( ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਖ਼ਾਤਿਬ ਹੋ ਕੇ ਲਿਖੀ ਨਜ਼ਮ )
– ਡਾ.ਲਖਵਿੰਦਰ ਸਿੰਘ ਗਿੱਲ —
( +1778-323-0105 )
ਤੇਰੇ ਨਾਂ ਤੇ ਹੌਸਲੇ ਉੱਠ ਬਹਿੰਦੇ,
ਸਬਰ, ਸਿਦਕ ਦਾ, ਸ਼ਾਹਸਵਾਰ ਏਂ ਤੂੰ
ਪਹਿਰੇਦਾਰ ਤੂੰ ਹੱਕ ਬਰਾਬਰੀ ਦਾ,
ਚੜ੍ਹਦੀ ਕਲਾ ਦਾ ਝੰਡਾ ਬਰਦਾਰ ਏਂ ਤੂੰ।
ਸਾਲ ਨੌਵੇਂ ‘ਚ ਬਾਪ ਨੂੰ ਤੋਰ ਦੇਣਾ,
ਅਜ਼ਬ ਕਿੱਸਾ ਹੈ ਤੇਰਾ ਕੁਰਬਾਨੀਆਂ ਦਾ!
ਫਿਰ ਅੰਮੀਂ, ਤੇ ਪੁੱਤਾਂ ਤੋਂ ਖ਼ੁਦ ਤੀਕਰ,
ਮਰਜੀਵੜਾ ਰੰਗ ਕਹਾਣੀਆਂ ਦਾ!
ਚਾਰ ਪੁੱਤਾਂ ਨੂੰ ਤੋਰ ਕੇ ਇਹ ਕਹਿਣਾ,
ਹੁਣ ਜੀਵਤ ਕਈ ਹਜ਼ਾਰ ਹੋ ਗਏ।
ਤੇਰੀ ਸੋਚ ਤੇ ਪਹਿਰਾ ਦੇਣ ਵਾਲੇ
ਉੱਸ ਦਿਨ ਤੋਂ ਬੇਸ਼ੁਮਾਰ ਹੋ ਗਏ!
ਪੁੱਤਰ ਤੋਰ ਤਹੱਈਆ ਨਵਾਂ ਕਰਨਾ,
ਇਹ ਪੂਰਨੇ ਪਾ ਕੇ ਤੂੰ ਦੱਸਿਆ।
ਡਿੱਗੇ-ਧੱਕੇ ਵੀ ਬਣ ਸਿਰਦਾਰ ਸਕਦੇ
ਪਿਆਰੇ ਪੰਜ ਸਜਾ ਕੇ ਤੂੰ ਦੱਸਿਆ।
ਤੇਰੇ ਕਹਿਣ ਤੇ ਸੀਸ ਵੀ ਹੋਏ ਹਾਜ਼ਿਰ
ਤੇਰੇ ਨੂਰ ਦਾ ਚਮਤਕਾਰ ਹੈ ਇਹ ।
ਪਹਿਲਾਂ ਸਿਰ ਲੈਣਾ, ਫਿਰ ਦਸਤਾਰ ਦੇਣੀ
ਅਲੋਕਾਰ ਹੀ ਤੇਰਾ ਉਪਹਾਰ ਹੈ ਇਹ !
ਤੇਰੇ ਕਾਫ਼ਲੇ ਨਾਲ ਜੋ ਆ ਰਲ਼ਿਆ
ਨਿਰਭਉ ਹੋਇਆ, ਅਭੰਗ ਹੋਇਆ।
ਦਇਆ, ਧਰਮ, ਮੁਹੱਕਮ ਅਤੇ ਹਿੰਮਤ
ਰਲ਼ੇ ਸਾਹਿਬ ਇਲਾਹੀ ਰੰਗ ਹੋਇਆ।
ਬੇਦਾਵਾ ਦਿੱਲ ਤੇ ਰੱਖ ਤੂੰ ਰਿਹਾ ਫਿਰਦਾ
ਕਿੰਨਾ ਮੋਹ ਸੀ ਤੈਨੂੰ ਪਿਆਰਿਆਂ ਨਾਲ!
ਜੋ ਵੀ ਪਰਤਿਆ, ਗਲ਼ ਦੇ ਨਾਲ ਲਾਇਆ
ਰੋਸ ਭੋਰਾ ਨਾ ਕੀਤਾ ਦੁਲਾਰਿਆਂ ਨਾਲ!
ਇਹ ਵੀ ਕੌਤਕ ਹੈ ਤੇਰੇ ਥਾਪੜੇ ਦਾ
ਧਾਵਾ ਕੱਲੇ ਨੇ ਜ਼ੁਲਮ ਤੇ ਬੋਲ ਦੇਣਾ!
ਇੱਕ ਬੰਦੇ ਬੈਰਾਗੀ ਨੇ ਫ਼ੌਜ ਬਣਕੇ
ਸੂਬਾ ਸਰਹੰਦ ਨੂੰ ਕੱਖਾਂ ‘ਚ ਰੋਲ ਦੇਣਾ!
ਗੁਰੂ ਆਦਿ ਗ੍ਰੰਥ ਨੂੰ ਥਾਪ ਕੇ ਤੂੰ
ਅੱਗੇ ਦਾਦੇ ਦੀ ਸੋਚ ਨੂੰ ਤੋਰਿਆ ਏ।
ਜ਼ਿਕਰ ਕਿਤੇ ਵੀ ਆਪਣਾ ਨਾ ਕਰਕੇ
ਪੰਨਾਂ ਨਵਾਂ ਇਤਿਹਾਸ ਵਿੱਚ ਜੋੜਿਆ ਏ।
ਜਦੋਂ ਕਦੀ ਵੀ ਜ਼ੁਲਮ ਨੇ ਧੌਣ ਚੁੱਕੀ
ਤੇਰੇ ਸਿੱਖ ਦਾ ਖ਼ੂਨ ਤਾਂ ਖ਼ੌਲਦਾ ਰਹੂ!
ਯਾਦ ਆਏਗਾ ਤੇਰਾ ਜ਼ਫ਼ਰਨਾਮਾ
ਤੇਰਾ ਓਦੋਂ ਜੈਕਾਰਾ ਬੋਲਦਾ ਰਹੂ!
ਤੈਨੂੰ ਸਾਹਿਬੇ ਕਮਾਲ ਆਖਦੇ ਨੇ
ਦੁਬਿਧਾ ਦੂਰ ਮੇਰੀ ਸਰਕਾਰ ਕਰ ਦੇਹ।
ਅਸੀਂ ‘ਮਾਨਸ ਕੀ ਜਾਤ’ ਪਛਾਣ ਸਕੀਏ
ਦੇਹ ਰੌਸ਼ਨੀ ਰੂਹ ਸਰਸ਼ਾਰ ਕਰ ਦੇਹ।
ਰਮਜ਼ ਕਲਮ ਕਿਰਪਾਨ ਦੀ ਸਮਝ ਆਵੇ
ਸਾਨੂੰ ਸੂਝ ਦੇਹ ਸਭ ਗੁਲਜ਼ਾਰ ਕਰ ਦੇਹ।
ਕੁਝ ਅਸੀਂ ਵੀ ਪੜ੍ਹੀਏ ਤੇ ਲਿਖ ਸਕੀਏ
ਸਾਡੀ ਤਲ਼ੀ ਤੇ ਅੱਖਰ ਚਾਰ ਧਰ ਦੇਹ।
—-ਡਾ. ਲਖਵਿੰਦਰ ਸਿੰਘ ਗਿੱਲ ਅੰਗਰੇਜ਼ੀ ਭਾਸ਼ਾ ਦਾ ਪ੍ਰਾਅਧਿਆਪਕ ਰਿਹਾ ਹੈ ਪਰ ਕਵਿਤਾ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਦਾ ਹੈ। ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗਿੱਲਾਂਵਾਲੀ ਵਿੱਚ ਜਨਮ ਲੈ ਕੇ , ਸ੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਤੋਂ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕਰਕੇ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਅੰਗਰੇਜ਼ੀ ਵਿਸ਼ੇ ਵਿੱਚ ਐਮ, ਏ ਅੰਗਰੇਜ਼ੀ ਅਤੇ ਭਾਰਤੀ ਡਰਾਮਾ ਤੇ ਡਾਕਟਰੇਟ ਕਰ ਚੁੱਕਾ ਹੈ। ਡਾ. ਗਿੱਲ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਲਿਖਦਾ ਹੈ ਪਰ ਕਵਿਤਾ ਪੰਜਾਬੀ ਵਿੱਚ ਹੀ ਲਿਖਦਾ ਹੈ। ਅੱਜਕੱਲ੍ਹ ਪ੍ਰਵਾਰ ਸਮੇਤ ਟਰਾਂਟੋ ਵਿੱਚ ਰਹਿ ਕੇ ਲਗਾਤਾਰ ਕਾਵਿ ਪ੍ਰਕਿਰਿਆ ਵਿਚ ਰੁੱਝਾ ਹੋਇਆ ਹੈ।
