Mar 7, 2026

ਡਾ. ਬਲਵਿੰਦਰ ਕੌਰ ਬਰਾੜ–

ਕਿਹਾ ਲਿਬਾਸ ਪਾ ਲਿਆ ਅੱਜ ਦੀ ਤਹਿਜ਼ੀਬ ਨੇ,

ਰੂਹਾਂ ਨਕਾਬਪੋਸ਼ ਤੇ ਬੇ-ਪਰਦ ਹੋਈਆਂ ਇੰਦਰੀਆਂ।

ਸੂਰਤ ਉਸ ਦੀ ਭੋਲ਼ੀ ਭਾਲ਼ੀ ਪੂਰੀ ਮੋਮੋਠਗਣੀ ਹੈ,

ਸੀਰਤ ਅੱਗੇ ਗੋਡੇ ਟੇਕਣ ਬਾਦਲੀਆਂ ਅਮਰਿੰਦਰੀਆਂ। (ਬਖ਼ਸ਼ਿੰਦਰ)

ਲੰਘੇ ਸਾਲ ਮੈਂ ਕੈਲੀਫੋਰਨੀਆਂ ਕਿਸੇ ਦੇ ਘਰ ਗਈ। ਉਹ ਆਪਣੇ ਲੜਕੇ ਲਈ ਲੜਕੀ ਦੀ ਤਲਾਸ਼ ਕਰ ਰਹੇ ਸਨ। ਮੈਂ ਪੁੱਛਿਆ ਕੋਈ ਖਾਸ ਸ਼ਰਤ ਹੈ। ਉਨ੍ਹਾਂ ਨੇ ਸ਼ਰਤ ਦੱਸੀ ਕਿ ਪੜ੍ਹੀ-ਲਿਖੀ ਪਰ ਸ਼ਰਾਬ ਨਾ ਪੀਣ ਵਾਲ਼ੀ ਕੁੜੀ ਚਾਹੀਦੀ ਹੈ। ਮੈਨੂੰ ਲੱਗਿਆ ਉਹ ਵਧਾ-ਚੜ੍ਹਾ ਕੇ ਮੁੰਡੇ ਦੀ ਸਿਫ਼ਤ ਪਰੋਸ ਰਹੇ ਹਨ। ਕੁਝ ਸਮੇਂ ਪਿੱਛੋਂ ਮੈਂ ਕਿਸੇ ਸਰਦੇ ਪੁਜਦੇ ਸ਼ਰੀਫ਼ ਘਰ ਦੀ ਕੁੜੀ ਦੀ ਦੱਸ ਪਾਈ। ਮੁੰਡੇ ਨੇ ਉਸ ਕੁੜੀ ਦੀ ਸ਼ਰਾਬ ਨਾਲ਼ ਫੋਟੋ ਭੇਜ ਕੇ ਮੈਨੂੰ ਹੈਰਾਨ ਕਰ ਦਿੱਤਾ। ਸਭ ਮਾਪੇ ਆਪਣੇ ਵਿੱਤ ਤੋਂ ਉੱਚੀ ਛਾਲ਼ ਮਾਰਨਾ ਚਾਹ ਰਹੇ ਹੁੰਦੇ ਹਨ। ਪਰ ਦੁਆਲ਼ੇ ਦੀਆਂ ਘਟਨਾਵਾਂ ਤੋਂ ਲਗਦਾ ਹੈ ਵਿਆਹ ਸੰਸਥਾ ਦੀਆਂ ਧੱਜੀਆਂ ਉੱਡ ਰਹੀਆਂ ਹਨ। ਬਸਪਨ ਵਿਚ ਸਾਨੂੰ ਸਹੁਰਿਆਂ ਦਾ ਜਮਦੂਤਾਂ ਵਰਗਾ ਡਰ ਪਾਇਆ ਜਾਂਦਾ ਸੀ। ਹੁਣ ਮੁੰਡੇ ਡਰਨ ਲੱਗੇ ਹਨ, ਆਖਦੇ ਹਨ, `ਮੁੰਡਾ ਬਚਾਉ, ਨਾ ਹੀ ਵਿਆਹੋ`। ਮਾਪੇ ਵੀ ਸੋਚਦੇ ਹੋਣੇ ਧੀਆਂ ਨੂੰ ਪੁੱਤਾਂ ਵਾਂਗ ਪਾਲ਼ ਕੇ ਪੰਗਾ ਹੀ ਲੈ ਲਿਆ। ਇਨ੍ਹਾਂ ਧੀਆਂ ਨੇ ਆਪਣੇ ਗੁਣ ਤਜ ਕੇ ਪੁੱਤਾਂ ਦੇ ਸਭ ਔਗੁਣ ਅਪਣਾ ਲੈਣ ਨੂੰ ਹੀ ਬਰਾਬਰੀ ਮੰਨ ਧਰਿਆ। ਸ਼ਰਾਬ, ਨਸ਼ਾ, ਗੰਦੀਆਂ ਗਾਲ਼ਾਂ ਕੱਢਣਾ ਤਾਂ ਪਾਸੇ ਰਿਹਾ, ਲੋਕ-ਲਾਜ ਜਾਂ ਸੰਗ-ਸ਼ਰਮ ਨੂੰ ਕਿੱਲੇ ਟੰਗ ਕੇ ਅਪਰਾਧ ਵਿਚ ਵੀ ਬਰਾਬਰੀ ਕਰਨ ਦੀ ਠਾਣ ਰੱਖੀ ਹੈ। ਇਨ੍ਹਾਂ ਨੂੰ ਵੈੱਡਿੰਗ ਜਾਂ ਪ੍ਰੀ-ਵੈੱਡਿੰਗ ਤੋਂ ਅਗਲਾ ਸਫ਼ਰ ਚੇਤੇ ਨਹੀਂ ਹੈ। ਜਿਵੇਂ ਮੀਂਹ ਪੈਣ ਪਿੱਛੋਂ ਰੁੱਖ ਦੇ ਪੱਤਿਆਂ ਦੀ ਤਿੱਪ-ਤਿੱਪ ਸਾਨੂੰ ਭਿਉਂ ਦਿੰਦੀ ਹੈ। ਆਸ਼ਕ ਨਾਲ਼ ਰਲ਼ ਕੇ ਪਤੀ ਨੂੰ ਕਤਲ ਕਰਨ ਜਾਂ ਕਰਵਾਉਣ ਜਿਹੀ ਵਾਰਦਾਤ ਨੇ ਸਭ ਦਾ ਕਾਲਜਾ ਵਲੂੰਧਰਿਆ ਹੈ। ਮਾਪਿਆਂ ਦੇ ਸੀਨੇ ਪੁੱਤ ਦਾ ਸਿਵਾ ਹਮੇਸ਼ਾ ਹੀ ਸੁਲਗਦਾ ਰਹੇਗਾ। ਮੈਨੂੰ ਪਤਾ ਹੈ ਮੇਰੇ ਇਹ ਅੱਖਰ ਕਈਆਂ ਨੂੰ ਘਟੀਆ, ਪਿਛਾਂਹ-ਖਿੱਚੂ ਜਾਂ ਪੁਰਾਣੇ ਲੱਗਣਗੇ, ਪਰ ਵਿਆਹ ਹੁਣ ਇਕ ਦੂਜੇ ਦੀ ਮਨ-ਮਿੱਟੀ ਵਿਚ ਉੱਗ ਪੈਣ ਦੀ ਥਾਂ ਧੰਦਾ, ਸੌਦਾ ਜਾਂ ਵਕਤੀ ਝਰਨਾਹਟ ਬਣ ਗਿਆ ਹੈ। ਸੋਨੇ ਦਾ ਅੰਡਾ ਦੇਣ ਵਾਲ਼ੀ ਮੁਰਗੀ ਬਾਰੇ ਵੀ ਸੁਣਿਆ ਸੀ। ਸਹੁਰਿਆਂ ਨੇ ਵੀ ਪੂਰੇ ਹਥੇਲ਼ੀ ਫੋੜੇ ਵਾਂਗ ਰੱਖੀ ਸੀ ਪਰ ਇਸ ਨੂੰ ਲਾਡ ਪਚਿਆ ਨਹੀਂ। ਬਹੁਤਾ ਖਾਂਦੀ ਥੋੜੇ ਤੋਂ ਵੀ ਗਈ। ਕਿਸੇ ਦੀ ਬਲ਼ਦੀ ਚਿਖਾ `ਤੇ ਰੋਟੀ ਸੇਕ ਕੇ ਕਿਵੇਂ ਰੱਜਿਆ ਜਾ ਸਕਦਾ ਹੈ। ਕੋਰੇਪਣ ਦੇ ਇਸ ਦੌਰ ਦੇ ਬੇ-ਕਿਰਕ ਲੋਕ ਸੈਂਟਾਂ ਛਿੜਕੇ ਲਿਬਾਸ ਪਾ ਕੇ ਛੱਪੜ ਦੇ ਹੁਮਕੇ ਪਾਣੀ ਜਿਹੇ ਰਿਸ਼ਤੇ ਪਾਲ਼ਦੇ ਹਨ, ਜਿੱਥੇ ਸਾਂਝ ਛਾਤੀ ਵਿੱਚੋਂ ਕੱਢ ਕੇ ਬੋਝੇ ਪਾ ਤੁਰਨ ਦੀ ਲਾਲਸਾ, ਹਵਸ, ਲਾਲਚ, ਨਿੱਜੀ ਲਾਹਾ, ਅਪਹੁਦਰਾਪਣ ਅੰਦਰਲਾ ਖਲਲ ਸਿਰਜਦੀ ਹੈ। ਬਿਨਾ ਕਿਸੇ ਫ਼ਰਜ਼ ਤੋਂ ਹੀ ਪੂਰੇ ਹੱਕ ਪਾ ਲੈਣ ਦਾ ਅਜਿਹਾ ਸਵਾਰਥੀ ਰਵੱਈਆ ਇਨ੍ਹਾਂ ਦਾ ਖਾਸਾ ਹੈ।  ਇਕ ਨੁਕਤਾ ਇਸ ਪਨੀਰੀ ਦੀ ਸਿੱਖਿਆ ਵਿਚ ਕਦਰਾਂ ਕੀਮਤਾਂ ਜਾਂ ਨੈਤਿਕਤਾ ਦਾ ਮਨਫ਼ੀ ਹੋਣਾ ਵੀ ਹੈ। ਇਹ ਸਭ ਆਲਮੀ ਮੰਡੀ ਦੇ ਸਿੱਕੇ ਵਾਂਗ ਤਿਆਰ ਕੀਤੇ ਜਾ ਰਹੇ ਹਨ। ਦੁਨੀਆਂ ਵੇਖਣਯੋਗ ਵਸਤਾਂ ਤੱਕ ਹੀ ਸਿਮਟੀ ਹੈ। ਭਾਵੁਕਤਾ ਤੋਂ ਸੱਖਣਾ ਮਨ ਕਿਸੇ ਹੋਰ ਦੀ ਥਾਂ ਖੜ੍ਹ ਕੇ ਸੋਚਣ ਦੀ ਲੋੜ ਨਹੀਂ ਮੰਨਦਾ। ਦੁਆਲ਼ੇ ਵਸਦੇ ਲੋਕ ਸਭ ਲਗਾਂ ਮਾਤਰਾਂ ਹੀ ਜਾਪਦੇ ਹਨ। ਇਨ੍ਹਾਂ ਲਈ ਸੰਗ, ਸ਼ਰਮ, ਮਾਪੇ, ਲੋਕ-ਲਾਜ ਸਭ ਜੁੱਤੀ ਦੀਆਂ ਨੋਕਾਂ `ਤੇ ਨਜ਼ਰੀਂ ਆਉਂਦੇ ਹਨ। ਔਰਤ ਮਰਦ ਦੇ ਆਪਸੀ ਸੰਬੰਧ `ਯਾਰਾ ਤੇਰਾ ਘੁੱਟ ਭਰ ਲਾਂ` ਵਰਗੇ ਤਾਂ ਘੱਟ ਹੀ ਰਹੇ ਹਨ। ਟੇਢਾਂ ਪਹਿਲਾਂ ਵੀ ਗਰਜਾਂ ਅਨੁਸਾਰੀ ਸਨ ਪਰ ਹੁਣ ਦੋਹਾਂ ਨੇ ਰਲ਼ ਕੇ ਬਖੀਏ ਉਧੇੜ ਧਰੇ ਹਨ। ਵਸਤ ਪ੍ਰਾਪਤੀ ਦੇ ਆਤੰਕ ਨੇ ਜਿਉਣਾ ਦੁੱਭਰ ਕਰ ਰੱਖਿਆ ਹੈ। ਵਿਆਹ ਜ਼ਿੰਦਗੀ ਦਾ ਅਜਿਹਾ ਮੌਕਾ ਮੇਲ ਹੈ ਜਿੱਥੇ ਭਵਿੱਖੀ ਸੁਪਨੇ ਸੈਨਤਾਂ ਮਾਰਦੇ ਹਨ। ਉਮਰ ਦੀ ਸਰਦਲ `ਤੋ ਸਾਹਾਂ ਦੀ ਮਹਿਕ ਰੁਮਕਦੀ ਹੈ, ਮਨ ਵਿਚ ਕਾਸ਼ਨੀ ਧੁੱਪ ਪਸਰਨ ਦੀ ਆਹਟ ਸੁਣਦੀ ਹੈ। ਪਰ ਮਨਾਂ ਵਿਚ ਕੜਕਦੀਆਂ ਧੁੱਪਾਂ ਲੈ ਕੇ ਕਿਸੇ ਪਲਕਾਂ ਦੀ ਛਾਂ ਸਕੂਨ ਨਹੀਂ ਦੇ ਸਕਦੀ। ਦੋ ਪਿੰਡਾਂ ਦੀਆਂ ਪੰਚਾਇਤਾਂ ਦੋ ਪਰਿਵਾਰਾਂ ਦੀਆਂ ਸਾਂਝਾਂ ਲਈ ਕਿਸੇ ਇਸ਼ਟ ਮੂਹਰੇ ਸਾਕਸ਼ੀ ਹੋ ਕੇ ਦੋਵਾਂ ਦੇ ਸਾਹਾਂ ਜਿਹਾ ਸਹੁੰ ਚੁਕਦੇ ਆਪਸੀ ਸਮਰਪਣ ਜ਼ਿੰਮੇਵਾਰੀ, ਸਾਂਝ ਦੀ ਸ਼ਨਾਖ਼ਤ ਬਦਲਦੇ ਹਨ। ਖਾਸ ਕਰ ਕੇ ਔਰਤ ਮਨ ਤੋਂ ਇਨ੍ਹਾਂ ਪਲਾਂ ਵਿਚ ਮੋਹ, ਮਮਤਾ, ਪਿਆਰ ਵਿਚ ਪਿਘਲ ਜਾਣ ਜਿਹੀ ਰੁਚੀ ਮੰਗਦੇ ਹਾਂ ਜਿੱਥੇ ਉਸ ਦੀ ਜ਼ਿੰਦਗੀ ਦਾ ਨਵਾਂ ਵਰਕਾ ਉਲੀਕਿਆ ਜਾਂਦਾ ਹੈ। ਪਰ ਇਸ ਵੇਲ਼ੇ ਨੂੰ ਦਗਾ ਦੇ ਕੇ, ਧੋਖਾ ਕਰ ਕੇ, ਹਰ ਰਸਮ ਵੱਲ ਪਿੱਠ ਕਰ ਕੇ, ਬਦਮਾਸ਼ੀਆਂ ਲੈ ਕੇ ਕਿਹੜੀ ਖ਼ੁਸ਼ੀ ਵਿਹਾਜੀ ਜਾਂਦੀ ਹੈ। ਸਿਆਣੇ ਆਖਦੇ ਹਨ, `ਤੱਕੀਏ ਪਰ ਨੂੰ ਤਾਂ ਆਉਂਦੀ ਐ ਘਰ ਨੂੰ`। ਹੁਣ ਤੱਕ ਔਰਤ ਕੁਰਬਾਨੀ ਦੀ ਮੂਰਤ ਰਹੀ ਹੈ। ਉਸ ਕੋਲ਼ ਮਰਦ ਨਾਲ਼ੋਂ ਵੱਧ ਗੁਣ ਹਨ। ਇਨ੍ਹਾਂ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਇਹ ਗੁਣ ਮਰਦਾਂ ਵਿਚ ਵੀ ਪੈਦਾ ਕਰੋ ਤਾਂ ਬਰਾਬਰ ਹੋਵਾਂਗੇ।

ਔਰਤ ਧਰਤੀ ਹੈ ਜਰ ਜਾਂਦੀ ਹੈ

ਮਰਦ ਬੱਦਲ ਹੈ ਵਰ੍ਹ ਜਾਂਦਾ ਹੈ। (ਕਵਿੰਦਰ ਚਾਂਦ)