Mar 7, 2026

ਪੁਸਤਕ ਦਾ ਸਿਰਲੇਖ : ਪਰਵਾਸ ਦੇ ਸਰੋਕਾਰ
ਲੇਖਕ ਦਾ ਨਾਂਂ : ਮਲਵਿੰਦਰ
ਪ੍ਰਕਾਸ਼ਕ  : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਪੰਨੇ  :  116,  ਮੁੱਲ :220 ਰੁਪਏ ($ 10)

ਸਮੀਖਿਆ- ਡਾ.ਪ੍ਰਿਤਪਾਲ ਸਿੰਘ ਮਹਿਰੋਕ
ਮੋਬਾਈਲ : 98885-10185
‘ਪਰਵਾਸ ਦੇ ਸਰੋਕਾਰ’ ਪੁਸਤਕ ਦੀ ਆਮਦ ਨਾਲ ਮਲਵਿੰਦਰ ਆਪਣੀ 11ਵੀਂ ਪੁਸਤਕ ਲੈ ਕੇ ਆਪਣੇ ਪਾਠਕਾਂ ਨੂੰ ਮੁਖ਼ਾਤਿਬ ਹੋ ਰਿਹਾ ਹੈ। ਅਜੋਕੀ ਪੰਜਾਬੀ ਕਵਿਤਾ ਵਿੱਚ ਉਹ ਸਨਮਾਨਯੋਗ ਸਥਾਨ ਰੱਖਦਾ ਹੈ ਤੇ 9 ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਕਾਵਿ ਸਾਹਿਤ ਵਿੱਚ ਉਸਨੇ ਚੰਗਾ ਨਾਮ ਕਮਾਇਆ ਹੈ।ਵਾਰਤਕ ਦੀ ਇਹ ਉਸਦੀ ਦੂਜੀ ਪੁਸਤਕ ਹੈ।ਇਸ ਵਿੱਚ ਉਹ ਕੈਨੇਡਾ ਜਾ ਕੇ ਰਹਿਣ ਦੇ ਆਪਣੇ ਕੁਝ ਕਠੋਰ ਤੇ  ਕੁਝ ਖੁਸ਼ਨੁਮਾ ਅਨੁਭਵ ਉਲੀਕਦਾ ਹੈ।ਮਲਵਿੰਦਰ ਦੇ ਵਿਚਾਰ ਅਨੁਸਾਰ ਬਰੈਂਪਟਨ ਨਵਾਂ ਆਬਾਦ ਹੋ ਰਿਹਾ ਪੰਜਾਬ ਹੈ।ਉਥੇ ਪੰਜਾਬੀ ਜੀਵਨ ਦੇ ਵਿਭਿੰਨ ਰੰਗ-ਢੰਗ ਵੇਖੇ ਜਾ ਸਕਦੇ ਹਨ।ਨੂੰਹਾਂ-ਪੁੱਤਰਾਂ,ਧੀਆਂ-ਜਵਾਈਆਂ ਦੇ ਮਾਪੇ ਉਥੇ ਬੜੀ ਤਾਂਘ ਨਾਲ ਜਾਂਦੇ ਹਨ।ਸੁਭਾਵਿਕ ਹੈ ਕਿ ਉਥੇ ਉਨ੍ਹਾਂ ਦਾ ਦਿਲ ਨਹੀਂ ਲੱਗਦਾ।ਜਦੋਂ ਪਰਿਵਾਰ ਦਾ ਪਰਵਾਸ ਹੁੰਦਾ ਹੈ ਤਾਂਂ ਨਵੀਆਂ ਚੁਣੌਤੀਆਂ ਆ ਘੇਰਦੀਆਂ ਹਨ।ਆਪਣਿਆਂ ਦੇ ਵਿਵਹਾਰ ਵਿੱਚੋਂ ਰਿਸ਼ਤਿਆਂ ਦੇ ਸਵਾਰਥੀ ਤੇ ਮਸਨੂਈ ਹੋਣ ਦੀ ਅਸਲੀਅਤ ਸਮਝ ਆਉਣ ਲੱਗਦੀ ਹੈ।ਲੇਖਕ ਹਿਤਾਂ ਦੇ ਟਕਰਾਓ ਤੇ ਸਵਾਰਥੀ ਬਿਰਤੀ ਤੋਂ ਪੀੜਤ ਲੋਕਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।ਮਲਟੀਕਲਚਰਡ ਸਮਾਜ ਵਿੱਚ ਰਹਿਣਾ ਉਨ੍ਹਾਂ ਲਈ ਕਈ ਸਮੱਸਿਆਵਾਂ ਤੇ ਮਾਨਸਿਕ ਗੁੰਝਲਾਂ ਪੈਦਾ ਕਰਦਾ ਹੈ।ਮਲਵਿੰਦਰ ਲਿਖਦਾ ਹੈ-“ਇਸ ਪੁਸਤਕ ਵਿਚ ਮੈਂ ਪਰਵਾਸ ਹੰਢਾ ਰਹੇ ਵੱਖ-ਵੱਖ ਉਮਰ ਵਰਗ ਦੇ ਲੋਕਾਂ ਦੀ ਮਾਨਸਿਕਤਾ ਨੂੰ ਫੜਨ ਦਾ ਯਤਨ ਕੀਤਾ ਹੈ।”(ਪੰਨਾ 11)।
ਮਲਵਿੰਦਰ 2018 ਵਿੱਚ ਪਹਿਲੀ ਵਾਰ ਕੈਨੇਡਾ ਜਾਂਦਾ ਹੈ।ਉਸ ਪਿੱਛੋਂ ਉਸਦਾ ਉਥੇ ਜਾਣਾ-ਆਉਣਾ ਹੁਣ ਤੱਕ ਜਾਰੀ ਹੈ।ਆਪਣੀਆਂ ਕੈਨੇਡਾ ਦੀਆਂ ਫੇਰੀਆਂ ਦੌਰਾਨ ਮਲਵਿੰਦਰ ਵੱਖ ਵੱਖ ਤਰ੍ਹਾਂ ਦੇ ਅਨੁਭਵ ਗ੍ਰਹਿਣ ਕਰਦਾ ਹੈ।ਦੋ ਸੌ ਦੇ ਕਰੀਬ ਮੁਲਕਾਂ ਤੋਂ ਪਰਵਾਸ ਕਰਕੇ ਉਥੇ ਜਾ ਵੱਸੇ ਲੋਕ ਉਸ ਮੁਲਕ ਨੂੰ ਮਲਟੀਕਲਚਰਡ ਦੇਸ਼ ਬਣਾਉਂਦੇ ਹਨ।ਪੀੜ੍ਹੀ ਪਾੜੇ ਨਾਲ ਕਦਰਾਂ-ਕੀਮਤਾਂ ਤੇ ਸੱਭਿਆਚਾਰਕ ਮਾਨਤਾਵਾਂ ਵਿੱਚ ਤਣਾਓ ਆਉਂਦਾ ਹੈ ਤਾਂ ਘਰ-ਪਰਿਵਾਰ ਹਿੱਲਦੇ ਹਨ,ਰਿਸ਼ਤੇ ਲੜਖੜਾਉੰਦੇ ਹਨ ਤੇ ਸਮਾਜਿਕ ਤਾਣਾ-ਬਾਣਾ ਉਲਝਦਾ ਹੈ।ਮਲਵਿੰਦਰ ਲਿਖਦਾ ਹੈ-“ਸਾਡਾ ਸੱਭਿਆਚਾਰ ਤੇ ਕਦਰਾਂ-ਕੀਮਤਾਂ,ਜਿਸਨੂੰ ਅਸੀਂ ਆਪਣਾ ਮਾਣ ਸਨਮਾਨ ਬਣਾ ਰੱਖਿਆ ਹੈ,ਸਾਡੇ ਘਰਾਂ ਵਿੱਚ,ਸੰਸਥਾਵਾਂ ਵਿੱਚ ਤੇ ਸਮਾਜ ਵਿੱਚ ਪ੍ਰੇਸ਼ਾਨੀਆਂ ਪੈਦਾ ਕਰ ਰਿਹਾ ਹੈ।…..ਕਿੱਲੇ ਨਾਲ ਬੱਧੇ ਸੱਭਿਆਚਾਰ ਤੇ ਕਦਰਾਂ-ਕੀਮਤਾਂ ਨੂੰ ਖੋਲ੍ਹਣਾ ਪੈਣਾ ਹੈ।ਕਦਰਾਂ-ਕੀਮਤਾਂ ਨੂੰ ਲਚਕਦਾਰ ਬਣਾਉਣਾ ਪੈਣਾ ਹੈ।…..ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ ਸਿਸਟਮ ਨੂੰ ਸਮਝ ਲਿਆ ਹੈ,ਉਹ ਜਾਣਦੇ ਹਨ ਕਿ ਇਸ ਸਿਸਟਮ ਦੇ ਦਾਇਰੇ ਦੀ ਸਮਝ ਵਿੱਚ ਹੀ ਸਮੱਸਿਆਵਾਂ ਦਾ ਹੱਲ ਸੰਭਵ ਹੈ।”(ਪੰਨੇ 13-14)। ਪਿਛਲੇ ਕੁਝ ਦਹਾਕਿਆਂ ਤੋਂ ਪੀੜ੍ਹੀ ਪਾੜੇ ਕਾਰਨ ਪੈਦਾ ਹੁੰਦਾ ਸੱਭਿਆਚਾਰਕ ਸੰਕਟ/ਤਣਾਓ ਹੁਣ ਵਿਸ਼ਵ ਵਿਆਪੀ ਚਲਨ ਬਣ ਗਿਆ ਹੈ। ਕੈਨੇਡਾ ਜਾ ਵੱਸੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਆਉਂਦੇ ਵਿਗਾੜਾਂ ਨੂੰ ਸਮਝਦਿਆਂ ਸੁੱਖ-ਸ਼ਾਂਤੀ ਪੂਰਵਕ ਜੀਵਨ ਜੀਉਣ ਦੀ ਸਲਾਹ ਦਿੰਦਿਆਂ ਮਲਵਿੰਦਰ ਲਿਖਦਾ ਹੈ-“ਇਸ ਮਲਟੀਕਲਚਰਡ ਸਿਸਟਮ ਵਿੱਚ ਵੀ ਕੁਝ ਗੱਲਾਂ ਚੰਗੀਆਂ ਹਨ।ਚੰਗੀਆਂ ਗੱਲਾਂ ਚੀਜ਼ਾਂ ਨੂੰ ਅਪਨਾ ਲੈਣਾ ਤੇ ਬਾਕੀਆਂ ਨੂੰ ਵਿਸਾਰ ਦੇਣਾ ਵਕਤ ਦੀ ਲੋੜ ਹੈ।”(ਪੰਨਾ 16)।
‘ਸਾਡੇ ਰਹਿਣ-ਸਹਿਣ ਵਿੱਚ ਮੰਡੀ ਦਾ ਦਖ਼ਲ’ ਵਿੱਚ ਮਲਵਿੰਦਰ ਕਬੀਲਾ ਸੱਭਿਆਚਾਰ ਤੋਂ ਲੈ ਕੇ ਮੰਡੀ ਸੱਭਿਆਚਾਰ,ਖਪਤ ਸੱਭਿਆਚਾਰ ਤੇ ਮਨੁੱਖ ਵੱਲੋਂ ਅਖੌਤੀ ‘ਸਟੇਟਸ ਸਿੰਬਲ’ ਦੇ ਸਿਰਜੇ ਜਾ ਰਹੇ ਭਰਮ ਦੀ ਗੱਲ ਕਰਦਾ ਹੈ।ਸਮਾਜਕ ਵਿਗਾੜ ਦੇ ਵਧ ਰਹੇ ਕਾਰਨਾ ਵਿੱਚੋਂ ਇਕ ਕਾਰਨ ਲੇਖਕ ਅਜਿਹੇ ਰੁਝਾਨ ਨੂੰ ਵੀ ਮੰਨਦਾ ਹੈ।ਲੇਖਕ ਇਸਨੂੰ ‘ਵਿਕਸਤ ਸਮਾਜ ਦੀ ਅਵਿਕਸਿਤ ਜੀਵਨ ਜਾਚ'(ਪੰਨੇ 20-21) ਕਹਿੰਦਾ ਹੈ। ‘ਪਰਵਾਸ ਦੀਆਂ ਚੁਣੌਤੀਆਂ ਦੇ ਨਵੇਂ ਮੁਹਾਂਦਰੇ’ ਵਿੱਚ ਲੇਖਕ ਪਰਵਾਸ ਧਾਰਨ ਕਰਨ ਵਾਲੇ ਲੋਕਾਂ ਨੂੰ ਦਰਪੇਸ਼ ਨਿੱਤ ਨਵੀਆਂ ਚੁਣੌਤੀਆਂ ਵੱਲ ਸੰਕੇਤ ਕਰਦਾ ਹੈ। ਉਹ ਲਿਖਦਾ ਹੈ-“ਪਰਵਾਸੀ ਬੰਦੇ ਨੂੰ ਬਹੁਤੇ ਝੱਖੜ ਆਪਣੇ ਨੰਗੇ ਪਿੰਡੇ ‘ਤੇ ਆਪ ਹੀ ਝੱਲਣੇ ਪੈਂਦੇ ਹਨ।”(ਪੰਨਾ 22)।ਉਥੋਂ ਦੀਆਂ ਕਠਿਨ ਤੇ ਕਠੋਰ ਜੀਵਨ ਹਾਲਤਾਂ ਦੀ ਗੱਲ ਛੋਹ ਕੇ ਉਸਨੇ ਪਰਵਾਸ ਧਾਰਨ ਕਰਨ ਦੀਆਂ ਵਿਉਂਤਾਂ ਬਣਾ ਰਹੇ ਲੋਕਾਂ ਨੂੰ ਆਗਾਹ ਕਰਨ ਦਾ ਯਤਨ ਕੀਤਾ ਹੈ। ‘ਭਾਈਚਾਰਕ ਸਾਂਝ ਤੋੜਦੀਆਂ ਭੀੜਾਂ’ ਵਿੱਚ ਲੇਖਕ ਨੇ ਅਮਨ ਕਾਨੂੰਨ ਦੀ ਪ੍ਰਵਾਹ ਨਾ ਕਰਨ ਵਾਲੇ ਤੇ ਹੁੜਦੰਗ ਮਚਾਉਣ ਵਾਲੇ ਸਵਾਰਥੀ ਲੋਕਾਂ ਦੀ ਮਾਨਸਿਕਤਾ ਦੀ ਗੱਲ ਕੀਤੀ ਹੈ।ਪਵਿੱਤਰ ਅਸਥਾਨਾਂ ਦੀ ਆੜ ਹੇਠ ਅਜਿਹੇ ਲੋਕ ਚੱਲਦੇ ਕੰਮ ਵਿੱਚ ਵਿਘਨ ਪਾਉਣ ਦੀ ਤਾਕ ਵਿੱਚ ਰਹਿੰਦੇ ਹਨ।ਅਸੁਵਿਧਾਜਨਕ ਹਾਲਾਤ ਪੈਦਾ ਕਰਨਾ ਹੀ ਇਨ੍ਹਾਂ ਲੋਕਾਂ ਦਾ ਮੰਤਵ ਹੁੰਦਾ ਹੈ।ਇਸ ਪਿੱਛੇ ਏਜੰਸੀਆਂ ਵੀ ਕੰਮ ਕਰ ਰਹੀਆਂ ਹੋ ਸਕਦੀਆਂ ਹਨ।ਸਥਿਤੀ ਦੀ ਵਿਡੰਬਨਾ ਤੇ ਹੈਰਾਨੀ ਵਾਲੀ ਗੱਲ ਇਹ ਕਿ ਮੀਡੀਆ ਬਲਦੀ ‘ਤੇ ਤੇਲ ਪਾਉਣ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ। ਲੇਖਕ ਦੇਸ਼ ਵਿਦੇਸ਼ ਵਿੱਚ ਕਾਰਜਸ਼ੀਲ ਅਜਿਹੀਆਂ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਵੱਲ ਧਿਆਨ ਦੇਣ ‘ਤੇ ਬਲ ਦਿੰਦਾ ਹੈ। ‘ਕੈਨੇਡਾ ਵਿਚ ਪੰਜਾਬੀ ਮਾਤ-ਭਾਸ਼ਾ ਦਾ ਵਰਤਮਾਨ ਤੇ ਭਵਿੱਖ’ਵਿੱਚ ਲੇਖਕ ਲਿਖਦਾ ਹੈ-“ਵਿਦੇਸ਼ੀ ਭੋਇੰ ‘ਤੇ ਜਾ ਕੇ ਆਪਣੀ ਭੋਇੰ,ਭਾਸ਼ਾ ਤੇ ਸੱਭਿਆਚਾਰ ਦਾ ਹੇਰਵਾ ਜਾਗਦਾ ਹੈ।ਅਸੀਂ ਇਸ ਗੱਲ ਲਈ ਫਿਕਰਮੰਦ ਹੁੰਦੇ ਹਾਂ ਕਿ ਸਾਡੇ ਬੱਚੇ ਆਪਣੀ ਭਾਸ਼ਾ ਅਤੇ ਰਿਸ਼ਤਿਆਂ ਨੂੰ ਵਿਸਰ ਨਾ ਜਾਣ।”(ਪੰਨੇ 29-30)। ਇਕੱਠਾਂ ਵਿੱਚ ਬੈਠਿਆਂ ਅਜਿਹੇ ਫਿਕਰ ਸਾਂਝੇ ਕੀਤੇ ਜਾਂਦੇ ਹਨ।ਪਿਛਲੇ ਤੀਹ ਸਾਲਾਂ ਤੋਂ ‘ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ’ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪ੍ਰਮੋਟ ਕਰਨ ਦੇ ਮੰਤਵ ਹਿਤ ਸਿਫਤੀ ਭੂਮਿਕਾ ਨਿਭਾ ਰਹੀ ਹੈ।ਕੁਝ ਗੁਰਦੁਆਰੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।ਘਰਾਂ ਵਿੱਚ ਪੰਜਾਬੀ ਬੋਲਣ,ਪੰਜਾਬੀ ਅਖਬਾਰਾਂ ਪੜ੍ਹਨ,ਰੇਡੀਓ ਅਤੇ ਟੈਲੀਵਿਜ਼ਨ ‘ਤੇ ਪੰਜਾਬੀ ਪ੍ਰੋਗਰਾਮ ਸੁਣਨ,ਵੇਖਣ ਨਾਲ ਵੀ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਪੈਦਾ ਕੀਤਾ ਜਾ ਸਕਦਾ ਹੈ ਤੇ ਇਸਨੂੰ ਆਪਣੇ ਬੱਚਿਆਂ ਦੇ ਦਿਲਾਂ ਤੱਕ ਅਸਰ ਕਰਨ ਯੋਗ ਬਣਾਇਆ ਜਾ ਸਕਦਾ ਹੈ।ਲੇਖਕ ਤਸੱਲੀ ਪ੍ਰਗਟ ਕਰਦਾ ਹੈ ਕਿ ਕੈਨੇਡਾ ਵਿੱਚ ਜੰਮੇ-ਪਲੇ ਬੱਚਿਆਂ ਨੂੰ ਪੰਜਾਬੀ ਪੜ੍ਹਨ, ਲਿਖਣ,ਬੋਲਣ ਲਈ ਸਿੱਖਿਆ ਪ੍ਰਦਾਨ ਕਰਨ ਦੇ ਉਚਿਤ ਉਪਰਾਲੇ ਹੋ ਰਹੇ ਹਨ ਤੇ ਉਨ੍ਹਾਂ ਯਤਨਾਂ ਦੇ ਬਿਹਤਰ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਬਰੈਂਪਟਨ ਨੂੰ ਕੇਂਦਰ ਵਿੱਚ ਰੱਖ ਕੇ ਮਲਵਿੰਦਰ ਦੱਸਦਾ ਹੈ ਕਿ ਪੰਜਾਬੀ ਦੀਆਂ ਦਰਜਨ ਤੋਂ ਵੱਧ ਹਫ਼ਤਾਵਾਰੀ ਅਖਬਾਰਾਂ ਉਥੋਂ ਛਪਦੀਆਂ ਹਨ।ਪੰਜਾਬ ਦੀਆਂ ਖਬਰਾਂ ਦੇ ਨਾਲ-ਨਾਲ ਉਹ ਵਿਸ਼ਵੀ ਪਾਸਾਰ ਵਾਲੇ ਸਰੋਕਾਰਾਂ ਨੂੰ ਵੀ ਉਭਾਰਦੀਆਂ ਹਨ।ਏਨੀਆਂ ਕੁ ਪੰਜਾਬੀ ਸਾਹਿਤ ਸਭਾਵਾਂ ਵੀ ਉਥੇ ਸਰਗਰਮ ਹਨ।ਪੰਜਾਬ ਦੀਆਂ ਸਾਹਿਤ ਸਭਾਵਾਂ ਵਾਂਗ ਉਥੇ ਵੀ ਧੜੇਬੰਦੀਆਂ ਹਨ। ਵਿਸ਼ਵ ਪੰਜਾਬੀ ਕਾਨਫਰੰਸ ਦੇ ਨਾਂ ‘ਤੇ ਪੈਸੇ ਵਾਲੇ ਲੋਕ ਆਪਣੀ ਤੇ ਆਪਣਿਆਂ ਦੀ ਚੌਧਰ ਚਮਕਾਉਂਦੇ ਹਨ।ਮਲਵਿੰਦਰ ਲਿਖਦਾ ਹੈ-“ਅਜਿਹੇ ਸਮਾਗਮ ਕੁਝ ਸਰਮਾਏਦਾਰਾਂ ਵੱਲੋਂ ਆਪਣੀ ਬੱਲੇ-ਬੱਲੇ ਕਰਵਾਉਣ ਲਈ ਕਰਵਾਏ ਜਾਂਦੇ ਮੇਲੇ ਬਣਕੇ ਰਹਿ ਜਾਂਦੇ ਹਨ।…..ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਨਾਂ ‘ਤੇ ਹੁੰਦੇ ਇਹ ਸਮਾਗਮ ਆਡੰਬਰ ਬਣਕੇ ਰਹਿ ਜਾਂਦੇ ਹਨ” (ਪੰਨਾ 39)। ਭਾਸ਼ਾ ਨੂੰ,ਸਾਹਿਤ ਨੂੰ,ਸੱਭਿਆਚਾਰ ਨੂੰ ਦਰਪੇਸ਼ ਸੰਕਟਾਂ ‘ਤੇ ਵਿਚਾਰ ਕਰਨ ਅਤੇ ਅਜਿਹੇ ਰਲਦੇ-ਮਿਲਦੇ ਮਸਲਿਆਂ ‘ਤੇ ਸੰਵਾਦ ਰਚਾਉਣ ਦੀ ਲੋੜ ਵੱਲ ਧਿਆਨ ਦੇਣਾ ਚਾਹੀਦਾ ਹੈ।
ਭਾਰਤ ਵਿੱਚ ਚੋਣਾਂ ਦਾ ਐਲਾਨ ਹੋਣ ਸਾਰ ਹੀ ਰਾਜਸੀ ਪਾਰਟੀਆਂ ਤੇ ਨੇਤਾਵਾਂ ਦਾ ਧੱਮੜਧੱਸਾ ਸ਼ੁਰੂ ਹੋ ਜਾਂਦਾ ਹੈ।ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਹੋਣੀਆਂ ਆਮ ਜਿਹੀ ਗੱਲ ਬਣ ਗਈ ਹੈ।ਧਰਮ,ਜਾਤ,ਭਾਸ਼ਾ,ਖਿੱਤੇ,ਕਿੱਤੇ,ਨਸਲ ਆਦਿ ਦੇ ਆਦਿ ਦੇ ਆਧਾਰ ‘ਤੇ ਨਫਰਤ ਫੈਲਾਉਣ ਵਾਲੇ ਭਾਸ਼ਣ ਕੀਤੇ ਜਾਂਦੇ ਹਨ।ਵੋਟਰਾਂ ਨੂੰ ਉਕਸਾਇਆ ਜਾਂਦਾ ਹੈ।ਆਮ ਨਾਗਰਿਕ ਲਈ ਦੋ-ਢਾਈ ਮਹੀਨੇ ਤ੍ਰਭਕੀ ਅਵਸਥਾ ਵਿੱਚੋਂ ਗੁਜ਼ਰਨ ਵਾਲੇ ਹੁੰਦੇ ਹਨ।ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ/ਮੁਲਾਜ਼ਮਾਂ ਦੀ ਹਾਲਤ ਵੀ ਲਾਮ ‘ਤੇ ਜਾਣ ਵਾਲੇ ਸਿਪਾਹੀ ਵਰਗੀ ਹੁੰਦੀ ਹੈ। ਪਲ-ਪਲ ਦੀ ਪਰੇਸ਼ਾਨੀ, ਹਰੇਕ ਪਲ ਦੀ ਨਵੀਂ ਚੁਣੌਤੀ,ਨਵੀਂ ਅੜਿੱਚਣ! ਲੇਖਕ ਇਸ ਦੇਸ਼ ਦੇ ਚੋਣ ਅਮਲ ਨੂੰ ਵਿਕਸਿਤ ਦੇਸ਼ਾਂ ਦੇ ਚੋਣ ਅਮਲ ਨਾਲ ਤੁਲਨਾਉਂਦਾ ਹੈ ਤੇ ਸਵਾਲ ਕਰਦਾ ਹੈ ਕਿ ਉਨ੍ਹਾਂ ਦੇਸ਼ਾਂ ਵਰਗਾ ਚੋਣ ਅਮਲ ਇਥੇ ਕਿਉਂ ਨਹੀਂ ਲਾਗੂ ਕੀਤਾ ਜਾ ਸਕਦਾ? ਸਿਹਤਮੰਦ ਸਾਹਿਤ ਸਵਾਲ ਉਠਾਉਂਦਾ ਹੈ ਤੇ ਸਿਸਟਮ ਕੋਲੋਂ ਜਵਾਬਾਂ ਦੀ ਤਵੱਕੋ ਵੀ ਕਰ ਰਿਹਾ ਹੁੰਦਾ ਹੈ।
ਲੇਖਕ ਨੂੰ ਰੰਜ ਹੈ ਕਿ ਉਸਨੂੰ ਸਕੂਲਾਂ ਦੀ ਉਸ ਸ਼੍ਰੇਣੀ ਦੇ ਸਕੂਲ ਵਿੱਚ ਪੜ੍ਹਨ ਦਾ ਮੌਕਾ ਮਿਲਿਆ,ਜਿਨ੍ਹਾਂ ਵਿੱਚ ਲਾਇਬਰੇਰੀ ਦਾ ਸੰਕਲਪ ਹੀ ਨਹੀਂ ਸੀ ਹੁੰਦਾ! ਲਾਇਬਰੇਰੀ ਦਾ ਪਤਾ ਹੀ ਉਸਨੂੰ ਕਾਲਜ ਆ ਕੇ ਲੱਗਦਾ ਹੈ।ਯੂਨੀਵਰਸਿਟੀ ਦੀ ਲਾਇਬਰੇਰੀ ਤਾਂ ਬਹੁਪੱਖੀ ਗਿਆਨ ਦਾ ਅਥਾਹ ਸਮੁੰਦਰ ਹੈ,ਜਿਸ ਨੂੰ ਵੇਖ ਕੇ ਉਹ ਅਚੰਭਿਤ ਹੁੰਦਾ ਹੈ।ਕੈਨੇਡਾ ਵਿੱਚ ਲਾਇਬਰੇਰੀਆਂ ਵਿੱਚ ਪ੍ਰਾਪਤ ਵਿਵਸਥਾ,ਸਹੂਲਤਾਂ ਤੇ ਸਿਸਟਮ ਦੀ ਗੱਲ ਕਰਦਿਆਂ ਉਹ ਖੁਸ਼ੀ ਵੀ ਮਹਿਸੂਸ ਕਰ ਰਿਹਾ ਹੈ ਤੇ ਹੈਰਾਨੀ ਵੀ ਕਿ ਅਸੀਂ ਉਸ ਪੱਧਰ ਤੱਕ ਪਹੁੰਚ ਸਕਣ ਦੀ ਕਲਪਨਾ ਵੀ ਨਹੀਂ ਕਰ ਸਕਦੇ !
ਕੈਨੇਡਾ ਗਏ ਵਿਦਿਆਰਥੀਆਂ ਨੂੰ ਜਦੋਂ ਮਹਿੰਗਾਈ, ਨਿੱਤ ਵਧਦੇ ਖਰਚਿਆਂ ਤੇ ਬੇਰੁਜ਼ਗਾਰੀ ਵਰਗੀਆਂ ਤਲਖ਼ ਤੇ ਕਠੋਰ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਗ਼ੈਰ ਸਮਾਜਿਕ ਕੰਮ ਕਰਨ ਲੱਗਦੇ ਹਨ। ਕਾਰਾਂ ਚੋਰੀ ਕਰਨ,ਸਟੋਰ ਲੁੱਟਣ,ਡਰੱਗਜ਼ ਦਾ ਧੰਦਾ ਕਰਨ, ਕਾਰਾਂ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਲਗਾਉਣ,ਪਾਰਕਾਂ/ਸਿਟੀ ਸੈਂਟਰਾਂ ਦੀਆਂ ਪਾਰਕਾਂ ਵਿੱਚ ਗੇੜੇ ਲਗਾਉਣ,ਮਕਾਨ ਮਾਲਕਾਂ ਨਾਲ ਉਲਝਣ,ਉਨ੍ਹਾਂ ਨੂੰ ਬੇਸਮੈਂਟਾਂ ਦਾ ਕਿਰਾਇਆ ਦੇਣ ਤੋਂ ਟਾਲ਼ਾ ਵੱਟਣ,ਬੇਸਮੈਂਟਾਂ ਵਿੱਚ ਗੰਦ ਖਿਲਾਰਨ ਤੇ ਹੁੜਦੰਗ ਮਚਾਉਣ ਵਰਗੀਆਂ ਖਬਰਾਂ ਅਕਸਰ ਪੜ੍ਹਨ ਨੂੰ ਮਿਲ ਜਾਂਦੀਆਂ ਹਨ।ਕੁਝ ਲੋਕ ਕਾਨੂੰਨ ਦੀ ਉਲੰਘਣਾ ਵੀ ਕਰਦੇ ਹਨ।ਅਜਿਹਾ ਕਰਨ ਵਾਲੇ ਅਨਸਰ ਬਹੁਤ ਘੱਟ ਹਨ ਪਰ ਖਬਰ ਛਪਦੀ ਹੈ ਤਾਂ ਬਦਨਾਮੀ ਸਾਰੇ ਭਾਈਚਾਰੇ ਦੀ ਹੁੰਦੀ ਹੈ,ਜੋ ਚਿੰਤਾ ਦਾ ਵਿਸ਼ਾ ਹੈ। ਪੱਕੇ ਹੋਣ ਲਈ ਲੋਕ ਜਾਇਜ਼-ਨਾਜਾਇਜ਼ ਢੰਗ-ਤਰੀਕੇ ਵਰਤਦੇ ਹਨ।ਅਜਿਹੇ ਕੰਮ ਕਰਵਾਉਣ ਦੇ ਲਾਰੇ ਲਾਉਣ ਵਾਲੇ ਵੀ ਉਨ੍ਹਾਂ ਦੀ ਚੰਗੀ ਲੁੱਟ ਕਰਦੇ ਹਨ। ਅਸਲੀਅਤ ਦਾ ਬੇਬਾਕੀ ਨਾਲ ਬਿਆਨ ਕਰਨਾ ਲੇਖਕ ਦੀ ਬਿਰਤਾਂਤਕਾਰੀ ਦਾ ਉੱਘੜਵਾਂ ਲੱਛਣ ਬਣਦਾ ਹੈ।
‘ਫੁੱਲਾਂ ਦਾ ਸ਼ਹਿਰ ਬਰੈਂਪਟਨ’ ਜਿਸਨੂੰ ਲੇਖਕ ‘ਨਵਾਂ ਆਬਾਦ ਹੋ ਰਿਹਾ ਪੰਜਾਬ’ ਕਹਿੰਦਾ ਹੈ, ਦੇ ਬਹੁਤੇ ਖੇਤਰਾਂ ‘ਤੇ ਪੰਜਾਬੀਆਂ ਦਾ ਦਬਦਬਾ ਹੈ। ਰਾਜਸੀ ਖੇਤਰ, ਵਪਾਰਕ ਅਦਾਰੇ,ਬਿਜਲਈ ਮੀਡੀਆ,ਪ੍ਰਿੰਟ ਮੀਡੀਆ,ਪੱਤ੍ਰਕਾਰਿਤਾ,ਕਲਾ,ਖੇਡਾਂ,ਸੰਗੀਤ, ਟ੍ਰਾਂਸਪੋਰਟ ਆਦਿ ਖੇਤਰਾਂ ਵਿੱਚ ਪੰਜਾਬੀਆਂ ਦਾ ਬੋਲਬਾਲਾ ਹੈ।ਇਹ ਬਰੈਂਪਟਨ ਦੇ ਮਾਣ ਵਿੱਚ ਵਾਧਾ ਕਰਨ ਵਾਲੀ ਗੱਲ ਹੈ ਕਿ ਇਸ ਸ਼ਹਿਰ ਵਿੱਚ ਪੰਜਾਬੀ ਦੇ ਕਈ ਸੁਪ੍ਰਸਿੱਧ ਲੇਖਕ ਰਹਿ ਰਹੇ ਹਨ।ਇੰਜ,ਇਹ ਸ਼ਹਿਰ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ।ਝੀਲਾਂ ਇਥੋਂ ਦੇ ਕੁਦਰਤੀ ਸੁਹੱਪਣ ਵਿੱਚ ਵਾਧਾ ਕਰਦੀਆਂ ਹਨ।ਪਾਰਕਾਂ ਦੀ ਦਿੱਖ ਇਸ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦੀ ਹੈ।ਇਸ ਸ਼ਹਿਰ ਵਿੱਚ ਸਥਿਤ ਗੁਰਦੁਆਰੇ ਤੇ ਮੰਦਿਰ ਸ਼ਰਧਾਲੂਆਂ ਲਈ ਆਸਥਾ ਦੇ ਕੇਂਦਰ ਹਨ।
ਕੈਨੇਡਾ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ।ਪਰਵਾਸੀਆਂ ਦੀ ਵਧ ਰਹੀ ਗਿਣਤੀ,ਵਧ ਰਹੀ ਮਹਿੰਗਾਈ,ਬੇਰੁਜ਼ਗਾਰੀ,ਪੂੰਜੀਵਾਦ ਦੇ ਪਸਾਰੇ ਅਤੇ ਹੋਰ ਕਾਰਨਾਂ ਕਰਕੇ ਕੈਨੇਡਾ ਸਰਕਾਰ ਉਸ ਦੇਸ਼ ਵਿੱਚ ਪੜ੍ਹਨ ਤੇ ਰੁਜ਼ਗਾਰ ਦੀ ਭਾਲ ਵਿੱਚ ਗਏ ਵਿਦਿਆਰਥੀਆਂ ਉੱਤੇ ਲਗਾਈਆਂ ਜਾਂਦੀਆਂ ਸ਼ਰਤਾਂ ਨੂੰ ਸਖਤ ਕਰ ਰਹੀ ਹੈ,ਫੀਸਾਂ ਤੇ ਹੋਰ ਖਰਚਿਆਂ ਵਿੱਚ ਵਾਧਾ ਹਰ ਰਹੀ ਹੈ।ਇਸ ਨਾਲ ਕੈਨੇਡਾ ਜਾ ਕੇ ਵੱਸਣ ਦੇ ਚਾਹਵਾਨ ਪੰਜਾਬੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ।ਪੰਜਾਬ ਵਿੱਚ ਚੰਗੀਆਂ ਨੌਕਰੀਆਂ ਕਰਕੇ,ਸੇਵਾ ਨਵ੍ਰਿਤੀ ਪਿੱਛੋਂ ਪੈਨਸ਼ਨ ਧਾਰਕ ਬਣਨ ਪਿੱਛੋਂ ਆਪਣੇ ਪੁੱਤਰਾਂਂ-ਨੂੰਹਾਂ,ਧੀਆਂ-ਜਵਾਈਆਂ ਕੋਲ ਕੈਨੇਡਾ ਜਾ ਕੇ ਰਹਿਣ ਵਾਲੇ ਲੋਕਾਂ ਦਾ ਅਕਸਰ ਉਧਰ ਦਿਲ ਨਹੀਂ ਲੱਗਦਾ।ਉਹ ਲਾਇਬਰੇਰੀਆਂ,ਪਾਰਕਾਂ, ਗੁਰਦੁਆਰਿਆਂ,ਮੰਦਿਰਾਂ ਆਦਿ ਵਿੱਚ ਜਾ ਕੇ ਆਪਣੇ ਆਪ ਨੂੰ ਆਹਰੇ ਲਗਾਉਣ ਦਾ ਯਤਨ ਕਰਦੇ ਹਨ।ਕੈਨੇਡਾ ਜਾ ਕੇ ਰਹਿ ਰਹੇ ਮਾਪਿਆਂ ਦੇ ਜੀਵਨ ਦੀ ਅਸਲੀਅਤ ਬਾਰੇ,ਕੈਨੇਡਾ ਵਿੱਚ ਵਧ ਰਹੇ ਅਪਰਾਧਾਂ ਬਾਰੇ,ਨਾਜਾਇਜ਼ ਢੰਗ-ਤਰੀਕੇ ਅਪਣਾਅ ਕੇ ਉਥੇ ਪੱਕੇ ਹੋਣ ਲਈ ਹੀਲੇ-ਵਸੀਲੇ ਜੁਟਾਉਣ ਬਾਰੇ ਤੇ ਉਥੋਂ ਦੀ ਅਰਥਵਿਵਸਥਾ ਦੇ ਲੜਖੜਾਉਣ ਦੀ ਅਸਲੀਅਤ ਬਾਰੇ ਇਸ ਪੁਸਤਕ ਦੀ ਬਿਰਤਾਂਤਕਾਰੀ ਉਦਾਹਰਣਾਂ ਸਹਿਤ ਉਸਰਦੀ ਹੈ।
ਸੌਕਰ ਸੈਂਟਰ ਵਰਗੀਆਂ ਸਹੂਲਤਾਂ ਤੇ ਸੁਵਿਧਾਵਾਂ,ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖਣ ਲਈ ਕੀਤੇ ਜਾਂਦੇ ਉਪਰਾਲੇ,ਕੂੜੇ ਨੂੰ ਸਾਂਭਣ/ਸਮੇਟਣ ਲਈ ਕੀਤੇ ਗਏ ਪ੍ਰਬੰਧ ਵਿਉਂਤਬੱਧ ਤਰੀਕੇ ਨਾਲ ਕੀਤੇ ਜਾਂਦੇ ਹਨ। ਕੂੜਾ ਕਿਵੇਂ ਸਾਂਭਣਾ ਹੈ ਤੇ ਚੌਗਿਰਦਾ ਕਿਵੇਂ ਸਾਫ਼-ਸੁਥਰਾ ਰੱਖਣਾ ਹੈ,ਇਹ ਇਥੋਂ ਸਿੱਖਿਆ ਜਾ ਸਕਦਾ ਹੈ। ਇਸ ਸੰਦਰਭ ਵਿੱਚ ਮਲਵਿੰਦਰ ਪੰਜਾਬ ਦੇ ਸ਼ਹਿਰਾਂ ਵਿੱਚ ਕੰਮ ਕਰਦੇ ਸਫਾਈ ਕਰਮੀਆਂ ਤੇ ਸਫਾਈ ਪ੍ਰਬੰਧਾਂ ਤੇ ਪ੍ਰਬੰਧਕਾਂ ਦੀ ਗੱਲ ਵੀ ਕਰਦਾ ਹੈ।ਸਾਡੀ ਮਾਨਸਿਕਤਾ ਦੀ ਗੱਲ ਵੀ ਲੇਖਕ ਨਿਸੰਗਤਾ ਨਾਲ ਕਰਦਾ ਹੈ।ਲੇਖਕ ਸਮਝਦਾ ਹੈ ਕਿ ਇਸ ਸਬੰਧ ਵਿੱਚ ਸਾਨੂੰ ਕੈਨੇਡਾ ਦੇ ਪ੍ਰਬੰਧਨ ਤੋਂ ਸਬਕ ਸਿੱਖਣ ਦੀ ਲੋੜ ਹੈ।
ਕੈਨੇਡਾ ਨੂੰ ਸੁਪਨ ਲੋਕ ਤਸੱਵਰ ਕਰਨ ਵਾਲੇ ਪੰਜਾਬੀ ਜਦੋਂ ਉਥੇ ਪਹੁੰਚ ਕੇ ਪੰਜਾਬੀਆਂ ਦੀਆਂ ‘ਖਰਮਸਤੀਆਂ,ਆਪਹੁਦਰਾਪਨ,ਫੁੱਕਰਾਪਨ ਅਤੇ ਹੁੱਲੜਬਾਜ਼ੀ’ ਆਦਿ ਨੂੰ ਵੇਖਦੇ/ਜਾਣਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸੁਪਨੇ ਚਕਨਾਚੂਰ ਹੁੰਦੇ ਜਾਪਦੇ ਹਨ। ਲੇਖਕ ਸਮਝਦਾ ਹੈ ਕਿ ਪਰਵਾਸ ਧਾਰਨ ਕਰਕੇ ਕੈਨੇਡਾ ਗਏ ਲੋਕਾਂ ਨੂੰ ‘ਅਮਾਨਵੀ,ਦੂਸ਼ਿਤ,ਰੌਲੇ ਅਤੇ ਝਗੜੇ ਵਰਗੀਆਂ ਆਦਤਾਂ'(ਪੰਨਾ 78)ਨੂੰ ਤਿਆਗਣਾ ਪਵੇਗਾ।
ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਵੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਜਾਣ ਦੇ ਰੁਝਾਨ ਵਿੱਚ ਬਹੁਤ ਵਾਧਾ ਹੋਇਆ ਹੈ।ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਤੋਂ ਇਨਕਾਰ ਹੋ ਜਾਣ ਦਾ ਫਿਕਰ ਸਤਾਉਂਦਾ ਰਹਿੰਦਾ ਹੈ।ਇਸ ਚਿੰਤਾ ਦਾ ਸੇਕ ਮਾਪਿਆਂ ਤੱਕ ਵੀ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਝੋਰਾ ਵੱਢ ਵੱਢ ਖਾਣ ਲੱਗਦਾ ਹੈ। ਸਵਾਲ ਬਹੁਤ ਵਾਜਬ ਹੈ ਕਿ ਕੀ ਥੁੜ੍ਹਿਆ ਇਹੋ ਜਿਹੇ ਕੈਨੇਡਾ ਜਾਣ ਦੇ ਝੱਲ ਤੋਂ ? ਦੂਜੇ ਪਾਸੇ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਏ ਮਿਹਨਤ ਕਰਨ ਵਾਲੇ,ਸੰਘਰਸ਼ ਕਰਨ ਵਾਲੇ,ਨੌਕਰੀ ਲੱਭਣ,ਤਨਦੇਹੀ ਨਾਲ ਨੌਕਰੀ ਕਰਨ,ਰਹਿਣ,ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਕਾਮਯਾਬ ਹੋਣ ਵਾਲੇ ਬੱਚਿਆਂ ਨੂੰ ਲੇਖਕ ਸ਼ਾਬਾਸ਼ ਦਿੰਦਾ ਹੈ ਕਿ ਝੱਖੜ,ਹਨੇਰੀਆਂ ਵਿੱਚ ਵੀ ਉਹ ਲੜਖੜਾਏ ਨਹੀਂ,ਸਗੋਂ ਸਾਬਤ ਕਦਮੀ ਨਾਲ ਹਾਲਤਾਂ ਦਾ ਸਾਹਮਣਾ ਕਰਦੇ ਆਏ ਹਨ।ਉਹ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਜ਼ਿੰਦਗੀ ਦੇ ਮਕਸਦ ਨੂੰ ਸਮਝਦੇ ਹਨ।ਉਹ ਲੱਖਾਂ ਰੁਪਏ ਖਰਚ ਕਰ ਕੇ ਉਨ੍ਹਾਂ ਨੂੰ ਕੈਨੇਡਾ ਭੇਜਣ ਵਾਲੇ ਆਪਣੇ ਮਾਪਿਆਂ ਦੇ ਪਿਆਰ,ਜਿਗਰੇ ਤੇ ਭਾਵਨਾਵਾਂ ਦੀ ਲਾਜ ਵੀ ਰੱਖਦੇ ਹਨ।                 ਪੀ.ਆਰ. ਹਾਸਲ ਕਰਕੇ ਬੱਚੇ ਜਦੋਂ ਆਪਣੇ ਮਾਂ-ਬਾਪ ਨੂੰ ਆਪਣੇ ਕੋਲ ਕੈਨੇਡਾ(ਜਾਂ ਕਿਸੇ ਹੋਰ ਦੇਸ਼)ਬੁਲਾਉਂਦੇ ਹਨ ਤਾਂ ਪਹਿਲਾਂ ਇਕ-ਦੋ ਵਾਰ ਜਾਣ ਵੇਲੇ ਉਨ੍ਹਾਂ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਪਰ ਛੇਤੀ ਹੀ ਵਾਪਸ ਪੰਜਾਬ ਮੁੜਨ ਤੇ ‘ਬਾਦਸ਼ਾਹਤ’ ਵਰਗੀ ਜ਼ਿੰਦਗੀ ਦੇ ਰੰਗ ਮਾਨਣ ਲਈ ਕਾਹਲੇ ਪੈ ਜਾਂਦੇ ਹਨ।ਕੈਨੇਡਾ ਰਹਿ ਕੇ “ਭੈਣ ਦੇ ਘਰ ਭਾਈ ਤੇ ਸਹੁਰੇ ਘਰ ਜਵਾਈ”(ਪੰਨਾ 85) ਵਾਲੀ ਫੀਲਿੰਗ ਆਉਣ ਲੱਗਦੀ ਹੈ। ਬੱਚਿਆਂ ਨੇ ਬਹੁਤ ਮਿਹਨਤ ਕਰਕੇ ਉਥੇ ਬਹੁਤ ਖੂਬਸੂਰਤ ਘਰ ਬਣਾ ਲਏ ਹਨ ਪਰ ਮਾਪਿਆਂ ਨੂੰ ਉਹ ਘਰ ‘ਆਪਣੇ’ ਕਦੇ ਨਹੀਂ ਲੱਗਦੇ। “ਮਾਪੇ ਬੱਚਿਆਂ ਕੋਲ ਪ੍ਰਾਹੁਣਿਆਂ ਵਾਂਗ ਆਉਣਾ ਚਾਹੁੰਦੇ ਹਨ।”(ਪੰਨਾ 86)। ਇਹ ਜ਼ਿੰਦਗੀ ਦੀ ਅਸਲੀਅਤ ਹੈ।ਅਜਿਹੀ ਅਸਲੀਅਤ ਦੇ ਕੁਝ ਪਹਿਲੂ ‘ਪਾਰਕਾਂ ਨੂੰ ਦੁੱਖ ਦੱਸਦੇ’ ਵਿੱਚ ਵੀ ਪੇਸ਼ ਹੋਏ ਹਨ।ਪੰਜਾਬ ਤੋਂ ਆਪਣੇ ਧੀਆਂ-ਪੁੱਤਰਾਂ ਕੋਲ ਕੈਨੇਡਾ ਗਏ ਮਾਂ-ਬਾਪ ਬਹੁਤੀਆਂ ਹਾਲਤਾਂ ਵਿੱਚ ਉਥੇ ਘੁਟਨ ਮਹਿਸੂਸ ਕਰਦੇ ਹਨ।ਉਹ ਪੰਜਾਬ ਆਉਣ ਲਈ ਤਾਂਘਦੇ ਰਹਿੰਦੇ ਹਨ।ਆਪਣੇ ਦੁੱਖ ਦਰਦ ਉਹ ਪਾਰਕਾਂ,ਝੀਲਾਂ,ਬਿਰਖਾਂ,ਹਰਿਆਵਲ ਆਦਿ ਸਾਹਵੇਂ ਫਰੋਲਦੇ ਹਨ।ਔਖ ਤੇ ਮਜਬੂਰੀ ਦੀ ਜੂਨ ਹੰਢਾਅ ਰਹੇ ਮਾਪੇ ਜਿਵੇਂ ਉਸ ‘ਨਿਰਦਈ ਧਰਤੀ’ ਦੇ ਸਰਾਪ ਦੀ ਅਉਧ ਭੁਗਤ ਰਹੇ ਹੋਵਣ! ਇਸ ਪ੍ਰਸੰਗ ਵਿੱਚ ਲੇਖਕ ਲਿਖਦਾ ਹੈ-“ਠਰ ਗਏ ਰਿਸ਼ਤਿਆਂ ਤੇ ਟੁੱਟ ਗਏ ਸੁਪਨਿਆਂ ਦਾ ਕੋਈ ਹੱਲ ਨਹੀਂ ਹੁੰਦਾ।”(ਪੰਨਾ 87)।
ਕੈਸਲੋ ਬੀਚ ਪਾਰਕ ਦੇ ਕੁਦਰਤੀ ਸੁਹੱਪਣ ਨਾਲ ਸਰਸ਼ਾਰ ਚੌਗਿਰਦੇ ਦੇ ਦ੍ਰਿਸ਼ ਨੂੰ ਚਿਤਰਦਿਆਂ ਮਲਵਿੰਦਰ ਅੰਦਰਲਾ ਕਵੀ ਜਾਗ ਪੈਂਦਾ ਹੈ।ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਕਵਿਤਾ ਰਚ ਰਿਹਾ ਹੋਵੇ !ਉਹ ਮਨਮੋਹਕ ਸਥਾਨ ਉਸਨੂੰ ਜਸ਼ਨ ਮਨਾ ਰਿਹਾ ਪ੍ਰਤੀਤ ਹੋ ਰਿਹਾ ਹੈ।ਕੈਸਲੋ ਬੀਚ ਪਾਰਕ ਦੇ ਖੂਬਸੂਰਤ ਪ੍ਰਾਕਿਰਤਕ ਨਜ਼ਾਰਿਆਂ ਨੂੰ ਲੇਖਕ ਬਾਖੂਬੀ ਚਿਤਰਦਾ ਹੈ। ਕੈਨੇਡਾ ਦੇ ਇਸ ਭੂਗੋਲਿਕ ਖਿੱਤੇ ਅਤੇ ਇਥੋਂ ਦੀਆਂ ਸਮਾਜਿਕ-ਸੱਭਿਆਚਾਰਕ ਵਿਲੱਖਣਤਾਵਾਂ ਦੀਆਂ ਵੱਡੀਆਂ ਸੰਭਾਵਨਾਵਾਂ ਦੀ ਗੱਲ ਵੀ ਉਹ ਕਰਦਾ ਹੈ।ਲੇਖਕ ਮਨੁੱਖ ਦੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਦਾ ਤੁਲਨਾਤਮਕ ਅਧਿਐਨ ਵੀ ਪ੍ਰਸਤੁਤ ਕਰਦਾ ਜਾਂਦਾ ਹੈ।ਇਹ ਪੁਸਤਕ ਮਨੁੱਖ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਤੇ ਆਪਸੀ ਸੰਚਾਰ ਸਥਾਪਤ ਕਰਨ ਦਾ ਕਾਰਗਰ ਮਾਧਿਅਮ ਬਣਦੀ ਹੈ। ਇਸ ਪੁਸਤਕ ਰਾਹੀਂ ਲੇਖਕ ਵੱਖ ਵੱਖ ਧਰਤੀਆਂ ਦੇ ਲੋਕਾਂ ਨੂੰ ਇਕ ਸੂਤਰ ਵਿੱਚ ਪਰੋਣ ਦਾ ਯਤਨ ਕਰਦਾ ਹੈ।”ਡੂੰਘਾ ਵਾਹ ਲੈ ਹਲ਼ ਵੇ,ਤੇਰੀ ਘਰੇ ਨੌਕਰੀ” ਗੱਲ ਤਾਂ ਠੀਕ ਹੈ ਪਰ ਮਨ ਨੂੰ ਕੌਣ ਸਮਝਾਵੇ! ਵੇਖੋ ਵੇਖੀ ਮਨ ਤਾਂ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਉਡਾਰੀ ਮਾਰ ਕੇ ਇੰਗਲੈਂਡ,ਆਸਟਰੇਲੀਆ,ਕੈਨੇਡਾ,ਅਮਰੀਕਾ ਆਦਿ ਮੁਲਕਾਂ ਵਿੱਚ ਡੇਰਾ ਲਗਾ ਲੈਣਾ ਲੋਚਦਾ ਹੈ।ਲੋੜ ਹੈ ਕਿ ਘਰ ਰਹਿ ਕੇ,ਕਿਰਤ ਕਰਕੇ ਬਾਬੇ ਨਾਨਕ ਦੇ ਫਲਸਫੇ ਨੂੰ ਸਾਕਾਰ ਕਰਨ ਦਾ ਯਤਨ ਕਰਕੇ ਤਾਂ ਵੇਖੀਏ ! ਟੋਰਾਂਟੋ ਸ਼ਹਿਰ ਦੀ ਖੂਬਸੂਰਤੀ,ਵੰਨ-ਸਵੰਨਤਾ,ਸ਼ੁੱਧ ਕੁਦਰਤੀ ਵਾਤਾਵਰਣ,ਪਾਰਕਾਂ,ਝੀਲਾਂ,ਖੇਡ ਮੈਦਾਨਾਂ,ਸੜਕਾਂ, ਗਲੀਆਂ ਆਦਿ ਦੀ ਖੂਬਸੂਰਤੀ ਮਨ ਨੂੰ ਭਾਉਂਦੀ ਹੈ।ਸਭ ਤੋਂ ਵਧ ਕੇ ਨਿਆਗਰਾ ਫਾਲਜ਼ ਦੇ ਅਦੁੱਤੀ ਦ੍ਰਿਸ਼ ਪੇਸ਼ ਕਰਨ ਵਾਲੇ ਨਜ਼ਾਰੇ ਮਨ ਨੂੰ ਟੁੰਬਣ ਵਾਲੇ ਹਨ।
ਅੰਮ੍ਰਿਤਸਰ ਤੋਂ ਦਿੱਲੀ,ਦਿੱਲੀ ਤੋਂ ਮੌਂਨਟਰੀਆਲ ਤੇ ਫਿਰ ਮੌਂਨਟਰੀਆਲ ਤੋਂ ਟੋਰਾਂਟੋ ਦੇ ਸਫ਼ਰ ਦੌਰਾਨ ਦੀਆਂ ਪਰੇਸ਼ਾਨੀਆਂ,ਅਟੈਚੀਆਂ ਦਾ ਵਜ਼ਨ ਨਿਸਚਿਤ ਭਾਰ ਨਾਲੋਂ ਵੱਧ ਹੋ ਜਾਣ ਦੀ ਚਿੰਤਾ,ਹੋਰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ,ਥਾਂ ਥਾਂ ਚੈੱਕਿੰਗ,ਅੜਿੱਕੇ ‘ਤੇ ਅੜਿੱਕਾ,ਕੋਰੋਨਾ ਕਾਰਨ ਵਧੀਆਂ ਪਾਬੰਦੀਆਂ ਲੇਖਕ ਤੇ ਉਸਦੇ ਪਰਿਵਾਰ ਦੇ ਸਫ਼ਰ ਨੂੰ ਬੋਝਲ ਬਣਾਈ ਰੱਖਦੀਆਂ ਹਨ।             ‘ਸੁਪਨੇ ਅੰਦਰ ਬੈਠੇ ਡਰ’ ਵਿੱਚ ਮਾਪਿਆਂ ਤੇ ਸਕੂਲ ਪੜ੍ਹਦੇ ਬੱਚਿਆਂ ਵਾਸਤੇ ਬੁਲਿੰਗ ਤੇ ਡਰੱਗਜ਼ ਦੀ ਸਮੱਸਿਆ ਦੀ ਵਿਆਪਕਤਾ ਨੂੰ ਲੇਖਕ ਫਿਕਰਮੰਦੀ ਵਾਲੀ ਗੱਲ ਦੱਸਦਾ ਹੈ।ਬੱਚਿਆਂ ਨੂੰ ਇਸ ਤੋਂ ਬਚ ਕੇ ਰਹਿਣ ਦੀ ਨਸੀਹਤ ਕੀਤੀ ਜਾਂਦੀ ਹੈ।ਕੁਝ ਸੰਸਥਾਵਾਂ ਵੱਲੋਂ ਉਥੇ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਜਾਂਦੇ ਹਨ। ਜਿਨ੍ਹਾਂ ਵਿੱਚ ਬੱਚਿਆਂ ਨੂੰ ਹੋਰ ਵਿਸ਼ਿਆਂ ਤੋਂ ਇਲਾਵਾ ਬੁਲਿੰਗ ਤੇ ਡਰੱਗਜ਼ ਵਿਸ਼ਿਆਂ ‘ਤੇ ਵੀ ਲਿਖਣ ਲਈ ਕਿਹਾ ਜਾਂਦਾ ਹੈ।
‘ਟੋਰਾਂਟੋ ਵਿੱਚ ਸਾਹਿਤ ਸਭਾਵਾਂ,ਪੰਜਾਬੀ ਭਾਈਚਾਰਾ ਅਤੇ ਮੀਡੀਆ’ ਬਾਰੇ ਮਲਵਿੰਦਰ ਖੁੱਲ੍ਹ ਕੇ ਗੱਲ ਕਰਦਾ ਹੈ।ਬਰੈਂਪਟਨ ਵਿੱਚ ਪੰਜਾਬੀ ਦੇ ਪ੍ਰਸਿੱਧ ਲੇਖਕ ਰਹਿ ਰਹੇ ਹਨ।ਉਥੇ ਕੋਈ ਨਾ ਕੋਈ ਵੱਡਾ ਸਾਹਿਤਕ ਸਮਾਗਮ/ਸੈਮੀਨਾਰ ਹੁੰਦਾ ਰਹਿੰਦਾ ਹੈ।ਪੰਜਾਬੀ ਦੀਆਂ ਕਈ ਹਫ਼ਤਾਵਾਰੀ ਅਖਬਾਰਾਂ ਵੀ ਉਥੋਂ ਨਿਕਲਦੀਆਂ ਹਨ।ਰੇਡੀਉ ਤੇ ਟੈਲੀਵਿਜ਼ਨ ਚੈਨਲ ਵੀ ਚੱਲ ਰਹੇ ਹਨ।ਚੰਗੀ ਗੱਲ ਇਹ ਕਿ ਕੁਝ ਸੰਸਥਾਵਾਂ ਵੱਲੋਂ ਇਥੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ/ਕਵੀ ਦਰਬਾਰ ਵੀ ਕਰਵਾਏ ਜਾਂਦੇ ਹਨ।ਇਹ ਸੰਸਥਾਵਾਂ ਸਮਾਜਿਕ ਚੇਤਨਾ ਦਾ ਪਾਸਾਰ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।
ਧੜਾ-ਧੜ ਵਧਦੇ ਪਰਵਾਸ ਨਾਲ ਕੰਮ-ਧੰਦਿਆਂ ਵਿੱਚ ਤੇ ਕਿਰਤ ਦੇ ਢੰਗ-ਤਰੀਕਿਆਂ ਵਿੱਚ ਬਹੁਤ ਵੱਡਾ ਪਰਿਵਰਤਨ ਵਾਪਰਿਆ ਹੈ।ਕਿਰਤ ਨੇ ਰੂਪ ਵਟਾ ਲਏ ਹਨ। ਕਿਰਤ ਵਿੱਚੋਂ ਕਿਰਤੀ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਿਹ ਹੈ।ਕੰਮ ਬਹੁਤ ਹਨ।ਕੰਮ ਕਰਨ ਲਈ ਸਕਿੱਲ ਚਾਹੀਦੀ ਹੈ,ਇਰਾਦਾ ਚਾਹੀਦਾ ਹੈ,ਇੱਛਾ ਸ਼ਕਤਿ ਚਾਹੀਦੀ ਹੈ। ਲੇਖਕ ਦਾ ਸਵਾਲ ਬਿਲਕੁਲ ਢੁੱਕਵਾਂ ਹੈ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਬੇਸ਼ੱਕ ਬਹੁਤ ਸਾਰੇ ਨਵੇਂ ਕਿੱਤੇ ਹੋਂਦ ਵਿੱਚ ਆ ਗਏ ਹਨ।ਪਰ ਅਸੀਂ ਕੰਮ ਕਰਨ ਤੋਂ ਝਿਜਕਦੇ ਕਿਉਂ ਹਾਂ?
ਕੈਨੇਡਾ ਦੇ ਸਮਾਜਕ-ਆਰਥਕ ਸਿਸਟਮ ਵਿੱਚ ਬਹੁਤ ਸਾਰੇ ਵਿਗਾੜ ਵੀ ਹਨ,ਜਿਨ੍ਹਾਂ ਬਾਰੇ ਮਲਵਿੰਦਰ ਖੁੱਲ੍ਹ ਕੇ ਗੱਲ ਕਰਦਾ ਹੈ।ਉਥੋਂ ਦੀ ਪ੍ਰਾਕ੍ਰਿਤਕ ਖੂਬਸੂਰਤੀ ਨੂੰ ਵੀ ਉਸਨੇ ਰੱਜ ਕੇ ਵੇਖਿਆ,ਮਾਣਿਆ ਤੇ ਸਲਾਹਿਆ ਹੈ ਅਤੇ ਉਸ ਬਾਰੇ ਲਿਖਿਆ ਵੀ ਹੈ।
ਮਲਵਿੰਦਰ ਠੀਕ ਲਿਖਦਾ ਹੈ-“ਇਹ ਕਾਰਜ ਨਵੇਂ ਅਰਥਾਂ ਵਾਲਾ ਸਾਹਿਤ ਸਿਰਜਣ ਦੀਆਂ ਨਵੀਆਂ ਤੇ ਨਿਵੇਕਲੀਆਂ ਹੱਦਾਂ ਨਿਸਚਿਤ ਕਰਦਾ ਹੈ।”(ਪੰਨਾ 11) ਲੇਖਕ ਦੀ ਇਹ ਖਾਸੀਅਤ ਹੈ ਤੇ ਹੋਰ ਵਿਅਕਤੀਆਂ ਨਾਲੋਂ ਵੱਖਰਤਾ ਵੀ ਕਿ ਉਹ ਮਨੁੱਖਾਂ,ਘਟਨਾਵਾਂ,ਗੱਲਾਂ,ਵਰਤਾਰਿਆਂ,ਸਥਾਨਾਂ, ਮੌਸਮਾਂ,ਸਿਸਟਮ ਆਦਿ ਨੂੰ ਬਾਕੀਆਂ ਨਾਲੋਂ ਵਧੇਰੇ ਬਾਰੀਕੀ ਨਾਲ ਤੇ ਸ਼ਿੱਦਤ ਨਾਲ ਵੇਖਦਾ, ਸਮਝਦਾ,ਪੜਤਾਲਦਾ ਤੇ ਉਨ੍ਹਾਂ ਦਾ ਮੁਲਾਂਕਣ ਵੀ ਕਰਦਾ ਹੈ।ਮਲਵਿੰਦਰ ਦੀ ਕੈਨੇਡਾ ਫੇਰੀ ਕਿਸੇ ਸਾਧਾਰਨ ਵਿਅਕਤੀ ਦੀ ਫੇਰੀ ਨਹੀਂ,ਸਗੋਂ ਉਹ ਆਪਣੀ ਇਸ ਫੇਰੀ ਨੂੰ ਪ੍ਰਯੋਜਨਮੁਖੀ ਬਣਾਉਂਦਾ ਹੈ। ਆਪਣੀ ਯਾਤਰਾ ਤੇ ਠਾਹਰ ਦੇ ਅਨੁਭਵਾਂ ਨੂੰ ਆਪਣੀ ਕਲਾ ਦੀ ਛੋਹ ਪ੍ਰਦਾਨ ਕਰਦਾ ਹੈ ਤੇ ਲਿਖਦਾ ਹੈ।ਸਫ਼ਰ ਵਿੱਚ ਆਈਆਂ ਔਕੜਾਂ ਦੇ ਬਾਵਜੂਦ ਵੀ ਸਫ਼ਰ ਬਿਰਤਾਂਤ ਨੂੰ ਉਹ ਸੁਹਜ ਬਿਰਤੀ ਨਾਲ ਸਿਰਜਦਾ ਹੈ।ਉਸਦੀ ਲਿਖਤ ਵਿੱਚ ਉਸਦਾ ਸਵੈ ਸ਼ਾਮਲ ਰਹਿੰਦਾ ਹੈ।ਲੇਖਕ ਪਾਠਕ ਨੂੰ ਆਪਣੀ ਲਿਖਤ ਦੇ ਮੂਲ ਸੂਤਰ ਨਾਲ ਜੋੜ ਕੇ ਰੱਖਦਾ ਹੈ ਤੇ ਰੌਚਿਕਤਾ ਬਣਾਈ ਰੱਖਣ ਵਿੱਚ ਕਾਮਯਾਬ ਰਹਿੰਦਾ ਹੈ।ਆਪਣੇ ਵਿਚਾਰਾਂ ਦੇ ਸੁਹਜਮਈ ਪ੍ਰਗਟਾਵੇ ਲਈ ਉਹ ਉਨ੍ਹਾਂ ਦੀ ਕਲਾਤਮਿਕ ਅਭਿਵਿਅਕਤੀ ਕਰਦਾ ਹੈ। ਅਜਿਹਾ ਕੰਮ ਜਨੂੰਨ ਤੋਂ ਬਿਨਾਂ ਨਹੀਂ ਹੁੰਦਾ।ਆਪਣੇ ਵਿਚਾਰਾਂ ਨੂੰ ਉਹ ਤੱਤ,ਤੱਥ ਅਤੇ ਤਰਕ ਦੇ ਆਧਾਰ ‘ਤੇ ਉਸਾਰਦਾ ਹੈ।ਕਿਸੇ ਦੇ ਪੇਸ਼ ਕੀਤੇ ਮਤ,ਤੱਥ,ਵਿਚਾਰ ਆਦਿ ਦੀ ਤਰਕ ਆਧਾਰਿਤ ਨਵ-ਨਿਰਮਾਣਕਾਰੀ ਕਰਨਾ ਵੀ ਉਹ ਜਾਣਦਾ ਹੈ।ਹੈ। ਮਲਵਿੰਦਰ ਸੁਹਜ ਭੁੱਖ ਦੀ ਤ੍ਰਿਪਤੀ ਲਈ ਲਿਖਦਾ ਹੈ। ਰੂਹ ਦੇ ਰੱਜ ਵਾਸਤੇ ਲਿਖਦਾ ਹੈ।ਸਮਾਜ ਦੇ ਹਿਤਾਂ ਲਈ ਲਿਖਦਾ ਹੈ।ਫਿਰ ਵੀ ਉਸਦੀ ਲਿਖਣ ਦੀ ਭੁੱਖ ਬਣੀ ਰਹਿੰਦੀ ਹੈ।
ਮਲਵਿੰਦਰ ਕੋਲ ਵਿਚਾਰ ਹਨ,ਭਾਸ਼ਾ ਹੈ,ਸ਼ੈਲੀ ਹੈ।ਲੋੜ ਅਨੁਸਾਰ ਵਿਚਾਰਾਂ ਨੂੰ ਨਵਿਆਉਣ ਤੇ ਉਨ੍ਹਾਂ ਦੀ ਨਵ-ਉਸਾਰੀ ਕਰਨ ਦੇ ਹੁਨਰ ਦੀ ਵਰਤੋਂ ਕਰਨ ਦੀ ਵੀ ਉਸਨੂੰ ਜਾਚ ਹੈ।ਭਾਸ਼ਾ ਉਪਰ ਉਸਨੂੰ ਪਕੜ ਹੈ।ਚਿੰਨ੍ਹਾਂ,ਪ੍ਰਤੀਕਾਂ ਰਾਹੀਂ ਗੱਲ ਕਰਨ ਦੀ ਕਲਾ ਵਿੱਚ ਉਹ ਮਾਹਿਰ ਹੈ।ਵਾਰਤਕ ਲਿਖਦਿਆਂ ਉਸ ਵਿੱਚ ਕਾਵਿਕ ਅੰਸ਼ਾਂ ਦਾ ਸਮਾਵੇਸ਼ ਕਰ ਲੈਣਾ ਉਸ ਵਾਸਤੇ ਬਹੁਤ ਸਹਿਜ ਕਿਸਮ ਦੀ ਪ੍ਰਕਿਰਿਆ ਹੈ।ਇਹ ਉਸਦੀ ਵਾਰਤਕ ਕਲਾ ਦਾ ਉਘੜਵਾਂ ਲੱਛਣ ਬਣ ਕੇ ਉਭਰਨ ਵਾਲਾ ਪਹਿਲੂ ਹੈ।ਮਲਵਿੰਦਰ ਜਿਉਂ ਜਿਉਂ ਲਿਖਦਾ ਜਾਂਦਾ ਹੈ,ਆਪਣੀ ਲਿਖਣ ਕਲਾ ਦੇ ਹੁਨਰ ਨੂੰ ਤਰਾਸ਼ਦਾ ਜਾਂਦਾ ਹੈ।ਮੈਂ ਨਿਸਚੇ ਨਾਲ ਕਹਿ ਸਕਦਾ ਹਾਂ ਕਿ ਇਹ ਪੁਸਤਕ ਪਾਠਕਾਂ ਦੀ ਜਾਣਕਾਰੀ ਵਿੱਚ ਚੰਗਾ-ਚੋਖਾ ਵਾਧਾ ਕਰੇਗੀ,ਉਨ੍ਹਾਂ ਲਈ ਮਾਰਗ ਦਰਸ਼ਕ ਬਣੇਗੀ ਤੇ ਸੇਧ ਵੀ ਪ੍ਰਦਾਨ ਕਰੇਗੀ।ਨਾਲ ਹੀ,ਇਹ ਪੁਸਤਕ ਪਾਠਕਾਂ ਨੂੰ ਪਰਵਾਸ ਧਾਰਨ ਕਰਨ ਤੋਂ ਪਹਿਲਾਂ ਡੂੰਘੀ ਸੋਚ ਵਿਚਾਰ ਕਰਨ ਲਈ ਵੀ ਪ੍ਰੇਰਿਤ ਕਰੇਗੀ ਤੇ ਇਸ ਸਬੰਧ ਵਿੱਚ ਫੈਸਲਾ ਲੈਣ ਲਈ ਹਿੰਮਤ ਜੁਟਾਉਣ ਦਾ ਹੌਸਲਾ ਵੀ ਦੇਵੇਗੀ।ਮੈਂ ਉਮੀਦ ਕਰਦਾ ਹਾਂ ਕਿ ਪਰਵਾਸ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਨਾਲ ਓਤਪੋਤ ਇਹ ਪ੍ਰਯੋਜਨਮੁਖੀ ਤੇ ਪੁਖ਼ਤਾ ਪ੍ਰਵਚਨ ਪਾਠਕਾਂ ਦੇ ਹਿਰਦੇਪਟ ‘ਤੇ ਚਿਰਾਂ ਤੱਕ ਅਸਰਅੰਦਾਜ਼ ਹੁੰਦੇ ਰਹਿਣਗੇ।ਮੈਂ ਇਸ ਮੁੱਲਵਾਨ ਪੁਸਤਕ ਦਾ ਹਾਰਦਿਕ ਸਵਾਗਤ ਕਰਦਾ ਹਾਂ।ਫ਼ਖ਼ਰ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਇਸ ਅਨੂਠੇ ਕਾਰਜ ਸਮੇਤ ਮਲਵਿੰਦਰ ਆਪਣੇ ਪਾਠਕਾਂ ਦੇ ਸਨਮੁੱਖ ਹੋ ਰਿਹਾ ਹੈ।ਇਸ ਬਹੁਮੁੱਲੇ ਦਸਤਾਵੇਜ਼ ਦੀ ਸਿਰਜਣਾ ਲਈ ਮੈਂ ਉਸਨੂੰ ਮੁਬਾਰਕਬਾਦ ਭੇਂਟ ਕਰਦਾ ਹਾਂ ਤੇ ਇਸ ਪੁਸਤਕ ਨੂੰ ਖੁਸ਼ਆਮਦੀਦ ਕਹਿੰਦਿਆਂ ਹੋਇਆਂ ਅਥਾਹ ਖੁਸ਼ੀ ਅਨੁਭਵ ਕਰ ਰਿਹਾ ਹਾਂ।