ ਆਵੇਗੀ। ਬੇਸ਼ੱਕ, ਇਹ ਬਿਲਕੁਲ ਵੀ ਸਧਾਰਨ ਮਾਮਲਾ ਨਹੀਂ ਹੈ। ਸਗੋਂ, ਇਸ ਵਿਚ ਇਕ ਰਾਜਨੀਤੀ ਦੀ ਖੇਡ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ, ਕੈਨੇਡਾ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। 2023 ਵਿੱਚ ਦੋਵਾਂ ਮੁਲਕਾਂ ਦੇ ਸਬੰਧ ਵਿਚ ਤਣਾਅ ਬਣ ਗਏ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਸਰਕਾਰ ‘ਤੇ ਸਰੀ ਦੇ ਇੱਕ ਧਾਰਮਿਕ ਸਥਾਨ ਦੀ ਪਾਰਕਿੰਗ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਸੀ । ਮਈ, 2024 ਵਿੱਚ ਸਿੱਖ ਕਾਰਕੁੰਨ ਨਿੱਝਰ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਨੇ ਉਸੇ ਸਾਲ ਦੇ ਅੰਤ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਇਸੇ ਦੌਰਾਨ ਅਮਰੀਕਾ ਨਾਲ ਵਪਾਰਕ ਸਬੰਧਾਂ ਦੀ ਖ਼ਤਰਨਾਕ ਸਥਿਤੀ ਨੂੰ ਦੇਖਦੇ ਹੋਏ, ਸ਼੍ਰੀ ਕਾਰਨੀ ਨੇ ਸਮਝਦਾਰੀ ਨਾਲ ਨਵੇਂ ਆਰਥਿਕ ਭਾਈਵਾਲਾਂ ਦੀ ਭਾਲ ਸ਼ੁਰੂ ਕੀਤੀ ਹੈ। ਜਦੋਂਕਿ ਸਾਊਥ ਏਸ਼ੀਆ, ਕੈਨੇਡਾ ਲਈ ਇਮੀਗ੍ਰੇਸ਼ਨ ਦਾ ਸਭ ਤੋਂ ਵੱਡਾ ਸਰੋਤ ਹੈ। ਸਾਉਥ ਏਸ਼ੀਆ ਵਿਚ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਵਧੇਰੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿੱਚ ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ ਤਰਕਪੂਰਨ ਹੈ। 2024 ਵਿੱਚ, ਭਾਰਤ ਨਾਲ ਦੁਵੱਲਾ ਵਪਾਰ $30 ਬਿਲੀਅਨ ਤੋਂ ਵੱਧ ਤੱਕ ਸੀ। ਪਿਛਲੇ ਸਾਲ ਭਾਰਤ ਸਾਡਾ ਸੱਤਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ, ਜਦੋਂ ਕਿ ਅਸੀਂ ਭਾਰਤ ਦੇ ਸਿਰਫ਼ 30ਵੇਂ ਸਥਾਨ ‘ਤੇ ਸਾਂ । ਸਪੱਸ਼ਟ ਤੌਰ ‘ਤੇ ਵਿਕਾਸ ਲਈ ਜਗ੍ਹਾ ਹੈ।
ਜਿਥੋਂ ਤੱਕ ਬਿਸ਼ਨੋਈ ਗੈਂਗ ਦਾ ਸਵਾਲ ਹੈ। ਜਿਸ ਬਾਰੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਹ ਭਾਰਤ ਸਰਕਾਰ ਦੇ ਆਸ਼ੀਰਵਾਦ ਨਾਲ ਆਪਣੇ ਗਿਰੋਹ ਦੀਆਂ ਕਾਰਵਾਈਆਂ ਚਲਾ ਰਿਹਾ ਹੈ । ਭਾਵੇਂਕਿ ਕਿਸੇ ਨੇ ਇਸਦਾ ਪੱਕਾ ਸਬੂਤ ਪੇਸ਼ ਨਹੀਂ ਕੀਤਾ ਹੈ ਪਰ ਤੁਹਾਨੂੰ ਹੈਰਾਨ ਹੋਣਾ ਪਵੇਗਾ ਕਿ ਬਿਸ਼ਨੋਈ ਗਿਰੋਹ ਵਰਗਾ ਅਪਰਾਧਿਕ ਸੰਗਠਨ ਜਿਸਦਾ ਮੁਖੀ ਲਾਰੈਸ਼ ਬਿਸ਼ਨੋਈ ਪਿਛਲੇ 10 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ, ਦੇ ਨਿਰਦੇਸ਼ਾਂ ‘ਤੇ ਕਿਵੇਂ ਆਪਣੀ ਸਰਗਰਮੀਆਂ ਚਲਾ ਰਿਹਾ ਹੈ।
ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ: ਲਾਰੈਂਸ ਬਿਸ਼ਨੋਈ ਵੱਖ-ਵੱਖ ਅਪਰਾਧਾਂ ਲਈ ਇੱਕ ਦਹਾਕੇ ਤੋਂ ਜੇਲ੍ਹ ਵਿੱਚ ਹੈ। ਪਰ ਉਸਨੂੰ ਆਪਣੇ ਲੈਫਟੀਨੈਂਟਾਂ ਨਾਲ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਨੂੰ ਵੱਖ-ਵੱਖ ਨਿਰਦੇਸ਼ ਦੇਣ ਲਈ ਸਾਧਨ ਵੀ ਪ੍ਰਦਾਨ ਕੀਤੇ ਗਏ ਹਨ। ਜੇਕਰ ਸ਼੍ਰੀ ਮੋਦੀ ਉਸਦੀਆਂ ਗਤੀਵਿਧੀਆਂ ਨੂੰ ਬੰਦ ਕਰਨਾ ਚਾਹੁਣ , ਤਾਂ ਉਹ ਬਿਸ਼ਨੋਈ ਨੂੰ ਇਕਾਂਤ ਕੈਦ ਵਿੱਚ ਪਾ ਸਕਦੇ ਸਨ, ਜਾਂ ਘੱਟੋ-ਘੱਟ ਉਸ ਦਾ ਸੈੱਲ ਫੋਨ ਖੋਹ ਸਕਦੇ ਸਨ। ਪਰ ਰਾਜਸੀ ਖੇਡਾਂ ਹਨ ਕਿ ਗਿਰੋਹ ਦੇ ਮੁਖੀ ਨੂੰ ਲੋਕ ਨਾਇਕ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਮੇਂ ਅਮਰੀਕਾ-ਕੈਨੇਡਾ ਸਬੰਧਾਂ ਮੱਠੇ ਹਨ। ਟਰੰਪ ਦੇ ਟੈਰਿਫਾਂ ਤੋਂ ਆਰਥਿਕ ਨਤੀਜੇ ਨੂੰ ਦੇਖਦੇ ਹੋਏ, ਇਹ ਸੋਚਣਾ ਪੈ ਰਿਹਾ ਹੈ ਕਿ ਅਸੀਂ ਉਨ੍ਹਾਂ ਦੇਸ਼ਾਂ ਨੂੰ ਨਾਰਾਜ਼ ਨਾ ਕਰੀਏ ਜਿਨ੍ਹਾਂ ਵੱਲ ਅਸੀ ਵਪਾਰਕ ਵਿਕਲਪਾਂ ਵਜੋਂ ਵਧੇਰੇ ਧਿਆਨ ਦੇ ਰਹੇ ਹਾਂ। ਪਰ ਬੇਸ਼ੱਕ, ਅਸੀਂ ਇਸ ਦੇਸ਼ ਵਿੱਚ ਕਾਨੂੰਨ ਅਤੇ ਨਿਆਂ ਦੀ ਕੀਮਤ ‘ਤੇ ਕੋਈ ਸਮਝੌਤਾ ਨਹੀ ਕਰ ਸਕਦੇ ਪਰ ਇੱਥੇ ਇੱਕ ਉਮੀਦ ਵੀ ਹੈ ਕਿ ਭਾਰਤ ਨੇ ਹੁਣ ਬਿਸ਼ਨੋਈ ਗੈਂਗ ਦੀ ਰੱਖਿਆ ਨਾ ਕਰਨ ਦਾ ਫੈਸਲਾ ਕੀਤਾ ਹੈ।
ਓਟਾਵਾ ਨੇ ਬਿਸ਼ਨੋਈ ਗਿਰੋਹ ਨੂੰ ਇੱਕ ਅੱਤਵਾਦੀ ਸਮੂਹ ਨਾਮਜ਼ਦ ਕਰਕੇ ਸਹੀ ਕੰਮ ਕੀਤਾ ਹੈ । ਜਿੰਨੀ ਜਲਦੀ ਹੋ ਸਕੇ ਇਸਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਕੈਨੇਡਾ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ। ਇਹੀ ਸਭ ਦੇ ਹਿੱਤ ਵਿਚ ਹੈ।
( ਲੇਖਕ ਦਾ ਗਲੋਬ ਐਂਡ ਮੇਲ ਦਾ ਸੀਨੀਅਰ ਕਾਲਮਨਵੀਸ ਹੈ )
