ਆਪਣੇ ਘਰ ਵਿਚ ਲਏ ਆਖਰੀ ਸਾਹ-
ਮੁੰਬਈ ( ਏਜੰਸੀਆਂ)-ਪ੍ਰਸਿਧ ਫਿਲਮੀ ਅਭਿਨੇਤਾ ਧਰਮਿੰਦਰ ਦਾ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। 89 ਸਾਲਾ ਅਦਾਕਾਰ ਨੇ ਸੋਮਵਾਰ ਦੁਪਹਿਰ ਨੂੰ ਆਪਣੇ ਘਰ ਵਿੱਚ ਹੀ ਆਖਰੀ ਸਾਹ ਲਏ। ਖ਼ਬਰ ਏਜੰਸੀਆਂ ਨੇ ਪੁਲੀਸ ਦੇ ਹਵਾਲੇ ਨਾਲ ਇਹ ਖਬਰ ਸਾਂਝੀ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿਸ ਵਿੱਚ ਸਲਮਾਨ ਖਾਨ, ਸੰਜੇ ਦੱਤ, ਅਮਿਤਾਭ ਬੱਚਨ ਅਤੇ ਆਮਿਰ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਬਜ਼ੁਰਗ ਅਦਾਕਾਰ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ।
ਧਰਮਿੰਦਰ ਦੇ ਦੇਹਾਂਤ ਨਾਲ ਪੂਰੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਬੌਲੀਵੁੱਡ ਅਦਾਕਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ ਹਨ। ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਬਜ਼ੁਰਗ ਅਦਾਕਾਰ ਨੂੰ ਕੁਝ ਦਿਨ ਪਹਿਲਾਂ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਹੇਮਾ ਮਾਲਿਨੀ, ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਨੇ ਆਪਣੇ ਬਿਮਾਰ ਪਿਤਾ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਸਿਹਤ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ ਪਰਿਵਾਰ ਅਦਾਕਾਰ ਨੂੰ ਘਰ ਲੈ ਗਿਆ ਸੀ।
ਧਰਮਿੰਦਰ ਸਿੰਘ ਦਿਓਲ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਦਿਓਲ ਪਿੰਡ ਦੇ ਸਕੂਲ ਵਿੱਚ ਹੈੱਡਮਾਸਟਰ ਸਨ। ਧਰਮਿੰਦਰ ਦਾ ਬਚਪਨ ਸਾਹਨੇਵਾਲ ਪਿੰਡ ਵਿੱਚ ਬੀਤਿਆ ਅਤੇ ਉਨ੍ਹਾਂ ਨੇ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਤੋਂ 1952 ਵਿੱਚ ਪੂਰੀ ਕੀਤੀ।
ਪਰਿਵਾਰ- ਧਰਮਿੰਦਰ ਨੇ ਦੋ ਵਿਆਹ ਕਰਵਾਏ। ਉਨ੍ਹਾਂ ਦਾ ਪਹਿਲਾ ਵਿਆਹ 1954 ਵਿੱਚ, ਜਦੋਂ ਉਹ ਸਿਰਫ਼ 19 ਸਾਲ ਦੇ ਸਨ, ਪ੍ਰਕਾਸ਼ ਕੌਰ ਨਾਲ ਹੋਇਆ। ਇਸ ਵਿਆਹ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ: ਦੋ ਪੁੱਤਰ, ਜੋ ਕਿ ਸਫਲ ਅਦਾਕਾਰ ਹਨ, ਸੰਨੀ ਦਿਓਲ ਅਤੇ ਬੌਬੀ ਦਿਓਲ, ਅਤੇ ਦੋ ਧੀਆਂ, ਵਿਜੇਤਾ ਤੇ ਅਜੀਤਾ, ਜੋ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ। ਸਾਲ 1980 ਵਿੱਚ ਉਨ੍ਹਾਂ ਨੇ ਬਾਲੀਵੁੱਡ ਦੀ ‘ਡ੍ਰੀਮ ਗਰਲ’ ਅਦਾਕਾਰਾ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ। ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ: ਅਦਾਕਾਰਾ ਏਸ਼ਾ ਦਿਓਲ ਅਤੇ ਅਹਾਨਾ ਦਿਓਲ।ਧਰਮਿੰਦਰ ਦਾ ਪੂਰਾ ਪਰਿਵਾਰ ਫ਼ਿਲਮ ਜਗਤ ਵਿੱਚ ਸਰਗਰਮ ਰਿਹਾ ਹੈ ਅਤੇ ਦਿਓਲ ਪਰਿਵਾਰ ਨੂੰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ।
ਸ਼ੁਰੂਆਤੀ ਸੰਘਰਸ਼ ਅਤੇ ਫ਼ਿਲਮੀ ਸਫ਼ਰ
ਸਾਲ 1958 ਵਿੱਚ ਉਨ੍ਹਾਂ ਨੇ ‘ਫਿਲਮਫੇਅਰ’ ਮੈਗਜ਼ੀਨ ਦੇ ‘ਟੈਲੰਟ ਹੰਟ’ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਜਿੱਤ ਲਿਆ। ਇਸ ਮੁਕਾਬਲੇ ਨੇ ਹੀ ਉਨ੍ਹਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ। ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1960 ਵਿੱਚ ਫ਼ਿਲਮ ‘ਦਿਲ ਬੀ ਤੇਰਾ ਹਮ ਬੀ ਤੇਰੇ’ ਨਾਲ ਕੀਤੀ ਸੀ। ਆਪਣੇ ਸ਼ੁਰੂਆਤੀ ਸਾਲਾਂ (1960 ਤੋਂ 1968) ਦੌਰਾਨ ਉਨ੍ਹਾਂ ਨੇ ਜ਼ਿਆਦਾਤਰ ਰੋਮਾਂਟਿਕ ਅਤੇ ਨਰਮ ਕਿਰਦਾਰ ਨਿਭਾਏ।
ਹਾਲਾਂਕਿ, ਉਨ੍ਹਾਂ ਦੀ ਪਛਾਣ 1966 ਵਿੱਚ ਆਈ ਫ਼ਿਲਮ ‘ਫੂਲ ਔਰ ਪੱਥਰ’ ਨਾਲ ਬਣੀ, ਜਿਸ ਨੇ ਉਨ੍ਹਾਂ ਨੂੰ ਇੱਕ ਐਕਸ਼ਨ ਹੀਰੋ ਅਤੇ ਪ੍ਰਮੁੱਖ ਅਦਾਕਾਰ ਵਜੋਂ ਸਥਾਪਿਤ ਕੀਤਾ। ਇਸ ਫ਼ਿਲਮ ਨੇ ਉਨ੍ਹਾਂ ਨੂੰ ਬੈਸਟ ਐਕਟਰ ਲਈ ਪਹਿਲੀ ਫਿਲਮਫੇਅਰ ਨਾਮਜ਼ਦਗੀ ਵੀ ਦਿਵਾਈ।1970 ਅਤੇ 1980 ਦੇ ਦਹਾਕੇ ਵਿੱਚ, ਧਰਮਿੰਦਰ ਨੇ ਬਾਲੀਵੁੱਡ ਉੱਤੇ ਰਾਜ ਕੀਤਾ। ਉਨ੍ਹਾਂ ਦੀ ਗੱਭਰੂ ਦਿੱਖ, ਬਹੁਪੱਖੀ ਅਦਾਕਾਰੀ ਅਤੇ ਸਕਰੀਨ ‘ਤੇ ਮਜ਼ਬੂਤ ਹਾਜ਼ਰੀ ਕਾਰਨ ਉਨ੍ਹਾਂ ਨੂੰ ‘ਹੀ-ਮੈਨ’ ਅਤੇ ‘ਗਰਮ ਧਰਮ’ ਵਰਗੇ ਨਾਮ ਮਿਲੇ।
ਧਰਮਿੰਦਰ ਨੇ ਆਪਣੇ 6 ਦਹਾਕਿਆਂ ਤੋਂ ਵੱਧ ਦੇ ਫ਼ਿਲਮੀ ਕਰੀਅਰ ਵਿੱਚ 300 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਅਮਿੱਟ ਛਾਪ ਛੱਡੀ।
