Apr 23, 2026

ਪਿਕਅੱਪ ਟਰੱਕ ਵਿਚ ਲਾਸ਼ਾ ਲੈਕੇ ਥਾਣੇ ਪੁੱਜਾ ਨੌਜਵਾਨ-

ਸਿਰਸਾ- ਸਿਰਸਾ ਵਿੱਚ ਇਕ ਨੌਜਵਾਨ ਵਲੋਂ ਆਪਣੀ ਮਾਂ ਤੇ ਉਸਦੇ ਆਸ਼ਕ ਦਾ ਕਤਲ ਕੀਤੇ ਜਾਣ ਦੀ ਸਨਸਨੀਖੇਜ ਖਬਰ ਹੈ। ਵੀਰਵਾਰ ਰਾਤ ਨੂੰ ਦੋਹਰੇ ਕਤਲ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਨੌਜਵਾਨ ਨੇ ਆਪਣੀ ਮਾਂ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ, ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਪਾਗਲ ਹੋ ਗਿਆ। ਇਸ ਤੋਂ ਖਫ਼ਾ ਨੌਜਵਾਨ ਨੇ ਆਪਣੀ ਮਾਂ ਅਤੇ ਉਸ ਦੇ ਕਥਿਤ ਪ੍ਰੇਮੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।ਐਨਾ ਹੀ ਨਹੀਂ ਸ਼ੁੱਕਰਵਾਰ ਸਵੇਰੇ ਨੌਜਵਾਨ ਦੋਵਾਂ ਦੀਆਂ ਲਾਸ਼ਾਂ ਨੂੰ ਇੱਕ ਪਿਕਅੱਪ ਗੱਡੀ ਵਿੱਚ ਪਾ ਕੇ ਸਦਰ ਥਾਣੇ ਪਹੁੰਚਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਵੀ ਕੀਤੀ।

ਗੌਰਤਲਬ ਹੈ ਕਿ ਸਿਰਸਾ ਦੇ ਸਦਰ ਥਾਣਾ ਖੇਤਰ ਦੇ ਪਿੰਡ ਥੇਹੜ ਸਿਕੰਦਰਪੁਰ ਵਿੱਚ ਵੀਰਵਾਰ ਦੇਰ ਰਾਤ ਕਰੀਬ 2 ਵਜੇ ਰਾਜਕੁਮਾਰ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਅੰਗੂਰੀ ਦੇਵੀ (42 ਸਾਲ) ਅਤੇ ਉਸ ਦੇ ਪ੍ਰੇਮੀ ਲੇਖਰਾਜ (45 ਸਾਲ) ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਪੁਲਿਸ ਅਨੁਸਾਰ ਦੋਸ਼ੀ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਸੀ, ਪਰ ਉਹ ਨਹੀਂ ਮੰਨੀ। ਪਿੰਡ ਥੇਹੜ ਸਿਕੰਦਰਪੁਰ ਵਿੱਚ ਹੋਏ ਇਸ ਦੋਹਰੇ ਕਤਲ ਤੋਂ ਬਾਅਦ ਸਨਸਨੀ ਫੈਲ ਗਈ ਹੈ ਅਤੇ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।