ਸਰੀ, 15 ਨਵੰਬਰ ( ਸੰਦੀਪ ਸਿੰਘ ਧੰਜੂ)- ਸ਼ੰਭੂ ਬਾਰਡਰ ਦੇ ਨੇੜੇ 10 ਨਵੰਬਰ ਨੂੰ, ਮੋਟਰ ਸਾਈਕਲ ਉੱਤੇ ਸਵਾਰ ਇਕ ਲੁਟੇਰੇ ਵੱਲੋਂ ਟੈਕਸੀ ਡਰਾਈਵਰ ਨਾਲ਼ ਰਲ਼ ਕੇ, ਟੈਕਸੀ ਵਿਚ ਸਵਾਰ ਹੋ ਕੇ ਦਿੱਲੀ ਜਾ ਰਹੇ ਇਕ ਪਰਵਾਸੀ ਜੋੜੇ ਤੋਂ ਤਕਰੀਬਨ ਬਾਰਾਂ ਲੱਖ ਰੁਪਏ ਦੀ ਦੇਸੀ-ਵਿਦੇਸ਼ੀ ਨਕਦੀ ਅਤੇ ਗਹਿਣੇ ਲੁੱਟ ਲਏ ਗਏ।
ਇਹ ਜਾਣਕਾਰੀ ਦੁਆਬੇ ਦੇ ਪਿੰਡ ਬਿਲਗਾ ਵਿਚ ਆਸਟਰੀਆ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹੋਏ ਅਤੇਲੁੱਟੇ ਗਏ ਤਕਰੀਬਨ 65 ਸਾਲਾਂ ਦੇ ਵਿਅਕਤੀ ਰਾਮ ਲੁਭਾਇਆ ਨੇ ਫੋਨ ਰਾਹੀਂ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਸਵਰੂਪ ਨਗਰ, ਦਿੱਲੀ ਵਿਚ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰਾ ਦਿੱਤੀ ਹੈ ਤੇ ਟੈਕਸੀ ਅਤੇ ਡਰਾਈਵਰ ਦੀ ਤਸਵੀਰ ਤੇ ਉਸ ਦੇ ਪਛਾਣ ਪੱਤਰ ਦੀਆਂ ਕਾਪੀਆਂ ਪੁਲੀਸ ਨੂੰ ਦੇ ਦਿੱਤੀਆਂ ਹਨ, ਪਰ ਅੱਜ ਤਕ ਕੋਈ ਗ਼ਿ੍ਰਫਤਾਰੀ ਨਹੀਂ ਹੋਈ।
ਲੁੱਟੇ ਗਏ ਮੁਸਾਫ਼ਰਾਂ ਦੇ ਦੱਸਣ ਅਨੁਸਾਰ ਉਹ ਅਤੇ ਉਸ ਦੀ ਪਤਨੀ ਪ੍ਰਦੀਪ, ਵਾਰਦਾਤ ਵਾਲ਼ੇ ਦਿਨ ਕਾਰ (ਨੰਬਰ ਪੀ ਬੀ ਜ਼ੀਰੋ 1 ਐੱਫ 1814) ਵਿਚ ਸਵਾਰ ਹੋ ਕੇ, ਦਿੱਲੀ ਵਿਚ ਆਪਣੇ ਰਿਸ਼ਤਦਾਰਾਂ ਨੂੰ ਮਿਲ਼ਣ ਜਾ ਰਹੇ ਸਨ ਕਿ ਡਰਾਈਵਰ ਸੰਜੀਵ ਘਈ ਨੇ ਸ਼ੰਭੂ ਬਾਰਡਰ ਨੇੜੇ ਆਪਣੀ ਮਰਜ਼ੀ ਦੇ ਕਿਸੇ ਢਾਬੇ ਉੱਤੇ ਗੱਡੀ ਰੋਕੀ ਤੇ ਉਨ੍ਹਾਂ ਨੂੰ ਰੋਟੀ ਖਾਣ ਲਈ ਕਿਹਾ।
ਉਹ ਰੋਟੀ ਖਾਣ ਲੱਗ ਪਏ ਪਰ ਡਰਾਈਵਰ ਉੱਥੋਂ ਉਰ੍ਹਾਂ-ਪਰ੍ਹਾਂ ਹੋ ਗਿਆ। ਸ਼ਾਇਦ ਉਸ ਦੌਰਾਨ ਉਸ ਨੇ ਉਸ ਬੈਗ ਦੀ ਤਲਾਸ਼ੀ ਲੈ ਲਈ ਸੀ, ਜਿਸ ਵਿਚ ਤਿੰਨ ਜੋੜੇ ਸੋਨੇ ਦੀਆਂ ਵਾਲ਼ੀਆਂ, ਦੋ ਸੋਨੇ ਦੀਆਂ ਮੁੰਦੀਆਂ, ਦੋ ਵਿਦੇਸ਼ੀ ਗੁਟ-ਘੜੀਆਂ, ਇਕ ਹਜ਼ਾਰ ਪਾਊਂਡ, ਚਾਰ ਸੌ ਯੂਰੋ ਅਤੇ ਤੇਤੀ ਹਜ਼ਾਰ ਰੁਪਏ ਭਾਰਤੀ ਕਰੰਸੀ ਸੀ। ਇਸ ਤੋਂ ਇਲਾਵਾ ਉਸ ਬੈਗ ਵਿਚ, ਉਨ੍ਹਾਂ ਦੋਹਾਂ ਦੇ ਵਿਦੇਸ਼ੀ ਪਾਸਪੋਰਟ ਅਤੇ ਇਕ ਸੈੱਲ ਫੋਨ ਵੀ ਸੀ।
ਰੋਟੀ ਖਾ ਕੇ ਢਾਬੇ ਤੋਂ ਚੱਲਣ ਮਗਰੋਂ ਡਰਾਈਵਰ ਸੰਜੀਵ ਨੇ ਕਾਰ ਦੀ ਰਫ਼ਤਾਰ ਮੱਧਮ ਹੀ ਰੱਖੀ। ਉਹ ਦਿੱਲ਼ੀ ਵੱਲ ਨੂੰ ਜਾ ਹੀ ਰਹੇ ਸਨ ਕਿ ਪਿੱਛਿਉਂ ਇਕ ਮੋਟਰ ਸਾਈਕਲ ਸਵਾਰ ਆਇਆ, ਜਿਸ ਨੇ ਕਾਰ ਦੇ ਬਰਾਬਰ ਜਾ ਕੇ ਕਾਰ ਦੇ ਟਾਇਰਾਂ ਵੱਲ ਇਸ਼ਾਰਾ ਕਰ ਕੇ ਕਾਰ ਰੋਕਣ ਲਈ ਕਿਹਾ। ਡਰਾਈਵਰ ਨੇ ਕਾਰ ਰੋਕ ਕੇ ਕਾਰ ਦੇ ਟਾਇਰ ਦੇਖੇ, ਜੋ ਬਿਲਕੁਲ ਸਹੀ ਸਨ। ਫਿਰ ਡਰਾਈਵਰ ਨੇ ਕਾਰ ਦਾ ਬੋਨੱਟ ਖੋਲ੍ਹ ਕੇ ਇੰਜਨ ਦੇਖਣਾ ਸ਼ੁਰੂ ਕਰ ਲਿਆ। ਖੁੱਲ੍ਹੇ ਬੋਨੱਟ ਨਾਲ਼ ਕਾਰ ਨੂੰ ਹੋਏ ਉਹਲੇ ਜਿਹੇ ਵਿਚ, ਮੋਟਰ ਸਾਈਕਲ ਸਵਾਰ ਨੇ ਅਨਲ਼ੌਕ ਹੋਈ ਕਾਰ ਦੀ ਪਿਛਲੀ ਖਿੜਕੀ ਖੋਲ੍ਹੀ ਤੇ ਪਿਛਲੀ ਸੀਟ ਉੱਤੇ ਰੱਖਿਆ ਹੋਇਆ ਲੇਡੀਜ਼ ਬੈਗ ਖਿਸਕਾ ਲਿਆ। ਰਾਮ ਲੁਭਾਇਆ ਦੀ ਪਤਨੀ ਨੇ ਬੈਗ ਚੁੱਕੇ ਜਾਣ ਦੀ ਹਾਲ-ਦੁਹਾਈ ਪਾਈ, ਪਰ ਤਦ ਤਕ ਮੋਟਰ ਸਾਈਕਲ ਸਵਾਰ, ਜਿੱਧਰੋਂ ਆਇਆ ਸੀ, ਉੱਧਰ ਨੂੰ ਹੀ ਚਲਿਆ ਗਿਆ।
ਕੁਝ ਸਮੇਂ ਬਾਅਦ ਉਹੀ ਮੋਟਰ ਸਾਈਕਲ ਸਵਾਰ ਮੁੜ ਆਇਆ ਤੇ ਉਹ ਬੈਗ ਕਾਰ ਨੇੜੇ ਸੁੱਟ ਕੇ ਫਿਰ ਪਿੱਛੇ ਮੁੜ ਗਿਆ ਪਰ ਬੈਗ ਵਿਚ ਉਨ੍ਹਾਂ ਦੇ ਵਿਦੇਸ਼ੀ ਪਾਸਪੋਰਟਾਂ ਅਤੇ ਇਕ ਸੈੱਲ ਫੋਨ ਤੋਂ ਇਲਾਵਾ ਕੁੱਝ ਵੀ ਨਹੀਂ ਸੀ। ਇਸ ਵਾਰ ਵੀ ਕਾਰ ਦੇ ਡਰਾਈਵਰ ਨੇ ਉਸ ਲੁਟੇਰੇ ਨੂੰ ਕੁੱਝ ਵੀ ਨਾ ਕਿਹਾ।
ਘਟਨਾ ਉਪਰੰਤ ਪੁਲੀਸ ਨੂੰ ਫੋਨ ਕਰ ਕੇ ਐੱਫ. ਆਈ. ਆਰ. ਦਰਜ ਕਰਵਾ ਦਿਤੀ ਗਈ ਹੈ ਪੁਲਸ ਹਾਲੇ ਤਕ ਡਰਾਈਵਰ ਨੂੰ ਵੀ ਲੱਭ ਨਹੀਂ ਸਕੀ।
