Apr 23, 2026

ਸਿੱਖ ਜਥੇ ਚੋਂ ਹਿੰਦੂ ਯਾਤਰੀਆਂ ਨੂੰ ਅਲਗ ਕਰਨਾ ਅਤਿ ਨਿੰਦਣਯੋਗ-

ਸੁਖਵਿੰਦਰ ਸਿੰਘ ਚੋਹਲਾ—

ਜੰਮੂ-ਕਸ਼ਮੀਰ ਵਿਚ ਪਹਿਲਗਾਮ ਅਤਵਾਦੀ ਹਮਲੇ ਅਤੇ ਭਾਰਤ ਵਲੋਂ ਪਾਕਿਸਤਾਨੀ ਸ਼ਹਿ ਪ੍ਰਾਪਤ ਅਤਵਾਦੀਆਂ ਖਿਲਾਫ ਕਾਰਵਾਈ ਲਈ ਅਪ੍ਰੇਸ਼ਨ ਸਿੰਧੂਰ ਕਾਰਣ ਦੋਵਾਂ ਮੁਲਕਾਂ ਵਿਚਾਲੇ ਜੰਗ ਵਾਲੇ ਮਾਹੌਲ ਅਤੇ ਤਣਾਅ ਭਰੇ ਸਬੰਧਾਂ ਕਾਰਣ ਇਸ ਵਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਬੜੀ ਮੁਸ਼ਕਲ ਨਾਲ ਮਨਜੂਰੀ ਦਿੱਤੀ ਗਈ। ਸਿੱਖ ਸੰਸਥਾਵਾਂ ਅਤੇ ਸਿਆਸੀ ਆਗੂਆਂ ਦੀਆਂ ਕੋਸ਼ਿਸ਼ਾਂ ਉਪਰੰਤ ਭਾਰਤ ਸਰਕਾਰ ਵਲੋਂ ਸਿਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਦੀ ਮਨਜੂਰੀ ਅਤੇ ਪਾਕਿਸਤਾਨ ਵਲੋਂ ਲਗਪਗ 1900 ਯਾਤਰੀਆਂ ਦੇ ਵੀਜੇ ਜਾਰੀ ਕਰਨ ਉਪਰੰਤ ਇਹ ਜਥਾ ਗੁਰਪੁਰਬ ਮਨਾਉਣ ਪਾਕਿਸਤਾਨ ਗਿਆ । ਪਰ ਇਸ ਦੌਰਾਨ ਅਟਾਰੀ ਸਰਹੱਦ ਤੇ ਸਿੱਖ ਜਥੇ ਵਿਚ ਸ਼ਾਮਿਲ ਕੁਝ ਹਿੰਦੂ ਯਾਤਰੀਆਂ ਨਾਲ ਪਾਕਿਸਤਾਨੀ ਅਧਿਕਾਰੀਆਂ ਵਲੋਂ ਜੋ ਸਲੂਕ ਕੀਤਾ ਗਿਆ ਹੈ, ਉਹ ਬਹੁਤ ਹੀ ਨਿੰਦਾਜਨਕ ਅਤੇ ਗੁਰੂ ਸਾਹਿਬ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਸੱਟ ਮਾਰਨ ਵਾਲਾ ਹੈ। ਅਟਾਰੀ ਸਰਹੱਦ ਉਪਰ ਜਦੋਂ ਇਹ ਹਿੰਦੂ ਯਾਤਰੀ ਇਮੀਗ੍ਰੇਸ਼ਨ ਕਲੀਅਰ ਹੋਣ ਉਪਰੰਤ ਯਾਤਰਾ ਵਾਲੀਆਂ ਬੱਸਾਂ ਵਿਚ ਬੈਠ ਗਏ ਸਨ ਤਾਂ ਵਰਦੀਧਾਰੀ ਅਧਿਕਾਰੀਆਂ ਵਲੋਂ ਉਹਨਾਂ ਦੇ ਨਾਮ ਪੁੱਛਕੇ ਅਤੇ ਹਿੰਦੂ ਹੋਣ ਵਜੋਂ ਵੱਖਰੇ ਕਰਦਿਆਂ, ਇਹ ਕਿਹਾ ਗਿਆ ਹੈ ਕਿ ਉਹ ਹਿੰਦੂ ਹਨ, ਸਿੱਖ ਜਥੇ ਵਿਚ ਸ਼ਾਮਿਲ ਨਹੀ ਹੋ ਸਕਦੇ, ਬੱਸਾਂ ਚੋਂ ਉਤਾਰ ਦਿੱਤਾ ਗਿਆ। ਸਮਝਿਆ ਜਾ ਸਕਦਾ ਹੈ ਕਿ ਸ਼ਰਧਾ ਅਤੇ ਉਤਸ਼ਾਹ ਨਾਲ ਨਨਕਾਣਾ ਸਾਹਿਬ ਜਾਣ ਵਾਲੇ ਇਹਨਾਂ ਹਿੰਦੂ ਯਾਤਰੀਆਂ ਨਾਲ ਜਦੋਂ ਧਰਮ ਦੇ ਆਧਾਰ ਤੇ ਇਹ ਵਿਤਕਰਾ ਕਰਦਿਆਂ ਬੱਸਾਂ ਚੋਂ ਉਤਾਰਿਆ ਗਿਆ ਤਾਂ ਉਹਨਾਂ ਦੇ ਮਨਾਂ ਤੇ ਕੀ ਬੀਤੀ ਹੋਵੇਗੀ। ਜਥੇ ਚੋਂ ਬਾਹਰ ਕੱਢੇ ਗਏ 14 ਹਿੰਦੂ ਯਾਤਰੀਆਂ ਚੋਂ ਦਿੱਲੀ ਨਿਵਾਸੀ ਅਮਰ ਚੰਦ ਨੇ ਇਸ ਘਟਨਾ ਨੂੰ ਬਿਆਨ ਕਰਦਿਆਂ ਕਿਹਾ ਕਿ ਜਦੋਂ ਉਹਨਾਂ ਨੂੰ ਬੱਸਾਂ ਚੋਂ ਹਿੰਦੂ ਨਾਮ ਦੀ ਪਛਾਣ ਕਾਰਣ ਬਾਹਰ ਕੱਢਿਆ ਗਿਆ ਤਾਂ ਉਹਨਾਂ ਲਈ ਪਹਿਲਗਾਮ ਅਤਵਾਦੀ ਹਮਲਾ ਮੁੜ ਵਾਪਰਨ ਵਰਗਾ ਅਹਿਸਾਸ ਸੀ। ਭਾਵੇਂਕਿ ਖਬਰ ਹੈ ਕਿ ਅਮਰ ਚੰਦ ਦਾ ਪਰਿਵਾਰ ਤੇ ਕੁਝ ਹੋਰ ਹਿੰਦੂ ਯਾਤਰੀ ਕਿਸੇ ਸਮੇਂ ਪਾਕਿਸਤਾਨੀ ਸ਼ਹਿਰੀ ਸਨ ਤੇ ਉਹ  ਕੁਝ ਸਮਾਂ ਪਹਿਲਾਂ ਪਾਕਿਸਤਾਨ ਵਿਚ ਹਿੰਦੂਆਂ ਨਾਲ ਹੁੰਦੇ ਵਿਤਕਰੇ ਕਾਰਣ ਭਾਰਤ ਆ ਗਏ ਸਨ ਤੇ ਫਿਰ ਉਹਨਾਂ ਨੇ ਭਾਰਤੀ ਨਾਗਰਿਕਤਾ ਲੈ ਲਈ ਸੀ। ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹਨਾਂ ਹਿੰਦੂ ਯਾਤਰੀਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਬਦਲੇ ਦੀ ਕਾਰਵਾਈ ਤਹਿਤ ਸਿੱਖ ਜਥੇ ਵਿਚ ਪਾਕਿਸਤਾਨ ਜਾਣ ਤੋਂ ਰੋਕਿਆ। ਅਗਰ ਪਾਕਿਸਤਾਨੀ ਅਧਿਕਾਰੀਆਂ ਨੇ ਇਹਨਾਂ ਹਿੰਦੂ ਯਾਤਰੀਆਂ ਨੂੰ ਸਾਬਕਾ ਪਾਕਿਸਤਾਨੀ ਹੋਣ ਜਾਂ ਭਾਰਤੀ ਸ਼ਹਿਰੀ ਬਣਨ ਉਪਰੰਤ ਪਾਕਿਸਤਾਨ ਦੀ ਬਦਨਾਮੀ ਕਰਨ ਦੇ ਦੋਸ਼ਾਂ ਤਹਿਤ ਸਿੱਖ ਜਥੇ ਚੋਂ ਬਾਹਰ ਕੱਢਿਆ ਹੋਵੇ ਫਿਰ ਵੀ ਪਾਕਿਸਤਾਨੀ ਅਧਿਕਾਰੀਆਂ ਦੀ ਇਸ ਕਾਰਵਾਈ ਨੂੰ ਅਤਿ ਮੰਦਭਾਗਾ ਤੇ ਸ਼ਰਮਨਾਕ ਹੀ ਮੰਨਿਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਸ਼ਰਧਾਲੂ ਉਸ ਗੁਰੂ ਦੇ ਪ੍ਰਕਾਸ਼ ਪੁਰਬ ਉਪਰ ਨਨਕਾਣਾ ਸਾਹਿਬ ਜਾ ਰਹੇ ਸਨ ਜਿਸ ਨੇ ਸਭ ਧਾਰਮਿਕ ਬਖੇੜਿਆਂ ਨੂੰ ਦੂਰ ਕਰਦਿਆਂ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਸਬਕ ਦਿੰਦਿਆਂ ਇਨਸਾਨੀਅਤ ਦਾ ਪੈਗਾਮ ਦਿੱਤਾ । ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦੇ ਨਾਲ ਅਮਰ ਚੰਦ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬਾਕਾਇਦਾ ਵੀਜਾ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਵੀਜੇ ਦੀਆਂ ਸ਼ਰਤਾਂ ਪੂਰੀਆਂ ਹੋਣ ਤੇ ਹੀ ਵੀਜੇ ਜਾਰੀ ਕੀਤੇ ਗਏ ਸਨ। ਪਰਿਵਾਰ ਨੇ ਇਸ ਯਾਤਰਾ ਲਈ ਲਗਪਗ 90,000 ਰੁਪਏ ਟਿਕਟਾਂ ਉਪਰ ਵੀ ਖਰਚੇ ਪਰ ਇਸਦੇ ਬਾਵਜੂਦ ਅਧਿਕਾਰੀਆਂ ਨੇ ਉਹਨਾਂ ਦੀ ਕੋਈ ਅਪੀਲ ਦਲੀਲ ਸੁਣਨ ਦੀ ਥਾਂ ਯਾਤਰੀ ਬੱਸ ਚੋ ਉਤਾਰ ਦਿੱਤਾ ਗਿਆ। ਧਰਮ ਦੇ ਨਾਮ ਹੇਠ ਪਾਕਿਸਤਾਨੀ ਅਧਿਕਾਰੀਆਂ ਵਲੋਂ ਕੀਤੇ ਗਏ ਇਸ ਅਮਾਨਵੀ ਵਿਵਹਾਰ ਨੇ ਪਾਕਿਸਤਾਨ ਦੇ ਉਹਨਾਂ ਦਾਅਵਿਆਂ ਦਾ ਭਾਂਡਾ ਭੰਨ ਦਿੱਤਾ ਜੋ ਇਹ ਕਹਿੰਦੇ ਨਹੀ ਥੱਕਦੇ ਕਿ ਪਾਕਿਸਤਾਨ ਵਿਚ ਗੈਰ ਮੁਸਲਿਮ ਲੋਕਾਂ ਨਾਲ ਕੋਈ ਵਿਤਕਰਾ ਨਹੀਂ ਹੁੰਦਾ।  ਇਸ ਘਟਨਾ ਨੇ ਪਾਕਿਸਤਾਨ ਵਿਚ ਪਨਪਦੀ ਉਸ ਮਾਨਸਿਕਤਾ ਨੂੰ ਵੀ ਨੰਗਿਆ ਕੀਤਾ ਹੈ ਜੋ ਗੈਰ ਮੁਸਲਮਾਨਾਂ ਪ੍ਰਤੀ ਵੈਰ ਭਾਵ ਰੱਖਦੀ ਹੈ ਤੇ ਜਿਸਦਾ ਪਾਕਿਸਤਾਨ ਵਿਚ ਹਰ ਪੱਧਰ ਤੇ ਦੱਬ -ਦਬਾਅ ਹੈ।   

ਇਸ ਘਟਨਾ ਨੇ ਪਾਕਿਸਤਾਨ ਦੀ ਉਸ ਮਾਨਸਿਕਤਾ ਨੂੰ ਵੀ ਨੰਗਿਆ ਕੀਤਾ ਹੈ ਜੋ ਧਰਮ ਦੇ ਨਾਮ ਹੇਠ ਖੁਦ ਨੂੰ ਸ੍ਰੇਸ਼ਟ ਹੋਣ ਅਤੇ ਦੂਸਰੇ ਧਰਮਾਂ ਦੇ ਲੋਕਾਂ ਖਾਸ ਕਰਕੇ ਹਿੰਦੂਆਂ ਨੂੰ ਨੀਵਾਂ ਵਿਖਾਉਣ ਨੂੰ ਆਪਣਾ ਅਧਿਕਾਰ ਸਮਝਦੇ ਹਨ। ਇਸ ਤਰਾਂ ਕਰਦਿਆਂ ਉਹ ਸਿੱਖ ਭਾਈਚਾਰੇ ਪ੍ਰਤੀ ਪਿਆਰ ਤੇ ਸਨੇਹ ਦਾ ਹੇਜ ਜਿਤਾਉਂਣ ਦੇ ਪਰਦੇ ਹੇਠ ਧਾਰਮਿਕ ਕੱਟੜਤਾ ਨੂੰ ਵੀ ਬੜਾਵਾ ਦੇਣ ਦਾ ਯਤਨ ਕਰਦੇ ਹਨ। ਭਾਰਤ ਅਤੇ ਪਾਕਿਸਤਾਨ ਦੀ ਵੰਡ ਦੋ ਕੌਮਾਂ ਦੇ ਸਿਧਾਂਤ ਨੂੰ ਧਿਆਨ ਵਿਚ ਰੱਖਕੇ ਕੀਤੀ ਗਈ ਸੀ। ਮੁਸਲਿਮ ਆਗੂਆਂ ਨੇ ਮੁਸਲਿਮ ਭਾਈਚਾਰੇ ਲਈ ਆਪਣਾ ਅਲਗ ਮੁਲਕ ਬਣਾ ਲਿਆ। ਮੁਸਲਿਮ ਭਾਈਚਾਰੇ ਨੂੰ ਆਪਣਾ ਅਲਗ ਮੁਲਕ ਬਣਾਉਣ ਤੋਂ ਬਾਦ ਆਪਣੇ ਲੋਕਾਂ ਅਤੇ ਮੁਲਕ ਨੂੰ ਤਰੱਕੀ ਅਤੇ ਵਿਕਾਸ ਵਲ ਅੱਗੇ ਵਧਣ ਦੇ ਨਾਲ ਆਪਣੇ ਗਵਾਂਢੀ ਮੁਲਕ ਨਾਲ ਪਿਆਰ ਅਤੇ ਸ਼ਾਂਤੀ ਬਣਾਉਣ ਦੀ ਵਧੇਰੇ ਲੋੜ ਸੀ ਪਰ ਦੁਖਦਾਈ ਪਹਿਲੂ ਹੈ ਕਿ ਦੋਵਾਂ ਮੁਲਕਾਂ ਦੇ ਸਿਆਸਤਦਾਨ ਅੱਜ ਵੀ ਆਪਣੀ ਰਾਜਸੱਤਾ ਦੀ ਮਜ਼ਬੂਤੀ ਦੋਵਾਂ ਭਾਈਚਾਰਿਆਂ ਵਿਚ ਨਫਰਤ ਅਤੇ ਕੁੜੱਤਣ ਭਰੇ ਮਾਹੌਲ ਵਿਚੋਂ ਭਾਲਦੇ ਹਨ। ਪਰ ਇਸ ਵਾਰ ਪਾਕਿਸਤਾਨੀ ਅਧਿਕਾਰੀਆਂ ਵਲੋਂ ਜੋ ਇਹ ਨਫਰਤੀ ਘਟਨਾ ਮਨੁੱਖਤਾ ਦੇ ਰਹਿਬਰ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਉਜਾਗਰ ਹੋਈ ਹੈ, ਬਹੁਤ  ਦੀ ਦੁਖਦਾਈ ਤੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਜਦੋਂਕਿ ਦੋਵਾਂ ਮੁਲਕਾਂ ਅਤੇ ਧਾਰਮਿਕ ਭਾਈਚਾਰਿਆਂ ਵਿਚ ਇਕ ਸਾਂਝ ਦੀ ਮਜਬੂਤੀ ਅਤੇ ਫਿਰਕੂ ਇਕਸੁਰਤਾ ਦੇ ਮਕਸਦ ਨੂੰ ਬੜਾਵਾ ਦੇਣ ਲਈ ਇਸ ਪ੍ਰਕਾਸ਼ ਪੁਰਬ ਨੂੰ ਸਾਂਝੇ ਪੁਰਬ ਵਜੋਂ ਹੀ ਮਾਨਤਾ ਹੈ। ਇਸ ਘਟਨਾ ਦੀ ਸਿੱਖ ਸੰਸਥਾਵਾਂ, ਹਿੰਦੂ ਜਥੇਬੰਦੀਆਂ ਅਤੇ ਸੂਝਵਾਨ ਆਗੂਆਂ ਨੇ ਕਰੜੀ ਨਿੰਦਾ ਕੀਤੀ ਹੈ। ਭਾਰਤ ਸਰਕਾਰ ਨੂੰ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਕਿਸਤਾਨ ਨਾਲ ਸਫਾਰਤੀ ਪੱਧਰ ਤੇ ਗੱਲਬਾਤ ਕਰਨ ਦੀ ਲੋੜ ਹੈ ਤਾਂਕਿ ਧਾਰਮਿਕ ਸ਼ਰਧਾ ਤੇ ਮਿੱਟੀ ਦੀ ਸਾਂਝ ਨਾਲ ਜੁੜੇ ਆਵਾਮ ਵਿਚ ਨਫਰਤ ਨਹੀ ਪਿਆਰ ਅਤੇ ਇਤਫਾਕ ਨੂੰ ਕਿਸੇ ਆਂਚ ਤੋਂ ਬਚਾਇਆ ਜਾ ਸਕੇ। ਪ੍ਰਸ਼ਾਸਨਿਕ ਪੱਧਰ ਤੇ ਧਾਰਮਿਕ ਸ਼ਰਧਾਲੂਆਂ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਅਧਿਕਾਰੀਆਂ ਨੂੰ ਘੱਟੋ ਘੱਟ ਧਾਰਮਿਕ ਪ੍ਰੋਗਰਾਮਾਂ ਅਤੇ ਉਤਸਵਾਂ ਦੌਰਾਨ ਸੌੜੀ ਸੋਚ ਤੇ ਨਫਰਤੀ ਕਾਰਵਾਈਆਂ ਤੋਂ ਦੂਰ ਰਹਿਣ ਦੇ ਸਪੱਸ਼ਟ ਨਿਰਦੇਸ਼ ਹੋਣੇ ਚਾਹੀਦੇ ਹਨ।