ਐਡਮਿੰਟਨ (ਗੁਰਪ੍ਰੀਤ ਸਿੰਘ)-ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿੱਚ ਪੁਲਿਸ ਵੱਲੋਂ ਡੋਡਿਆਂ ਦੀ ਖੇਤੀ ਕਰਨ ਸਬੰਧੀ ਭਾਰਤੀ ਮੂਲ ਦੇ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਡਮਿੰਟਨ ਡਰੱਗ ਐਂਡ ਗੈਂਗ ਇਨਫੋਰਸਮੈਂਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡੋਡਿਆਂ ਦੀ ਇਹ ਖੇਤੀ ਐਡਮਿੰਟਨ ਦੇ ਨੌਰਥ ਈਸਟ ਖੇਤਰ 34 ਸਟਰੀਟ ਤੇ 195 ਐਵਨਿਊ ਨੌਰਥ ਵੈਸਟ ਖੇਤਰ ਵਿੱਚ ਹੋ ਰਹੀ ਸੀ ਅਤੇ ਲਗਭਗ 60 ਹਜ਼ਾਰ ਡੋਡਿਆਂ ਦੇ ਬੂਟੇ ਉਗਾਏ ਗਏ ਸਨ, ਜਿਸ ਦੀ ਕੀਮਤ ਲਗਭਗ ਇੱਕ ਲੱਖ 60 ਹਜ਼ਾਰ ਡਾਲਰ ਤੋਂ ਲੈ ਕੇ 5 ਲੱਖ ਡਾਲਰ ਦੇ ਵਿਚਾਲੇ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਡੋਡਿਆਂ ਦੀ ਇਹ ਖੇਤੀ ਗੈਰ ਕਾਨੂੰਨੀ ਢੰਗ ਦੇ ਨਾਲ ਡੋਡੇ ਅਤੇ ਭੁੱਕੀ ਆਦਿ ਵੇਚਣ ਲਈ ਕੀਤੀ ਜਾ ਰਹੀ ਸੀ ਹਾਲਾਂਕਿ ਪੁਲਿਸ ਨੂੰ ਅਜੇ ਇਹ ਪਤਾ ਨਹੀਂ ਲੱਗਾ ਕਿ ਡੋਡਿਆਂ ਦੇ ਇਨਾਂ ਬੂਟਿਆਂ ਤੋਂ ਭੁੱਕੀ ਕਿੱਥੇ ਤਿਆਰ ਕੀਤੀ ਜਾਂਦੀ ਸੀ। ਜਿਸ ਵਕਤ ਡੋਡਿਆਂ ਦੀ ਇਸ ਖੇਤੀ ਦਾ ਪਤਾ ਲੱਗਾ ਤਾਂ ਓਦੋਂ ਪੰਜ ਤੋਂ ਸੱਤ ਦਿਨ ਅਜੇ ਹੋਰ ਇਹਨਾਂ ਦੇ ਪੱਕਣ ਵਿੱਚ ਲੱਗਣੇ ਸਨ। ਪੁਲਿਸ ਨੇ ਦੱਸਿਆ ਕਿ ਜਿੰਨਾ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨਾਂ ਵਿਚ ਸੁਖਦੀਪ ਧਨੋਆ 42, ਕੁਲਵਿੰਦਰ ਸਿੰਘ 40, ਸੰਦੀਪ ਡੰਡੀਵਾਲ 33 ਅਤੇ ਗੁਰਪ੍ਰੀਤ ਸਿੰਘ 30 ਸ਼ਾਮਿਲ ਹਨ ‘ਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਅਤੇ ਪਦਾਰਥਾਂ ਦੇ ਐਕਟ ਦੀ ਧਾਰਾ 7(1) ਦੇ ਉਲਟ, ਨਿਯੰਤਰਿਤ ਪਦਾਰਥਾਂ ਦੇ ਉਤਪਾਦਨ ਦਾ ਦੋਸ਼ ਲਗਾਇਆ ਗਿਆ ਹੈ।
ਵਰਨਣ ਯੋਗ ਹੈ ਕਿ ਜਿੰਨੇ ਖੇਤਰ ਵਿੱਚ ਐਡਮਿੰਟਨ ਵਿੱਚ ਡੋਡੇ ਬੀਜੇ ਗਏ ਸਨ ਸਾਲ 2010 ਵਿੱਚ ਇਸ ਤੋਂ ਤਿੰਨ ਗੁਣਾ ਜਿਆਦਾ ਖੇਤਰ ਵਿੱਚ ਬੀਜੀ ਗਈ ਡੋਡਿਆਂ ਦੀ ਫਸਲ ਬ੍ਰਿਟਿਸ਼ ਕੋਲੰਬੀਆ ਦੇ ਚਲਾਵੈਕ ਵਿੱਚ ਫੜੀ ਗਈ ਸੀ।


