ਅਪਰਾਧੀਆਂ ਨੂੰ ਦੇਸ਼ ਨਿਕਾਲੇ, ਸਖਤ ਸਜ਼ਾਵਾਂ ਤੇ ਭਾਰਤ ਨਾਲ ਗੱਲਬਾਤ ਦਾ ਖੁਲਾਸਾ-
ਪੀੜਤਾਂ ਦੀ ਸਹਾਇਤਾ ਅਤੇ ਜਾਂਚ ਦਲ ਲਈ ਇਕ ਮਿਲੀਅਨ ਦੀ ਵਾਧੂ ਫੰਡਿੰਗ ਦਾ ਐਲਾਨ-
ਸਰੀ ( ਦੇ ਪ੍ਰ ਬਿ)–ਬੀਸੀ ਵਿਚ ਜਬਰੀ ਵਸੂਲੀ, ਧਮਕੀਆਂ ਅਤੇ ਗੋਲੀਬਾਰੀ ਦੇ ਸੰਕਟ ਦੇ ਖਾਤਮੇ ਲਈ ਅਪਰਾਧੀਆਂ ਨੂੰ ਦੇਸ਼ ਨਿਕਾਲੇ ਤੇ ਹੋਰ ਸਖਤ ਸਜ਼ਾਵਾਂ ਦੇ ਨਾਲ ਭਾਰਤ ਨਾਲ ਗੱਲਬਾਤ ਤੇ ਹੋਰ ਉਪਾਵਾਂ ਦਾ ਐਲਾਨ ਕਰਦਿਆਂ ਫੈਡਰਲ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੈਂਗਰੀ ਨੇ ਕਿਹਾ ਹੈ ਕਿ “ਬਹੁ-ਅਪਰਾਧਕਤਾ” ਦੇ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਦ੍ਰਿੜ ਸੰਕਲਪ ਹੈ। ਫੈਡਰਲ ਮੰਤਰੀ ਨੇ ਹੋਰ ਕਿਹਾ ਕਿ ਉਹਨਾਂ ਨੇ ਜੋ ਸ਼ਬਦ ਪੌਲੀ-ਅਪਰਾਧਕਤਾ ਵਰਤਿਆ ਹੈ, ਇਹ ਇੱਕ ਵਿਅਕਤੀ ਜਾਂ ਅਪਰਾਧ ਸਮੂਹ ਦੀ ਇੱਕ ਤੋਂ ਵੱਧ ਕਿਸਮਾਂ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਨੂੰ ਦਰਸਾਉਂਦਾ ਹੈ, ਜਿਸ ਵਿੱਚ ਜਬਰੀ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਲ ਹੈ । ਜਿਹੜੇ ਲੋਕ ਇਨ੍ਹਾਂ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ, ਉਹ ਬਹੁਤ ਬੁਰੇ ਲੋਕ ਹਨ ਜਿਨ੍ਹਾਂ ਦਾ ਇਕੋ ਇਕ ਮਕਸਦ ਕੇਵਲ ਪੈਸਾ ਬਟੋਰਨਾ ਹੈ ਤੇ ਉਹ ਉਹ ਪੈਸਾ ਬਟੋਰਨ ਲਈ ਘਿਨਾਉਣੇ ਅਪਰਾਧ ਕਰਦੇ ਹਨ।
ਫੈਡਰਲ ਮੰਤਰੀ ਆਨੰਦਸੰਗਰੀ ਸ਼ੁੱਕਰਵਾਰ ਨੂੰ ਸਰੀ ਵਿੱਚ ਇੱਕ ਵੱਡੀ ਗੋਲਮੇਜ਼ ਮੀਟਿੰਗ ਵਿਚ ਹਿੱਸਾ ਲਿਆ ਜਿਸ ਵਿਚ ਪ੍ਰੀਮੀਅਰ ਡੇਵਿਡ ਏਬੀ, ਮੇਅਰ ਬਰੈਂਡਾ ਲੌਕ, ਫੈਡਰਲ ਰਾਜ ਮੰਤਰੀ ਰੂਬੀ ਸਹੋਤਾ ਤੇ ਹੋਰ ਉਚ ਅਧਿਕਾਰੀ ਅਤੇ ਜਨ ਪ੍ਰਤੀਨਿਧ ਸ਼ਾਮਿਲ। ਇਸ ਮੀਟਿੰਗ ਦਾ ਮੁੱਖ ਉਦੇਸ਼ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕੰਮ ‘ਤੇ ਚਰਚਾ ਕਰਨਾ ਅਤੇ ਸੁਧਾਰ ਲਈ ਖੇਤਰਾਂ ਦੀ ਪਛਾਣ ਕਰਨਾ ਸੀ। ਮੀਟਿੰਗ ਦੌਰਾਨ ਨੇਤਾਵਾਂ ਨੇ ਪ੍ਰਬੰਧ ਦੀਆਂ ਚੁਣੌਤੀਆਂ ਅਤੇ ਸੰਘੀ, ਸੂਬਾਈ ਅਤੇ ਸਥਾਨਕ ਏਜੰਸੀਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਰਚਾ ਕੀਤੀ, ਜਿਸ ਵਿੱਚ ਬੀ.ਸੀ. ਜ਼ਬਰੀ ਵਸੂਲੀ ਟਾਸਕ ਫੋਰਸ ਦਾ ਹਿੱਸਾ ਵੀ ਹੈ।
ਵਾਧੂ ਫੰਡਿੰਗ ਦਾ ਐਲਾਨ-
ਮੀਟਿੰਗ ਦੌਰਾਨ ਸੂਬਾਈ ਅਤੇ ਫੈਡਰਲ ਸਰਕਾਰਾਂ ਵਲੋਂ ਜਬਰੀ ਵਸੂਲੀ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਇਕ ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਦਾ ਐਲਾਨ ਕੀਤਾ। ਕਿਹਾ ਗਿਆ ਕਿ ਪੀੜਤ ਸੇਵਾਵਾਂ ਲਈ ਅਕਸਰ ਸੀਮਤ ਸਰੋਤ ਹੁੰਦੇ ਹਨ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਕੇਸ ਬਾਰੇ ਅਪਡੇਟ ਕਰਨਾ ਬਹੁਤ ਜਰੁਰੀ ਹੈ। ਪ੍ਰੀਮੀਅਰ ਈਬੀ ਨੇ ਕਿਹਾ ਕਿ ਪਰਿਵਾਰਾਂ ਨੂੰ ਪੁਲਿਸ ਦੀ ਕਾਰਵਾਈ ਬਾਰੇ ਨਵੀਨਤਮ ਜਾਣਕਾਰੀ ਅਤੇ ਸੁਰੱਖਿਆ ਯੋਜਨਾ ਕਿਵੇਂ ਬਣਾਉਣੀ ਹੈ ਬਾਰੇ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ । ਪੀੜਤਾਂ ਨੂੰ ਉਨ੍ਹਾਂ ਦੀ ਫਾਈਲ ਨਾਲ ਕੀ ਹੋ ਰਿਹਾ ਹੈ ਬਾਰੇ ਮੁਕੰਮਲ ਅਪਡੇਟ ਮਿਲਣੀ ਚਾਹੀਦੀ ਹੈ।
ਫੈਡਰਲ ਸਰਕਾਰ ਨੇ ਡਰੱਗ ਅਪਰਾਧ ਨਾਲ ਨਿਪਟਣ ਅਤੇ ਗੈਂਗ ਖਿਲਾਫ ਕੰਮ ਕਰਨ ਵਾਲੀ ਟੀਮ ਲਈ ਚਾਰ ਸਾਲਾਂ ਵਿੱਚ $4 ਮਿਲੀਅਨ ਡਾਲਰ ਦਾ ਵੀ ਐਲਾਨ ਵੀ ਕੀਤਾ। ਇਹ ਟੀਮ ਸੰਗਠਿਤ ਨਸ਼ੀਲੇ ਪਦਾਰਥਾਂ ਦੇ ਅਪਰਾਧ ਅਤੇ ਜਬਰੀ ਵਸੂਲੀ ਨਾਲ ਲੜਨ ਲਈ ਕਈ ਏਜੰਸੀਆਂ ਅਤੇ ਅਧਿਕਾਰ ਖੇਤਰਾਂ ਤੋਂ ਕਾਨੂੰਨ ਅਤੇ ਸਰਹੱਦੀ ਲਾਗੂ ਕਰਨ ਵਾਲੇ ਸਰੋਤਾਂ ਨੂੰ ਇਕੱਠਾ ਕਰੇਗੀ। ਮੰਤਰੀ ਆਨੰਦਸੰਗਰੀ ਨੇ ਅੱਗੇ ਕਿਹਾ ਕਿ 4 ਮਿਲੀਅਨ ਡਾਲਰ ਦੇ ਨਿਵੇਸ਼ ਉਨ੍ਹਾਂ ਨਿਵੇਸ਼ਾਂ ਦਾ ਹਿੱਸਾ ਹਨ ਜੋ ਅਸੀਂ ਇਹ ਯਕੀਨੀ ਬਣਾਉਣ ਲਈ ਕਰ ਰਹੇ ਹਾਂ ਕਿ ਕੀ ਉਹ ਪੈਸੇ ਦੀ ਸਹੀ ਵਰਤੋਂ ਕਰਦੇ ਹਨ ਅਤੇ ਡਰੱਗ ਕਾਰਟੈਲਾਂ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਨੂੰ ਖਤਮ ਕਰਦੇ ਹਨ ਜਾਂ ਵਾਧੂ ਸਹਾਇਤਾ ਪ੍ਰਦਾਨ ਕਰਦੇ ਹਨ ਜੋ ਬੀ.ਸੀ. ਪਹਿਲਾਂ ਹੀ ਇਹਨਾਂ ਜਾਂਚਾਂ ਉਪਰ ਖਰਚ ਕਰ ਰਿਹਾ ਹੈ। ਇੱਕ ਰਿਪੋਰਟਰ ਨੇ ਆਨੰਦਸੰਗਰੀ ਨੂੰ ਪੁੱਛਿਆ ਕਿ ਕੀ ਉਹ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕਰ ਸਕਦੇ ਹਨ ਕਿ ਜਬਰੀ ਵਸੂਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਕਿਵੇਂ ਜੁੜੀ ਹੋਈ ਹੈ। ਭਾਵੇਂਕਿ ਉਹਨਾਂ ਸਿੱਧੇ ਤੌਰ ‘ਤੇ ਸਵਾਲ ਦਾ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਇਹ ਪੈਸੇ ‘ਤੇ ਨਿਰਭਰ ਕਰਦਾ ਹੈ।
ਉਹਨਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਅੰਤਰਰਾਸ਼ਟਰੀ ਅਪਰਾਧਿਕ ਦਖਲ ਇਸ ਸੰਕਟ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ, ਪਰ ਇਸ ਵਿੱਚ ਹੋਰ ਵੀ ਬਹੁਤ ਸਾਰੇ ਤੱਤ ਹਨ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਸ਼ਾਮਲ ਹੈ। ਇਸ ਲਈ ਇਹ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਜਿਸ ਵਿੱਚ ਅਸੀਂ ਅੱਜ ਨਿਵੇਸ਼ ਕਰ ਰਹੇ ਹਾਂ। ਇਹ ਨਸ਼ਿਆਂ ਬਾਰੇ ਹੈ, ਜਿਵੇਂ ਕਿ ਫੈਂਟਾਨਿਲ ਅਤੇ ਹੋਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜੋ ਤਸਕਰੀ ਕੀਤੇ ਜਾਂਦੇ ਹਨ ਅਤੇ ਜੋ ਸਾਡੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਮੰਤਰੀ ਆਨੰਦਸੰਗਰੀ ਨੇ ਭਾਰਤੀ ਦਖਲ ਦੇ ਮੁੱਦੇ ਤੇ ਕਿਹਾ ਕਿ ਕੈਨੇਡਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਦੋਵੇਂ ਦੇਸ਼ ਜਾਣਕਾਰੀ ਸਾਂਝੀ ਕਰਨ ਜਿਸ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਠੱਲ ਪਵੇਗੀ। ਇਸ ‘ਤੇ ਸਕਾਰਾਤਮਕ ਕਦਮ ਚੁੱਕੇ ਗਏ ਹਨ, ਬੇਸ਼ੱਕ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ।
ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਹੁਣ ਚੱਲ ਰਹੇ ਜਬਰੀ ਸੰਕਟ ਦੇ ਸਬੰਧ ਵਿੱਚ ਪੰਜ ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਤੇ 95 ਹੋਰ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
***ਸਰੀ ਕੋਈ ਟਾਪੂ ਨਹੀਂ- ਮੇਅਰ ਬਰੈਂਡਾ ਲੌਕ-
ਮੇਅਰ ਬਰੈਂਡ ਲੌਕ ਨੇ ਕਿਹਾ ਕਿ ਮੈਂ ਕੁਝ ਸਮਾਂ ਪਹਿਲਾਂ ਟਿੱਪਣੀ ਕੀਤੀ ਸੀ ਕਿ ਸਰੀ ਬਹੁਤ ਲੰਬੇ ਸਮੇਂ ਤੋਂ ਇੱਕ ਟਾਪੂ ਵਾਂਗ ਮਹਿਸੂਸ ਕਰ ਰਿਹਾ ਹੈ। ਪਰ ਅੱਜ ਦੀ ਮੀਟਿੰਗ ਤੋਂ ਮਹਿਸੂਸ ਹੋਇਆ ਹੈ ਕਿ ਅਸੀਂ ਇੱਕ ਟਾਪੂ ਨਹੀਂ ਹਾਂ। ਫੈਡਰਲ ਸਰਕਾਰ ਦੇ ਹੁੰਗਾਰੇ ਤੋਂ ਅੱਗੇ ਵਧਣ ਦੀ ਉਮੀਦ ਜਾਗੀ ਹੈ ਉਹ ਖੁਸ਼ ਹੈ ਕਿ ਜਬਰੀ ਵਸੂਲੀ ਦੇ ਪੀੜਤਾਂ ਦੇ ਸਮਰਥਨ ਬਾਰੇ ਬਹੁਤ ਚਰਚਾ ਹੋਈ। ਕਿਉਂਕਿ ਪਹਿਲਾਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਪੀੜਤਾਂ ਦੀ ਕੋਈ ਸੁਣਵਾਈ ਨਹੀ। ਉਹਨਾਂ ਨੂੰ ਮੁਲਕ ਦਾ ਹਿੱਸਾ ਨਹੀ ਮੰਨਿਆ ਜਾ ਰਿਹਾ ਪਰ ਹੁਣ ਫੈਡਰਲ ਤੇ ਸੂਬਾ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ। ਇਸ ਸਾਲ ਸਰੀ ਵਿੱਚ 100 ਤੋਂ ਵੱਧ ਜਬਰੀ ਵਸੂਲੀ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ । ਸਰੀ ਪੁਲਿਸ ਸਰਵਿਸ ਨੇ ਵੀਰਵਾਰ (27 ਨਵੰਬਰ) ਨੂੰ ਕਿਹਾ ਕਿ 2025 ਵਿੱਚ 44 ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਅਤੇ 75 ਹੋਰ ਇਸ ਨਾਲ ਸਬੰਧਿਤ ਪੀੜਤ ਸਾਹਮਣੇ ਆਏ ਹਨ।


